ਪੰਜਾਬ ਸਮੇਤ ਭਾਰਤ ਦੇ ਕਿਸੇ ਵੀ ਰਾਜ ਵਿਚ ਜਦੋਂ ਪ੍ਰਮਾਣੂ ਬਿਜਲੀ ਪ੍ਰਾਜੈਕਟ ਲੱਗਣ ਦੀ ਗੱਲ ਚਲਦੀ ਹੈ ਤਾਂ ਲੋਕਾਂ ਦੇ ਮਨ ਵਿਚ ਇਸ ਪ੍ਰਤੀ ਬਹੁਤ ਸਾਰੇ ਸ਼ੰਕੇ ਖੜ੍ਹੇ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਸਿਆਸੀ ਰੰਗਤ ਲੈਂਦਿਆਂ ਇਹ ਸਿਆਸਤ ਦੀ ਭੇਟ ਚੜ੍ਹ ਜਾਂਦਾ ਹੈ। ਰਾਜ ਵਿਚ ਇਹ ਪ੍ਰਾਜੈਕਟ ਨਾ ਲੱਗਣ ਨਾਲ ਉਸ ਪ੍ਰਾਂਤ ਨੂੰ ਬਹੁਤ ਸਾਰੇ ਨੁਕਸਾਨ ਹੁੰਦੇ ਹਨ। ਆਰਥਿਕ ਵਿਕਾਸ ਦਾ ਨੁਕਸਾਨ ਹੁੰਦਾ ਤੇ ਰੁਜ਼ਗਾਰ ਦੇ ਮੌਕੇ ਖੁੱਸਦੇ ਹਨ। ਪਿਛਲੇ ਦਿਨੀਂ ਰਾਜਸਥਾਨ ਦੇ ਕੋਟਾ ਤੋਂ 60 ਕਿਲੋਮੀਟਰ ਦੂਰ ਰਾਵਤਭਾਟਾ ਵਿਖੇ ਲੱਗੇ ਪ੍ਰਮਾਣੂ ਬਿਜਲੀ ਪ੍ਰਾਜੈਕਟ ਦਾ ਦੌਰਾ ਕਰਨ ਤੋਂ ਬਾਅਦ ਮਿਲੀ ਬਹੁਮੁੱਲੀ ਜਾਣਕਾਰੀ ਪਾਠਕਾਂ ਦੀ ਨਜ਼ਰ ਕੀਤੀ ਜਾ ਰਹੀ ਹੈ।

ਕਣ-ਕਣ ਵਿਚ ਭਗਵਾਨ ਵਸਦਾ ਹੈ। ਇਹ ਕਥਨ ਈਸ਼ਵਰ ਦੇ ਹਰ ਜਗ੍ਹਾ ਮੌਜੂਦ ਹੋਣ ਦਾ ਗਿਆਨ ਦਿੰਦਾ ਹੈ ਅਤੇ ਨਾਲ ਹੀ ਕਣ-ਕਣ ਦੀ ਤਾਕਤ ਬਾਰੇ ਵੀ ਪਤਾ ਲਗਦਾ ਹੈ। ਕਣ-ਕਣ ਭਾਵ ਅਣੂ ਅਤੇ ਪ੍ਰਮਾਣੂ। ਅਣੂ ਅਤੇ ਪ੍ਰਮਾਣੂ ਵਿਚ ਇੰਨੀ ਸ਼ਕਤੀ ਹੈ ਕਿ ਇਸ ਦਾ ਸਹੀ ਪ੍ਰਯੋਗ ਦੁਨੀਆ ਨੂੰ ਤਰੱਕੀ ਦੀ ਰਾਹ 'ਤੇ ਲੈ ਜਾਵੇਗਾ ਅਤੇ ਗ਼ਲਤ ਪ੍ਰਯੋਗ ਵਿਨਾਸ਼ ਵੱਲ। ਵਿਨਾਸ਼ ਨੂੰ ਮਨੁੱਖ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਵੇਖ ਚੁੱਕਿਆ ਹੈ। ਉਸ ਮੰਦਭਾਗੀ ਘਟਨਾ ਤੋਂ ਬਾਅਦ ਦੁਖਦਾਇਕ ਪਹਿਲੂ ਇਹੀ ਰਿਹਾ ਕਿ ਪ੍ਰਮਾਣੂ ਸ਼ਕਤੀ ਬਾਰੇ ਗੱਲ ਕਰਦਿਆਂ ਹੀ ਬੰਬ ਸ਼ਬਦ ਮਨ ਵਿਚ ਘੁੰਮਦਾ ਹੈ। ਹਾਲਾਂਕਿ ਅੱਜ ਸਥਿਤੀ ਬਦਲ ਗਈ ਹੈ।

ਅਸਲ ਵਿਚ ਪ੍ਰਮਾਣੂ ਸ਼ਕਤੀ ਨਾਲ ਅੱਜ ਚੌਤਰਫ਼ੇ ਵਿਕਾਸ ਦੇ ਦੁਆਰ ਖੁੱਲ੍ਹੇ ਹਨ। ਸਭ ਨਾਲੋਂ ਸਸਤੀ ਬਿਜਲੀ ਦੇ ਸਰੋਤ ਤੋਂ ਲੈ ਕੇ ਤਕਨਾਲੋਜੀ ਦੇ ਵਿਕਾਸ ਤਕ ਪ੍ਰਮਾਣੂ ਸ਼ਕਤੀ ਵਿਲੱਖਣ ਨਜ਼ਾਰਾ ਦਿਖਾ ਰਹੀ ਹੈ। ਰੇਡੀਏਸ਼ਨ ਸ਼ਕਤੀ ਦਾ ਇਸਤੇਮਾਲ ਮਾਨਵ ਸੇਵਾ ਲਈ ਤਾਂ ਹੋ ਹੀ ਰਿਹਾ ਹੈ, ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਵਿਚ ਵੀ ਇਸ ਦਾ ਪ੍ਰਯੋਗ ਹੁੰਦਾ ਹੈ। ਇਹੀ ਨਹੀਂ ਸਭ ਤੋਂ ਗੰਭੀਰ ਸਮੱਸਿਆ ਵਜੋਂ ਉਭਰ ਰਹੇ ਕੂੜਾ ਕਰਕਟ ਦੇ ਪ੍ਰਬੰਧਨ ਲਈ ਵੀ ਆਟੌਮਿਕ ਸ਼ਕਤੀ ਰਾਹੀਂ ਨਵੇਂ ਰਸਤੇ ਬਣ ਰਹੇ ਹਨ। ਆਧੁਨਿਕ ਭਾਰਤ ਵਿਚ ਪ੍ਰਮਾਣੂ ਊਰਜਾ ਅਤੇ ਇਸ ਨਾਲ ਸਬੰਧਤ ਹੋਰ ਵਿਗਿਆਨਕ ਗਤੀਵਿਧੀਆਂ ਦੀ ਸ਼ੁਰੂਆਤ ਦੇ ਲਈ ਸਭ ਤੋਂ ਪਹਿਲਾਂ ਪ੍ਰਸਿੱਧ ਵਿਗਿਆਨੀ ਡਾ. ਹੋਮੀ ਜਹਾਂਗੀਰ ਭਾਬਾ ਨੂੰ ਯਾਦ ਕਰਨਾ ਹੈ। ਆਜ਼ਾਦੀ ਦੇ ਇਕ ਸਾਲ ਬਾਅਦ ਸਾਲ 1948 'ਚ ਭਾਰਤੀ ਪ੍ਰਮਾਣੂ ਊਰਜਾ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲੇ ਡਾ. ਭਾਬਾ ਇਕ ਮਹਾਨ ਵਿਗਿਆਨੀ ਹੋਣ ਦੇ ਨਾਲ-ਨਾਲ ਦੂਰਦ੍ਰਿਸ਼ਟੀ ਵਾਲੇ ਵੀ ਸਨ। ਉਨ੍ਹਾਂ ਨੇ ਪ੍ਰਮਾਣੂ ਸ਼ਕਤੀ ਦਾ ਪ੍ਰਯੋਗ ਸ਼ਾਂਤੀ, ਵਾਧੇ ਅਤੇ ਵਿਕਾਸ ਦੇ ਨਾਲ ਰੋਗ ਇਲਾਜ, ਕਿਸਾਨੀ ਅਤੇ ਸੁਰੱਖਿਆ ਆਦਿ ਖੇਤਰਾਂ ਵਿਚ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਨੇ ਦੇਸ਼ 'ਚ ਮਿਲਣ ਵਾਲੇ ਪ੍ਰਮਾਣੂ ਬਾਲਣ (ਯੂਰੇਨੀਅਮ ਅਤੇ ਥੋਰੀਅਮ) ਅਤੇ ਸਧਾਰਨ ਪਾਣੀ ਵਿੱਚੋਂ ਮਿਲਣ ਵਾਲੇ ਭਾਰੀ ਪਾਣੀ ਦੇ ਇਸਤੇਮਾਲ ਦਾ ਫ਼ੈਸਲਾ ਲਿਆ। ਡਾ. ਭਾਬਾ ਨੇ ਕਿਹਾ ਸੀ, ਵਿਕਾਸਸ਼ੀਲ ਦੇਸ਼ਾਂ ਦੇ ਪੂਰਨ ਉਦਯੋਗੀਕਰਨ ਦੇ ਲਈ ਪ੍ਰਮਾਣੂ ਊਰਜਾ ਨਾ ਕੇਵਲ ਇਕ ਸਾਧਨ ਹੈ ਸਗੋਂ ਇਕ ਮੁੱਖ ਜ਼ਰੂਰਤ ਹੈ। ਮਨੁੱਖ ਵਲੋਂ ਪ੍ਰਮਾਣੂ ਊਰਜਾ ਦੀ ਛੋਟ ਅਤੇ ਪ੍ਰਯੋਗ ਸਬੰਧੀ ਗਿਆਨ ਦੀ ਪ੍ਰਾਪਤੀ ਨੂੰ ਮਾਨਵ ਇਤਿਹਾਸ ਦੇ ਤੀਸਰੇ ਯੁੱਗ ਦੇ ਰੂਪ ਵਿਚ ਸਵੀਕਾਰ ਕਰਨਾ ਚਾਹੀਦਾ ਹੈ।

ਪ੍ਰਮਾਣੂ ਊਰਜਾ ਦੀ ਵਿਆਪਕਤਾ, ਇਸ ਦੀ ਸ਼ਕਤੀ ਅਤੇ ਇਸ ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਦੇਸ਼ ਭਰ ਤੋਂ ਆਏ ਵਿਗਿਆਨੀਆਂ, ਮਾਹਿਰਾਂ ਨੇ ਰਾਜਸਥਾਨ ਦੇ ਕੋਟਾ ਨੇੜੇ ਸਥਿਤ ਰਾਵਤਭਾਟਾ 'ਚ ਪੰਜ ਦਿਨਾਂ ਦੇ ਇਕ ਸੈਮੀਨਾਰ ਵਿਚ ਰੋਸ਼ਨੀ ਪਾਈ। ਇਸ ਦੌਰਾਨ ਇਕ ਪ੍ਰਦਰਸ਼ਨੀ ਦੇ ਰਾਹੀਂ ਪਾਣੀ ਦੇ ਤੱਤਾਂ, ਪਲਾਜ਼ਮਾ ਤਕਨੀਕ ਅਤੇ ਪ੍ਰਮਾਣੂ ਊਰਜਾ ਨਾਲ ਆਸਾਨ ਹੋਈਆਂ ਵੱਖ-ਵੱਖ ਸਿਹਤ ਜਾਂਚ ਦੀਆਂ ਤਕਨੀਕਾਂ 'ਤੇ ਵੀ ਰੋਸ਼ਨੀ ਪਾਈ। ਵੱਖ-ਵੱਖ ਵਿਗਿਆਨੀਆਂ ਨਾਲ ਗੱਲਬਾਤ, ਮਾਹਿਰਾਂ ਦੇ ਲੈਕਚਰ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਇਸ ਊਰਜਾ ਦੇ ਵਿਸ਼ਾਲ ਵਿਸਤਾਰ ਦੀ ਸੰਖੇਪ ਜਾਣਕਾਰੀ ਸਾਂਝੀ ਕਰਦੇ ਹਾਂ।

ਇਹ ਧੂੰਆਂ ਨਹੀਂ, ਭਾਫ਼ ਦਾ ਗੁਬਾਰ ਹੈ

ਜੇਕਰ ਤੁਸੀਂ ਕਦੇ ਪ੍ਰਮਾਣੂ ਊਰਜਾ ਕੇਂਦਰ ਦੇ ਨੇੜਿਓਂ ਗੁਜ਼ਰੇ ਹੋ ਤਾਂ ਤੁਹਾਨੂੰ ਬੇਹੱਦ ਉੱਚੀਆਂ ਚੌੜੀਆਂ ਚਿਮਨੀ ਵਿੱਚੋਂ ਧੂੰਆਂ ਜਿਹਾ ਨਿਕਲਦਾ ਦਿਖਾਈ ਦੇਵੇਗਾ। ਅਸਲ ਵਿਚ ਇਹ ਧੂੰਆਂ ਨਹੀਂ ਭਾਫ਼ ਤੋਂ ਬਣਿਆ ਹੋਇਆ ਪਾਣੀ ਹੈ। ਪਲਾਂਟ ਦੇਖਣ ਦੌਰਾਨ ਦੱਸਿਆ ਗਿਆ ਕਿ ਕੂਲੈਂਟ ਗਤੀਵਿਧੀ ਦੇ ਦੌਰਾਨ ਪਾਣੀ ਭਾਫ਼ ਬਣ ਕੇ ਉੱਡ ਜਾਂਦਾ ਹੈ, ਕੁਝ ਪਾਣੀ ਪਲਾਂਟ ਵਿਚ ਘੁੰਮਦਾ ਹੋਇਆ ਦੁਬਾਰਾ ਵਾਪਸ ਕੂਲੈਂਟ ਵਿਚ ਚਲਿਆ ਜਾਂਦਾ ਹੈ। ਰਾਵਤ ਭਾਟਾ ਅਟੌਮਿਕ ਐਨਰਜੀ ਦੇ ਸਾਈਟ ਨਿਰਦੇਸ਼ਕ ਵੀਕੇ ਜੈਨ ਨੇ ਦੱਸਿਆ ਕਿ ਇਥੇ ਬਹੁਚੱਕਰੀ ਸੁਰੱਖਿਆ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੂਲ ਮੰਤਰ ਹੈ ਸੁਰੱਖਿਆ ਨੂੰ ਪਹਿਲ, ਉਤਪਾਦਨ ਬਾਅਦ ਵਿਚ। ਊਰਜਾ ਵਿਚਾਰ ਤਹਿਤ ਪਲਾਂਟ ਦੇ ਵੱਖ-ਵੱਖ ਹਿੱਸੇ ਘੁੰਮਾਉਂਦੇ ਹੋਏ ਕੰਮ ਦੇ ਰਿਕਾਰਡ ਦਾ ਜ਼ਿਕਰ ਕਰਦਿਆਂ ਡੀਏਈ ਦੇ ਸਰਵਜਨਕ ਜਾਗਰੂਕਤਾ ਵਿਭਾਗ 'ਚ ਤਾਇਨਾਤ ਰਵੀ ਸ਼ੰਕਰ ਨੇ ਕਿਹਾ ਕਿ ਪ੍ਰਮਾਣੂ ਊਰਜਾ ਬਾਰੇ ਨੇੜੇ-ਤੇੜੇ ਰੈਡੀਏਸ਼ਨ ਦੇ ਜਿਨ੍ਹਾਂ ਖ਼ਤਰਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਉਹ ਅਸਲ ਵਿਚ ਸਹੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਾਡੇ ਵਾਤਾਵਰਨ ਵਿਚ ਮੌਜੂਦ ਕੁੱਲ ਰੇਡੀਏਸ਼ਨ ਦਾ 65 ਫ਼ੀਸਦੀ ਹਿੱਸਾ ਖਾਧ ਪਦਾਰਥਾਂ, ਹਵਾ, ਪਾਣੀ ਆਦਿ ਤੋਂ ਆਉਂਦਾ ਹੈ ਜਦਕਿ ਊਰਜਾ ਦੇ ਪਲਾਂਟਾਂ 'ਚੋਂ ਸਿਰਫ਼ ਇਕ ਫ਼ੀਸਦੀ ਰੇਡੀਏਸ਼ਨ ਆਉਂਦਾ ਹੈ। ਤਕਨੀਕ ਰਾਹੀਂ ਹਰੇ ਰੰਗ ਵਿਚ ਵੀ ਆਉਣਗੀਆਂ ਪੀਲੀਆਂ ਦਾਲਾਂ ਖਾਧ ਸੁਰੱਖਿਆ ਮਾਮਲੇ ਤੇ ਪ੍ਰਮਾਣੂ ਊਰਜਾ ਦੀ ਵਰਤੋਂ 'ਤੇ ਵਿਸਤਾਰ ਨਾਲ ਦੱਸਦੇ ਹੋਏ ਡਾ. ਜੇ ਸੋਫ੍ਰਾਮਨੀਅਮ ਨੇ ਕਿਹਾ ਕਿ ਅਣੂ ਸ਼ਕਤੀ ਦੇ ਇਸਤੇਮਾਲ ਨਾਲ ਕਣਕ ਅਤੇ ਚੌਲਾਂ ਦੇ ਪੌਦਿਆਂ ਦੀ ਉਚਾਈ ਨੂੰ ਘੱਟ ਕੀਤਾ ਗਿਆ ਹੈ। ਇਸ ਨਾਲ ਕਿਸਾਨਾਂ ਨੂੰ ਇਹ ਫ਼ਾਇਦਾ ਹੋਇਆ ਹੈ ਕਿ ਤੇਜ਼ ਹਵਾ ਆਉਣ ਦੌਰਾਨ ਪੌਦੇ ਜ਼ਮੀਨ 'ਤੇ ਨਹੀਂ ਡਿੱਗਦੇ। ਇਹੀ ਨਹੀਂ ਇਸ ਤਕਨੀਕ ਨਾਲ ਪੌਦੇ ਜਲਦੀ ਉਗਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸ਼ਿਮਲਾ ਮਿਰਚ ਵੱਖ-ਵੱਖ ਰੰਗਾਂ ਵਿਚ ਆਉਂਦੀ ਹੈ ਉਸੇ ਤਰ੍ਹਾਂ ਪੀਲੀ ਦਾਲ ਵੀ ਹਰੇ ਰੰਗ ਵਿਚ ਉਪਲੱਬਧ ਹੋ ਸਕਦੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਸ ਨਾਲ ਦਾਲ ਵਿਚ ਉਪਲੱਬਧ ਖਣਿਜ, ਪ੍ਰੋਟੀਨ ਆਦਿ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ।

ਸਸਤੀ ਬਿਜਲੀ ਤੇ ਰੋਗ ਇਲਾਜ 'ਚ ਵਰਤੋਂ

ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਬਿਜਲੀ ਦੇ ਚਾਰ ਸਰੋਤ ਕੋਲਾ, ਗੈਸ, ਪਾਣੀ ਤੇ ਪ੍ਰਮਾਣੂ ਵਿੱਚੋਂ ਪ੍ਰਮਾਣੂ ਰਾਹੀਂ ਮਿਲਣ ਵਾਲੀ ਬਿਜਲੀ ਸਭ ਤੋਂ ਸਸਤੀ ਹੈ। ਉਨ੍ਹਾਂ ਨੇ ਦੱਸਿਆ ਕਿ ਥਰਮਲ ਪਾਵਰ 'ਚ ਵੀ ਆਪਣੀਆਂ ਦਿੱਕਤਾਂ ਹਨ ਜਦਕਿ ਪਣਬਿਜਲੀ ਦੇ ਲਈ ਲੋੜੀਂਦੇ ਡੈਮ ਹੋਣੇ ਚਾਹੀਦੇ ਹਨ।

ਗੈਸ ਨਾਲ ਬਣਾਈ ਜਾਣ ਵਾਲੀ ਬਿਜਲੀ ਹਾਲਾਂਕਿ ਸਸਤੀ ਹੈ ਪਰ ਫਿਰ ਵੀ ਉਹ ਪ੍ਰਮਾਣੂ ਬਿਜਲੀ ਤੋਂ ਕਾਫ਼ੀ ਮਹਿੰਗੀ ਹੈ। ਇਸੇ ਦੌਰਾਨ ਟਾਟਾ ਮੈਮੋਰੀਅਲ ਸੈਂਟਰ ਤੋਂ ਆਏ ਡਾ. ਵੈਂਕਟੇਸ਼ ਰੰਗਰਾਜਨ ਨੇ ਕੈਂਸਰ ਦੇ ਕਾਰਨਾਂ 'ਤੇ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਦੱਸਿਆ ਕਿ

ਕਿਵੇਂ ਪ੍ਰਮਾਣੂ ਊਰਜਾ ਤੋਂ ਪ੍ਰਾਪਤ ਤਕਨੀਕ ਦੇ ਜ਼ਰੀਏ ਅੱਜ ਜਲਦ ਪਤਾ ਲੱਗ

ਜਾਂਦਾ ਹੈ ਕਿ ਵਿਅਕਤੀ ਨੂੰ ਕੈਂਸਰ ਹੈ ਜਾਂ ਨਹੀਂ ਜਿਸ ਕਾਰਨ ਇਸ ਦਾ ਇਲਾਜ ਵੀ ਸੰਭਵ ਹੋ ਸਕਿਆ ਹੈ।

ਸੋਨੀਪਤ ਦੇ ਵਿਗਿਆਨੀ ਨੇ ਡਾਈ ਉਦਯੋਗ ਲਈ ਕੱਢੀ ਤਕਨੀਕ

ਰਾਵਤਭਾਟਾ 'ਚ ਲਗਾਈ ਗਈ ਇਕ ਵਿਗਿਆਨਕ ਪ੍ਰਦਰਸ਼ਨੀ 'ਚ ਅਨੇਕ ਵਿਗਿਆਨੀਆਂ ਨੇ ਪ੍ਰਮਾਣੂ ਊਰਜਾ ਨਾਲ ਸਬੰਧਤ ਨਵੀਆਂ ਕਾਢਾਂ ਬਾਰੇ ਜਾਣਕਾਰੀ ਦਿੱਤੀ। ਇਥੇ ਹਰਿਆਣਾ ਸੋਨੀਪਤ ਦੇ ਰਹਿਣ ਵਾਲੇ ਡਾ. ਗੋਇਲ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਟੀਮ ਡਾਈ ਉਦਯੋਗ 'ਚ ਪਾਣੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਇਕ ਫਿਲਟਰ ਲਗਪਗ ਤਿਆਰ ਕਰ ਦਿੱਤਾ ਹੈ ਅਤੇ ਉਹ ਤਕਨੀਕ ਛੇਤੀ ਬਾਜ਼ਾਰ ਵਿਚ ਲਿਆਉਣ ਵਾਲੇ ਹਨ। ਇਸੇ ਤਰ੍ਹਾਂ ਬੇਹੱਦ ਘੱਟ ਖ਼ਰਚ ਵਿਚ ਪਹਿਲਾਂ ਤੋਂ ਇਸਤੇਮਾਲ ਹੋ ਚੁੱਕਿਆ ਪਾਣੀ ਮੁੜ ਤੋਂ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।

ਪਾਣੀ 'ਚੋਂ ਕੱਢਿਆ ਅੰਮ੍ਰਿਤ

ਭਾਰੀ ਪਾਣੀ ਦਾ ਵਿਸ਼ਵ ਗੁਰੂ ਭਾਰਤ ਇਸ ਦੇ ਗੁਣ ਸਮਝਣ ਤੋਂ ਪਹਿਲਾਂ ਇਹ ਜਾਣੇ ਕਿ ਭਾਰੀ ਪਾਣੀ ਹੁੰਦਾ ਕੀ ਹੈ। ਸਾਰੇ ਜਾਣਦੇ ਹਨ ਕਿ ਆਮ ਪਾਣੀ ਦਾ ਫਾਰਮੂਲਾ ਐੱਚ 2 ਓ ਹੈ ਜਿਸ ਨੂੰ ਹਾਈਡ੍ਰੋਜ਼ਨ ਅਤੇ ਆਕਸੀਜਨ ਦਾ ਮਿਸ਼ਰਣ ਕਿਹਾ ਜਾਂਦਾ ਹੈ। ਭਾਰੀ ਪਾਣੀ ਹੈਵੀ ਹਾਈਡ੍ਰੋਜਨ ਜਿਸ ਨੂੰ ਪ੍ਰੋਟੀਅਮ ਵੀ ਕਿਹਾ ਜਾਂਦਾ ਹੈ ਤਾਂ ਆਕਸੀਜਨ ਨਾਲ ਮਿਸ਼ਰਣ ਹੈ। ਭਾਰੀ ਪਾਣੀ ਹੈਵੀ ਹਾਈਡ੍ਰੋਜਨ ਜਿਸ ਨੂੰ ਡਿਊਟੇਰੀਅਮ ਵੀ ਕਿਹਾ ਜਾਂਦਾ ਹੈ, ਦਾ ਆਕਸੀਜਨ ਨਾਲ ਮਿਸ਼ਰਣ ਡੀ2ਓ ਕਹਿ ਸਕਦੇ ਹਾਂ। ਭਾਰੀ ਪਾਣੀ ਬੋਰਡ ਦੇ ਪ੍ਰਧਾਨ ਡਾ. ਯੂ ਕਾਮਾਚੀ ਮੁਦਾਲੀ ਨੇ ਦੱਸਿਆ ਕਿ ਆਮ ਤੌਰ 'ਤੇ ਜਾਂਚਣ ਦਾ ਆਸਾਨ ਤਰੀਕਾ ਹੈ ਕਿ ਭਾਰੀ ਪਾਣੀ ਵਿਚ ਬਰਫ਼ ਦੇ ਟੁਕੜੇ ਡੁੱਬ ਜਾਣਗੇ ਜਦਕਿ ਆਮ ਪਾਣੀ ਵਿਚ ਉਹ ਤੈਰਨਗੇ।

ਉਨ੍ਹਾਂ ਦੱਸਿਆ ਕਿ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਦੇ ਇਲਾਵਾ ਹੋਰ ਕਈ ਚੀਜ਼ਾਂ ਵਿਚ ਭਾਰੀ ਪਾਣੀ ਦਾ ਉਪਯੋਗ ਹੁੰਦਾ ਹੈ। ਇਹ ਬੇਹੱਦ ਖ਼ੁਸ਼ੀ ਦੀ ਗੱਲ ਹੈ ਕਿ ਅੱਜ ਭਾਰੀ ਪਾਣੀ ਦੇ ਮਾਮਲੇ ਵਿਚ ਭਾਰਤ ਵਿਸ਼ਵ ਗੁਰੂ ਦੀ ਸ਼੍ਰੇਣੀ ਵਿਚ ਆ ਗਿਆ ਹੈ। ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ ਹੀ ਭਾਰਤ ਹੋਰ ਦੇਸ਼ਾਂ ਨੂੰ ਪਾਣੀ ਭੇਜ ਰਿਹਾ ਹੈ। ਉਨ੍ਹਾਂ ਦੱਸਿਆ ਕਿ 35 ਹਜ਼ਾਰ ਲੀਟਰ ਪਾਣੀ ਨੂੰ ਵੱਖ-ਵੱਖ ਪ੍ਰਯੋਗਾਂ 'ਚੋਂ ਕੱਢਣ ਦੇ ਬਾਅਦ ਇਕ ਲੀਟਰ ਹੈਵੀ ਪਾਣੀ ਨਿਕਲਦਾ ਹੈ। ਇਸ ਦੇ ਬਾਅਦ ਬਚੇ ਹੋਏ ਪਾਣੀ ਨੂੰ ਵਾਪਸ ਨਦੀਆਂ ਜਾਂ ਸਿੰਚਾਈ ਦੇ ਕੰਮ ਵਿਚ ਲਗਾਇਆ ਜਾਂਦਾ ਹੈ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਪਲਾਂਟ ਵਿੱਚੋਂ ਨਿਕਲਿਆ ਹੋਇਆ ਪਾਣੀ ਨੁਕਸਾਨਦਾਇਕ ਹੁੰਦਾ ਹੈ।

ਨਕਲੀ ਸੂਰਜ ਵੀ ਬਣੇਗਾ

ਵਿਗਿਆਨੀਆਂ ਇਸ ਦਿਸ਼ਾ ਵਿਚ ਕੰਮ ਕਰ ਰਹੇ ਹਨ ਕਿ ਆਉਣ ਵਾਲੇ ਸਮੇਂ 'ਚ ਨਕਲੀ ਸੂਰਜ ਸਾਡੀਆਂ ਊਰਜਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ। ਇਕ ਅਨੁਮਾਨ ਅਨੁਸਾਰ ਬਿਜਲੀ ਖਪਤ ਸਮੇਤ ਊਰਜਾ ਦੇ ਹੋਰ ਸਰੋਤਾਂ ਦੇ ਦਹਿਣ ਦਾ ਜੋ ਸਿਲਸਿਲਾ ਚੱਲ ਰਿਹਾ ਹੈ ਉਸ ਹਿਸਾਬ ਨਾਲ ਆਉਣ ਵਾਲੇ 50 ਸਾਲਾਂ 'ਚ ਊਰਜਾ ਦੇ ਪ੍ਰੰਪਰਿਕ ਸਰੋਤ ਜਾਂ ਤਾਂ ਖ਼ਤਮ ਹੋ ਜਾਣਗੇ ਜਾਂ ਊਰਜਾ ਦੀ ਖਪਤ ਨੂੰ ਪੂਰਾ ਨਹੀਂ ਕਰ ਸਕਣਗੇ। ਵਿਗਿਆਨਿਕ ਦ੍ਰਿਸ਼ਟੀਕੋਣ ਦੇ ਤਰੁਨ ਕੁਮਾਰ ਜੈਨ ਨੇ ਵਿਗਿਆਨੀ ਰਾਮ ਪ੍ਰਕਾਸ਼ ਦੇ ਹਵਾਲੇ ਨਾਲ ਦੱਸਿਆ ਕਿ ਦੁਨੀਆ ਭਰ ਦੇ ਖੋਜ ਕਰਨ ਵਾਲੇ ਵਿਚਾਰ ਕਰ ਰਹੇ ਹਨ ਕਿ ਪਲਾਜ਼ਮਾ ਤਕਨੀਕ ਨਾਲ ਨਕਲੀ ਸੂਰਜ ਦੇ ਜ਼ਰੀਏ ਊਰਜਾ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ। ਰਾਵਤਭਾਟਾ 'ਚ ਪਲਾਜ਼ਮਾ ਤਕਨੀਕ ਬਾਰੇ ਵਿਗਿਆਨ ਪ੍ਰਦਰਸ਼ਨੀ 'ਚ ਮੌਜੂਦ ਵਿਗਿਆਨੀ ਨੇ ਦੱਸਿਆ ਕਿ ਪਲਾਜ਼ਮਾ ਤਕਨੀਕ ਨਾਲ ਸੂਰਜ ਬਣਾਉਣ ਦੀ ਮੁਹਿੰਮ ਹਾਲੇ ਸ਼ੁਰੂਆਤੀ ਪੜਾਅ ਵਿਚ ਹੈ ਪਰ ਪਲਾਜ਼ਮਾ ਤਕਨੀਕ ਅੱਜ ਚਿਕਿਤਸਾ ਖੇਤਰ ਤੋਂ ਲੈ ਕੇ ਕੱਪੜਾ ਉਦਯੋਗ ਤਕ ਬਹੁਤ ਕੰਮ ਆ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਕੱਪੜਾ ਉਦਯੋਗ ਵਿਚ ਇਸ ਦਾ ਇਸਤੇਮਾਲ ਹੋ ਸਕਦਾ ਹੈ। ਇਸ ਤੋਂ ਇਲਾਵਾ ਨੀਅ ਟ੍ਰਾਂਸਪਲਾਂਟ ਅਤੇ ਹੋਰ ਇਲਾਜ ਪ੍ਰਤੀਕਿਰਿਆਵਾਂ 'ਚ ਵੀ ਇਸ ਦਾ ਇਸਤੇਮਾਲ ਹੋ ਰਿਹਾ ਹੈ।

ਸਾਫ਼ ਪਾਣੀ ਦਾ ਸਸਤਾ ਸਾਧਨ

ਪ੍ਰਮਾਣੂ ਦੀ ਵਰਤੋਂ ਰਾਹੀਂ ਪਾਣੀ ਨੂੰ ਸਾਫ਼ ਕਰਨ ਦੀ ਸਸਤੀ ਤਕਨੀਕ ਵੀ ਦੱਸੀ ਗਈ। ਭਾਬਾ ਪ੍ਰਮਾਣੂ ਖੋਜ ਕੇਂਦਰ ਦੇ ਵਿਗਿਆਨੀ ਜੀ.ਆਰ ਊਸਲ ਨੇ ਦੱਸਿਆ ਕਿ ਉਨ੍ਹਾਂ ਦੇ ਕੇਂਦਰ ਵੱਲੋਂ ਬਿਜਲੀ ਤੋਂ ਬਿਨਾਂ ਚੱਲਣ ਵਾਲਾ ਉਪਕਰਨ ਬਣਾਇਆ ਗਿਆ ਹੈ ਜੋ ਪਾਣੀ 'ਚ ਮੌਜੂਦ ਖ਼ਰਾਬ ਪਾਟੀਕਲਾਂ ਨੂੰ ਵੱਖ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ 'ਚ ਤਿਆਰ ਤਕਨੀਕ ਬਾਜ਼ਾਰ ਵਿਚ ਉਪਲੱਬਧ ਹੈ। ਜਿਸ ਨੂੰ ਉਨ੍ਹਾਂ ਦੀ ਵੈੱਬਸਾਈਟ 'ਤੇ ਜਾ ਕੇ ਵੀ ਜਾਂਚਿਆ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਕ ਤੋਂ ਜ਼ਿਆਦਾ ਫਿਲਟਰ ਜਾਲੇ ਪਾਣੀ ਨੂੰ ਸਾਫ਼ ਕਰਨ ਵਾਲੇ ਯੰਤਰ ਵੀ ਬਣਾਏ ਗਏ ਹਨ ਜੋ ਸੂਰਜੀ ਊਰਜਾ ਨਾਲ ਚੱਲ ਸਕਦੇ ਹਨ। ਭਾਬਾ ਅਟੌਮਿਕ ਰਿਸਰਚ ਸੈਂਟਰ ਤੋਂ ਆਏ ਡਾ. ਹੇਮੰਤ ਸੋਡਾਏ ਨੇ ਪੰਜਾਬ ਦੇ ਪਾਣੀ 'ਚ ਯੂਰੇਨੀਅਮ ਦੀ ਬਹੁਤਾਤ 'ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਇਸ ਖੇਤਰ 'ਚ ਅੱਗੇ ਆਉਣਾ ਚਾਹੀਦਾ ਹੈ। ਪਾਣੀ ਨਾਲ ਸਬੰਧਤ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਨਵੀਆਂ ਤਕਨੀਕਾਂ ਦੀ ਵਰਤੋਂ ਹੋਣੀ ਚਾਹੀਦੀ ਹੈ।

ਮੋਬਾਈਲ ਦੇ ਰੇਡੀਏਸ਼ਨ ਨਾਲ ਨੁਕਸਾਨ ਲਈ ਲਾਈਸੈਂਸ ਜ਼ਰੂਰੀ

ਰੇਡੀਏਸ਼ਨ ਨੂੰ ਲੈ ਕੇ ਬਹੁਤ ਗ਼ਲਤਫਹਿਮੀਆਂ ਹਨ। ਸੈਮੀਨਾਰ ਦੌਰਾਨ ਅਟੌਮਿਕ ਐਨਰਜੀ ਰੈਗੂਲੇਟਰੀ ਬੋਰਡ ਦੇ ਰੈਡੇਆਲੋਜੀ ਸੁਰੱਖਿਆ ਵਿਭਾਗ ਦੇ ਮੁਖੀ ਡਾ. ਅਵਿਨਾਸ਼ ਸੋਨਾਵਾਨੇ ਨੇ ਕਿਹਾ ਕਿ ਮੋਬਾਈਲ ਦੇ ਰੇਡੀਏਸ਼ਨ ਨਾਲ ਕੈਂਸਰ ਹੋਣ ਦੀਆਂ ਗੱਲਾਂ ਦਾ ਕੋਈ ਵਿਗਿਆਨਿਕ ਪ੍ਰਮਾਣ ਨਹੀਂ ਹੈ। ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਐਕਸਰੇ ਮਸ਼ੀਨ ਜਾਂਚ ਸੀਟੀ ਸਕੈਨ ਮਸ਼ੀਨਾਂ ਦਾ ਉਨ੍ਹਾਂ ਡਾਇਗਨੌਸਟਿਕ ਸੈਂਟਰ ਜਾਂ ਹਸਪਤਾਲਾਂ 'ਚ ਪ੍ਰਯੋਗ ਹੋ ਸਕਦਾ ਹੈ ਜਿੱਥੇ ਪੂਰੀ ਸੁਰੱਖਿਆ ਦਾ ਇੰਤਜ਼ਾਮ ਹੋਵੇ। ਉਨ੍ਹਾਂ ਕਿਹਾ ਕਿ ਅਟੌਮਿਕ ਐਨਰਜੀ ਬੋਰਡ ਦੀ ਇਸ 'ਤੇ ਪੂਰੀ ਨਜ਼ਰ ਰਹਿੰਦੀ ਹੈ। ਜੇ ਕਿਸੇ ਨੂੰ ਇਸ ਤਰ੍ਹਾਂ ਦੇ ਮਾਮਲੇ ਵਿਚ ਸ਼ਿਕਾਇਤ ਹੋਵੇ ਤਾਂ ਉਹ ਬੋਰਡ ਨਾਲ ਸੰਪਰਕ ਕਰ ਸਕਦਾ ਹੈ। ਯਮੁਨਾ ਬੈਲਟ 'ਚ ਉੱਗ ਰਹੀਆਂ ਸਬਜ਼ੀਆਂ 'ਚ ਰੈਡੀਏਸ਼ਨ ਦੀਆਂ ਖ਼ਬਰਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਕੁਝ ਮਾਤਰਾ ਵਿਚ ਰੇਡੀਏਸ਼ਨ ਹਰ ਜਗ੍ਹਾ 'ਤੇ ਹੁੰਦਾ ਹੈ। ਇਹ ਜਗ੍ਹਾ-ਜਗ੍ਹਾ 'ਤੇ ਨਿਰਭਰ ਕਰਦਾ ਹੈ, ਪਰ ਇਕ ਮਾਤਰਾ ਤਕ ਇਸ ਦੇ ਖ਼ਤਰੇ ਘੱਟ ਹੀ ਹੁੰਦੇ ਹਨ।

- ਅਵਤਾਰ ਸਿੰਘ ਭੰਵਰਾ

98726-61281

Posted By: Harjinder Sodhi