ਸ. ਸ. ਵਣਜਾਰਾ ਬੇਦੀ ਦਾ ਜਨਮ 28 ਨਵੰਬਰ, 1924 ਨੂੰ ਪਿੰਡ ਧਮਿਆਲ ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਚ ਪਿਤਾ ਸੁੰਦਰ ਸਿੰਘ ਬੇਦੀ ਦੇ ਗ੍ਰਹਿ ਵਿਖੇ ਹੋਇਆ। ਉਸ ਦੇ ਵੱਡੇ-ਵਡੇਰੇ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨਾਲ ਡੇਰਾ ਬਾਬਾ ਨਾਨਕ ਤੋਂ ਧਨੀ ਇਲਾਕੇ ਵਿਚ ਆ ਕੇ ਵਸੇ ਸਨ। ਪਿਤਾ ਦੀ ਨੌਕਰੀ ਦੌਰਾਨ ਹੋਈਆਂ ਬਦਲੀਆਂ ਕਾਰਨ ਉਸ ਨੂੰ ਵੱਖ- ਵੱਖ ਥਾਵਾਂ 'ਤੇ ਜਾ ਕੇ ਪੜ੍ਹਾਈ ਕਰਨੀ ਪਈ।

ਦਸਵੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ। ਲਾਹੌਰ ਦੇ ਡੀਏਵੀ ਕਾਲਜ 'ਚ ਐੱਫਏ ਤੇ ਨੈਸ਼ਨਲ ਕਾਲਜ ਲਾਹੌਰ 'ਚ ਬੀਏ ਦੀ ਪੜ੍ਹਾਈ ਕੀਤੀ। 1950 'ਚ ਐੱਮਏ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਪੀਐੱਚਡੀ ਦੀ ਡਿਗਰੀ ਦਿੱਲੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ । ਉਸ ਨੂੰ ਸਮਝ ਆ ਗਈ ਕਿ ਕਿਤਾਬਾਂ ਤੋਂ ਬਾਹਰਲੇ ਗਿਆਨ ਦੀ ਵੀ ਖ਼ਾਸ ਜ਼ਰੂਰਤ ਹੈ। ਬਚਪਨ ਵਿਚ ਉਸ ਨੂੰ ਨਟ-ਨਟੀ ਦਾ ਖੇਡ ਤਮਾਸ਼ਾ, ਤਿੱਤਲੀਆਂ ਫੜਨਾ ਤੇ ਪੰਛੀ ਬਣਨਾ ਬਹੁਤ ਪਸੰਦ ਸੀ।

ਕੁੜੀ ਤੋਂ ਮਿਲੀ ਸਾਹਿਤ ਦੀ ਗੁੜ੍ਹਤੀ

ਸਕੂਲ 'ਚ ਪੜ੍ਹਦਿਆਂ ਵਣਜਾਰਾ ਬੇਦੀ ਸ਼ਨਿੱਚਰਵਾਰ ਵਾਲੇ ਦਿਨ ਸਭਾ (ਸਾਹਿਤਕ ਮਹਿਫ਼ਲ) ਵਿਚ ਸ਼ਾਮਲ ਹੋਇਆ ਕਰਦਾ ਸੀ। ਹਰੇਕ ਵਿਦਿਆਰਥੀ ਅਧਿਆਪਕ ਨੂੰ ਕੁਝ ਨਾ ਕੁਝ (ਸ਼ੇਅਰ, ਚੁਟਕਲਾ, ਗੀਤ ਆਦਿ) ਜ਼ਰੂਰ ਸੁਣਾਉਂਦਾ। ਉਸ ਦਾ ਦਿਲ ਸ਼ਾਇਰੀ ਕਰਨ ਲਈ ਤਾਂਘਣ ਲੱਗਾ। ਉਹ ਇਕ ਵਿਦਿਆਰਥੀ ਦੀ ਕਾਪੀ ਲੈ ਕੇ ਸ਼ਿਅਰ ਵੀ ਨਕਲ ਕਰ ਕੇ ਆਪਣੀ ਕਾਪੀ 'ਤੇ ਲਿਖ ਲੈਂਦਾ । ਕਾਫ਼ੀ ਦਿਨ ਉਹ ਖ਼ੁਦ ਕੁਝ ਲਿਖਣ ਦੀ ਕੋਸ਼ਿਸ਼ ਵੀ ਕਰਦਾ ਰਿਹਾ ਪਰ ਗੱਲ ਨਾ ਬਣੀ । ਗਰਮੀਆਂ ਦੀਆਂ ਛੁੱਟੀਆਂ 'ਚ ਗੁਆਂਢੀਆ ਦੇ ਘਰ ਆਈ ਇਕ ਕੁੜੀ (ਚੰਨੀ) ਤੋਂ ਉਸ ਨੂੰ ਪੰਜਾਬੀ ਸਾਹਿਤ ਪੜ੍ਹਨ ਦੀ ਗੁੜ੍ਹਤੀ ਮਿਲੀ ਕਿਉਂਕਿ ਉਨ੍ਹਾਂ ਨੇ 'ਫ਼ੁਲਵਾੜੀ' ਰਸਾਲੇ 'ਚ ਛਪੀ ਪ੍ਰੋ. ਮੋਹਨ ਸਿੰਘ ਦੀ ਕਵਿਤਾ 'ਅੰਬੀ ਦੇ ਬੂਟੇ ਥੱਲੇ' ਇਕੱਠੇ ਬੈਠ ਕੇ ਪੜ੍ਹੀ ਤਾਂ ਇਕ ਦੂਜੇ 'ਤੇ ਮੋਹਿਤ ਹੋ ਗਏ। ਉਹ ਕੁੜੀ ਜਦੋਂ ਆਪਣੇ ਪਿੰਡ ਚਲੀ ਗਈ ਤਾਂ ਬੇਦੀ ਆਪਣੀ ਬਿਰਹਾ ਦੀ ਪੀੜ ਨੂੰ ਲਿਖਤੀ ਰੂਪ ਪ੍ਰਦਾਨ ਕਰਦਾ ਹੈ :

ਮੇਰੇ ਜਿਗਰ ਦੀਏ ਡਲੀਏ ਪਿਆਰੀਏ ਨੀ,

ਤੇਰੇ ਬਿਨਾ ਨਾ ਜੀਣ ਦਾ ਹੱਜ ਕੋਈ ।

ਅੱਖੋਂ ਦੂਰ ਲੂੰ ਲੂੰ 'ਚ ਵਸੀਂ ਏਂ ਤੂੰ ,

ਤੈਨੂੰ ਮਿਲਣ ਦਾ ਦਿਸੇ ਨਾ ਪੱਜ ਕੋਈ ।

'ਖ਼ੁਸ਼ਬੂਆਂ' ਸੀ ਪਹਿਲਾ ਕਾਵਿ ਸੰਗ੍ਰਹਿ

ਇਸ ਤੋਂ ਬਾਅਦ ਇਕ ਗੱਭਰੂ ਨੂੰ ਸ਼ੀਰੀ ਫਰਹਾਦ ਗਾਉਂਦਾ ਤੇ ਇਕ ਪੰਜਾਹ ਸਾਲ ਦੇ ਕਵੀਸ਼ਰ ਨੂੰ ਬੰਦ/ਕਬਿੱਤ (ਕਾਵਿ-ਟੋਟੇ) ਜੋੜ ਕੇ ਬਰਾਤ 'ਚ ਗਾਉਂਦਿਆਂ ਸੁਣਿਆ ਤਾਂ ਵਣਜਾਰਾ ਬੇਦੀ ਦੀ ਸਿਰਜਣ ਸ਼ਕਤੀ 'ਚ ਵਾਧਾ ਹੋਇਆ । ਡੀਏਵੀ ਕਾਲਜ ਦੇ ਪੰਜਾਬੀ ਲੈਕਚਰਾਰ ਗੋਪਾਲ ਸਿੰਘ ਦਰਦੀ ਤੋਂ ਉਸ ਨੇ ਸ਼ਬਦ, ਲੈਅ ਤੇ ਤਾਲ ਦੀਆਂ ਬਾਰੀਕੀਆਂ ਨੂੰ ਸਮਝਿਆ । ਇਨ੍ਹਾਂ ਦੇ ਪ੍ਰਭਾਵ ਹੇਠ ਹੀ ਆਪਣੀਆਂ ਰਚਨਾਵਾਂ 'ਚ ਸੋਧ ਕਰਵਾ ਕੇ ਪਹਿਲਾ ਕਾਵਿ-ਸੰਗ੍ਰਹਿ 'ਖ਼ੁਸ਼ਬੂਆਂ' ਲਿਖਿਆ । ਇਸ ਤੋਂ ਬਾਅਦ ਕੁਝ ਨਾ ਕੁਝ ਰੋਜ਼ਾਨਾ ਲਿਖਣ ਲੱਗ ਗਿਆ ਸੀ। ਐੱਫਏ ਕਰਦਿਆਂ 'ਧਰੂ ਭਗਤ' ਤੇ 'ਮਨ ਅੰਤਰ ਕੀ ਪੀੜ' ਨਾਟਕ ਲਿਖੇ ਤੇ ਉਸ ਦੀ ਪਹਿਲੀ ਕਵਿਤਾ 'ਖੇੜਾ' 'ਕੰਵਲ' ਰਸਾਲੇ ਵਿਚ ਛਪੀ ਸੀ।

ਬੈਂਕ 'ਚ ਕੀਤੀ ਨੌਕਰੀ

1947 ਦੀ ਵੰਡ ਤੋਂ ਪਹਿਲਾਂ ਵਣਜਾਰਾ ਬੇਦੀ ਦੇ ਵੱਡੇ-ਵਡੇਰੇ ਰਾਵਲਪਿੰਡੀ ਦੇ ਮੋਹਨਪੁਰ ਮੁਹੱਲੇ 'ਚ ਰਹਿੰਦੇ ਸਨ ।ਉਸ ਦੇ ਪਿਤਾ ਜੀ ਕਲਕੱਤਾ ਦਫ਼ਤਰ ਵਿਚ ਕਲਰਕ ਦੀ ਨੌਕਰੀ ਕਰਦੇ ਸਨ। ਜਦੋਂ ਵਣਜਾਰਾ ਬੇਦੀ ਬੀਏ ਦੀ ਪ੍ਰੀਖਿਆ ਦੇ ਕੇ ਹਟਿਆ ਤਾਂ ਉਸ ਦੇ ਪਿਤਾ ਜੀ ਬਿਮਾਰ ਰਹਿਣ ਲੱਗ ਪਏ । ਵਣਜਾਰਾ ਬੇਦੀ ਅਕਾਲ ਲਿਮਟਿਡ ਬੈਂਕ ਵਿਚ 200 ਰੁਪਏ ਪ੍ਰਤੀ ਮਹੀਨਾ ਤਨਖ਼ਾਹ 'ਤੇ ਨੌਕਰੀ ਕਰਨ ਲੱਗਾ।

ਕੁਝ ਸਮੇਂ ਬਾਅਦ ਪਿਤਾ ਨੇ ਆਪਣੀ ਬਿਮਾਰੀ ਨੂੰ ਵੇਖਦਿਆਂ ਆਪਣੇ ਜਿਉਂਦੇ-ਜਿਉਂਦੇ ਪੁੱਤਰ ਦਾ ਵਿਆਹ ਕਰਨਾ ਚਾਹਿਆ। ਨੌਸ਼ਹਿਰੇ ਪਿੰਡ ਦੀ ਲੜਕੀ ਨਾਲ ਮੰਗਣਾ ਕਰਨ ਪਿੱਛੋਂ 10 ਸਤੰਬਰ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ ਪਰ ਕੁਦਰਤ ਦਾ ਕਹਿਰ ਅਜਿਹਾ ਵਾਪਰਿਆ ਕਿ ਪਿਤਾ ਅੰਤੜੀਆਂ ਦੀ ਬਿਮਾਰੀ ਨਾਲ 10 ਸਤੰਬਰ ਨੂੰ ਅਕਾਲ ਚਲਾਣਾ ਕਰ ਗਏ। ਤਿੰਨ ਕੁ ਮਹੀਨੇ ਬਾਅਦ ਉਸ ਦਾ ਵਿਆਹ ਰੱਖ ਦਿੱਤਾ। ਬਿਨਾਂ ਸਿਹਰਾ,ਮਹਿੰਦੀ ਤੇ ਢੋਲ-ਢਮੱਕੇ ਤੋਂ ਵਿਆਹ ਕਰ ਦਿੱਤਾ।

ਉਧਾਰ ਮੰਗ ਕੇ ਕਰਨਾ ਪਿਆ ਗੁਜ਼ਾਰਾ

ਜਦੋਂ ਮਾਤਾ ਜੀ ਆਪਣੇ ਛੋਟੇ ਪੁੱਤਰ ਕੋਲ ਅੰਬਾਲੇ ਚਲੇ ਗਏ ਤਾਂ ਵਣਜਾਰਾ ਬੇਦੀ ਨੂੰ ਬੇਰੁਜ਼ਗਾਰੀ ਕਾਰਨ ਰਿਸ਼ਤੇਦਾਰਾਂ ਤੋਂ ਉਧਾਰ ਮੰਗ-ਮੰਗ ਕੇ ਤੇ ਘਰ ਦੀਆਂ ਵਸਤੂਆਂ ਵੇਚ-ਵੇਚ ਕੇ ਗੁਜ਼ਾਰਾ ਕਰਨਾ ਪਿਆ। 1952-53 'ਚ ਇਕ ਅਖ਼ਬਾਰ ਰਾਹੀਂ 'ਫ਼ਤਹਿ ਪ੍ਰੀਤਮ' 'ਚ ਇਕ ਅਸਾਮੀ ਦਾ ਪਤਾ ਲੱਗਾ। ਵਣਜਾਰਾ ਬੇਦੀ ਉਨ੍ਹਾਂ ਦੇ ਦਫ਼ਤਰ ਗਿਆ ਤਾਂ ਉੱਥੇ ਮੌਜੂਦ ਵਿਅਕਤੀ ਨੇ ਪੰਜਾਬੀ 'ਚ ਅਰਜ਼ੀ ਲਿਖਵਾਈ । ਅਰਜ਼ੀ 'ਤੇ ਵਣਜਾਰਾ ਬੇਦੀ ਨਾਂ ਪੜ੍ਹਦਿਆਂ ਹੀ ਪ੍ਰੈੱਸ ਦੇ ਮਾਲਕ ਨੇ ਨੌਕਰੀ 'ਤੇ ਰੱਖ ਲਿਆ ਸੀ। ਇਕ ਵਾਰ 'ਫ਼ਤਹਿ ਪ੍ਰੀਤਮ' ਦੇ ਦਫ਼ਤਰ ਵਿਚ ਅਵਤਾਰ ਸਿੰਘ ਆਜ਼ਾਦ ਮਿਲਣ ਆਏ। ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਸੰਪਾਦਕੀ ( ਨੌਕਰੀ) ਛੱਡਣ ਦਾ ਨੋਟਿਸ ਲਿਖਤੀ ਤੌਰ 'ਤੇ ਦੇ ਦਿੱਤਾ। ਜਦੋਂ ਨੋਟਿਸ ਦੀ ਮਿਆਦ ਪੂਰੀ ਹੋ ਗਈ ਉਹ ਵਗੈਰ ਦੱਸੇ ਹੀ ਕਦੇ ਟਿਊਸ਼ਨ ਪੜ੍ਹਾਉਣ ਤੇ ਕਦੇ ਲਾਇਬ੍ਰੇਰੀ ਜਾਣ ਲੱਗ ਪਿਆ।

ਪਤਨੀ ਨੇ ਮਾਰਿਆ ਤਾਅਨਾ

ਇਕ ਦਿਨ ਸੈਂਟਰਲ ਲਾਇਬਰੇਰੀ ਦਾ ਸਟਾਫ (ਲਾਈਬ੍ਰੇਰੀਅਨ) ਵਣਜਾਰਾ ਬੇਦੀ ਦੀ ਗ਼ਲਤੀ ਕਾਰਨ ਉਸ ਨੂੰ ਬੁਰਾ-ਭਲਾ ਆਖਣ ਲੱਗਿਆ। ਬੇਇੱਜ਼ਤੀ ਹੋ ਜਾਣ 'ਤੇ ਉਹ ਕਿਸੇ ਦੂਜੀ ਲਾਇਬ੍ਰੇਰੀ 'ਚ ਚਲਿਆ ਗਿਆ। ਉਹ ਸਾਈਕਲ ਲਾ ਕੇ ਜਦੋਂ ਸੈਲਫਾਂ ਤੋਂ ਕਿਤਾਬਾਂ ਵੇਖਣ ਲੱਗਿਆ ਤਾਂ ਚਪੜਾਸੀ ਆ ਕੇ ਕਹਿੰਦਾ, ''ਬਾਹਰ ਸਾਈਕਲ ਆਪ ਕੀ ਹੈ?'' 'ਜੀ ਹਾਂ, ਕਿਉਂ?' ''ਇੱਥੇ ਸਾਈਕਲ ਖੜ੍ਹੀ ਕਰਨਾ ਮਨਾ ਹੈ, ਓਧਰ ਕੰਟੀਨ ਕੇ ਪਾਸ ਸਟੈਂਡ ਮੇਂ ਲਗਾਓ , ਲਾਈਬ੍ਰੇਰੀਅਨ ਕਾ ਹੁਕਮ ਹੈ ।'' ਉਹ ਸਾਇਕਲ ਸਟੈਂਡ ਗਿਆ ਤਾਂ ਉੱਥੇ ਠੇਕੇਦਾਰ ਦਾ ਨੌਕਰ ਪਰਚੀ ਕੱਟਦਾ ਕਹਿੰਦਾ, ''ਇਕ ਆਨਾ ਦਿਓ, ਇਹ ਸਾਇਕਲ ਸਟੈਂਡ ਠੇਕੇ 'ਤੇ ਹੈ।'' ਵਣਜਾਰਾ ਬੇਦੀ ਨੇ ਉਧਾਰ ਕਰਦਿਆਂ ਅਗਲੇ ਦਿਨ ਆਨਾ ਦੇਣ ਦਾ ਵਾਅਦਾ ਕੀਤਾ । ਜੇਬ 'ਚ ਇਕ ਆਨਾ ਵੀ ਨਾ ਹੋਣ ਕਾਰਣ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਈ ।ਮਨ ਨੂੰ ਇਕ ਧੱਕਾ ਜਿਹਾ ਵੱਜਿਆ। ਸੋਚਣ ਲੱਗਿਆ ਕਿ ਹੁਣ ਪੈਸੇ ਬਿਨਾਂ ਕੋਈ ਦੂਜੀ ਪੂਜਾ ਨਹੀਂ ਹੋ ਸਕਦੀ। ਘਰ ਆ ਕੇ ਉਹ ਆਪਣੇ ਆਪ ਨਾਲ ਗੱਲਾਂ ਕਰਦਾ- ਕਰਦਾ ਕਹਿਣ ਲੱਗਾ, 'ਮੈਂ ਹੁਣ ਪੈਸਾ ਕਮਾਵਾਂਗਾ ,ਅਮੀਰ ਬਣਾਂਗਾ ।' ਪਤਨੀ ਨੇ ਵਿਅੰਗ ਕੀਤਾ, ''ਤੁਸੀਂ ਪੈਸਾ ਕਮਾਓਗੇ?ਤੁਸੀਂ ਤਾਂ ਕਲਮ ਘਿਸਾ ਸਕਦੇ ਹੋ ਬਸ, ਘਿਸਾਈ ਜਾਓ ।'' ਉਹ ਪਤਨੀ ਨੂੰ ਇਕ ਆਨੇ ਵਾਲੀ ਗੱਲ ਦੱਸਦਿਆਂ ਕਹਿਣ ਲੱਗਿਆ,'ਝੱਲੀਏ ਮੈਂ ਹੁਣ ਬਹੁਤ ਪੈਸਾ ਕਮਾਵਾਂਗਾ।'

ਐੱਮਏ 'ਚੋਂ ਹਾਸਲ ਕੀਤਾ ਪਹਿਲਾ ਸਥਾਨ

ਬੇਦੀ ਨੂੰ ਇਕ ਤੋਂ ਵਧੇਰੇ ਕੋਚਿੰਗ ਕਾਲਜਾਂ 'ਚ ਕਲਾਸਾਂ ਮਿਲ ਗਈਆਂ, ਜਿਸ ਤੋਂ ਚੰਗੀ ਚੋਖੀ ਕਮਾਈ ਹੋਣ ਲੱਗ ਪਈ। ਇਸ ਤੋਂ ਬਾਅਦ ਉਸ ਨੇ ਐੱਮਏ ਪੰਜਾਬੀ 'ਚੋਂ ਪਹਿਲਾ ਸਥਾਨ ਹਾਸਲ ਕੀਤਾ ।ਵਧੀਆ ਨਤੀਜਾ ਆਉਣ ਕਾਰਨ ਉਸ ਨੂੰ ਕੈਂਪ ਕਾਲਜ ਵਾਲਿਆਂ ਨੇ ਐੱਮਏ ਕਲਾਸ ਨੂੰ ਪੜ੍ਹਾਉਣ ਲਈ ਰੱਖ ਲਿਆ ।ਇਸ ਤੋਂ ਕੁਝ ਸਮੇਂ ਬਾਅਦ ਹੀ ਉਸ ਨੇ ਦਿਆਲ ਸਿੰਘ ਕਾਲਜ 'ਚ ਰੈਗੂਲਰ ਲੈਕਚਰਾਰ ਦੀ ਨੌਕਰੀ ਸ਼ੁਰੂ ਕੀਤੀ।ਇਹ ਕੋਈ ਆਮ ਨੌਕਰੀ ਨਹੀਂ ਸੀ ਸਗੋਂ ਉਸ ਦਾ ਜ਼ਿੰਦਗੀ ਭਰ ਦਾ ਸੁਪਨਾ ਸੀ, ਜਿਹੜਾ ਵਰ੍ਹਿਆਂ ਬਾਅਦ ਹੁਣ ਪੂਰਾ ਹੋਇਆ ਸੀ ਕਿਉਂਕਿ ਉਹ ਇਕ ਸੰਪਾਦਕ ਜਾਂ ਅਧਿਆਪਕ ਹੀ ਬਣਨਾ ਚਾਹੁੰਦਾ ਸੀ।ਇਹ ਨੌਕਰੀ ਮਿਲ ਜਾਣ ਪਿੱਛੋਂ ਉਸ ਨੇ ਦਿੱਲੀ ਦੇ ਰਾਜੌਰੀ ਗਾਰਡਨ 'ਚ ਕਿਸ਼ਤਾਂ 'ਤੇ ਇਕ ਪਲਾਟ ਖ਼ਰੀਦ ਕੇ 1960 'ਚ ਆਪਣਾ ਘਰ ਬਣਾਇਆ , ਜਿੱਥੇ ਬੈਠ ਕੇ ਉਸ ਨੇ ਸਾਲਾਂ ਬੱਧੀ ਸਾਹਿਤ ਰਚਿਆ ।

ਲੋਕਧਾਰਾ 'ਚ ਬਹੁਤ ਵੱਡਾ ਯੋਗਦਾਨ

ਬੇਦੀ ਨੇ ਪੰਜਾਬੀ ਸਾਹਿਤ ਜਗਤ ਲਈ ਲੋਕਧਾਰਾ ਅਧਿਐਨ ਬਾਰੇ , 'ਮਧਕਾਲੀਨ ਪੰਜਾਬੀ ਕਥਾ :ਰੂਪ ਤੇ ਪਰੰਪਰਾ', 'ਲੋਕਧਾਰਾ ਅਤੇ ਸਾਹਿਤ','ਪੰਜਾਬ ਦੀ ਲੋਕਧਾਰਾ', 'ਗੁਰੂ ਅਰਜਨ ਬਾਣੀ ਵਿਚ ਲੋਕ ਤੱਤ', 'ਗੁਰੂ ਨਾਨਕ ਅਤੇ ਲੋਕ ਪ੍ਰਵਾਹ', ਲੋਕ ਸਾਹਿਤ 'ਚ 'ਬਾਤਾਂ ਮੁੱਢ ਕਦੀਮ ਦੀਆਂ' (ਜਿਲਦ ਪਹਿਲੀ ਤੇ ਦੂਜੀ)'ਪੰਜਾਬ ਦਾ ਲੋਕ ਸਾਹਿਤ','ਲੋਕ ਆਖਦੇ ਹਨ' (ਅਖਾਣ ਅਧਿਐਨ),'ਸੁਹਜ ਪ੍ਰਬੋਧ' (ਮੁਹਾਵਰਾ ਅਧਿਐਨ), 'ਇਕ ਘੁੱਟ ਰਸ ਦਾ' (ਲੋਕ ਕਹਾਣੀਆਂ),'ਪੰਜਾਬ ਦੀਆਂ ਲੋਕ ਕਹਾਣੀਆਂ','ਪੰਜਾਬ:ਲੋਕ ਸੰਸਕ੍ਰਿਤੀ ਔਰ ਸਾਹਿਤਯ' (ਹਿੰਦੀ) , 'ਮੁਹੱਬਤ ਦੇ ਅੰਗ ਸੰਗ','ਫ਼ੋਕਲੋਰ ਆਫ਼ ਪੰਜਾਬ', ਕਵਿਤਾ ਸੰਗ੍ਰਹਿ 'ਖ਼ੁਸ਼ਬੂਆਂ' ,'ਕੰਵਲ ਪੱਤੀਆਂ', 'ਪਾਣੀ ਅੰਦਰ ਲੀਕ', 'ਮੇਰੀ ਕਲਮ ਦਾ ਨੂਰ' ਕੋਸ਼ 'ਪੰਜਾਬੀ ਲੋਕਧਾਰਾ ਵਿਸ਼ਵ ਕੋਸ਼'(ਜ਼ਿਲਦ 1 ਤੋਂ 8 ਤੱਕ) ਤੋਂ ਇਲਾਵਾ 'ਪੰਜਾਬੀ ਸਾਹਿਤ ਇਤਿਹਾਸ ਦੀਆਂ ਲੋਕ ਰੂੜੀਆਂ', 'ਲੋਕ ਵਿਰਸਾ ਪੰਜਾਬ','ਲੋਕ ਬੋਲੀਆਂ', 'ਪੰਜਾਬ ਦੀਆਂ ਜਨੌਰ ਕਹਾਣੀਆਂ, 'ਲੋਕ ਧਰਮ','ਰਾਜਾ ਰਸਾਲੂ','ਅੰਧਾ ਭਾਈ ਜਾਗਦਾ' 'ਮੇਰਾ ਨਾਨਕਾ ਪਿੰਡ', ਸੁਨਹਿਰੀ ਕਲਗੀ ਵਾਲਾ ਮੁਰਗਾ' ਆਦਿ ਕਈ ਕਿਤਾਬਾਂ ਲਿਖੀਆਂ। 'ਗਲੀਏ ਚਿਕੜ ਦੂਰ ਘਰ', 'ਅੱਧੀ ਮਿੱਟੀ ਅੱਧਾ ਸੋਨਾ' ਉਸ ਦੀ ਸਵੈ-ਜੀਵਨੀ ਹੈ। ਜਿਸ ਮੌਤ ਦੀ ਉਹ ਛੋਟੇ ਹੁੰਦਿਆਂ ਖੋਜ ਕਰਦਾ ਹੁੰਦਾ ਸੀ, ਬੁਢਾਪੇ 'ਚ ਉਹ ਹੀ 26 ਅਗਸਤ,2001 ਨੂੰ ਆਪਣੇ ਨਾਲ ਲੈ ਗਈ । ਸਾਡੇ ਸਾਹਿਤ ਦਾ ਵਣਜਾਰਾ ਸ.ਸ. ਵਣਜਾਰਾ ਬੇਦੀ ਅੱਜ ਭਾਵੇਂ ਹੀ ਇਸ ਦੁਨੀਆ 'ਤੇ ਨਹੀਂ ਰਿਹਾ ਪਰ ਪੰਜਾਬੀ ਲੋਕਧਾਰਾ 'ਚ ਉਸ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਉਹ ਆਪਣੀਆਂ ਅਮਰ ਰਚਨਾਵਾਂ 'ਚ ਹਮੇਸ਼ਾ ਸਾਹ ਲੈਂਦਾ ਰਹੇਗਾ ।

ਪ੍ਰੋ. ਗੁਰਤੇਜ ਸਿੰਘ ਮੱਲੂਮਾਜਰਾ ,98144-75783

Posted By: Harjinder Sodhi