ਕੋਈ ਵੀ ਕਲਾ ਹੱਦਾਂ ਸਰਹੱਦਾਂ ਤੋਂ ਪਾਰ ਹੁੰਦੀ ਹੈ। ਸਰਹੱਦਾਂ ਦੀਆਂ ਵਲਗਣਾਂ ਇਸ ਨੂੰ ਰੋਕ ਨਹੀਂ ਸਕਦੀਆਂ। 1947 ਵਿਚ ਦੇਸ਼ ਦੀ ਵੰਡ ਭਾਵੇਂ ਹੋ ਗਈ ਪਰ ਇਹ ਦਿਲਾਂ ਨੂੰ ਵੰਡ ਨਾ ਸਕੀ। ਸਾਹਿਤਕਾਰਾਂ ਤੇ ਕਲਾਕਾਰਾਂ ਨੇ ਭਾਰਤ-ਪਾਕਿ ਦਰਮਿਆਨ ਸਾਂਝ ਵਧਾਉਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਸੇ ਤਰ੍ਹਾਂ ਸ਼ੌਕਤ ਅਲੀ ਨੇ ਆਖ਼ਰੀ ਸਾਹ ਤਕ ਦੋਵੇਂ ਮੁਲਕਾਂ ਦੇ ਰਿਸ਼ਤੇ ਸਲਾਮਤ ਰਹਿਣ ਦੀ ਦੁਆ ਕੀਤੀ। ਭਾਵੇਂ ਉਹ 2 ਅਪ੍ਰੈਲ ਨੂੰ ਇਸ ਫਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ ਪਰ ਉਨ੍ਹਾਂ ਦੀ ਗਾਇਕੀ ਤੇ ਦਿਲਟੰੁਬਵੀਂ ਸ਼ਖ਼ਸੀਅਤ ਹਮੇਸ਼ਾ ਦੁਨੀਆ ਭਰ ਦੇ ਸੰਵੇਦਨਸ਼ੀਲ ਲੋਕਾਂ ਦੇ ਦਿਲਾਂ ਵਿਚ ਵੱਸੀ ਰਹੇਗੀ। ਉਨ੍ਹਾਂ ਦਾ ਗਾਇਆ ਛੱਲਾ ਸਿਰਫ਼ ਉੱਧਰਲੇ ਪੰਜਾਬ ਹੀ ਨਹੀਂ ਸਗੋਂ ਇੱਧਰਲੇ ਪੰਜਾਬ ਵਿਚ ਵੀ ਹਰ ਘਰ ਸੁਣਿਆ ਗਿਆ। ਇਹ ਕਿਹਾ ਜਾਂਦਾ ਹੈ ਕਿ ਜਿਸ ਨੇ ਉਨ੍ਹਾਂ ਦਾ ਗਾਇਆ ਛੱਲਾ ਨਹੀਂ ਸੁਣਿਆ, ਉਸ ਨੇ ਕੁਝ ਵੀ ਨਹੀਂ ਸੁਣਿਆ। ਸੈਫ- ਉਲ- ਮਲੂਕ ਦਾ ਕਿੱਸਾ ਘਰ -ਘਰ ਪਹੁੰਚਾਉਣ ਵਾਲੇ ਵੀ ਉਹੀ ਸਨ। ਕਦੇ ਤਾਂ ਹੱਸ ਬੋਲ ਵੇ, ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ, ਮਾਵਾਂ ਜੰਨਤ ਦਾ ਪਰਛਾਵਾਂ ਜਿਹੇ ਰਿਸ਼ਤਿਆਂ ਦੀ ਗੱਲ ਕਰਦੇ ਗੀਤਾਂ ਨੂੰ ਲੋਕਾਂ ਨੇ ਮਣਾਮੂੰਹੀਂ ਪਿਆਰ ਦਿੱਤਾ। ਇਹ ਪਰਦੇਸੀ ਮੁੜ ਕੇ ਨਹੀਂ ਆਉਂਦੇ, ਸੱਜਣ ਹੋਏ ਪਰਦੇਸੀ ਜਿਹੇ ਗੀਤਾਂ ਵਿਚ ਪਰਦੇਸੀਆਂ ਦੇ ਦਰਦ ਨੂੰ ਉਨ੍ਹਾਂ ਨੇ ਅਜਿਹੀ ਪੁਰਖਲੂਸ ਆਵਾਜ਼ ਵਿਚ ਗਾਇਆ ਕਿ ਸੁਣਨ ਵਾਲੇ ਦੇ ਦਿਲ ਵਿੱਚੋਂ ਆਪਮੁਹਾਰੇ ਹੂਕ ਉੱਠਦੀ ਹੈ। ਉਸ ਨੇ ਵਾਰਿਸ ਸ਼ਾਹ ਦੀ ਹੀਰ ਵੀ ਗਾਈ ਤੇ ਫ਼ੈਜ਼ ਅਹਿਮਦ ਫ਼ੈਜ਼, ਅਹਿਮਦ ਨਸੀਦ ਕਾਦਮੀ ਦੀ ਸ਼ਾਇਰੀ ਵੀ।

3 ਮਈ 1944 ਨੂੰ ਗੁਜਰਾਤ ਹੁਣ ਜ਼ਿਲ੍ਹਾ ਮੰਡੀ ਬਹਾਊਦੀਨ ਦੇ ਪਿੰਡ ਮਲਕਵਾਲ ਵਿਚ ਸੁਰ ਤਾਲ ਦੀ ਮੁਹਾਰਤ ਰੱਖਣ ਵਾਲੇ ਪਰਿਵਾਰ ਵਿਚ ਜਨਮੇ ਸ਼ੌਕਤ ਅਲੀ ਨੇ ਗਾਉਣ ਦੀ ਸ਼ੁਰੂਆਤ 1960 ਵਿਚ ਕਾਲਜ ਦੀ ਪੜ੍ਹਾਈ ਦੌਰਾਨ ਹੀ ਕਰ ਦਿੱਤੀ ਸੀ। 1963 ਵਿਚ ਸੰਗੀਤਕਾਰ ਐੱਮ ਅਸ਼ਰਫ ਨੇ ਪੰਜਾਬੀ ਫਿਲਮ ਤੀਸ ਮਾਰ ਖਾਂ ਵਿਚ ਉਨ੍ਹਾਂ ਨੂੰ ਗਾਉਣ ਦਾ ਮੌਕਾ ਦਿੱਤਾ। ਭਾਵੇਂ ਉਨ੍ਹਾਂ ਨੇ ਕਈ ਫਿਲਮਾਂ ਲਈ ਗਾਣੇ ਗਾਏ ਪਰ ਪੰਜਾਬੀ ਲੋਕ ਗਾਇਕੀ ਤੇ ਗ਼ਜ਼ਲ ਗਾਇਕੀ ਨੂੰ ਲੋਕਾਂ ਨੇ ਜ਼ਿਆਦਾ ਪਿਆਰ ਦਿੱਤਾ।

ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਬੇਇੰਤਹਾ ਮੁਹੱਬਤ ਕਰਦੇ ਸਨ। ਉਹ ਜਦੋਂ ਵੀ ਕਿਸੇ ਨੂੰ ਪੰਜਾਬੀ ਬੋਲਦੇ ਸੁਣਦੇ ਤਾਂ ਰੂਹ ਨੂੰ ਬੜਾ ਸਕੂਨ ਮਿਲਦਾ ਸੀ। ਉਹ ਕਹਿੰਦੇ ਸਨ ਕਿ ਦੁਨੀਆ ਵਿਚ ਭਾਵੇਂ ਹੋਰ ਵੀ ਕਈ ਜ਼ੁਬਾਨਾਂ ਹਨ ਪਰ ਪੰਜਾਬੀ ਸਭ ਤੋਂ ਮਿੱਠੀ ਅਤੇ ਪਿਆਰੀ ਭਾਸ਼ਾ ਹੈ। ਉਨ੍ਹਾਂ ਨੇ ਪੰਜਾਬੀ ਬੋਲੀ ਬਾਰੇ ਇਕ ਮਾਹੀਆ ਵੀ ਲਿਖਿਆ ਸੀ, ਕੋਈ ਸੁਰਖ਼ ਗੁਲਾਬ ਹੋਵੇ, ਰੱਬਾ ਤੇਰੇ ਕੋਲ ਆਈਏ ਸ਼ਾਲਾ ਉੱਥੇ ਵੀ ਪੰਜਾਬ ਹੋਵੇ। ਪੰਜਾਬ ਤੇ ਪੰਜਾਬੀਅਤ ਨਾਲ ਏਨੀ ਸ਼ਿੱਦਤ ਨਾਲ ਮੁਹੱਬਤ ਕਰਨ ਵਾਲਾ ਸਦੀਵੀ ਵਿਛੋੜਾ ਦੇ ਗਿਆ ਹੈ ਤਾਂ ਦੋਵੇਂ ਪੰਜਾਬਾਂ ਦੀ ਫ਼ਿਜ਼ਾ ਉਦਾਸ ਹੈ।

- ਗੁਰਪ੍ਰੀਤ ਖੋਖਰ

Posted By: Harjinder Sodhi