ਲੋਕਧਾਰਾ ਤੋਂ ਮੁਕਤ ਸਾਹਿਤ ਪੰਜਾਬੀ ਲੋਕਾਂ ਦੇ ਮਨਾਂ ਨੂੰ ਮੋਹ ਹੀ ਨਹੀਂ ਸਕਿਆ ਜਾਂ ਇਹ ਕਹਿ ਲਉ ਕਿ ਉਨ੍ਹਾਂ ਦੀ ਸਮਝੋਂ ਬਾਹਰ ਹੈ। ਜੇਕਰ ਆਧੁਨਿਕ ਪੰਜਾਬੀ ਸਾਹਿਤ ’ਤੇ ਝਾਤ ਮਾਰੀਏ ਤਾਂ ਆਮ ਲੋਕ ਉਸ ਤੋਂ ਕੋਹਾਂ ਦੂਰ ਖਲੋਤੇ ਹਨ। ਪੰਜਾਬੀ ‘ਫ਼ੋਕ’ ਨੇ ਨਾ ਇਸ ਨੂੰ ਅਪਣਾਇਆ ਤੇ ਨਾ ਹੀ ਸਲਾਹਿਆ ਹੈ। ਅਜੋਕੇ ਸਾਹਿਤ ਨੂੰ ਪੜ੍ਹਨ ਵਾਲੀ ਇਕ ਵਿਸ਼ੇਸ਼ ਸ਼ੇ੍ਰਣੀ ਹੈ ਅਤੇ ਸਲਾਹੁਣ ਵਾਲੀ ਵੀ। ਇਸ ਦਾ ਇਕ ਵੱਡਾ ਕਾਰਨ ਲੋਕ ਮਨ ਤੇ ਵਿਗਿਆਨੀ ਮਨ ਦਾ ਅੰਤਰ ਹੋ ਸਕਦਾ ਹੈ। ਲੋਕ ਮਨ ਦਾ ਸਾਹਿਤ ਵਿਗਿਆਨੀ ਮਨ ਦੇ ਰਚੇ ਸਾਹਿਤ ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ। ਸਾਡੇ ਪੰਜਾਬੀ ਲੋਕ ਜਾਂ ਪਾਠਕ ਪਹਿਲੇ ਭਾਵ ਕਿ ਲੋਕ ਮਨ ਵਾਲੇ ਦਾਇਰੇ ਵਿਚ ਸ਼ਾਮਲ ਹਨ।

ਪੰਜਾਬੀ ਦੇ ਆਮ ਲੋਕ ਉਲਝਣ ਤੇ ਅਕਾਊ ਸਾਹਿਤ ਤੋਂ ਵੱਖ ਹੋ ਕੇ ਮਿਆਰੀ ਸਾਹਿਤ ਨੂੰ ਤਰਜ਼ੀਹ ਦਿੰਦੇ ਆਏ ਹਨ। ਪੰਜਾਬੀ ਲੋਕਧਾਰਾ ਦੇ ਨਜ਼ਰੀਆ ਤੋਂ ਪੰਜਾਬੀ ਕਾਵਿ ਖੇਤਰ ਦੇ ਜੌਨ ਕੀਟਸ ਮੰਨੇ ਜਾਂਦੇ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕਰੀਏ ਤਾਂ ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਉਹ ਅੱਜ ਵੀ ਪੰਜਾਬੀ ਕਾਵਿ ਖੇਤਰ ਵਿਚ ਸਭ ਤੋਂ ਪਸੰਦੀਦੇ ਕਵੀ, ਸ਼ਾਇਰ ਹਨ। ਪੰਜਾਬੀ ਨੌਜਵਾਨ ਪਾਠਕਾਂ ਦੀ ਅਜੋਕੀ ਪੀੜ੍ਹੀ ਅੱਜ ਵੀ ਉਸ ਨੂੰ ਪਹਿਲਾਂ ਵਾਂਗ ਪੜ੍ਹਦੀ ਹੈ।

ਸ਼ਿਵ ਕੁਮਾਰ ਬਟਾਲਵੀ ਆਧੁਨਿਕ ਪੰਜਾਬੀ ਕਾਵਿ ਦਾ ਵਿਲੱਖਣ ਰੁਮਾਂਟਿਕ ਕਵੀ ਹੈ। ਉਹ ਸਭ ਤੋਂ ਘੱਟ ਉਮਰ ਵਿਚ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕਰਨ ਵਾਲੇ ਕਵੀ ਸਨ। ਉਨ੍ਹਾਂ ਨੂੰ ਕਾਵਿ ਨਾਟਕ ‘ਲੂਣਾ’ ਲਿਖਣ ਇਹ ਪੁਰਸਕਾਰ ਮਿਲਿਆ ਸੀ।

ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਈ. ਨੂੰ ਸਿਆਲਕੋਟ ਜ਼ਿਲ੍ਹੇ ਦੀ ਸ਼ਕੜਗੜ੍ਹ ਤਹਿਸੀਲ ਵਿਚ ਪੈਂਦੇ ਪਿੰਡ ਬੜਾ ਲੋਹਤੀਆਂ (ਮੌਜੂਦਾ ਪਾਕਿਸਤਾਨ) ਵਿਚ ਪੰਡਿਤ ਕਿ੍ਰਸ਼ਨ ਗੋਪਾਲ ਅਤੇ ਸ਼ਾਂਤੀ ਦੇਵੀ ਦੇ ਘਰ ਹੋਇਆ ਸੀ। ਉਨ੍ਹਾਂ ਦੇ ਪਿਤਾ ਤਹਿਸੀਲਦਾਰ ਸਨ। 1947 ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਨ੍ਹਾਂ ਦਾ ਪਰਿਵਾਰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿਖੇ ਆ ਵਸਿਆ। ਜਿੱਥੇ

ਉਨ੍ਹਾਂ ਦੇ ਪਿਤਾ ਨੇ ਪਟਵਾਰੀ ਵਜੋਂ ਕੰਮ ਕੀਤਾ।

1953 ਵਿਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਮੈਟ੍ਰੀਕੁਲੇਸ਼ਨ ਦੀ ਵਿਦਿਆ ਹਾਸਿਲ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਬੇਰਿੰਗ ਯੂਨੀਅਨ ਕਿ੍ਰਸ਼ਚੀਅਨ ਕਾਲਜ ਬਟਾਲਾ ਵਿਚ ਐੱਫ.ਐੱਸ.ਸੀ ਲਈ ਦਾਖਲਾ ਲਿਆ ਅਤੇ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੇ ਐੱਸ ਐੱਨ ਕਾਲਜ ਕਾਦੀਆਂ ਵਿਚ ਦਾਖ਼ਲਾ ਲੈ ਲਿਆ। ਉਸ ਤੋਂ ਬਾਅਦ ਫਿਰ ਉਹ ਪੜ੍ਹਾਈ ਵਿਚਕਾਰ ਛੱਡ ਕੇ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਨ ਲਈ ਹਿਮਾਚਲ ਪ੍ਰਦੇਸ਼ ਚਲੇ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਨਾਭਾ ਵਿਖੇ ਸਰਕਾਰੀ ਰਿਪੁਦਮਨ ਕਾਲਜ ਵਿਚ ਦਾਖਲਾ ਲਿਆ। 1960 ਵਿਚ ਉਨ੍ਹਾਂ ਦੀ ਪਹਿਲੀ ਕਵਿਤਾ ‘ਪੀੜਾਂ ਦਾ ਪਰਾਗਾ’ ਪ੍ਰਕਾਸ਼ਤ ਹੋਈ।

ਪੰਜਾਬੀ ਕਾਵਿ ਜਗਤ ਵਿਚ ਸ਼ਿਵ ਨੂੰ ‘ਬਿਰਹਾ ਦਾ ਸੁਲਤਾਨ’ ਵਜੋਂ ਵੀ ਜਾਣਿਆ ਜਾਂਦਾ ਹੈ। ਸ਼ਿਵ ਕੁਮਾਰ ਬਟਾਲਵੀ ਆਧੁਨਿਕ ਕਾਵਿ ਵਿਚ ਪਛਾਣ ਤੇ ਡੂੰਘੀ ਯਾਦ ਛੱਡ ਗਿਆ ਹੈ। ਥੋੜ੍ਹੇ ਅਰਸੇ ਵਿਚ ਹੀ ਉਸ ਨੇ ਆਪਣਾ ਰਚਨਾ ਪੰਧ ਮੁਕਾ ਲਿਆ। ਉਸ ਦੀ ਸਮੁੱਚੀ ਰਚਨਾ ਰੂਪ ਚੇਤਨਾ ਦੇ ਅਨੁਭਵ ਸੁਹਜਾਤਮਕ ਪਸਾਰਾਂ ਨਾਲ ਸਬੰਧ ਰੱਖਦੀ ਹੈ।

ਸ਼ਿਵ ਨੇ ਜਦੋਂ ਆਪਣੇ ਗੀਤਾਂ ਰਾਹੀਂ ਪੰਜਾਬੀ ਲੋਕ ਜੀਵਨ ਵਿਚ ਸਦੀਆਂ ਤੋਂ ਅਚੇਤ ਰੂਪ

ਵਿਚ ਮੌਜੂਦ ਉਦਾਸੀ ਨੂੰ ਉਭਾਰਿਆ ਤਾਂ ਸਾਉਣ ਦੇ ਬੱਦਲਾਂ ਵਾਂਗ ਉਹ ਗੀਤ ਲੋਕ ਮਨ ’ਚ ਰਚ ਗਏ।

ਸ਼ਿਵ ਦੀ ਰਚਨਾ ਸੰਵੇਦਨਾ ਤੋਂ ਸੰਵੇਦਨਾ ਤਕ ਦਾ ਸਫ਼ਰ ਤਹਿ ਕਰਦੀ ਹੈ। ਉਹ ਆਪਣੇ ਕਾਲ ’ਚ ਮੁੱਖ ਧਾਰਾ ਤੋਂ ਅਭਿੱਜ ਕਵੀ ਸੀ, ਪਰ ਫਿਰ ਵੀ ਉਹ ਪੰਜਾਬੀ ਪਾਠਕਾਂ ਦੇ ਮਨਾਂ ’ਤੇ ਡੂੰਘੀ ਛਾਪ ਛੱਡ ਗਿਆ। ਜਿਸ ਦਾ ਮੁੱਖ ਕਾਰਨ ਆਪਣੀਆਂ ਰਚਨਾਵਾਂ ਵਿਚ ਲੋਕਧਾਰਾ ਸ਼ਬਦਾਂ ਦੀ ਪੁੱਠ, ਸਮੇਂ ਦੀ ਸੁਚੇਤ ਬੌਧਿਕਤਾ ਵਿਰੁੱਧ ਅਚੇਤ ਭਾਵੁਕਤਾ ਦੀ ਲੜਾਈ ਆਦਿ ਦਾ ਹੋਣਾ ਸੀ। ਸ਼ਿਵ ਕੁਮਾਰ ਦੇ ਜੀਵਨ ਕਾਲ ਵਿਚ ਸਾਹਿਤ ਵਿਚ ਬਹੁਤੀਆਂ ਲਹਿਰਾਂ ਪ੍ਰਚੱਲਿਤ ਹੋਈਆਂ, ਪਰ ਸ਼ਿਵ ਨੇ ਆਪਣੇ ਆਪ ਨੂੰ ਕਿਸੇ ਇਕ ਖ਼ਾਸ ਵਿਚਾਰਧਾਰਾ ਨਾਲ ਨਹੀਂ ਜੋੜਿਆ, ਸਗੋਂ ਇਸ ਦੇ ਉਲਟ ਉਸ ਨੇ ਆਪਣੀ ਕਾਵਿ ਕਲਾ ਦੇ ਸੁਹਜ ਨੂੰ ਪ੍ਰਮੁੱਖ ਰੱਖਿਆ। ਜਿਸ ਕਾਰਨ ਉਹ ਪੰਜਾਬੀ ਦਾ ਸਿਰਮੌਰ ਸ਼ਾਇਰ ਸਥਾਪਿਤ ਹੋ ਗਿਆ।

ਸ਼ਿਵ ਦੀ ਕਥਾ ਕਾਵਿ, ਗੀਤ ਅਤੇ ਗ਼ਜ਼ਲ ਆਦਿ ਆਮ ਲੋਕਾਂ ਦੇ ਹਿਰਦੇ ਨਾਲ ਨੇੜਤਾ ਬਣਾਉਂਦੀ ਹੈ। ਉਸ ਦੀ ਕਾਵਿ ਰਚਨਾ ਮਨੁੱਖ ਦੀ ਮਨੋਗ੍ਰੰਥੀਆਂ ਨੂੰ ਅਜਿਹੀ ਕੁਸ਼ਲਤਾ ਨਾਲ ਪੇਸ਼ ਕਰਦੀ ਹੈ ਕਿ ਪੜ੍ਹਨ ਵਾਲਾ ਉਸ ਨੂੰ ਆਪਣੇ ਨਾਲ ਸਬੰਧਿਤ ਸਮਝਦਾ ਹੈ। ਸ਼ਿਵ ਨੇ ਆਪਣੇ ਗੀਤ ਅਤੇ ਕਾਵਿ ਵਿਚ ਫ਼ਰੀਦ-ਕਾਵਿ ਵਾਂਗ ‘ਬਿਰਹਾ’ ਨੂੰ ‘ਸੁਲਤਾਨ’ ਕਿਹਾ ਹੈ। ਬਿਰਹਾ ਸ਼ਬਦ ਉਸ ਨੇ ਸੂਫ਼ੀ ਕਾਵਿ ਤੋਂ ਲਿਆ ਹੈ :

‘‘ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ

ਜਿਸ ਤਨ ਬਿਰਹਾ ਨਾ ਉਪਜੇ, ਸੋ ਤਨ ਜਾਣੁ ਮਸਾਨ

ਅਸੀਂ ਸਭ ਬਿਰਹਾ ਘਰ ਜੰਮਦੇ, ਅਸੀਂ ਬਿਰਹਾ ਦੀ ਸੰਤਾਨ

ਬਿਰਹਾ ਖਾਈਏ ਬਿਰਹਾ ਪਾਈਏ, ਬਿਰਹਾ ਆਏ ਹੰਢਾਣ।’’

ਸ਼ਿਵ ਕਾਵਿ ਤੇ ਸੂਫ਼ੀ ਕਾਵਿ ਵਿਚਲੇ ‘ਬਿਰਹਾ’ ਦਾ ਸਿਰਫ਼ ਏਨਾ ਹੀ ਫ਼ਰਕ ਹੈ ਕਿ ਫ਼ਰੀਦ ਕਾਵਿ ਦਾ ਬਿਰਹਾ ਅਧਿਆਤਮਕ ਪਾਸਾਰਾਂ ਨਾਲ ਸਬੰਧਤ ਹੈ, ਪਰ ਸ਼ਿਵ ਦਾ ਬਿਰਹਾ ਲੌਕਿਕ ਹੋ ਕੇ ਯਥਾਰਥ ਦੀ ਤਰਜਮਾਨੀ ਕਰਦਾ ਹੈ। ਬਿਰਹਾ ਅਸਲ ਵਿਚ ਮੌਤ ਦਾ ਪ੍ਰੇਰਕ ਹੈ :

‘‘ਮੈਂ ਤੇ ਮੇਰੇ ਗੀਤ ਨੇ ਦੋਹਾਂ

ਜਦ ਭਲਕੇ ਮਰ ਜਾਣਾ

ਬਿਰਹੋਂ ਦੇ ਘਰ ਜਾਈਆਂ ਸਾਨੂੰ

ਕਬਰੀਂ ਲੱਭਣ ਆਉਣਾ...?

ਇਕ ਥਾਂ ’ਤੇ ਪ੍ਰਸਿੱਧ ਲੇਖਕ ਸੰਤ ਸਿੰਘ ਸੇਖੋਂ ਲਿਖਦੇ ਹਨ ਕਿ ਸ਼ਿਵ ਕੁਮਾਰ ਪੀੜ ਤੇ ਕਲੇਸ਼ ਨੂੰ ਬੁਰੇ ਦੇ ਘਰ ਤਕ ਲੈ ਜਾਂਦਾ ਹੈ, ਜਿਵੇਂ ਕੋਈ ਦੁਖੀਆ ਕਿਸੇ ਜਾਬਰ ਦੇ ਸਿਰ ਚੜ੍ਹ ਕੇ ਮਰਨ ਤਕ ਜਾਂਦਾ ਹੈ। ਸ਼ਿਵ ਕੁਮਾਰ ਬਟਾਲਵੀ ਦਾ ਨਾਂ ਮੋਹਨ ਸਿੰਘ ਅਤੇ ਅੰਮਿ੍ਰਤਾ ਪ੍ਰੀਤਮ ਦੀ ਪੀੜ੍ਹੀ ਨਾਲ ਜੋੜਿਆ ਜਾਂਦਾ ਹੈ।

ਅਸਲ ਵਿਚ ਉਸ ਦਾ ਰਿਸ਼ਤਾ ਮਿਰਜ਼ਾ ਗਾਲਿਬ ਤੇ ਮਜਾਜ ਲਖਨਵੀਂ ਦੀ ਪਰੰਪਰਾ ਨਾਲ ਹੈ। ਸ਼ਿਵ ਨੇ ਕਵਿਤਾ ਲਿਖੀ ਹੀ ਨਹੀਂ, ਕਵਿਤਾ ਨੂੰ ਜੀਵਿਆ ਹੈ, ਭੋਗਿਆ ਹੈ। ਜੇ ਉਸ ਨੇ ਉਮਰ ਭਰ ਗ਼ਮ ਦੇ ਗੀਤ ਗਾਏ ਤਾਂ ਇਹੀ ਉਸ ਦੀ ਹੋਂਦ ਦਾ, ਉਸ ਦੀ ਕਲਾ ਦਾ ਸੱਚ ਸੀ। ਮਿਰਜ਼ਾ ਗਾਲਿਬ ਦੇ ਇਕ ਸ਼ੇਅਰ ਵਾਂਗ...

ਕੈਦੇ ਹਯਾਤ-ਉੁ-ਬੰਦੇ ਗ਼ਮ ਅਸਲ ਮੇਂ ਦੋਨੋਂ ਏਕ ਹੈਂ,

ਮੌਤ ਸੇ ਪਹਿਲੇ ਆਦਮੀ ਗ਼ਮ ਸੇ ਨਜਾਤ ਪਾਏ ਕਿਯੂੰ।

ਸ਼ਿਵ ਕੁਮਾਰ ਕਵਿਤਾ ਲਿਖਦਾ-ਲਿਖਦਾ ਖ਼ੁਦ ਕਵਿਤਾ ਬਣ ਗਿਆ ਸੀ। ਕਵਿਤਾ ਉਸ ਦੀ ਜ਼ਿੰਦਗੀ ਵਿਚ ਇਸ ਤਰ੍ਹਾਂ ਰਚ ਗਈ ਸੀ, ਜਿਸ ਤਰ੍ਹਾਂ ਨਾੜੀਆਂ ਵਿਚ ਵਗਦੀ ਰੱਤ।

ਉਹ ਉਸ ਮੁਕਾਮ ’ਤੇ ਪਹੁੰਚ ਚੁੱਕਾ ਸੀ ਜਿੱਥੇ ਕਲਾਕਾਰ ਆਪਣੀ ਕਲਾ ਵਿਚ ਸਮਾ ਜਾਂਦਾ ਹੈ ਜਾਂ ਕਹਿ ਲਵੋ ਕਲਾ ਕਲਾਕਾਰ ਨੂੰ ਆਪਣੇ ਅੰਦਰ ਸਮੇਟ ਲੈਂਦੀ ਹੈ। ਜਿਸ ਸਾਲ ਸੰਤ ਸਿੰਘ ਸੇਖੋਂ ਨੇ ਸ਼ਿਵ ਨੂੰ ਅੰਗਰੇਜ਼ੀ ਕਵੀ ਜੌਨ ਕੀਟਸ ਦਾ ਨਾਂ ਦਿੱਤਾ ਸੀ, ਉਸ ਸਮੇਂ ਉਹ ਆਪਣੀ ਉਮਰ ਦੇ ਪੰਝੀ ਵਰ੍ਹੇ ਪੂਰੇ ਕਰ ਚੁੱਕਿਆ ਸੀ। ਸ਼ਿਵ ਕੁਮਾਰ ਕੋਲ ਲੋਕਧਾਰਾ ਦੇ ਠੇਠ ਸ਼ਬਦਾਂ ਦਾ ਇਕ ਵਗਦਾ ਸਮੁੰਦਰ ਸੀ। ਜੋ ਉਸ ਨੇ ਆਪਣੀਆਂ ਰਚਨਾਵਾਂ ਵਿਚ ਖੁੱਲ੍ਹ ਕੇ ਵਰਤਿਆ।

ਜੋ ਸ਼ਬਦ ਪੰਜਾਬੀ ਸਾਹਿਤ ਵਿਚ ਆਮ ਲੋਕਾਂ ਦੇ ਸੌਖਿਆ ਸਮਝ ਪੈਣ ਵਾਲੇ ਸਨ, ਨੂੰ ਹੀ ਲਿਖਿਆ। ਜੇਕਰ ਸ਼ਿਵ ਦੀ ਤੁਲਨਾ ਵਿਚ ਮਾਰਕਸਵਾਦੀ ਕਵੀ ਪਾਸ਼ ਅਤੇ ਅਜੋਕੇ ਸ਼ਾਇਰ ਸੁਰਜੀਤ ਪਾਤਰ ਦੀ ਗੱਲ ਕਰੀਏ ਤਾਂ ਉਕਤ ਕਵੀ ਸ਼ਾਇਰਾਂ ਕੋਲ ਆਪਣੀਆਂ ਰਚਨਾਵਾਂ ਲਈ ਬੜੇ ਹੀ ਸੀਮਿਤ ਸ਼ਬਦ ਹਨ। ਭਾਵ ਕਿ ਉਨ੍ਹਾਂ ਸ਼ਬਦਾਂ ਨੂੰ ਵਾਰ-ਵਾਰ ਝਰੀਟਿਆ ਜਾ ਰਿਹਾ ਹੈ। ਉਹ ਸ਼ਬਦ ਹੈ ਵੀ ਲੋਕਧਾਰਾ ਤੋਂ ਹਟਵੇਂ ਹੋਰ ਭਾਸ਼ਾ ਦੇ। ਜੋ ਪੰਜਾਬੀ ਪਾਠਕਾਂ ਦੇ ਉਤੋਂ ਦੀ ਲੰਘ ਜਾਂਦੇ ਹਨ। ਜਿੱਥੇ ਸ਼ਿਵ ਨੇ ਆਪਣੀਆਂ ਕਵਿਤਾਵਾਂ ਵਿਚ ਦਰੱਖ਼ਤ ਨੂੰ ਦਰੱਖ਼ਤ ਤੇ ਰੁੱਖ ਆਖਿਆ ਹੈ, ਉਥੇ ਹੀ ਅਜੋਕੇ ਸ਼ਾਇਰ ਇਸ ਨੂੰ ਬਿ੍ਰਖ ਲਿਖਦੇ ਹਨ। ਹੋਰ ਵੀ ਸ਼ਬਦਾਂ ਦੇ ਕਈ ਨਮੂਨੇ ਦੇਖਣ ਨੂੰ ਮਿਲਦੇ ਹਨ। ਪਰ ਸ਼ਿਵ ਨੇ ਹਮੇਸ਼ਾ ਲੋਕਧਾਰਾ ਸਾਹਿਤ ਨੂੰ ਤਰਜੀਹ ਦਿੱਤੀ।

ਬਿਰਹਾ ਤੋਂ ਇਲਾਵਾ ਸ਼ਿਵ ਦਾ ‘ਲੂਣਾ’ ਕਾਵਿ ਨਾਟ ਪ੍ਰੰਪਰਤਾਗਤ, ਪਿੱਤਰ, ਸੱਤਾਧਾਰੀ ਮਾਨਸਿਕਤਾ ਅਤੇ ਰੂੜ੍ਹੀਵਾਦੀ ਰਵਾਇਤਾਂ ਖ਼ਿਲਾਫ਼ ਬਗ਼ਾਵਤ ਦਾ ਐਲਾਨ ਨਾਮਾ ਹੈ। ਲੂਣਾ ਪੰਜਾਬੀ ਕਵਿਤਾ ਵਿਚ ਪਹਿਲਾਂ ਕੀਤੀ ਜਾ ਚੁੱਕੀ ਰਚਨਾ ਤੋਂ ਅਗਾਂਹ ਲੰਘ ਜਾਣ ਦਾ ਪੈਂਡਾ ਹੈ। ਪੰਜ ਦਹਾਕੇ ਪਹਿਲਾਂ ਲਿਖੀ ਇਸ ਕਵਿਤਾ ਦੀ ਪ੍ਰਸੰਗਕਿਤਾ ਅੱਜ ਵੀ ਬਰਕਰਾਰ ਹੈ। ਜਦੋਂ ਸ਼ਿਵ ਦੀ ਉਮਰ ਉਸ ਵੇਲੇ ਤੀਹ ਸਾਲਾਂ ਦੀ ਸੀ। ਕੁਝ ਸਮੇਂ ਬਾਦ ਉਸ ਲਿਖਿਆ :

ਮੇਰੇ ਵਰਗੇ ਮਸੀਹੇ ਵਾਸਤੇ

ਕਿੱਲ ਬਹੁਤ ਸਸਤੇ ਨੇ

ਸਲੀਬਾਂ ਤੋਂ ਬਿਨਾਂ ਵੀ ਮਰਨ ਦੇ

ਕਈ ਹੋਰ ਰਸਤੇ ਨੇ...!

ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਪੰਜਾਬੀ ਸਾਹਿਤ ਨੂੰ ਅਨੇਕਾਂ ਕਵਿਤਾਵਾਂ ਦਿੱਤੀਆਂ। ਆਖੀਰ 6 ਮਈ 1973 (36 ਸਾਲ ਦੀ ਉਮਰ) ਵਿਚ ਆਪਣੇ ਪਿੰਡ ਮੰਗਿਆਲ ’ਚ ਕਿਸੇ ਬਿਮਾਰੀ ਦੇ ਚੱਲਦਿਆਂ ਉਨ੍ਹਾਂ ਦੀ ਮੌਤ ਹੋ ਗਈ।

- ਬੇਅੰਤ ਬਾਜਵਾ

Posted By: Harjinder Sodhi