ਸਾਲ 1945 'ਚ ਸਾਹਿਰ ਲੁਧਿਆਣਵੀ (ਅਸਲ ਨਾਂ ਅਬਦੁਲ ਹਈ, ਜਨਮ 8 ਮਾਰਚ 1921) ਦਾ ਪਹਿਲਾ ਕਾਵਿ ਸੰਗ੍ਰਹਿ 'ਤਲਖ਼ੀਯਾਂ' ਛਪਿਆ। ਇਸ ਸੰਗ੍ਰਹਿ ਦਾ ਸਮਰਪਣ ਕੁਝ ਇਸ ਤਰ੍ਹਾਂ ਹੈ:

ਦੁਨੀਯਾ ਨੇ ਤਜਰਬਾਤ-ਓ-ਹਵਾਦਿਸ ਕੀ ਸ਼ਕਲ ਮੇਂ

ਜੋ ਕੁਛ ਮੁਝੇ ਦੀਯਾ ਹੈ ਵੁਹ ਲੌਟਾ ਰਹਾ ਹੂੰ ਮੈਂ

ਕਾਵਿ ਸੰਗ੍ਰਹਿ ਦਾ ਨਾਂ ਤੇ ਸਮਰਪਣ ਦਾ ਸ਼ਿਅਰ ਇਸ ਦੇ ਕਰਤਾ ਸਾਹਿਰ ਬਾਰੇ ਕਾਫ਼ੀ ਕੁਝ ਕਹਿ ਜਾਂਦਾ ਹੈ।

ਸਾਹਿਰ ਦੀਆਂ 'ਤਲਖ਼ੀਯਾਂ' ਪਿੱਛੇ ਦੁਨੀਆ ਦੇ ਦਿੱਤੇ ਹੋਏ 'ਤਜਰਬਾਤ-ਓ-ਹਵਾਦਿਸ' ਬਚਪਨ ਵਿਚ ਹੀ ਸ਼ੁਰੂ ਹੋ ਗਏ ਸਨ। ਉਹ ਜਾਗੀਰਦਾਰਾਂ ਦਾ ਮੁੰਡਾ ਸੀ। ਉਸ ਦੇ ਬਚਪਨ ਦੇ ਕੁਝ ਸਾਲ ਵਧੀਆ ਲੰਘੇ ਪਰ ਕੁਝ ਸਾਲਾਂ ਬਾਅਦ ਇਹ ਉਲਟ- ਪੁਲਟ ਗਿਆ। ਉਸ ਦੇ ਮਾਂ-ਬਾਪ ਵਿਚ ਅਣਬਣ ਹੋ ਗਈ।

ਜਦ ਮਾਂ-ਬਾਪ 'ਚੋਂ ਚੋਣ ਦਾ ਸਵਾਲ ਆਇਆ ਤਾਂ ਉਸ ਨੇ ਮਾਂ ਨੂੰ ਚੁਣਿਆ। ਪਹਿਲੀ ਵਾਰ ਉਸ ਨੇ ਆਪਣੇ ਜੀਵਨ ਵਿਚ ਤੰਗੀਆਂ-ਤੁਰਸ਼ੀਆਂ ਦਾ ਅਨੁਭਵ ਕੀਤਾ। ਘਰੇਲੂ ਹਾਲਾਤ ਕਾਰਨ ਉਸ ਨੂੰ ਜਾਗੀਰੂ ਕਦਰਾਂ-ਕੀਮਤਾਂ ਨਾਲ਼ ਨਫ਼ਰਤ ਹੋ ਗਈ ਤੇ ਉਹ ਬਾਗ਼ੀ ਹੋ ਗਿਆ।

ਸਾਹਿਰ ਨੇ ਜਦ ਗੌਰਮਿੰਟ ਕਾਲਿਜ ਲੁਧਿਆਣਾ ਵਿਚ ਦਾਖ਼ਲਾ ਲਿਆ ਤਾਂ ਦੇਸ਼ ਨੂੰ ਆਜ਼ਾਦ ਕਰਾਉਣ ਦੀ ਆਵਾਜ਼ ਫ਼ਿਜ਼ਾ ਵਿਚ ਗੂੰਜ ਰਹੀ ਸੀ। ਮਾਰਕਸਵਾਦੀ ਵਿਚਾਰਧਾਰਾ ਵੱਲ ਖਿੱਚਿਆ ਉਹ ਵਿਦਿਆਰਥੀ ਯੂਨੀਅਨ ਦਾ ਆਗੂ ਬਣ ਗਿਆ।

ਸਾਹਿਰ ਦੀਆਂ ਰਚਨਾਵਾਂ 'ਕਿਰਤੀ' ਤੇ ਹੋਰਨਾਂ ਖੱਬੇਪੱਖੀ ਰਸਾਲਿਆਂ ਵਿਚ ਛਪਣ ਲੱਗੀਆਂ। ਉਹ ਪ੍ਰੋਗਰੈਸਿਵ ਰਾਈਟਰਜ਼ ਐਸੋਸ਼ੀਏਸ਼ਨ ਦਾ ਮੈਂਬਰ ਬਣ ਗਿਆ। ਅਕਤੂਬਰ 1945 ਵਿਚ ਹੈਦਰਾਬਾਦ 'ਚ ਹੋਈ ਤਰੱਕੀਪਸੰਦ ਲੇਖਕਾਂ ਦੀ ਕਾਨਫਰੰਸ 'ਚ ਪੰਜਾਬ ਤੋਂ ਸ਼ਾਮਲ ਹੋਣ ਵਾਲਾ ਉਹ ਇਕੱਲਾ ਸ਼ਖ਼ਸ ਸੀ।

ਕਾਲਜ ਵਿਚ ਉਸ ਦੇ ਇਸ਼ਕਾਂ ਦੇ ਕਿੱਸੇ ਵੀ ਮਸ਼ਹੂਰ ਹੋਣ ਲੱਗੇ। ਇਨ੍ਹਾਂ 'ਚੋਂ ਪਹਿਲਾ ਕਿੱਸਾ ਮਹਿੰਦਰ ਚੌਧਰੀ ਨਾਲ ਉਸ ਦੇ ਪ੍ਰੇਮ ਦਾ ਹੈ ਪਰ ਬਿਮਾਰੀ ਨਾਲ ਮਹਿੰਦਰ ਚੌਧਰੀ ਦੀ ਮੌਤ ਹੋ ਗਈ। ਸਾਹਿਰ ਦੀ ਨਜ਼ਮ 'ਮਰਗਟ ਕੀ ਸਰਜ਼ਮੀਂ' ਉਸ ਦੀ ਮਨੋਦਸ਼ਾ ਨੂੰ ਬਿਆਨ ਕਰਦੀ ਹੈ:

ਕੋਸਰ ਮੇਂ ਵੁਹ ਧੁਲੀ ਹੋਈ ਬਾਂਹੇਂ ਭੀ ਜਲ ਗਈ

ਜੋ ਦੇਖਤੀ ਥੀਂ ਮੁਝ ਕੋ ਵੁਹ ਨਿਗਾਹੋਂ ਭੀ ਜਲ ਗਈ

ਇਸ਼ਕ ਦੇ ਮਾਮਲੇ ਵਿਚ ਕਾਲਜ ਦੀ ਵਿਦਿਆਰਥਣ ਈਸ਼ਰ ਕੌਰ ਨੇ ਵੀ ਆਪਣੀ ਮਜਬੂਰੀ ਜ਼ਾਹਿਰ ਕਰ ਦਿੱਤੀ। ਇਸ ਤੋੜ ਵਿਛੋੜੇ ਦਾ ਜ਼ਿਕਰ ਸਾਹਿਰ ਦੀ ਨਜ਼ਮ 'ਕਿਸੀ ਕੋ ਉਦਾਸ ਦੇਖ ਕਰ' ਵਿਚ ਸ਼ਾਮਲ ਹੈ।

ਬਾਅਦ ਵਿਚ ਉਸ ਨੂੰ ਗੌਰਮਿੰਟ ਕਾਲਜ ਲੁਧਿਆਣਿਓਂ ਕੱਢ ਦਿੱਤਾ ਗਿਆ। ਉਹ ਲਾਹੌਰ ਦੇ ਦਿਆਲ ਸਿੰਘ ਕਾਲਜ ਵਿਚ ਜਾ ਦਾਖ਼ਲ ਹੋਇਆ ਪਰ ਉਸ ਨੂੰ ਇੱਥੋਂ ਵੀ ਕੱਢ ਦਿੱਤਾ ਗਿਆ। ਦੋ ਕਾਲਜਾਂ ਦਾ ਕੱਢਿਆ ਸਾਹਿਰ 'ਅਦਬ-ਏ-ਲਤੀਫ਼' ਦਾ ਸੰਪਾਦਕ ਬਣ ਗਿਆ ।

1945 ਵਿਚ ਸਾਹਿਰ ਦਾ ਕਾਵਿ ਸੰਗ੍ਰਹਿ 'ਤਲਖ਼ੀਯਾਂ' ਛਪਦੇ ਸਾਰ ਹੀ ਸਾਹਿਰ

ਪੂਰੇ ਹਿੰਦੋਸਤਾਨ ਵਿਚ ਮਸ਼ਹੂਰ ਹੋ

ਗਿਆ। 'ਤਲਖ਼ੀਯਾਂ' ਦੀਆਂ ਕਈ ਰਚਨਾਵਾਂ ਮਸ਼ਹੂਰ ਹੋਈਆਂ। ਤਾਜ ਮਹਿਲ ਬਾਰੇ ਲਿਖੀ ਸਾਹਿਰ ਦੀ ਨਜ਼ਮ ਬਹੁਤ ਚਰਚਿਤ ਹੋਈ :

ਇਕ ਸ਼ਹਿਨਸ਼ਾਹ ਨੇ ਦੌਲਤ ਕਾ

ਸਹਾਰਾ ਲੇਕਰ

ਹਮ ਗ਼ਰੀਬੋਂ ਕੀ ਮੁਹਬਤ ਕਾ ਉਡਾਇਆ ਹੈ ਮਜ਼ਾਕ

ਮੇਰੀ ਮਹਿਬੂਬ! ਕਹੀਂ ਔਰ ਮਿਲਾ

ਕਰ ਮੁਝਸੇ।

ਖ਼ੈਰ! ਇਕ ਸ਼ਾਇਰ ਵਜੋਂ ਸਾਹਿਰ ਪ੍ਰਸਿੱਧੀ ਦੀਆਂ ਨਵੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਸੀ ਪਰ ਆਰਥਿਕ ਤੰਗੀਆਂ ਮੂੰਹ ਅੱਡੀ ਖੜ੍ਹੀਆਂ ਸਨ। 'ਤਲਖ਼ੀਯਾਂ' ਵਿਚ ਸ਼ਾਮਲ ਰਚਨਾ 'ਫ਼ਨਕਾਰ' ਵਿਚ ਸਾਹਿਰ ਨੇ ਇਨਸਾਨੀ ਰਿਸ਼ਤਿਆਂ ਤੇ ਕਲਾਤਮਿਕ ਪ੍ਰਤਿਭਾ ਦੇ ਜਿਣਸ ਬਣ ਜਾਣ ਨੂੰ ਬੜੀ ਖ਼ੂਬਸੂਰਤੀ ਨਾਲ਼ ਬਿਆਨ ਕੀਤਾ ਹੈ :

ਮੈਂਨੇ ਜੋ ਗੀਤ ਤਿਰੇ ਪਿਆਰ ਕੀ

ਖਾਤਿਰ ਲਿਖੇ

ਆਜ ਉਨ ਗੀਤੋਂ ਕੋ ਬਾਜ਼ਾਰ ਮੇਂ ਲੇ ਆਇਆ ਹੂੰ

ਸਾਹਿਰ ਨੂੰ ਇਹ ਬਾਜ਼ਾਰ ਬੰਬਈ ਦੀ ਫ਼ਿਲਮ ਇੰਡਸਟਰੀ ਵਿਚ ਨਜ਼ਰ ਆਇਆ। 1946 ਵਿਚ ਉਹ ਬੰਬਈ ਚਲਿਆ ਗਿਆ। ਬੰਬਈ ਵਿਚ ਉਸ ਨੂੰ ਪਹਿਲਾ ਮੌਕਾ 'ਆਜ਼ਾਦੀ ਕੀ ਰਾਹ ਪਰ' ਫਿਲਮ ਵਿਚ ਮਿਲਿਆ ਪਰ 1947 ਵਿਚ ਆਜ਼ਾਦੀ ਆਉਣ ਨਾਲ ਮੁਲਕ ਵੀ ਵੰਡਿਆ ਗਿਆ। ਸਾਹਿਰ ਨੂੰ ਬੰਬਈ ਛੱਡ ਕੇ ਲਾਹੌਰ ਜਾਣਾ ਪਿਆ। ਉਹ ਖੱਬੇਪੱਖੀ ਰਸਾਲੇ 'ਸਵੇਰਾ' ਦੇ ਸੰਪਾਦਕੀ ਬੋਰਡ ਵਿਚ ਸ਼ਾਮਲ ਹੋ ਗਿਆ। ਸਾਹਿਰ ਦੇ ਕੁਝ ਲੇਖਾਂ ਤੋਂ ਪਾਕਿਸਤਾਨ ਦੀ ਹਾਕਮ ਜਮਾਤ ਘਬਰਾ ਗਈ ਤੇ ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਨਿਕਲ਼ ਗਏ।

ਸਾਹਿਰ ਮਾਂ ਨੂੰ ਲੈ ਕੇ ਦਿੱਲੀ ਪਹੁੰਚ ਗਿਆ। ਦਿੱਲੀ ਵਿਚ ਸਾਹਿਰ 'ਪ੍ਰੀਤਲੜੀ' ਤੇ 'ਸ਼ਾਹਰਾਹ' ਦੇ ਸੰਪਾਦਨ ਨਾਲ਼ ਜੁੜਿਆ ਪਰ ਉਸ ਨੂੰ ਬੰਬਈ ਖਿੱਚ ਰਹੀ ਸੀ ਤੇ ਉਹ ਬੰਬਈ ਚਲਿਆ ਗਿਆ।

ਹਾਲਾਤ ਦਾ ਵਿਅੰਗ ਇਹ ਸੀ ਕਿ ਬੰਬਈ ਦੇ ਨਿਰਮਾਤਾ ਸਾਹਿਰ ਦੀ ਚੰਗੇ ਸ਼ਾਇਰ ਵਜੋਂ ਇੱਜ਼ਤ ਤਾਂ ਕਰਦੇ ਸਨ ਪਰ ਉਸ ਨੂੰ ਕੰਮ ਦੇਣ ਦਾ ਜੋਖ਼ਮ ਨਹੀਂ ਸਨ ਉਠਾਉਣਾ ਚਾਹੁੰਦੇ। ਰੁਜ਼ਗਾਰ ਲਈ ਸਾਹਿਰ ਨੂੰ ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਨੂੰ ਖੁਸ਼ਅਤ ਕਰ ਕੇ ਲਿਖਣਾ ਪਿਆ। ਹਾਲਤ ਏਨੀ ਬਦਤਰ ਹੋਈ ਕਿ ਮਜਬੂਰੀ 'ਚ ਉਸ ਨੂੰ ਆਪਣੀ ਮਾਂ ਦੇ ਗਹਿਣੇ ਵੀ ਵੇਚਣੇ ਪਏ।

ਉਨ੍ਹਾਂ ਦਿਨਾਂ ਵਿਚ ਸਾਹਿਰ ਸੰਗੀਤਕਾਰ ਐੱਸਡੀ ਬਰਮਨ ਨੂੰ ਮਿਲਿਆ। ਉਨ੍ਹਾਂ ਨੂੰ ਅਜਿਹੇ ਗੀਤਕਾਰ ਦੀ ਲੋੜ ਸੀ, ਜੋ ਉਸ ਦੀਆਂ ਬਣਾਈਆਂ ਧੁਨਾਂ 'ਤੇ ਗੀਤ ਰਚ ਸਕੇ। 1951 ਵਿਚ ਆਈ ਫਿਲਮ 'ਨੌਜੁਆਨ' ਨੇ ਸਾਹਿਰ ਲਈ ਭਵਿੱਖ ਦੇ ਰਾਹ ਖੋਲ੍ਹ ਦਿੱਤੇ। ਇਸੇ ਹੀ ਸਾਲ ਆਈ ਗੁਰੂ ਦੱਤ ਦੀ ਫ਼ਿਲਮ 'ਬਾਜ਼ੀ' ਨੇ ਸਾਹਿਰ ਨੂੰ ਫ਼ਿਲਮੀ ਗੀਤਕਾਰ ਵਜੋਂ ਸਥਾਪਤ ਕਰ ਦਿੱਤਾ।

ਸਾਹਿਰ-ਬਰਮਨ ਜੋੜੀ ਨੇ ਕਈ ਹਿੱਟ ਗੀਤ ਦਿੱਤੇ ਪਰ ਨਿੱਜੀ ਹਉਮੈ ਨਾਲ ਦੋਵਾਂ ਵਿਚ ਦੂਰੀਆਂ ਪੈਦਾ ਹੋ ਗਈਆਂ। ਫਿਲਮਾਂ ਦੀ ਸਫ਼ਲਤਾ ਲਈ ਦੋਵੇਂ ਆਪੋ-ਆਪਣੇ ਦਾਅਵੇ ਠੋਕਣ ਲੱਗੇ। ਮੌਕਾਪ੍ਰਸਤਾਂ ਨੇ ਵੀ ਇਸ ਨੂੰ ਹਵਾ ਦਿੱਤੀ। ਗੁਰੂ ਦੱਤ ਦੀ 'ਪਿਆਸਾ' (1957) ਇਸ ਵਿਵਾਦ ਦੀ ਸਿਖ਼ਰ ਹੋ ਨਿੱਬੜੀ। ਬਾਅਦ ਵਿਚ ਦੋਵਾਂ ਨੇ ਵੱਖੋ- ਵੱਖਰੇ ਰਾਹ ਫੜ ਲਏ। ਬੀਆਰ ਚੋਪੜਾ ਦੀ ਫਿਲਮ 'ਨਯਾ ਦੌਰ' (1957) ਵਿਚ ਸਾਹਿਰ ਤੇ ਓਪੀਨਈਅਰ ਦੀ ਜੋੜੀ ਨੇ ਹਿੱਟ ਗੀਤ ਦਿੱਤੇ ਪਰ ਦੋਵੇਂ ਅਣਖੀ ਇਨਸਾਨ ਸਨ। ਨਤੀਜਾ ਇਹ ਜੋੜੀ ਵੀ ਬਣਦਿਆਂ ਸਾਰ ਹੀ ਟੁੱਟ ਗਈ।

ਜਿੱਥੇ ਸਾਹਿਰ ਦੀਆਂ ਰਚਨਾਵਾਂ ਜਜ਼ਬਿਆਂ ਨਾਲ਼ ਲਬਰੇਜ਼ ਹੁੰਦੀਆਂ, ਉੱਥੇ ਸਾਹਿਰ ਦੇ ਕਾਰੋਬਾਰੀ ਰਿਸ਼ਤੇ ਭਾਵਨਾਵਾਂ ਤੋਂ ਵਿਹੂਣੇ ਹੁੰਦੇ। ਜ਼ਿੰਦਗੀ ਦੇ ਤਲਖ਼ ਤਜ਼ਰਬਿਆਂ ਨੇ ਸਾਹਿਰ ਨੂੰ ਉੱਕਾ ਹੀ ਗ਼ੈਰ ਜਜ਼ਬਾਤੀ ਬਣਾ ਦਿੱਤਾ ਸੀ। ਸਾਹਿਰ ਨੇ ਨਿਰਮਾਤਾਵਾਂ 'ਤੇ ਆਪਣੀਆਂ ਸ਼ਰਤਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਹਿਰ ਨੇ ਨਿਰਮਾਤਾਵਾਂ ਨੂੰ ਕਿਹਾ ਕਿ ਉਹ ਉਸ ਨੂੰ ਸੰਗੀਤਕਾਰ ਨਾਲੋਂ ਵੱਧ ਪੈਸਾ ਦੇਣ, ਉਹ ਤਿਆਰ ਹੋ ਗਏ। ਰੇਡੀਓ 'ਤੇ ਗੀਤਕਾਰਾਂ ਦਾ ਨਾਂ ਦੱਸਿਆ ਜਾਣ ਲੱਗਿਆ।

ਬੰਬਈ ਦੀ ਪ੍ਰਥਾ ਸੀ ਕਿ ਗੀਤਕਾਰ ਸੰਗੀਤਕਾਰ ਦੇ ਕੋਲ ਜਾ ਕੇ ਗੀਤ ਨੂੰ ਅੰਤਮ ਰੂਪ ਦਿੰਦਾ ਸੀ। ਸਾਹਿਰ ਨੇ ਫਿਲਮ ਨਿਰਮਾਤਾਵਾਂ ਨੂੰ ਕਿਹਾ ਕਿ ਸੰਗੀਤਕਾਰ ਉਸ ਦੇ ਘਰ ਜਾ ਕੇ ਗੀਤ ਨੂੰ ਅੰਤਮ ਰੂਪ ਦੇਣ। ਮਜਬੂਰੀ ਵੱਸ ਫ਼ਿਲਮ ਨਿਰਮਾਤਾਵਾਂ ਨੂੰ ਨੌਸ਼ਾਦ, ਐੱਸਡੀ ਬਰਮਨ ਤੇ ਓਪੀ ਨਈਅਰ ਜਿਹੇ ਪਹਿਲੀ ਪਾਲ ਦੇ ਸੰਗੀਤਕਾਰਾਂ ਦੀ ਥਾਂ ਖੱਯਾਮ, ਰਵੀ ਤੇ ਐੱਨ ਦੱਤਾ ਜਿਹੇ ਸੰਗੀਤਕਾਰਾਂ ਨੂੰ ਲੈਣਾ ਪਿਆ। ਸਾਹਿਰ ਦੇ ਗੀਤਾਂ ਨੇ ਇਨ੍ਹਾਂ ਸੰਗੀਤਕਾਰਾਂ ਦੇ ਕਰੀਅਰ ਨੂੰ ਵੀ ਲੀਹ 'ਤੇ ਲੈ ਆਂਦਾ।

ਇਸ ਦੌਰਾਨ ਸਾਹਿਰ ਦਾ ਇਸ਼ਕ ਵੀ ਚਰਚਾ ਵਿਚ ਰਿਹਾ। ਅੰਮ੍ਰਿਤਾ ਪ੍ਰੀਤਮ ਤੋਂ ਇਲਾਵਾ ਹੈਦਰਾਬਾਦ ਦੀ ਹਾਜਰਾ ਮਸਰੂਰ ਨਾਲ ਉਸ ਦੀ ਨੇੜਤਾ ਦੇ ਚਰਚੇ ਰਹੇ। ਲਤਾ ਮੰਗੇਸ਼ਕਰ ਨਾਲ਼ ਉਸ ਦਾ ਇਸ਼ਕ ਵੀ ਰਿਹਾ ਤੇ ਦੁਸ਼ਮਣੀ ਵੀ। ਬਾਅਦ ਵਿਚ ਸੁਧਾ ਮਲਹੋਤਰਾ ਨਾਂ ਦੀ ਨਵੀਂ ਗਾਇਕਾ ਸਾਹਿਰ ਦੀ ਜ਼ਿੰਦਗੀ ਵਿਚ ਆਈ ਪਰ ਇਹ ਰਿਸ਼ਤਾ ਵੀ ਸਿਰੇ ਨਾ ਚੜ੍ਹ ਸਕਿਆ। ਇਸ ਰਿਸ਼ਤੇ ਨੂੰ ਸਾਹਿਰ ਨੇ ਇਸ ਨਜ਼ਮ 'ਚ ਬੜੀ ਸ਼ਿੱਦਤ ਨਾਲ ਬਿਆਨ ਕੀਤਾ ਹੈ :

ਤੁਮ੍ਹੇਂ ਭੀ ਕੋਈ ਉਲਝਨ ਰੋਕਤੀ ਹੈ ਪੇਸ਼ਕਦਮੀ ਸੇ

ਮੁਝੇ ਭੀ ਲੋਗ ਕਹਤੇ ਹੈਂ ਕਿ ਯੇ ਜਲਵੇ ਪਰਾਏ ਹੈਂ

ਮਿਰੇ ਹਮਰਾਹ ਵੀ ਭੀ ਰੁਸਵਾਈਆਂ ਹੈਂ ਮੇਰੇ ਮਾਜ਼ੀ ਕੀ

ਤੁਮ੍ਹਾਰੇ ਸਾਥ ਭੀ ਗੁਜ਼ਰੀ ਹੂਈ ਰਾਤੋਂ ਕੇ ਸਾਏ ਹੈ!

...........................................................

ਵੁਹ ਅਫ਼ਸਾਨਾ ਜਿਸੇ ਤਕਮੀਲ ਤਕ ਲਾਨਾ ਨਾ ਹੋ ਮੁਮਕਨ

ਉਸੇ ਇਕ ਖ਼ੂਬਸੂਰਤ ਮੋੜ

ਦੇ ਕੇ ਛੋੜਨਾ ਅੱਛਾ

ਚਲੋ ਇਕ ਬਾਰ ਫਿਰ ਸੇ

ਅਜਨਬੀ ਬਨ ਜਾਏਂ ਹਮ ਦੋਨੋਂ।

ਸਾਹਿਰ ਦਾ ਕੋਈ ਵੀ ਇਸ਼ਕ ਵਿਆਹ ਤਕ ਨਹੀਂ ਪਹੁੰਚ ਸਕਿਆ। ਸ਼ਾਇਦ ਸਾਹਿਰ ਨੇ ਆਪਣੇ ਦਿਲ ਦੇ ਦਰਵਾਜ਼ੇ ਬੰਦ ਕਰ ਲਏ ਸਨ। ਉਹ ਸਭ ਤੋਂ ਵੱਧ ਇਸ਼ਕ ਆਪਣੀਆਂ ਰਚਨਾਵਾਂ ਨਾਲ ਕਰਦਾ ਸੀ। 25 ਅਕਤੂਬਰ, 1980 ਨੂੰ ਬੰਬਈ ਵਿਚ ਦਿਲ ਦਾ ਦੌਰਾ ਪੈਣ ਨਾਲ ਸਾਹਿਰ ਦਾ ਦੇਹਾਂਤ ਹੋ ਗਿਆ।

ਭਾਰਤੀ ਫਿਲਮ ਸਨਅਤ ਦੀ ਪ੍ਰਥਾ, ਜਿੱਥੇ ਪ੍ਰਸਿੱਧ ਸ਼ਖ਼ਸੀਅਤਾਂ ਨੇ ਪੈਸੇ ਖਾਤਰ ਆਪਣੇ ਮਿਆਰ ਨੂੰ ਡੇਗਿਆ। ਸਾਹਿਰ ਨੇ ਆਪਣੀ ਸ਼ਾਇਰੀ ਦੇ ਮਿਆਰ ਨੂੰ ਕਾਇਮ ਰੱਖਣ ਲਈ ਆਪਣਾ ਰੇਟ ਵਧਾਇਆ। ਆਪਣੀ ਯੋਗਤਾ ਕਾਰਨ ਉਸ ਨੇ ਹਿੰਦੀ ਸਿਨੇਮਾ ਵਿਚ ਸਮਾਜਿਕ ਸਰੋਕਾਰਾਂ ਲਈ ਥਾਂ ਬਣਾਈ।

ਆਪਣੇ 35 ਸਾਲਾਂ ਦੇ ਫ਼ਿਲਮੀ ਸਫ਼ਰ ਦੌਰਾਨ ਸਾਹਿਰ ਨੇ 122 ਫ਼ਿਲਮਾਂ ਲਈ ਗੀਤ ਲਿਖੇ, ਜਿਨ੍ਹਾਂ 'ਚੋਂ 'ਬਹੂ ਬੇਗ਼ਮ', 'ਆਂਖੇ', 'ਕਾਜਲ', 'ਬਰਸਾਤ ਕੀ ਰਾਤ', 'ਗ਼ਜ਼ਲ', 'ਵਕਤ', 'ਧੂਲ ਕਾ ਫੂਲ', 'ਧਰਮਪੁੱਤਰ', 'ਫਿਰ ਸੁਬਹ ਹੋਗੀ', 'ਗੁਮਰਾਹ', 'ਕਭੀ ਕਭੀ', 'ਚੰਬਲ ਕੀ ਕਸਮ', 'ਹਮ ਦੋਨੋ', 'ਮੁਝੇ ਜੀਨੇ ਦੋ', 'ਨੀਲਕਮਲ', 'ਤ੍ਰਿਸ਼ੂਲ' ਆਦਿ

ਪ੍ਰਮੁੱਖ ਹਨ।

ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਸਾਹਿਰ ਨੇ 1951 ਵਿਚ ਬਣੀ ਪੰਜਾਬੀ ਫ਼ਿਲਮ 'ਬਾਲੋ' ਲਈ ਗੀਤ ਲਿਖੇ ਸਨ। 'ਬਾਲੋ' ਦੇ ਗੀਤਾਂ ਵਿਚ 'ਕੋਠੇ ਕੋਠੇ ਆ ਕੁੜੀਏ' (ਗੀਤਾ ਦੱਤ), 'ਇਕ ਇਕ ਅੱਖ ਮੇਰੀ ਸਵਾ ਸਵਾ ਲੱਖ ਦੀ' (ਗੀਤਾ ਦੱਤ), ਤੇ ਦੋ ਹਿੱਸਿਆਂ ਵਿਚ ਲਿਖਿਆ 'ਬੇੜੀ ਦਾ ਮਲਾਹ ਕੋਈ ਨਾ, ਇਕ ਵਾਰ ਮਿਲ ਜਾ ਵੇ, ਜ਼ਿੰਦਗੀ ਦਾ ਵਸਾਹ ਕੋਈ ਨਾ (ਸੁਰਿੰਦਰ ਕੌਰ ਤੇ ਕ੍ਰਿਸ਼ਨ ਗੋਇਲ) ਸ਼ਾਮਲ ਸਨ। ਇਸ ਤੋਂ ਇਲਾਵਾ ਹਿੰਦੀ ਫਿਲਮ 'ਕਾਲਾ ਪੱਥਰ' (1979) ਵਿਚ ਵੀ ਇਕ ਪੰਜਾਬੀ ਗੀਤ 'ਕਦੇ ਇਸ਼ਕ ਛੁਪਣ ਨਹੀਂ ਲੱਗਿਆ' ਸ਼ਾਮਲ ਕੀਤਾ ਗਿਆ ਸੀ।

ਸਾਹਿਰ ਨੇ ਕੁਝ ਪਾਕਿਸਤਾਨੀ ਫ਼ਿਲਮਾਂ ਲਈ ਗੀਤ ਵੀ ਲਿਖੇ। ਪਾਕਿਸਤਾਨੀ ਫਿਲਮ 'ਫਰੰਗੀ' (1964) ਵਿਚ ਸਾਹਿਰ ਦਾ ਇਕ ਗੀਤ ਸ਼ਾਮਲ ਹੈ। ਇਕ ਹੋਰ ਪਾਕਿਸਤਾਨੀ ਫਿਲਮ 'ਸੋਲਾਂ ਆਨੇ' ਲਈ ਵੀ ਸਾਹਿਰ ਨੇ ਗੀਤ ਲਿਖੇ ਦੱਸੇ ਜਾਂਦੇ ਹਨ ਪਰ ਇਸ ਤੱਥ ਦੀ ਹਾਲੇ ਤਕ ਪੁਸ਼ਟੀ ਨਹੀਂ ਹੋਈ।

ਆਪਣੀ ਫਿਲਮੀ ਗੀਤਕਾਰੀ ਦੇ ਨਾਲ-ਨਾਲ ਸਾਹਿਰ ਦੀ ਅਦਬੀ ਸ਼ਾਇਰੀ ਦਾ ਸਫ਼ਰ ਵੀ ਜਾਰੀ ਰਿਹਾ। ਉਹ ਮੁਸ਼ਾਇਰਿਆਂ ਦਾ ਵੀ ਓਨਾ ਹੀ ਲੋਕਪ੍ਰਿਅ ਸ਼ਾਇਰ ਸੀ। 'ਤਲਖ਼ੀਯਾਂ' ਤੋਂ ਇਲਾਵਾ ਉਸ ਦੀਆਂ ਪੁਸਤਕਾਂ ਵਿਚ 'ਪਰਛਾਈਆਂ', 'ਗਾਤਾ ਜਾਏ ਬਨਜਾਰਾ', 'ਆਓ ਕਿ ਕੋਈ ਖ਼ਾਬ ਬੁਨੇਂ'' ਸ਼ਾਮਲ ਹਨ।

ਲੋਕਾਂ ਦਾ ਸ਼ਾਇਰ ਹੋਣ ਕਾਰਨ ਸਾਹਿਰ ਆਪਣੇ ਵਿਰਸੇ ਨੂੰ ਰੋਮਾਂਸਵਾਦੀ ਨਜ਼ਰੀਏ ਨਾਲ ਨਹੀਂ ਸਗੋਂ ਅਲੋਚਨਾ ਵਾਲੇ ਨਜ਼ਰੀਏ ਨਾਲ਼ ਦੇਖਦਾ ਹੈ। ਆਪਣੀ ਨਜ਼ਮ 'ਜਾਗੀਰ' ਵਿਚ ਉਹ ਆਪਣੇ ਜਾਗੀਰੂ ਪੁਰਖਿਆਂ ਵੱਲੋਂ ਨਿਭਾਏ ਲੋਕ ਵਿਰੋਧੀ ਰੋਲ ਨੂੰ ਕਬੂਲਦਾ ਹੋਇਆ ਉੱਚੀ ਸੁਰ ਵਿਚ ਸ਼ਰੇਆਮ ਐਲਾਨਦਾ ਹੈ :

ਮੈਂ ਉਨ ਅਜਦਾਦ ਕਾ ਬੇਟਾ ਹੂੰ ਜਿਨ੍ਹੋਂ ਨੇ ਪੈਹਮ

ਅਜਨਬੀ ਕੌਮ ਕੇ ਸਾਏ ਕੀ ਹਮਾਯਤ ਕੀ ਹੈ

ਗ਼ਦਰ ਕੀ ਸਾਇਤੇ-ਨਾਪਾਕ ਸੇ ਲੇ ਕਰ ਅਬ ਤਕ

ਹਰ ਕੜੇ ਵਕਤ ਮੇਂ ਸਰਕਾਰ ਕੀ ਖ਼ਿਦਮਤ ਕੀ ਹੈ

ਸਮਾਜੀ ਤੌਰ 'ਤੇ ਪ੍ਰਤੀਬੱਧ ਹੋਣ ਕਾਰਣ ਸਾਹਿਰ ਦੇ ਬੋਲ ਵਕਤ ਦੀ ਵੰਗਾਰ ਬਣੇ। 1946 ਦੀ ਨੇਵੀ ਬਗ਼ਾਵਤ ਦੀ ਅਸਫ਼ਲਤਾ ਤੋਂ ਬਾਅਦ ਸਾਹਿਰ ਮੁਲਕ ਦੇ ਆਗੂਆਂ ਨੂੰ ਵੰਗਾਰਦਾ ਪੁੱਛਦਾ ਹੈ :

ਐ ਰਹਿਬਰੇ ਮੁਲਕੋ ਕੌਮ ਬਤਾ

ਆਂਖੇ ਤੋ ਉਠਾ ਨਜ਼ਰੇਂ ਤੋ ਮਿਲਾ

ਕੁਛ ਹਮ ਵੀ ਸੁਨੇਂ ਹਮਕੋ ਭੀ ਬਤਾ

ਯਿਹ ਕਿਸਕਾ ਲਹੂ ਹੈ ਕੌਨ ਮਰਾ

1961 ਵਿਚ ਕਾਂਗੋ ਦੇ ਆਗੂ ਲੰਬੂਬਾ ਦੇ ਕਤਲ ਤੋਂ ਬਾਅਦ ਦਿੱਲੀ ਵਿਖੇ

ਕੌਮਾਂਤਰੀ ਅਮਨ ਕਾਨਫਰੰਸ ਵਿਚ ਸਾਹਿਰ ਗਰਜਦਾ ਹੈ :

ਜ਼ੁਲਮ ਫਿਰ ਜ਼ਲਮ ਹੈ,

ਬੜ੍ਹਤਾ ਹੈ ਤੋ ਮਿਟ ਜਾਤਾ ਹੈ

ਖ਼ੂਨ ਫਿਰ ਖ਼ੂਨ ਹੈ,

ਟਪਕੇਗਾ ਤੋ ਜਮ ਜਾਏਗਾ

ਆਪਣੇ ਰਾਜਸੀ ਵਿਚਾਰਾਂ ਬਾਰੇ ਸਾਹਿਰ ਦਾ ਕਹਿਣਾ ਸੀ, ''ਮੈਂ ਕਦੇ ਕਿਸੇ ਸਿਆਸੀ ਪਾਰਟੀ ਦਾ ਮੈਂਬਰ ਨਹੀਂ ਰਿਹਾ। ਗ਼ੁਲਾਮ ਹਿੰਦੋਸਤਾਨ ਵਿਚ ਆਜ਼ਾਦੀ ਦੇ ਚੰਗੇ ਪਹਿਲੂ ਤਲਾਸ਼ ਕਰਨਾ ਤੇ ਉਨ੍ਹਾਂ ਦਾ ਪ੍ਰਚਾਰ ਕਰਨਾ ਮੇਰਾ ਮੁੱਖ ਉਦੇਸ਼ ਜ਼ਰੂਰ ਰਿਹੈ। ਹੁਣ ਦਿਮਾਗ਼ੀ ਤੌਰ 'ਤੇ ਆਰਥਿਕ ਆਜ਼ਾਦੀ ਦਾ ਹਾਮੀ ਹਾਂ, ਜਿਸ ਦੀ ਸਪੱਸ਼ਟ ਰੂਪ ਰੇਖਾ ਮੇਰੇ ਸਾਹਮਣੇ ਕਮਿਊਨਿਜ਼ਮ ਹੈ।''

ਸਾਹਿਰ ਦੀਆਂ ਰਚਨਾਵਾਂ ਅੱਜ ਵੀ ਲੋਕਪ੍ਰਿਅ ਹਨ। ਇਸ ਦਾ ਕਾਰਨ ਇਹ ਹੈ ਕਿ ਸਾਹਿਰ ਦੀਆਂ ਰਚਨਾਵਾਂ ਵਿਚ ਪ੍ਰੇਮ ਤੇ ਸਮਾਜਿਕ ਸਰੋਕਾਰਾਂ ਦੇ ਨਾਲ-ਨਾਲ ਮਨੁੱੱਖਤਾ ਲਈ ਚੰਗੇ ਭਵਿੱਖ ਲਈ ਆਸ ਮੌਜੂਦ ਹੈ।

ਸਾਹਿਰ ਨੂੰ ਸ਼ਰਧਾਂਜਲੀ ਵਜੋਂ ਸ਼ਾਇਰ ਰਾਅਨਾ ਸਿਹਰੀ ਨੇ ਲਿਖਿਆ ਸੀ:

ਜਬ ਭੀ ਉਭਰੇਗਾ ਇਨਕਲਾਬ ਕੋਈ

ਜਬ ਭੀ ਜਾਗੇਂਗੇ ਜ਼ੁਲਮ ਕੇ ਮਾਰੇ

ਜਬ ਭੀ ਉੱਠੇਗਾ ਬੇਕਸੋਂ ਕਾ ਹਜੂਮ

ਔਰ ਬਦਲੇਗਾ ਵਕਤ ਕਾ ਧਾਰਾ

ਸੁਰਖ਼ ਪਰਚਮ ਉਠਾਏ ਹਾਥੋਂ ਮੇਂ

ਤੁਮ ਕੋ ਕਰੀਬ ਪਾਏਂਗੇ

ਸਬ ਤੁਮਾਰੇ ਹੀ ਗੀਤ ਗਾਏਂਗੇ।

ਸਾਹਿਰ ਲੁਧਿਆਣਵੀ ਸਹੀ ਅਰਥਾਂ ਵਿਚ ਲੋਕਾਂ ਦਾ ਸ਼ਾਇਰ ਸੀ। ਉਹ ਭਾਵੇਂ ਹੀ ਇਸ ਦੁਨੀਆ 'ਚ ਨਹੀਂ ਰਿਹਾ ਪਰ ਉਸ ਦੇ ਗੀਤ ਅਮਰ ਹਨ। ਉਸ ਵੱਲੋਂ ਹਿੰਦੀ ਸਿਨੇਮਾ 'ਚ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਉਸ ਦੀਆਂ ਰਚਨਾਵਾਂ ਹਮੇਸ਼ਾ ਇਨਕਲਾਬ ਦਾ ਸੁਨੇਹਾ ਦਿੰਦੀਆਂ ਰਹਿਣਗੀਆਂ।

- ਕੁਲਵਿੰਦਰ

98155-68774

Posted By: Harjinder Sodhi