ਮੈਂ ਤੇ ਮੇਰਾ ਦਫ਼ਤਰੀ ਸਾਥੀ ਦਵਿੰਦਰ ਸਿੰਘ ਪਹਾੜਾਂ ਵਿਚ ਘੁੰਮਣ ਦੇ ਸ਼ੌਕੀਨ ਹਾਂ ਅਤੇ ਥੋੜ੍ਹੇ ਕੁ ਵਕਫ਼ੇ ਮਗਰੋਂ ਕਿਤੇ ਨਾ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾ ਹੀ ਲੈਂਦੇ ਹਾਂ। ਅਸੀਂ ਕਦੇ ਵੀ ਮਸ਼ਹੂਰ ਸੈਰਗਾਹਾਂ ਦੀ ਚੋਣ ਨਹੀਂ ਕਰਦੇ। ਅਕਸਰ ਹੀ ਅਜਿਹੀਆਂ ਥਾਵਾਂ ਲੱਭਦੇ ਹਾਂ ਜੋ ਸ਼ਾਂਤ, ਨਾ-ਮਾਲੂਮ, ਅਣਛੋਹੀਆਂ ਤੇ ਰਮਣੀਕ ਹੋਣ ਤੇ ਸੈਲਾਨੀਆਂ ਦੀ ਨਜ਼ਰ ਤੋਂ ਉਹਲੇ ਹੋਣ।

ਪਿੱਛੇ ਜਿਹੇ ਸਾਨੂੰ ਕਿਸੇ ਨੇ ਚੌਪਾਲ ਕਸਬੇ ਦੀ ਦੱਸ ਪਾਈ। ਇਹ ਕਸਬਾ ਸ਼ਿਮਲਾ ਜ਼ਿਲ੍ਹੇ ਵਿਚ ਪੈਂਦਾ ਹੈ ਅਤੇ ਚੰਡੀਗੜ੍ਹ ਤੋਂ ਕੋਈ 210 ਕਿਲੋਮੀਟਰ ਤੇ ਸ਼ਿਮਲੇ ਤੋਂ ਲਗਪਗ 100 ਕਿਲੋਮੀਟਰ ਦੂਰ ਪੈਂਦਾ ਹੈ। ਬਸ, ਨਵੀਂ ਥਾਂ ਬਾਰੇ ਪਤਾ ਲੱਗਣ ਦੀ ਦੇਰ ਸੀ ਕਿ ਅਸੀਂ ਛੁੱਟੀ ਵਾਲੇ ਦਿਨ ਸਨਿੱਚਰਵਾਰ ਨੂੰ ਚਾਲੇ ਪਾਉਣ ਦਾ ਪ੍ਰੋਗਰਾਮ ਬਣਾ ਲਿਆ। ਅਸੀਂ ਦੋਵੇਂ ਖਰੜ ਤੋਂ ਸਵੇਰੇ 5 ਵਜੇ ਹੀ ਗੱਡੀ ਵਿਚ ਰਵਾਨਾ ਹੋ ਗਏ। ਸ਼ਿਮਲੇ ਵੱਲ ਜਾਣ ਲਈ ਸਾਡਾ ਉਹੀ ਪੁਰਾਣਾ ਰੂਟ ਵਾਇਆ ਪੰਚਕੂਲੇ ਤੋਂ ਪਿੰਜੌਰ ਹੁੰਦਾ ਹੈ। ਸਵੇਰੇ 7 ਕੁ ਵਜੇ ਅਸੀਂ ਆਪਣੀ ਪਿਆਰੀ ਥਾਂ ਜਾਬਲੀ ਪਹੁੰਚ ਗਏ ਜਿੱਥੇ ਅਸੀਂ ਮੰਦਰ ਕੋਲ ਹਮੇਸ਼ਾ ਰੁਕਦੇ ਹਾਂ। ਇੱਥੇ ਅਸੀਂ 15 ਕੁ ਮਿੰਟ ਲਈ ਰੁਕੇ ਤੇ ਨਾਲ ਲਿਆਂਦਾ ਪਰੌਂਠਾ ਖਾ ਕੇ ਤੇ ਚਾਹ ਪੀ ਕੇ ਅਗਲੇ ਸਫ਼ਰ ਲਈ ਚੱਲ ਪਏ। ਅਪ੍ਰੈਲ ਚੜ੍ਹਿਆ ਹੀ ਸੀ। ਬਹੁਤੀ ਠੰਢ ਨਹੀਂ ਸੀ ਤੇ ਧੁੱਪ ਨਿੱਘ ਵਰਤਾ ਰਹੀ ਸੀ। ਕਿਤੇ-ਕਿਤੇ ਚਲਦੀਆਂ ਠੰਢੀਆਂ ਹਵਾਵਾਂ ਜ਼ਰੂਰ ਸੀਨੇ ਠੰਢ ਪਾਉਂਦੀਆਂ ਸਨ।

ਕੁਮਾਰਹਾਟੀ ਤੋਂ ਅਸੀਂ ਹੇਠਾਂ ਨਾਹਨ ਰੋਡ ਵੱਲ ਮੁੜ ਗਏ ਤੇ ਥੋੜ੍ਹੀ ਅੱਗੇ ਜਾ ਕੇ ਓਚਘਾਟ ਵਾਲਾ ਰਾਹ ਫੜ ਲਿਆ। ਅੱਗੇ ਰਾਜਗੜ੍ਹ ਮੋੜ ਤੋਂ ਚੌਪਾਲ ਵਾਲੀ ਸੜਕ ਪੈ ਗਏ। ਚੌਪਾਲ ਲਈ ਵਾਇਆ ਸ਼ਿਮਲਾ ਜਾਣਾ ਕਾਫ਼ੀ ਦੂਰ ਪੈਂਦਾ ਹੈ। ਹੁਣ ਹਾਈਵੇਅ ਦੀ ਬਜਾਏ ਆਮ ’ਤੇ ਤੰਗ ਸੜਕਾਂ ਸਨ ਪਰ ਆਲੇ-ਦੁਆਲੇ ਦਿ੍ਰਸ਼ ਕਮਾਲ ਦੇ ਸਨ। ਦਿਉਦਾਰ ਦੇ ਦਰੱਖ਼ਤ, ਪਿੰਡਾਂ ਦੇ ਟਾਵੇਂ-ਟਾਵੇਂ ਘਰ, ਉੱਚੀਆਂ-ਲੰਮ-ਸਲੰਮੀਆ ਪਹਾੜੀਆਂ ਦੇ ਦਿ੍ਰਸ਼ ਰੂਹ ਨੂੰ ਨਸ਼ਿਆ ਦਿੰਦੇ ਹਨ। ਅੰਦਰੂਨੀ ਸੜਕਾਂ ਉਤੇ ਘੰੁਮਣ ਦਾ ਜੋ ਆਨੰਦ ਆਉਂਦਾ ਹੈ, ਉਹ ਹਾਈਵੇਅ ਜਾਂ ਮੁੱਖ ਮਾਰਗਾਂ ’ਤੇ ਨਹੀਂ। ਸਹਿਜੇ-ਸਹਿਜੇ ਚਲਦਿਆਂ ਪਹਾੜਾਂ, ਡੂੰਘੀਆਂ ਖੱਡਾਂ, ਦਰੱਖ਼ਤਾਂ, ਟੇਢੇ-ਮੇਢੇ ਰਾਹਾਂ ਉਤੇ ਬਣੇ ਘਰਾਂ ਦੀ ਵਿਲੱਖਣਤਾ ਤੇ ਖ਼ੂਬਸੂਰਤੀ ਨੂੰ ਨਿਹਾਰਨਾ ਸੱਚਮੁੱਚ ਬੜਾ ਮਨਮੋਹਕ ਤੇ ਮਜ਼ੇਦਾਰ ਹੁੰਦਾ ਹੈ। ਜਦੋਂ ਸਾਡੀ ਮੰਜ਼ਿਲ 30 ਕੁ ਕਿਲੋਮੀਟਰ ਦੂਰ ਰਹਿੰਦੀ ਸੀ ਤਾਂ ਅਸੀਂ ਦਿਲਚਸਪ ਗੱਲਾਂ ਨੋਟ ਕੀਤੀਆਂ। ਇਕ ਤਾਂ ਉਸ ਇਲਾਕੇ ਵਿਚ ਕਿਸੇ ਸੈਲਾਨੀ ਦੀ ਗੱਡੀ ਨਜ਼ਰ ਨਹੀਂ ਆਈ, ਪੰਜਾਬ ਨੰਬਰ ਵਾਲੀ ਗੱਡੀ ਤਾਂ ਬਹੁਤ ਦੂਰ ਦੀ ਗੱਲ ਸੀ। ਦੂਜਾ, ਉਥੋਂ ਦੇ ਵਾਸੀ ਸਾਨੂੰ ਥੋੜ੍ਹੀ ਹੈਰਾਨਗੀ ਨਾਲ ਵੇਖ ਰਹੇ ਸਨ ਜਿਵੇਂ ਕਦੇ ਕੋਈ ਸੈਲਾਨੀ ਹੀ ਨਾ ਵੇਖਿਆ ਹੋਵੇ। ਖ਼ੈਰ, ਅਸੀਂ ਆਲੇ-ਦੁਆਲੇ ਦਾ ਆਨੰਦ ਲੈਂਦੇ ਹੋਏ ਅੱਗੇ ਵਧਦੇ ਗਏ।

ਉਦੋਂ ਅਸੀਂ ਦੰਗ ਰਹਿ ਗਏ ਜਦੋਂ ਸੜਕ ਦੇ ਆਲੇ-ਦੁਆਲੇ ਬਰਫ਼ ਅਤੇ ਝਰਨਿਆਂ ਦੇ ਦਰਸ਼ਨ ਹੋਏ। ਸਾਨੂੰ ਉਕਾ ਹੀ ਉਮੀਦ ਨਹੀਂ ਸੀ ਕਿ ਅਪ੍ਰੈਲ ਵਿਚ ਇਸ ਥਾਂ ਬਰਫ਼ ਮਿਲੇਗੀ। ਅਸੀਂ ਚੰਗੀ ਜਿਹੀ ਥਾਂ ਵੇਖ ਕੇ ਗੱਡੀ ਰੋਕ ਲਈ ਅਤੇ ਬਰਫ਼ ਨਾਲ ਖੇਡਣ ਦਾ ਲੁਤਫ਼ ਲਿਆ। ਅਸੀਂ ਸੋਚ ਰਹੇ ਸਾਂ ਕਿ ਲੋਕ ਬਰਫ਼ ਵੇਖਣ ਲਈ ਮਨਾਲੀ ਜਾਂ ਹੋਰ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜਾਂਦੇ ਹਨ। ਬਹੁਤੀ ਵਾਰ ਟਰੈਫ਼ਿਕ ਜਾਮ ਅਤੇ ਰਹਿਣ ਲਈ ਜਗ੍ਹਾ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪਰ ਇਸ ਅਣਛੋਹੀ ਤੇ ਅਗਿਆਤ ਥਾਂ ਉਤੇ ਪੈਣ ਵਾਲੀ ਬਰਫ਼ ਸੈਲਾਨੀਆਂ ਨੂੰ ਆਵਾਜ਼ਾਂ ਮਾਰ-ਮਾਰ ਬੁਲਾਉਂਦੀ ਹੈ ਪਰ ਇੱਥੇ ਟਾਵਾਂ-ਟਾਵਾਂ ਰਾਹੀ ਹੀ ਆਉਂਦਾ ਹੈ। ਬਰਫ਼ ਦੇ ਨਾਲ-ਨਾਲ ਝਰਨਿਆਂ ਦੇ ਦਿ੍ਰਸ਼ ਵੀ ਬੇਹੱਦ ਮਨਮੋਹਕ ਸਨ। ਆਖ਼ਰਕਾਰ, ਛੋਟੇ-ਛੋਟੇ ਸ਼ਹਿਰਾਂ, ਕਸਬਿਆਂ, ਪਿੰਡਾਂ ਵਿੱਚੋਂ ਹੁੰਦੇ ਹੋਏ ਲਗਪਗ 8 ਘੰਟਿਆਂ ਦੇ ਲੰਮੇ ਸਫ਼ਰ ਮਗਰੋਂ ਅਸੀਂ ਅਪਣੀ ਮੰਜ਼ਲ ’ਤੇ ਪਹੁੰਚ ਗਏ।

ਛੋਟੇ ਜਿਹੇ ਬਾਜ਼ਾਰ ਵਿੱਚੋਂ ਹੁੰਦੇ ਹੋਏ ਅਸੀਂ ਸਰਕਾਰੀ ਗੈਸਟ ਹਾਊਸ ਜਿਸ ਦਾ ਕਮਰਾ ਅਸੀਂ ਪਹਿਲਾਂ ਹੀ ਬੁੱਕ ਕਰਾਇਆ ਹੋਇਆ ਸੀ, ਵਿਚ ਪਹੁੰਚ ਗਏ। ਗੈਸਟ ਹਾਊਸ ਦੇ ਰਸੋਈਏ ਨੇ ਸਾਨੂੰ ਪਹਿਲਾ ਸਵਾਲ ਇਹੋ ਪੁੱਛਿਆ, ‘ਕੀ ਤੁਸੀਂ ਅੱਗੇ ਉਤਰਾਖੰਡ ਜਾ ਰਹੇ ਹੋ।’ ਜਦੋਂ ਅਸੀਂ ਕਿਹਾ ਕਿ ਅਸੀਂ ਖ਼ਾਸ ਤੌਰ ’ਤੇ ਚੌਪਾਲ ਘੁੰਮਣ ਆਏ ਹਾਂ ਤਾਂ ਉਹ ਥੋੜ੍ਹਾ ਹੈਰਾਨ ਹੋਇਆ। ਉਹ ਕਹਿਣ ਲੱਗਾ ਕਿ ਆਮ ਤੌਰ ’ਤੇ ਇੱਥੇ ਉਹੀ ਸੈਲਾਨੀ ਰਾਤ ਰੁਕਣ ਆਉਂਦੇ ਹਨ ਜਿਨ੍ਹਾਂ ਨੇ ਅੱਗੇ ਜਾਣਾ ਹੁੰਦਾ ਹੈ। ਫਿਰ, ਅਸੀਂ ਸਾਮਾਨ ਰੱਖ ਕੇ, ਹੱਥ-ਮੂੰਹ ਧੋ ਕੇ ਅਤੇ ਦੁਪਹਿਰ ਦਾ ਖਾਣਾ ਖਾ ਕੇ ਦੋ ਘੰਟਿਆਂ ਲਈ ਸੌਂ ਗਏ। ਥੋੜ੍ਹੀ-ਬਹੁਤੀ ਥਕਾਵਟ ਸੌਣ ਨਾਲ ਲੱਥ ਗਈ ਤੇ ਸ਼ਾਮ ਪੰਜ ਵਜੇ ਉਠੇ। ਫਿਰ ਚਾਹ ਪੀ ਕੇ ਅਸੀਂ ਕਸਬੇ ਅਤੇ ਆਲੇ-ਦੁਆਲੇ ਘੁੰਮਣ ਨਿਕਲ ਗਏ।

ਪਹਾੜਾਂ ਤੇ ਦਿਉਦਾਰ ਦਰੱਖ਼ਤਾਂ ’ਚ ਘਿਰੇ ਵਿਧਾਨ ਸਭਾ ਖੇਤਰ ਚੌਪਾਲ ਵਿਚ ਏਸ਼ੀਆ ਦੇ ਸਭ ਤੋਂ ਵਧੀਆ ਕਿਸਮ ਦੇ ਦਿਉਦਾਰ ਦਰੱਖ਼ਤ ਮਿਲਦੇ ਹਨ। ਨਗਰ ਪੰਚਾਇਤ ਚੌਪਾਲ ਉੱਚ-ਮਿਆਰੀ ਸੇਬਾਂ, ਦਿਉਦਾਰ ਦੇ ਜੰਗਲਾਂ ਅਤੇ ਭਾਰੀ ਬਰਫ਼ਬਾਰੀ ਲਈ ਜਾਣਿਆ ਜਾਂਦਾ ਹੈ। ਦਸੰਬਰ ਅਤੇ ਮਾਰਚ ਦਰਮਿਆਨ ਇਥੇ ਭਾਰੀ ਬਰਫ਼ਬਾਰੀ ਹੁੰਦੀ ਹੈ ਅਤੇ ਤਾਪਮਾਨ ਮਨਫ਼ੀ ਦੇ ਲਾਗੇ ਪਹੁੰਚ ਜਾਂਦਾ ਹੈ। ਸਮੁੰਦਰ ਤਲ ਤੋਂ ਔਸਤ 8400 ਫੁੱਟ ਉੱਚੇ ਇਸ ਕਸਬੇ ਵਿਚ ਬਹੁਤ ਘੱਟ ਦੁਕਾਨਾਂ ਸਨ ਪਰ ਜ਼ਰੂਰੀ ਚੀਜ਼ਾਂ ਮਿਲ ਜਾਂਦੀਆਂ ਹਨ। ਤਹਿਸੀਲ ਅਤੇ ਪੁਲਿਸ ਸਟੇਸ਼ਨ ਵੀ ਹਨ। ਚੌਪਾਲ ਦੇ ਆਲੇ-ਦੁਆਲੇ ਮੰਦਰ ਕਾਫ਼ੀ ਗਿਣਤੀ ਵਿਚ ਹਨ। ਚੌਪਾਲ ਦੇ ਸੈਰਾਨ ਪਿੰਡ ਵਿਚ ਪੈਂਦੇ ਬਿਜਾਤ ਮਹਾਰਾਜ ਦਾ ਮੰਦਰ ਅਤੇ ਲੰਕਰਾ ਵੀਰ ਮੰਦਰ ਵੇਖਣਯੋਗ ਹਨ। ਇਥੋਂ ਲਾਗੇ ਪੈਂਦੇ ਸ਼ਿਰਗੁਲ ਮੰਦਰ ਨੂੰ ਲਗਪਗ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਲਾਗਲੀਆਂ ਮਸ਼ਹੂਰ ਥਾਵਾਂ ਸਰੈਨ, ਥਰੋਚ, ਚੂੜਧਾਰ, ਕੁਪਵੀ, ਨੇਰਵਾ ਵੇਖਣਯੋਗ ਹਨ।

ਛੋਟੇ ਜਿਹੇ ਪਰ ਸੋਹਣੇ ਕਸਬੇ ’ਚ ਘੁੰਮ-ਫਿਰ ਕੇ ਅਸੀਂ ਖਾਣ-ਪੀਣ ਦਾ ਥੋੜ੍ਹਾ ਸਾਮਾਨ ਖ਼ਰੀਦਿਆ ਅਤੇ ਵਾਪਸ 7 ਕੁ ਵਜੇ ਕਮਰੇ ਵਿਚ ਆ ਗਏ। ਹੁਣ ਸਾਡੇ ਸ਼ੁਗਲ-ਮੇਲੇ ਦਾ ਸਮਾਂ ਹੋ ਗਿਆ ਸੀ। ਅਸੀਂ ਸਪੀਕਰ ਉਤੇ ਗਾਣੇ ਲਗਾਏ ਅਤੇ ਪਹਾੜਾਂ ਦੀ ਗੋਦ ਵਿਚ ਬੈਠ ਕੇ ਮਸਤ ਹੋ ਗਏ। 9 ਕੁ ਵਜੇ ਰਸੋਈਆ ਖਾਣਾ ਲੈ ਕੇ ਆ ਗਿਆ ਤੇ ਪਤਾ ਹੀ ਨਾ ਲੱਗਾ ਕਿ ਖਾਣਾ ਕਦੋਂ ਖਾਧਾ ਅਤੇ ਕਦੋਂ ਸੌਂ ਗਏ। ਅਗਲੇ ਦਿਨ ਸਵੇਰੇ 6 ਵਜੇ ਉੱਠ ਕੇ ਅਸੀਂ ਸਵੇਰ ਦੀ ਸੈਰ ਲਈ ਨਿਕਲ ਗਏ। ਸਵੇਰ ਦਾ ਨਜ਼ਾਰਾ ਸ਼ਾਨਦਾਰ ਸੀ। ਅਸੀਂ ਇਕ ਛੋਟੇ ਜਿਹੇ ਪਹਾੜ ਉਤੇ ਚੜ੍ਹਨ ਦਾ ਜੇਰਾ ਵੀ ਕਰ ਲਿਆ ਪਰ ਡੂੰਘੀਆਂ ਖੱਡਾਂ ਵੇਖ ਕੇ ਝੱਟ ਹੀ ਵਾਪਸ ਆ ਗਏ। ਘੰਟੇ ਕੁ ਦੀ ਸੈਰ ਨੇ ਸਰੀਰ ਨੂੰ ਤਰੋਤਾਜ਼ਾ ਕਰ ਦਿੱਤਾ। ਕਮਰੇ ’ਚ ਪਹੁੰਚ ਨਾਸ਼ਤਾ ਕਰ ਅਸੀਂ ਘਰ ਵਾਪਸੀ ਲਈ ਸਾਮਾਨ ਬੈਗਾਂ ਵਿਚ ਪਾ ਲਿਆ। ਸਵੇਰ ਦੇ 9 ਵੱਜ ਚੁੱਕੇ ਸਨ ਤੇ ਮੁੜ ਅਜਿਹੀ ਖ਼ੂਬਸੂਰਤ ਥਾਂ ਦੇ ਦੀਦਾਰੇ ਕਰਨ ਦੀ ਉਮੀਦ ਨਾਲ ਅਸੀਂ ਚੌਪਾਲ ਨੂੰ ਅਲਵਿਦਾ ਆਖ ਦਿੱਤੀ।

- ਬਲਜਿੰਦਰ ਸੈਣੀ

Posted By: Harjinder Sodhi