ਬਖ਼ਤਾਵਰ ਮੀਆਂ ਯਾਨੀ ਬਖ਼ਤਾਵਰ ਸਿੰਘ ਸ਼ੇਰਗਿੱਲ ਸ਼ਾਹ ਹੁਸੈਨੀ ਪ੍ਰਗੀਤ ਸਾਹਿਤ ਦਾ ਸ਼ਾਹ ਅਸਵਾਰ ਸ਼ਾਇਰ ਹੈ। ਉਹ ਸੇਵਾ ਮੁਕਤ ਆਈਏਐੱਸ ਅਧਿਕਾਰੀ ਹੈ। ਉਨ੍ਹਾਂ ਵੱਲੋਂ ਰਚੇ ਪ੍ਰਗੀਤ,ਕਾਵਿ-ਸਾਹਿਤ ਦੀ ਇਕ ਵਿਧਾ ਹੈ। ਉਹ ਇਸ ਵਿਧਾ 'ਚ ਲਿਖਣ ਵਾਲਾ ਸਮਰੱਥ ਸ਼ਾਇਰ ਹੈ। ਪ੍ਰਗੀਤ ਕੀ ਹੈ,ਇਸ ਬਾਰੇ ਉਸ ਦੀ ਪਹਿਲੀ ਕਾਵਿ-ਪੁਸਤਕ 'ਪਾਰ ਝਨਾਅ ਤੋਂ ਉਸ ਦਾ ਡੇਰਾ’' ਦੀ ਤਮਹੀਦੀ ਵਿਚ ਜੁਗਿੰਦਰ ਸਿੰਘ ਰਾਹੀ ਲਿਖਦਾ ਹੈ, 'ਪ੍ਰਗੀਤ ਪੀੜਾ ਜਾਂ ਆਨੰਦ ਦੀ ਸਿਖਰ ਦੁਪਹਿਰ ਤੋਂ ਪਹਿਲਾਂ ਜਾਂ ਬਾਅਦ ਦੀ ਮਨੋਅਵਸਥਾ ਦਾ ਗਾਇਨ ਹੈ। ਇਸ ਦਾ ਨੁਮਾਇਆ ਰੂਪ ਸੂਫ਼ੀ ਕਾਵਿ 'ਚ ਮਿਲਦਾ ਹੈ। ਇਸ ਦੇ ਖ਼ਾਸ ਪ੍ਰਤੀਨਿਧ ਕਵੀ ਹੋਏ ਸੁਲਤਾਨ ਬਾਹੂ, ਸ਼ਾਹ ਹੁਸੈਨ ਅਤੇ ਬੁੱਲੇ ਸ਼ਾਹ ਆਦਿ। ਐਸੀਆਂ ਪ੍ਰਗੀਤ ਰਚਨਾਵਾਂ 'ਚ ਕਾਫ਼ੀਆਂ ਵਿਸ਼ੇਸ਼ ਤੌਰ 'ਤੇ ਜਾਣੀਆਂ-ਪਛਾਣੀਆਂ ਗਈਆਂ। ਬਖ਼ਤਾਵਰ ਦੀਆਂ 'ਪਾਰ ਝਨਾਅ ਤੋਂ ਉਸ ਦਾ ਡੇਰਾ' 'ਚ ਸ਼ਾਮਲ ਪ੍ਰਗੀਤ ਰਚਨਾਵਾਂ ਦੀਆਂ ਜੜ੍ਹਾਂ ਇਕ ਲਿਹਾਜ਼ ਨਾਲ ਇਨ੍ਹਾਂ ਕਾਫ਼ੀਆਂ ਦੀ ਪਰੰਪਰਾ ਵਿਚ ਹਨ। ਬਖ਼ਤਾਵਰ ਦੀ ਸੰਵੇਦਨਾ ਦੀ ਸਭ ਤੋਂ ਵੱਡੀ ਸਾਂਝ ਸ਼ਾਹ ਹੁਸੈਨ ਨਾਲ ਮਹਿਸੂਸ ਹੁੰਦੀ ਹੈ’।''

ਉੱਚੇ ਪ੍ਰਸ਼ਾਸਨਿਕ ਅਹੁਦਿਆਂ ਨਾਲ ਪੂਰੀ ਤਰ੍ਹਾਂ ਇਨਸਾਫ਼ ਕਰਨ ਵਾਲੇ ਇਸ ਰੋਅਬਦਾਰ ਅਧਿਕਾਰੀ ਦੇ ਅੰਦਰਲਾ ਕੋਮਲ ਅਤੇ ਸੰਵੇਦਨਸ਼ੀਲ ਸ਼ਾਇਰ ਵੀ ਲਗਾਤਾਰ ਸਫ਼ਰ 'ਤੇ ਰਿਹਾ। ਇਕ ਉੱਚ ਅਧਿਕਾਰੀ ਹੋ ਕੇ ਸ਼ਾਇਰ ਹੋਣਾ ਕਈ ਵਾਰ ਥੋੜ੍ਹਾ ਅਜੀਬ ਮਹਿਸੂਸ ਹੁੰਦਾ ਹੈ। ਉਹ ਵੀ ਸੂਫ਼ੀ ਸ਼ਾਇਰ! ਪਹਿਲੀ ਨਜ਼ਰੇ ਵੇਖਿਆ ਉਹ ਇਕ ਅੜ੍ਹਬ ਅਧਿਕਾਰੀ ਲੱਗਦਾ ਹੈ। ਮੈਂ ਪਹਿਲੀ ਵਾਰ ਉਸ ਨੂੰ 14-15 ਸਾਲ ਪਹਿਲਾਂ ਮਿਲਿਆ ਸਾਂ, ਉਦੋਂ ਉਹ ਸ਼ਾਹਕੋਟ 'ਚ ਐੱਸਡੀਐੱਮ ਸਨ। ਚਮਕਦੀਆਂ ਅੱਖਾਂ ਰਾਹੀਂ ਘੋਖਵੀਂ ਦੇਖਣੀ, ਪੇਚਾਂ ਵਾਲੀ ਖ਼ੂਬਸੂਰਤ ਪੱਗ,ਆਵਾਜ਼ 'ਚ ਇਕ ਕਸ਼ਿਸ਼ ਤੇ ਰੋਅਬ। ਇਕ ਪੂਰੇ-ਸੂਰੇ ਸਲੀਕੇਦਾਰ ਅਧਿਕਾਰੀ ਨਾਲ ਮੀਡੀਆ ਨਾਲ ਜੁੜਿਆ ਇਕ ਵਿਅਕਤੀ ਜਿੰਨੀਆਂ ਕੁ ਗੱਲਾਂ ਕਰ ਸਕਦਾ ਸੀ,ਸੀਮਾ 'ਚ ਰਹਿ ਕੇ ਉਹ ਕੀਤੀਆਂ। ਦੋ ਕੁ ਮਹੀਨੇ ਬਾਅਦ ਫਿਰ ਮਿਲਣ ਦਾ ਸਬੱਬ ਬਣਿਆ। ਉਸ ਦਿਨ ਉਹ ਦਫ਼ਤਰ ਵਿਚ ਨਹੀਂ ਸੀ ਸਗੋਂ ਸਰਕਾਰੀ ਰਿਹਾਇਸ਼ 'ਤੇ ਸੀ। ਉਹ ਸੂਫ਼ੀਆਨਾ ਗਾਇਕ ਕੁਲਵਿੰਦਰ ਸ਼ਾਹਕੋਟੀ ਕੋਲੋਂ ਗ਼ੁਲਾਮ ਅਲੀ ਦੀ ਗ਼ਜ਼ਲ ਸੁਣ ਰਹੇ ਸਨ। ਸੰਗੀਤ ਉਸ 'ਤੇ ਕੋਈ ਤਲਿੱਸਮੀ ਅਸਰ ਕਰਦਾ ਮਹਿਸੂਸ ਹੋਇਆ। ਉਸ ਦਿਨ ਉਸ ਅੰਦਰਲੇ ਉਸ ਸ਼ਾਇਰ ਦੇ ਦਰਸ਼ਨ ਹੋਏ, ਜੋ ਸਮਾਜੀ ਸਰੋਕਾਰਾਂ ਪ੍ਰਤੀ ਸੰਜੀਦਾ ਹੈ, ਲੋਕਾਈ ਲਈ ਤੜਪ ਰੱਖਦਾ ਹੈ, ਜ਼ਿਹਨੀਅਤ ਪੱਖੋਂ ਜ਼ਹੀਨ ਹੈ ਤੇ ਸ਼ਾਇਰੀ ਰਗ-ਰਗ 'ਚ।

ਪੰਜਾਬੀ ਦੇ ਪ੍ਰਸਿੱਧ ਕਵੀ ਪੂਰਨ ਸਿੰਘ ਵਰਗਾ ਅਲਬੇਲਾਪਣ ਵੀ ਬਖ਼ਤਾਵਰ ਮੀਆਂ ਦੀ ਸ਼ਖ਼ਸੀਅਤ ਦਾ ਹਿੱਸਾ ਹੈ :

‘ਸੁਣਿਆ ਉਹ ਡਾਢਾ

ਮਾਹੀ ਜੋ ਸਾਡਾ

ਲਾਇਆ ਮੈਂ ਆਹਡਾ

ਮਿਲਣ ਮੈਂ ਉਹਨੂੰ ਜ਼ਰੂਰ ਜਾਣਾ ਏ

ਮੇਰੇ ਮਾਹੀ ਸੱਦ ਬੁਲਾਇਆ

ਮੈਂ ਜ਼ਰੂਰ ਜਾਣਾ ਏ...

ਇਸ ਤਰ੍ਹਾਂ ਦੀ ਸੂਫ਼ੀਆਨਾ ਸ਼ਾਇਰੀ ਕਰਨ ਵਾਲਾ ਬਖ਼ਤਾਵਰ ਮੀਆਂ ਕਦੇ-ਕਦੇ ਹਿੰਦੀ ਵਿਚ ਵੀ ਕਵਿਤਾ ਜਾਂ ਗ਼ਜ਼ਲ ਲਿਖ ਲੈਂਦੇ ਹਨ :

ਗ਼ਮ ਛੁਪਾਨੇ ਕੀ ਅਦਾ ਅੱਛੀ ਨਹੀਂ,

ਬੇਕਸੂਰ ਕੋ ਸਜ਼ਾ ਅੱਛੀ ਨਹੀਂ।

ਦਰਿਆਏ ਇਸ਼ਕ ਪਾਰ ਕਰਨਾ ਹੈ

ਤੋ ਦਵਾ ਕਰ ਬਖ਼ਤਾਵਰ

ਮਰਜ਼-ਏ-ਇਸ਼ਕ ਮੇਂ

ਹਕੀਮ ਕੀ ਦਵਾ ਅੱਛੀ ਨਹੀਂ

ਵਰਗੀ ਗ਼ਜ਼ਲ ਜਦੋਂ ਉਹ ਵਜਦ ਵਿਚ ਕਹਿੰਦਾ ਹੈ ਤਾਂ ਦਰਵੇਸ਼ ਨਜ਼ਰ ਆਉਂਦ ਹੈ।

ਇਕ ਸਧਾਰਨ ਕਿਰਤੀ ਪਰਿਵਾਰ ਵਿਚ ਜਨਮ ਲੈਣ ਵਾਲੇ ਬਖ਼ਤਾਵਰ ਮੀਆਂ ਨੇ ਨੌਕਰੀ ਦੀ ਸ਼ੁਰੂਆਤ ਡਿਫੈਂਸ ਅਕਾਊਂਟਸ ਸਰਵਿਸਜ਼ ਤੋਂ ਸ਼ੁਰੂ ਕੀਤੀ। ਅੱਗੇ ਚੱਲ ਕੇ ਉਹ ਪੰਜਾਬ ਪੁਲਿਸ ਵਿਚ ਡੀਐੱਸਪੀ ਵਜੋਂ ਨਿਯੁਕਤ ਹੋ ਗਿਆ। 1994 ਵਿਚ ਪੰਜਾਬ ਸਿਵਲ ਸਰਵਿਸ ਲਈ ਚੁਣਿਆ ਗਿਆ। ਇਸੇ ਦੌਰਾਨ ਉਹ ਵੱਖ-ਵੱਖ ਸਬ-ਡਵੀਜ਼ਨਾਂ 'ਚ ਐੱਸਡੀਐੱਮ ਤੇ ਵੱਖ- ਵੱਖ ਜ਼ਿਲ੍ਹਿਆਂ 'ਚ ਏਡੀਸੀ ਰਿਹਾ। 2017 ਵਿਚ ਉਹ ਆਈਏਐੱਸ ਅਧਿਕਾਰੀ ਬਣ ਗਿਆ। ਆਈਏਐੱਸ ਅਧਿਕਾਰੀ ਵਜੋਂ ਉਹ ਮਿਊਂਸਪਲ ਕਾਰਪੋਰੇਸ਼ਨ ਫਗਵਾੜਾ ਦਾ ਕਮਿਸ਼ਨਰ ਬਣਿਆ। ਅੰਮ੍ਰਿਤਸਰ ਦੇ ਇਕ ਉੱਚ ਅਧਿਕਾਰੀ ਦੇ ਅਹੁਦੇ ਤੋਂ ਉਹ ਸੇਵਾ ਮੁਕਤ ਹੋਇਆ।

ਗਾਇਨ ਅਤੇ ਗੀਤਕਾਰੀ ਨਾਲ ਬਾਵਸਤਾ ਬਖ਼ਤਾਵਰ ਮੀਆਂ ‘ਹੀਰਿਆਂ’ ਦਾ ਜੌਹਰੀ ਵੀ ਹੈ। 'ਪੰਜਾਬ ਦੀ ਰੇਸ਼ਮਾ' ਆਖੀ ਜਾਣ ਵਾਲੀ ਸੈਦਾ ਬੇਗ਼ਮ ਵਕਤ ਦੇ ਥਪੇੜਿਆਂ ਨਾਲ ਜਦੋਂ ਗੁਮਨਾਮੀ ਦੇ ਦੌਰ ਵਿਚ ਚਲੀ ਗਈ ਤਾਂ ਬਖ਼ਤਾਵਰ ਨੇ ਉਸ ਨੂੰ ਸਜ-ਧਜ ਨਾਲ ਸਰੋਤਿਆਂ ਦੇ ਸਨਮੁੱਖ ਕੀਤਾ। ਭਿੱਖੀਵਿੰਡ ਦੇ ਯਾਕੂਬ ਦੀ ਪ੍ਰਤਿਭਾ ਨੂੰ ਵੀ ਉਸ ਨੇ ਨਿਖਾਰਿਆ ਅਤੇ ਬਟਾਲੇ ਦੀ ਗੁਮਨਾਮ ਸੁਰੱਈਆਂ ਦੇ ਸੁਰਾਂ ਨੂੰ ਵੀ ਸੇਧ ਦੇਣ ਦੇ ਉਪਰਾਲੇ ਕੀਤੇ। ਨੂਰਾਂ ਭੈਣਾਂ ਨੂੰ ਉਸ ਨੇ ਹੀ ਪ੍ਰੋਫੈਸ਼ਨਲ ਗਾਇਕਾਵਾਂ ਵਜੋਂ ਪੇਸ਼ ਕੀਤਾ ਸੀ। ਇਸ ਲੜੀ 'ਚ ਹੋਰ ਵੀ ਕਈ ਨਾਂ ਸ਼ਾਮਲ ਹਨ। ਉਸ ਨੇ ਆਪਣੇ ਕਲਾਕਾਰ ਪੁੱਤਰ ਅਮਿਤੋਜ ਸ਼ੇਰਗਿੱਲ ਨੂੰ ਲੈ ਕੇ ਫਿਲਮ 'ਸੱਗੀ ਫੁੱਲ' ਬਣਾਈ। ਥੋੜ੍ਹੀ ਜ਼ਮੀਨ ਵਾਲਾ ਕਿਸਾਨ ਕਿਸ ਤਰ੍ਹਾਂ ਖ਼ੁਸ਼ਹਾਲ ਜ਼ਿੰਦਗੀ ਮਾਣ ਸਕਦਾ ਹੈ, ਇਸ ਗੱਲ ਦਾ ਭਾਵਪੂਰਤ ਸੁਨੇਹਾ ਦਿੰਦੀ ਹੈ ਫਿਲਮ 'ਸੱਗੀ ਫੁੱਲ’'।

ਉਸ ਦੇ ਪ੍ਰਗੀਤਾਂ ਦੀ ਕਿਤਾਬ '‘ਪਾਰ ਝਨਾਅ ਤੋਂ ਉਸ ਦਾ ਡੇਰਾ’' ਤੋਂ ਉਪਰੰਤ 'ਜੋਗੀ ਰਾਵੀ ਕਿਨਾਰੇ ਰਹਿੰਦਾ’' ਵੀ ਚੰਗੀ ਚਰਚਾ ਵਿਚ ਹੈ। ਇਸ ਕਿਤਾਬ ਵਿਚ ਗੀਤ, ਗ਼ਜ਼ਲਾਂ ,ਕਵਿਤਾਵਾਂ ਤੇ ਕੁਝ ਪ੍ਰਗੀਤ ਸ਼ਾਮਲ ਹਨ। ਉਸ ਦੀਆਂ ਤਿੰਨ ਹੋਰ ਪੁਸਤਕਾਂ ਪ੍ਰਕਾਸ਼ਨ ਅਧੀਨ ਹਨ। ਇਨ੍ਹਾਂ ਕਿਤਾਬਾਂ ਵਿਚ ਪੰਜਾਬੀ ਜਗਤ ਨੂੰ ਸਾਹਿਤ ਦੀ ਹੋਰ ਵੰਨ-ਸੁਵੰਨਤਾ ਮਾਣਨ ਦਾ ਮੌਕਾ ਮਿਲੇਗਾ। ਅੱਜਕੱਲ੍ਹ ਉਹ ਅੰਮ੍ਰਿਤਸਰ ਦੇ ਪ੍ਰੀਤ ਵਿਹਾਰ ਵਿਖੇ ਰਹਿ ਰਿਹਾ ਹੈ ਤੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਤੋਂ ਵਿਹਲੇ ਹੋ ਕੇ ਲਿਖਣ ਤੇ ਅਧਿਐਨ ਵਿਚ ਪੂਰੀ ਤਰ੍ਹਾਂ ਮਸਰੂਫ਼ ਹੈ।

ਬਹੁਪੱਖੀ ਸ਼ਖ਼ਸੀਅਤ ਦਾ ਹੈ ਮਾਲਕ

ਬਖ਼ਤਾਵਰ ਮੀਆਂ ਸਿਰਫ਼ ਲੇਖਕ ਤੇ ਸਾਹਿਤਕ ਰੁਚੀਆਂ ਵਾਲਾ ਇਨਸਾਨ ਹੀ ਨਹੀਂ ਸਗੋਂ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਹੈ। ਪੰਜਾਬ ਵਿਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਨੂੰ ਉਸ ਨੇ ਬੜੀ ਗੰਭੀਰਤਾ ਨਾਲ ਲਿਆ। ਕਰਜ਼ੇ ਮਾਰੇ ਥੋੜ੍ਹੀਆਂ ਜ਼ਮੀਨਾਂ ਵਾਲੇ ਕਿਸਾਨ ਖ਼ੁਦਕੁਸ਼ੀਆਂ ਦੇ ਰੁਝਾਨ ਤੋਂ ਕਿਸ ਤਰ੍ਹਾਂ ਨਿਜਾਤ ਪਾ ਸਕਦੇ ਹਨ,ਇਸ ਬਾਰੇ ਰਾਤ-ਦਿਨ ਮੰਥਨ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਉਸ ਦਾ ਇਕ ਅਜਿਹੇ ਕਿਸਾਨ ਪਰਿਵਾਰ ਨਾਲ ਮੇਲ ਹੋਇਆ, ਜੋ ਡੇਢ ਏਕੜ ਆਪਣੀ ਤੇ ਦੋ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਬਲਦਾਂ ਨਾਲ ਖੇਤੀ ਕਰ ਕੇ ਖ਼ੁਸ਼ਹਾਲ ਜ਼ਿੰਦਗੀ ਬਸਰ ਕਰ ਰਿਹਾ ਸੀ। ਸ਼ੇਰਗਿੱਲ ਉਸ ਵੇਲੇ ਤਰਨਤਾਰਨ ਦਾ ਵਧੀਕ ਡਿਪਟੀ ਕਮਿਸ਼ਨਰ ਸੀ। ਉਸ ਖ਼ੁਸ਼ਹਾਲ ਤੇ ਸੰਤੁਸ਼ਟ ਪਰਿਵਾਰ ਦੀ ਜ਼ਿੰਦਗੀ ਤੋਂ ਹੋਰਨਾਂ ਨੂੰ ਜਾਗਰੂਕ ਕਰਨ ਲਈ ਉਸ ਨੇ ਇਕ ਫਿਲਮ ਬਣਾਉਣ ਦਾ ਫ਼ੈਸਲਾ ਕਰ ਲਿਆ। ਉਸ ਨੇ ਫਿਲਮ ਦੀ ਸਕਰਿਪਟ ਤੇ ਗੀਤ ਖ਼ੁਦ ਲਿਖੇ । ਇਹ ਫਿਲਮ ਜ਼ਿੰਦਗੀ ਦੀਆਂ ਸੱਚਾਈਆਂ ਦੇ ਰੂਬਰੂ ਕਰਵਾਉਂਦੀ ਹੈ।

ਗਿਆਨ ਸੈਦਪੁਰੀ

98725-40447

Posted By: Harjinder Sodhi