ਜਦੋਂ ਇਨਸਾਨ ਨੂੰ ਕੋਈ ਸ਼ੌਕ ਜਨੂੰਨ ਦੀ ਹੱਦ ਤਕ ਹੋਵੇ ਤਾਂ ਉਸਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਖੜ੍ਹ ਸਕਦੀ। ਅਜਿਹਾ ਹੀ ਇਕ ਵਿਅਕਤੀ ਹੈ ਮਨਜੀਤ ਸਿੰਘ ਗਿੱਲ ਜਿਸਦੇ ਖ਼ੂਨ ਵਿਚ ਸੁਹਜ ਕਲਾ ਦੀ ਪ੍ਰਵਿਰਤੀ ਰਚੀ ਹੋਈ ਹੈ। ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਘਲ ਕਲਾਂ ਵਿਚ ਇਸ ਬੁੱਤਤਰਾਸ਼ ਮਨਜੀਤ ਸਿੰਘ ਗਿੱਲ ਨੇ ਭਾਰਤ ਦੀਆਂ ਇਤਿਹਾਸਕ ਤੇ ਵਿਰਾਸਤੀ ਘਟਨਾਵਾਂ, ਕਿਰਦਾਰਾਂ, ਅਤੇ ਮਹੱਤਵਪੂਰਨ ਵਿਅਕਤੀਆਂ ਜਿਨ੍ਹਾਂ ਨੇ ਆਪੋ ਆਪਣੇ ਖੇਤਰਾਂ ਵਿਚ ਵਿਲੱਖਣ ਯੋਗਦਾਨ ਪਾਇਆ ਹੈ, ਉਨ੍ਹਾਂ ਦੇ ਬੁੱਤ ਬਣਾ ਕੇ 'ਮਹਾਨ ਦੇਸ਼ ਭਗਤ' ਨਾਂ ਦੇ ਪਾਰਕ ਵਿਚ ਸਥਾਪਤ ਕੀਤੇ ਹਨ। ਇਹ ਪਾਰਕ ਬਣਾਉਣ ਲਈ ਉਸ ਨੇ ਕਿਸੇ ਸਰਕਾਰ ਜਾਂ ਸੰਸਥਾ ਤੋਂ ਕੋਈ ਆਰਥਿਕ ਮਦਦ ਨਹੀਂ ਲਈ। ਆਪਣੀ ਇਕ ਏਕੜ ਥਾਂ ਵਿਚ ਇਹ ਪਾਰਕ ਸਥਾਪਤ ਕੀਤਾ ਹੈ। ਹਰ ਰੋਜ਼ ਇਸ ਪਾਰਕ ਨੂੰ ਵੇਖਣ ਲਈ ਸੈਂਕੜੇ ਲੋਕ ਆਉਂਦੇ ਹਨ। ਇਹ ਪਾਰਕ ਇਲਾਕੇ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਪਾਰਕ ਨੂੰ ਵੇਖਣ ਲਈ ਕੋਈ ਟਿਕਟ ਨਹੀਂ ਲਗਾਈ ਗਈ ਸਗੋਂ ਜਿਹੜੇ ਵਿਸ਼ੇਸ਼ ਵਿਅਕਤੀ ਇਸ ਪਾਰਕ ਨੂੰ ਵੇਖਣ ਲਈ ਆਉਂਦੇ ਹਨ, ਉਨ੍ਹਾਂ ਦੀ ਆਓ ਭਗਤ ਵੀ ਮਨਜੀਤ ਸਿੰਘ ਗਿੱਲ ਆਪ ਆਪਣੇ ਕੋਲੋਂ ਕਰ ਕੇ ਖ਼ੁਸ਼ ਹੁੰਦਾ ਹੈ। ਛੁੱਟੀ ਵਾਲੇ ਦਿਨ ਲੋਕਾਂ ਦਾ ਐਨਾ ਹਜ਼ੂਮ ਹੁੰਦਾ ਹੈ ਕਿ ਮੇਲੇ ਵਰਗੇ ਹਾਲਾਤ ਬਣੇ ਹੁੰਦੇ ਹਨ। ਇਹ ਪਾਰਕ ਮੋਗਾ ਕੋਟਕਪੂਰਾ ਸੜਕ 'ਤੇ ਮੋਗੇ ਤੋਂ 7 ਮੀਲ ਦੂਰ ਹੈ।


ਮਨਜੀਤ ਸਿੰਘ ਗਿੱਲ ਅਤੇ ਉਸਦਾ ਭਰਾ ਸੁਰਜੀਤ ਸਿੰਘ ਗਿੱਲ ਦੋਵੇਂ ਬੁਤਤਰਾਸ਼ ਹਨ। ਸੁਰਜੀਤ ਸਿੰਘ ਗਿੱਲ ਵੀ ਹਮੇਸ਼ਾ ਆਪਣੇ ਭਰਾ ਦਾ ਸਾਥ ਦਿੰਦਾ ਰਹਿੰਦਾ ਹੈ। ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੇ ਇਤਿਹਾਸਕ ਵਿਅਕਤੀਆਂ, ਘਟਨਾਵਾਂ ਅਤੇ ਆਪਣੀ ਵਿਰਾਸਤ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ ਤਾਂ ਜੋ ਉਹ ਆਪਣੀ ਵਿਰਾਸਤ ਨਾਲ ਜੁੜੇ ਰਹਿਣ। ਇਹ ਕੋਈ ਆਮ ਪਾਰਕ ਨਹੀਂ, ਇਸ ਵਿਚ ਜਿਹੜੇ ਬੁੱਤ ਲਗਾਏ ਗਏ ਹਨ, ਇਹ ਉਨ੍ਹਾਂ ਮਹਾਨ ਵਿਅਕਤੀਆਂ ਦੇ ਹਨ, ਜਿਨ੍ਹਾਂ ਦੇ ਕਿਰਦਾਰ ਇਤਿਹਾਸਕ ਹਨ, ਜਿਨ੍ਹਾਂ 'ਤੇ ਭਾਰਤ ਨੂੰ ਮਾਣ ਹੈ ਅਤੇ ਉਨ੍ਹਾਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਨਾ ਲੈ ਕੇ ਆਪਣੇ ਮਾਅਰਕੇ ਮਾਰ ਸਕਦੀਆਂ ਹਨ। ਮਨਜੀਤ ਸਿੰਘ ਗਿੱਲ ਨੂੰ ਬਚਪਨ ਤੋਂ ਹੀ ਕਲਾ ਕ੍ਰਿਤੀਆਂ ਵਿਚ ਦਿਲਚਸਪੀ ਸੀ, ਜਦੋਂ ਉਹ ਬਚਪਨ ਵਿਚ ਮਿੱਟੀ ਦੇ ਘਰ ਬਣਾ ਕੇ ਖੇਡਦਾ ਸੀ ਤਾਂ ਉਸ ਅੰਦਰਲਾ ਕਲਾਕਾਰ ਉਸ ਨੂੰ ਕੁਰੇਦਦਾ ਰਹਿੰਦਾ ਸੀ। ਮਿੱਟੀ ਨਾਲ ਖੇਡਦਾ ਹੀ ਉਹ ਮਿੱਟੀ ਦੀਆਂ ਮੂਰਤੀਆਂ ਬਣਾਉਣ ਲੱਗ ਪਿਆ ਸੀ। ਉਸ ਦੀ ਬੁਤਤਰਾਸ਼ੀ ਦੀ ਕਲਾ ਦਾ ਪ੍ਰਗਟਾਵਾ ਪਹਿਲੀ ਵਾਰ 1982 ਦੀਆਂ ਏਸ਼ੀਅਨ ਖੇਡਾਂ ਮੌਕੇ ਜਦੋਂ ਅਖ਼ਬਾਰਾਂ ਵਿਚ ਖੇਡਾਂ ਦੇ ਚਿੰਨ੍ਹ 'ਅੱਪੂ ਹਾਥੀ' ਦੀਆਂ ਤਸਵੀਰਾਂ ਆਉਣ ਲੱਗੀਆਂ ਤਾਂ ਉਦੋਂ ਹੋਇਆ ਜਦੋਂ ਮਨਜੀਤ ਸਿੰਘ ਨੇ ਮਿੱਟੀ ਦਾ 'ਅੱਪੂ ਹਾਥੀ' ਬਣਾਇਆ ਤਾਂ ਸਕੂਲ ਦੇ ਮੁਖੀ ਦਲੀਪ ਸਿੰਘ ਭੂਪਾਲ ਨੇ ਆਪਦੀ ਕਲਾ ਦੀ ਪਛਾਣ ਕਰਦਿਆਂ ਪ੍ਰਸੰਸਾ ਕੀਤੀ। ਉਦੋਂ ਮਨਜੀਤ ਸਿੰਘ ਗਿੱਲ ਸਿਰਫ਼ 11 ਸਾਲ ਦਾ ਸੀ। ਉਸ ਦਿਨ ਤੋਂ ਬਾਅਦ ਮਨਜੀਤ ਸਿੰਘ ਗਿੱਲ ਨੂੰ ਮਹਿਸੂਸ ਹੋਇਆ ਕਿ ਉਸਨੂੰ ਬੁੱਤ ਤਰਾਸ਼ੀ ਤੇ ਹੱਥ ਅਜਮਾਉਣਾ ਚਾਹੀਦਾ ਹੈ। ਉਨ੍ਹਾਂ ਆਪਣੀ ਇਸ ਪ੍ਰਤਿਭਾ ਨੂੰ ਸੁਚਾਰੂ ਪਾਸੇ ਲਾਉਣ ਦਾ ਪ੍ਰਣ ਕੀਤਾ, ਜਿਸ ਕਰਕੇ ਉਹ ਬੁੱਤਤਰਾਸ਼ੀ ਨੂੰ ਪਹਿਲ ਦੇਣ ਲੱਗ ਪਿਆ। ਉਸਦੇ ਸ਼ੌਕ ਨੂੰ ਬੂਰ ਉਦੋਂ ਪਿਆ ਜਦੋਂ ਭਰ ਜਵਾਨੀ ਵਿਚ 20 ਸਾਲ ਦੀ ਉਮਰ ਵਿਚ ਉਸ ਨੇ ਜਗਦੇਵ ਸਿੰਘ ਜੱਸੋਵਾਲ ਅਤੇ ਡਾ. ਗੁਰਭਜਨ ਗਿੱਲ ਦੇ ਕਹਿਣ 'ਤੇ ਪ੍ਰੋ. ਮੋਹਨ ਸਿੰਘ ਦਾ ਬੁੱਤ ਬਣਾਇਆ। ਉਹ ਬੁੱਤ ਆਰਤੀ ਚੌਕ ਲੁਧਿਆਣਾ ਵਿਚ ਲਗਾਇਆ ਗਿਆ। ਜਦੋਂ ਉਸ ਬੁੱਤ ਦਾ ਉਦਘਾਟਨ ਕਰਨ ਲਈ 1991 ਵਿਚ ਪੰਜਾਬ ਦੇ ਉਦੋਂ ਦੇ ਰਾਜਪਾਲ ਸ੍ਰੀ ਸੁਰਿੰਦਰ ਨਾਥ ਪ੍ਰੋ. ਮੋਹਨ ਸਿੰਘ ਮੇਲੇ ਵਿਚ ਆਏ ਤਾਂ ਉਹ ਇਸ ਨੌਜਵਾਨ ਮਨਜੀਤ ਸਿੰਘ ਗਿੱਲ ਵੱਲੋਂ ਸੁੰਦਰ ਅਤੇ ਦਿਲਕਸ਼ ਬੁੱਤ ਬਣਾਉਣ ਤੋਂ ਪ੍ਰਭਾਵਤ ਹੋ ਗਏ। ਉਨ੍ਹਾਂ ਮੌਕੇ 'ਤੇ ਹੀ ਮਨਜੀਤ ਸਿੰਘ ਗਿੱਲ ਨੂੰ ਗੌਰਮਿੰਟ ਕਾਲਜ ਆਫ ਫਾਈਨ ਆਰਟ ਚੰਡੀਗੜ੍ਹ ਵਿਚ ਪ੍ਰੋਫੈਸ਼ਨਲ ਸਿੱਖਿਆ ਲੈਣ ਲਈ ਪ੍ਰੇਰਤ ਕੀਤਾ ਤਾਂ ਜੋ ਉਸਦੀ ਬੁੱਤਤਰਾਸ਼ੀ ਦੀ ਕਲਾ ਪ੍ਰਵਿਰਤੀ ਨੂੰ ਸਹੀ ਸੇਧ ਮਿਲ ਸਕੇ। ਇਸ ਪੜ੍ਹਾਈ ਲਈ ਰਾਜਪਾਲ ਨੇ 11 ਹਜ਼ਾਰ ਰੁਪਏ ਦੀ ਆਰਥਿਕ ਮਦਦ ਕੀਤੀ। ਮਨਜੀਤ ਸਿੰਘ ਗਿੱਲ ਨੇ ਫਿਰ ਗੌਰਮਿੰਟ ਕਾਲਜ ਆਫ ਫਾਈਨ ਆਰਟ ਚੰਡੀਗੜ੍ਹ ਤੋਂ 1997 ਵਿਚ ਬੈਚੂਲਰ ਆਫ ਆਰਟ ਅਤੇ 2009 ਵਿਚ ਮਾਸਟਰ ਆਫ ਫਾਈਨ ਆਰਟ ਬੁੱਤਤਰਾਸ਼ੀ ਪਾਸ ਕੀਤੀ। ਪੰਜਾਬ ਸਰਕਾਰ ਨੇ ਪੰਜਾਬ ਦੀ ਇਤਿਹਾਸਕ ਵਿਰਾਸਤ ਨੂੰ ਬੁੱਤਤਰਾਸ਼ੀ ਰਾਹੀਂ ਜਿਉਂਦੀ ਰੱਖਣ ਲਈ ਪਾਏ ਯੋਗਦਾਨ ਦੀ ਕਦਰ ਕਰਦਿਆਂ ਮਨਜੀਤ ਸਿੰਘ ਗਿੱਲ ਨੂੰ ਪੰਜਾਬ ਦੇ ਸੱਭਿਆਚਾਰਕ ਮਾਮਲੇ, ਪੁਰਾਤਤਵ ਅਤੇ ਅਜਾਇਬ ਘਰ ਵਿਭਾਗ ਵਿਚ ਆਰਟ ਐਗਜੈਕਟਿਵ ਦੇ ਤੌਰ 'ਤੇ ਭਰਤੀ ਕਰ ਲਿਆ ਤਾਂ ਜੋ ਉਹ ਹੋਰ ਸਾਜਗਾਰ ਕੰਮ ਕਰ ਸਕੇ। ਫਿਰ ਆਪ ਨੂੰ ਚੀਫ ਵਿਜੀਲੈਂਸ ਅਧਿਕਾਰੀ ਲਗਾ ਦਿੱਤਾ ਗਿਆ। ਮਨਜੀਤ ਸਿੰਘ ਗਿੱਲ ਨੇ ਮਹਿਸੂਸ ਕੀਤਾ ਕਿ ਉਸਦੀ ਬੁੱਤਤਰਾਸ਼ੀ ਦੀ ਕਲਾ ਉਸਦੇ ਅਧਿਕਾਰੀ ਰਹਿੰਦਿਆਂ ਇਤਿਹਾਸਕ ਵਿਰਾਸਤ ਵਿਚ ਵੱਡਮੁਲਾ ਯੋਗਦਾਨ ਨਹੀਂ ਪਾ ਸਕੇਗੀ। ਉਸਨੂੰ ਆਪਣੇ ਸ਼ੌਕ ਦੀ ਪੂਰਤੀ ਅਤੇ ਵਿਰਾਸਤੀ ਖ਼ਜ਼ਾਨੇ ਨੂੰ ਅਮੀਰ ਕਰਨ ਲਈ ਸਰਕਾਰੀ ਨੌਕਰੀ ਛੱਡਣੀ ਚਾਹੀਦੀ ਹੈ ਕਿਉਂਕਿ ਉਸ ਦੀਆਂ ਤਜਵੀਜ਼ਾਂ ਵਿਭਾਗ ਖ਼ਜ਼ਾਨਾ ਖ਼ਾਲੀ ਹੋਣ ਦਾ ਬਹਾਨਾ ਬਣਾ ਕੇ ਖਾਰਜ ਕਰ ਦਿੰਦਾ ਸੀ। ਜੋ ਕੰਮ ਉਹ ਕਰਨਾ ਚਾਹੁੰਦਾ ਸੀ, ਦਫ਼ਤਰੀ ਪ੍ਰਣਾਲੀ ਉਸਦੇ ਰਾਹ ਵਿਚ ਰੋੜਾ ਬਣਦੀ ਸੀ। ਫਿਰ ਉਸ ਨੇ ਇਸ ਨੌਕਰੀ ਤੋਂ ਅਸਤੀਫਾ ਦੇ ਕੇ ਆਪਣੇ ਪਿੰਡ ਵਿਚ ਹੀ ਬੁੱਤਤਰਾਸ਼ੀ ਦਾ ਕੰਮ ਦੁਆਰਾ ਸ਼ੁਰੂ ਕਰ ਲਿਆ ਕਿਉਂਕਿ ਉਸ ਦੀ ਸਰਕਾਰੀ ਨੌਕਰੀ ਵਿਚ ਉਸ ਅੰਦਰਲਾ ਬੁੱਤਤਰਾਸ਼ ਕਲਾਕਾਰ ਮਰ ਰਿਹਾ ਸੀ।

ਨੌਕਰੀ ਵਿਚ ਕੋਈ ਉਸਾਰੂ ਕੰਮ ਨਹੀਂ ਹੋ ਰਿਹਾ ਸੀ। ਛੋਟੀ ਤੋਂ ਛੋਟੀ ਸਰਕਾਰੀ ਨੌਕਰੀ ਨੂੰ ਕੋਈ ਛੱਡਣ ਲਈ ਤਿਆਰ ਨਹੀਂ ਪ੍ਰੰਤੂ ਮਨਜੀਤ ਸਿੰਘ ਗਿੱਲ ਨੇ ਆਪਣੀ ਵਿਰਾਸਤ ਦੀ ਸਾਂਭ ਸੰਭਾਲ ਲਈ ਕਲਾਸ ਵਨ ਅਧਿਕਾਰੀ ਦੀ ਨੌਕਰੀ ਨੂੰ ਠੋਕਰ ਮਾਰ ਦਿੱਤੀ। ਉਸ ਨੇ ਪਹਿਲਾਂ ਕਲੇਅ ਮਾਡਲਿੰਗ ਕਰਨੀ ਸ਼ੁਰੂ ਕੀਤੀ ਸੀ। ਉਸ ਵਿਚ ਸਿਖਲਾਈ ਪ੍ਰਾਪਤ ਕਰ ਕੇ ਮੁਹਾਰਤ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਫਾਈਬਰ ਦੇ ਬੁੱਤ ਬਣਾਉਣੇ ਸ਼ੁਰੂ ਕੀਤੇ। ਨੌਕਰੀ ਛੱਡਣ ਤੋਂ ਬਾਅਦ ਮਨਜੀਤ ਸਿੰਘ ਗਿੱਲ ਅਤੇ ਸੁਰਜੀਤ ਸਿੰਘ ਗਿੱਲ ਦੋਹਾਂ ਭਰਾਵਾਂ ਨੇ 50 ਤੋਂ ਵੱਧ ਬੁੱਤ ਬਣਾ ਕੇ ਪਾਰਕ ਵਿਚ ਸਥਾਪਤ ਕਰ ਦਿੱਤੇ। ਉਸ ਵੱਲੋਂ ਬਣਾਏ ਗਏ ਕੁਝ ਕੁ ਬੁੱਤ ਇਸ ਪ੍ਰਕਾਰ ਹਨ-ਦੇਸ਼ ਭਗਤਾਂ ਵਿੱਚੋਂ ਸਰਵ ਸ੍ਰੀ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਰਾਜ ਗੁਰੂ, ਸੁਖਦੇਵ , ਮਦਨ ਲਾਲ ਢੀਂਗਰਾ, ਸੁਭਾਸ਼ ਚੰਦਰ ਬੋਸ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਰਣਧੀਰ ਸਿੰਘ, ਜਨਰਲ ਹਰਬਖ਼ਸ਼ ਸਿੰਘ, ਸਾਰਾਗੜ੍ਹੀ ਦੇ ਸ਼ਹੀਦਾਂ ਦੇ ਜਿਨ੍ਹਾਂ ਵਿਚ ਹਵਾਲਦਾਰ ਈਸ਼ਰ ਸਿੰਘ ਅਤੇ ਸੈਕੰਡ ਲੈਫਟੀਨੈਂਟ ਕਰਤਾਰ ਸਿੰਘ, ਸਿਆਸਤਦਾਨਾਂ ਵਿੱਚੋਂ ਮਾਸਟਰ ਤਾਰਾ ਸਿੰਘ, ਦਰਸ਼ਨ ਸਿੰਘ ਫੇਰੂਮਾਨ, ਡਾ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ, ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਵਿਗਿਆਨੀਆਂ ਵਿੱਚੋਂ ਏ ਪੀ ਜੇ ਅਬਦੁਲ ਕਲਾਮ, ਫਾਈਬਰ ਵਾਇਰ ਦੇ ਪਿਤਾਮਾ ਡਾ. ਨਰਿੰਦਰ ਸਿੰਘ ਕੰਪਾਨੀ, ਬੁੱਧੀਜੀਵੀ ਲੇਖਕਾਂ ਵਿੱਚੋਂ ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਮੁਨਸ਼ੀ ਪ੍ਰੇਮ ਚੰਦ, ਉਸਤਾਦ ਚਿਰਾਗ਼ ਦੀਨ ਦਾਮਨ, ਸਿਰਦਾਰ ਕਪੂਰ ਸਿੰਘ, ਪ੍ਰੋ. ਮੋਹਨ ਸਿੰਘ, ਬਾਬੂ ਰਜ਼ਬ ਅਲੀ, ਲਾਲ ਚੰਦ ਯਮੁਲਾ ਜੱਟ, ਸ਼ਿਵ ਕੁਮਾਰ ਬਟਾਲਵੀ, ਕਰਨੈਲ ਸਿੰਘ ਪਾਰਸ, ਬਾਬਾ ਨਜ਼ਮੀ, ਬਾਬਾ ਪੂਰਨਾ ਚੰਦ ਆਰਿਫ, ਗੌਰੀ ਸ਼ੰਕਰ ਲੰਕੇਸ਼, ਸੰਗੀਤਕਾਰਾਂ ਵਿੱਚੋਂ ਨੁਸਰਤ ਫ਼ਤਹਿ ਅਲੀ ਖ਼ਾਂ, ਧਾਰਮਿਕ ਵਿੱਚੋਂ ਮਹਾਤਮਾ ਬੁਧ, ਸਾਈਂ ਮੀਆਂ ਮੀਰ, ਅਨੰਦਪੁਰ ਸਾਹਿਬ ਵਿਖੇ ਭਾਈ ਕਨ੍ਹਈਆ ਜੀ ਲੜਾਈ ਦੇ ਮੈਦਾਨ ਵਿਚ ਪਾਣੀ ਪਿਲਾਉਂਦੇ ਹੋਏ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਾਉਂਦੇ ਹੋਇਆਂ ਦਾ ਕੰਧ ਚਿੱਤਰ ਬਣਾਇਆ ਹੋਇਆ ਹੈ, ਖਿਡਾਰੀ ਮਿਲਖਾ ਸਿੰਘ, 350 ਯਾਤਰੀਆਂ ਦੀ ਜਾਨ ਬਚਾਉਣ ਵਾਲੀ ਫਲਾਈਟ ਅਟੈਂਡੈਂਟ ਨੀਰਜਾ ਭਨੋਟ ਤੇ ਦਿੱਲੀ 'ਚ 1984 ਦਾ ਕਤਲੇਆਮ, ਅਮਰੀਕਾ ਅਤੇ ਭਾਰਤ ਦੀ ਮਿੱਤਰਤਾ ਨੂੰ ਦਰਸਾਉਂਦੀ ਕਲਾਕ੍ਰਿਤ ਅਤੇ ਪੰਜਾਬ ਦੀ ਵਿਰਾਸਤ ਦੀਆਂ ਪ੍ਰਤੀਕ ਆਦਿ ਸ਼ਾਮਲ ਹਨ।

ਪਾਕਿਸਤਾਨ ਵਿਚ ਲੜਕੀਆਂ ਦੀ ਪੜ੍ਹਾਈ ਲਈ ਉਦਮ ਕਰਨ ਵਾਲੀ ਮਲਾਲਾ ਹਾਫਜਾਈ ਦਾ ਬੁੱਤ ਵੀ ਬਣਾਇਆ ਗਿਆ। ਉਸ ਵੱਲੋਂ ਬਣਾਏ ਗਏ ਬੁੱਤ ਸੰਸਾਰ ਅਤੇ ਦੇਸ਼ ਵਿਚ ਕਈ ਮਹੱਤਵਪੂਰਨ ਸਥਾਨਾਂ 'ਤੇ ਲਗਾਏ ਹੋਏ। ਬਾਬਾ ਬੰਦਾ ਸਿੰਘ ਬਹਾਦਰ ਅਤੇ ਪਹਿਲੀ ਸੰਸਾਰ ਜੰਗ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਬਹਾਦਰ ਜਵਾਨਾਂ ਦੇ ਦੋ ਬੁੱਤ ਜਿਨ੍ਹਾਂ ਵਿਚ ਇਕ ਜਵਾਨ ਇਕ ਬੱਚੇ ਨੂੰ ਕੁਛੜ ਚੁੱਕ ਕੇ ਲੜਾਈ ਵਿਚ ਲੜਦਾ ਵਿਖਾਇਆ ਗਿਆ ਹੈ, ਦੇ ਬੁੱਤ ਇੰਗਲੈਂਡ ਦੇ ਡਰਬੀ ਅਜਾਇਬ ਘਰ ਵਿਚ ਸਥਾਪਤ ਕੀਤੇ ਗਏ ਹਨ। ਇਸੇ ਤਰ੍ਹਾਂ ਜਿਹੜੇ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਨ੍ਹਾਂ ਸਾਰਿਆਂ ਦੇ ਬਣਾਏ ਬੁੱਤ ਨਿਊਜ਼ੀਲੈਂਡ ਦੇ ਇਕ ਗੁਰੂ ਘਰ ਵਿਚ ਲਗਾਏ ਗਏ ਹਨ। ਮਲੇਸ਼ੀਆ ਵਿਚ ਪੰਚਮ ਗੁਰੂ ਘਰ ਵਿਚ ਸਾਈਂ ਮੀਆਂ ਮੀਰ ਦਾ ਬੁੱਤ ਲਗਾਇਆ ਗਿਆ ਹੈ। ਨੁਸਰਤ ਫ਼ਤਹਿ ਅਲੀ ਖ਼ਾਂ ਦੇ ਬੁੱਤ ਆਸਟਰੇਲੀਆ, ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚ ਲਗਾਏ ਗਏ ਹਨ। ਭੰਗੀ ਮਿਸਲ ਦੀਆਂ 14-14 ਫੁੱਟ ਦੀਆਂ ਦੋ ਤੋਪਾਂ ਪੁਲਿਸ ਅਕਾਡਮੀ ਫਿਲੌਰ ਵਿਚ ਮਨਜੀਤ ਸਿੰਘ ਗਿੱਲ ਦੀਆਂ ਬਣਾਈਆਂ ਹੋਈਆਂ ਲਗਾਈਆਂ ਹੋਈਆਂ ਹਨ। ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲਾ ਪਹਿਲਾ ਗੰਗਾਨਗਰ ਦਾ ਨਿਵਾਸੀ ਕਰਨਲ ਅਵਤਾਰ ਸਿੰਘ ਚੀਮਾਂ ਦਾ ਬੁੱਤ ਵੀ ਬਣਾਇਆ ਗਿਆ ਹੈ।

ਇਹ ਪਹਿਲੀ ਵਾਰ ਹੋਇਆ ਹੈ ਕਿ ਭਾਰਤ ਵਿਚ ਲੇਖਕਾਂ, ਕਵੀਆਂ, ਕਲਾਕਾਰਾਂ ਅਤੇ ਪੱਤਰਕਾਰਾਂ ਦੇ ਬੁੱਤ ਮਹੱਤਵਪੂਰਨ ਥਾਵਾਂ ਅਤੇ ਨਿੱਜੀ ਅਦਾਰਿਆਂ ਵਿਚ ਮਨਜੀਤ ਸਿੰਘ ਗਿੱਲ ਦੇ ਬਣਾਏ ਬੁੱਤ ਸਥਾਪਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸਿਆਸਤਦਾਨਾਂ ਦੇ ਬੁੱਤ ਹੀ ਲਗਾਏ ਜਾਂਦੇ ਸਨ।

ਇਸ ਤੋਂ ਇਲਾਵਾ ਇਕ ਹੋਰ ਮਹੱਤਵਪੂਰਨ ਪੱਖ ਮਨਜੀਤ ਸਿੰਘ ਦੀ ਬੁੱਤ ਤਰਾਸ਼ੀ ਦਾ ਹੈ ਕਿ ਉਸ ਨੇ ਪੰਜਾਬੀ ਸੱਭਿਆਚਾਰ ਦੀ ਪੁਰਾਤਨ ਵਿਰਾਸਤ ਨੂੰ ਇਤਿਹਾਸ ਵਿਚ ਯਾਦ ਰੱਖਣ ਲਈ ਪੰਜਾਬ ਦੇ ਦਿਹਾਤੀ ਸੱਭਿਆਚਾਰ ਨੂੰ ਪ੍ਰਗਟਾਉਂਦੇ ਬੁੱਤ ਬਣਾਏ ਹਨ, ਜਿਨ੍ਹਾਂ ਵਿਚ ਫੁਲਕਾਰੀ ਦੀ ਕਢਾਈ ਕਰਦੀ ਤ੍ਰੀਮਤ, ਹਲ ਪੰਜਾਲੀ ਜੁੜੇ ਬਲਦਾਂ ਦੀ ਜੋੜੀ, ਊਠ, ਬਲਦਾਂ ਦੀਆਂ ਜੋੜੀਆਂ, ਭੰਗੜਾ ਪਾਉਂਦੇ ਕਲਾਕਾਰ, ਦੁੱਧ ਰਿੜਕਦੀ ਮੁਟਿਆਰ, ਗੁੱਤਾਂ ਕਰਦੀਆਂ ਇਸਤਰੀਆਂ, ਖੂਹ ਤੋਂ ਪਾਣੀ ਭਰਦੀਆਂ ਮੁਟਿਆਰਾਂ, ਭੱਤਾ ਲੈ ਕੇ ਜਾਂਦੀਆਂ ਇਸਤਰੀਆਂ, ਦਾਣੇ ਛੱਟਦੀਆਂ ਔਰਤਾਂ, ਕੱਪੜੇ ਧੋਂਦੀਆਂ ਮੁਟਿਆਰਾਂ, ਸੱਥ ਵਿਚ ਤਾਸ਼ ਖੇਡਦੇ ਪੰਜਾਬੀ ਆਦਿ ਬੁੱਤ ਬਣਾਏ ਗਏ ਹਨ। ਹੋਟਲਾਂ ਅਤੇ ਮਹੱਤਵਪੂਰਨ ਢਾਬਿਆਂ ਵਿਚ ਮਨਜੀਤ ਸਿੰਘ ਗਿੱਲ ਵੱਲੋਂ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਬਣਾਏ ਬੁੱਤ ਲਗਾਏ ਹੋਏ ਹਨ। ਮਨਜੀਤ ਸਿੰਘ ਦੇ ਦੱਸਣ ਅਨੁਸਾਰ ਪੰਜਾਬ ਦੇ ਦਿਹਾਤੀ ਸੱਭਿਅਚਾਰ ਨਾਲ ਸਬੰਧਤ ਸੰਸਾਰ ਵਿਚ ਵਸਦੇ ਪੰਜਾਬੀਆਂ ਨੇ ਉਸ ਤੋਂ ਬਣਵਾ ਕੇ ਲਗਾਏ ਹੋਏ ਹਨ। ਕੁਝ ਸਮੇਂ ਲਈ ਉਨ੍ਹਾਂ ਨਿੱਜੀ ਕੰਪਨੀ 'ਚ ਨੌਕਰੀ ਕਰ ਲਈ ਜਿਹੜੀ ਭਾਰਤ ਦੀਆਂ ਵਿਰਾਸਤੀ ਪ੍ਰੰਪਰਾਵਾਂ ਦੀਆਂ ਕਲਾਕ੍ਰਿਤੀਆਂ ਬਣਵਾ ਕੇ ਨੁਮਾਇਸ਼ਾਂ ਲਗਾਉਂਦੀ ਸੀ। ਉਸ ਕੰਪਨੀ ਨੇ ਆਪਦੀਆਂ ਵਿਰਾਸਤੀ ਕਲਾ ਕ੍ਰਿਤਾਂ ਦੀਆਂ ਮਦਰਾਸ, ਕਲਕੱਤਾ, ਦਿੱਲੀ ਅਤੇ ਬੰਬਈ ਦੇ ਤਾਜ ਹੋਟਲ ਵਿਚ ਨੁਮਾਇਸ਼ਾਂ ਲਗਾਈਆਂ, ਜਿਨ੍ਹਾਂ ਦਾ ਹਜ਼ਾਰਾਂ ਲੋਕਾਂ ਨੇ ਆਨੰਦ ਮਾਣਿਆ। ਇਸ ਤੋਂ ਇਲਾਵਾ ਹਿੰਦੀ ਫਿਲਮ 'ਹਮ ਕੌਣ ਹੈਂ' ਦੇ ਸੈੱਟ ਵੀ ਆਪਨੇ ਤਿਆਰ ਕੀਤੇ ਸਨ। ਸਸਤੀ ਸ਼ੋਭਾ ਲੈਣ ਲਈ ਉਹ ਕਿਸੇ ਦੇ ਕਹੇ 'ਤੇ ਕੋਈ ਸਿਫਾਰਸ਼ੀ ਬੁੱਤ ਨਹੀਂ ਬਣਾਉਂਦਾ। ਜਿਹੜਾ ਇਨਸਾਨ ਉਸ ਨੂੰ ਪ੍ਰਭਾਵਤ ਕਰਦਾ ਹੈ ਅਤੇ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣ ਸਕਦਾ ਹੈ, ਉਸਦਾ ਹੀ ਬੁੱਤ ਬਣਾਉਂਦਾ ਹੈ। ਬੁੱਤ ਬਣਾਉਣ ਤੋਂ ਪਹਿਲਾਂ ਉਸ ਇਨਸਾਨ ਦੀ ਪੂਰੀ ਜ਼ਿੰਦਗੀ ਅਤੇ ਉਸਦੇ ਵਿਅਕਤਿਵ ਦੇ ਹਰ ਪਹਿਲੂ ਦੀ ਘੋਖ ਕਰਦਾ ਹੈ। ਉਸਦੇ ਬਣਾਏ ਬੁੱਤ ਵਿਚ ਕੋਈ ਵੀ ਨੁਕਸ ਕੱਢਣਾ ਅਸੰਭਵ ਹੈ ਕਿਉਂਕਿ ਉਹ ਉਸ ਆਦਮੀ ਦੇ ਪਹਿਰਾਵੇ ਅਤੇ ਕੱਦ ਬੁੱਤ ਬਾਰੇ ਬਾਰੀਕੀ ਨਾਲ ਜਾਣਕਾਰੀ ਲੈਂਦਾ ਹੈ। ਬੁੱਤਤਰਾਸ਼ੀ ਨੂੰ ਉਹ ਆਪਣਾ ਇਸ਼ਟ ਮੰਨਦਾ ਹੈ। ਉਸਦਾ ਜਨਮ ਪਿਤਾ ਕਰਨੈਲ ਸਿੰਘ ਗਿੱਲ ਅਤੇ ਮਾਤਾ ਸੁਰਿੰਦਰ ਕੌਰ ਦੇ ਘਰ ਮੋਗਾ ਜ਼ਿਲ੍ਹੇ ਦੇ ਘਲ ਕਲਾਂ ਪਿੰਡ ਵਿਚ 6 ਨਵੰਬਰ 1971 ਨੂੰ ਹੋਇਆ। ਉਹ ਦੋ ਭਰਾ ਅਤੇ ਦੋ ਭੈਣਾਂ ਹਨ। ਉਸਦਾ ਭਰਾ ਸੁਰਜੀਤ ਸਿੰਘ ਗਿੱਲ ਉਸਦੇ ਨਾਲ ਹੀ ਬੁੱਤਤਰਾਸ਼ੀ ਵਿਚ ਮਦਦ ਕਰਦਾ ਹੈ। ਉਸਦੀ ਇਕ ਭੈਣ ਹਰਜੀਤ ਕੌਰ ਅੰਤਰਰਾਸ਼ਟਰੀ ਦੌੜਾਕ ਹੈ ਜਿਹੜੀ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਹੈ। ਦੂਜੀ ਭੈਣ ਸੁਖਜੀਤ ਕੌਰ ਅਧਿਆਪਕਾ ਤੇ ਲੇਖਿਕਾ ਹੈ। ਮਨਜੀਤ ਸਿੰਘ ਗਿੱਲ ਅਤੇ ਸੁਰਜੀਤ ਸਿੰਘ ਗਿੱਲ ਦਾ ਮੰਤਵ ਬੁੱਤਤਰਾਸ਼ੀ ਵਿੱਚੋਂ ਪੈਸੇ ਕਮਾਉਣਾ ਨਹੀਂ ਸਗੋਂ ਪੰਜਾਬ ਦੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਵਿਚ ਆਪਣੀ ਵਿਰਾਸਤ ਬਾਰੇ ਜਾਣਕਾਰੀ ਦੇਣਾ ਹੈ। ਉਹ ਬਹੁਤ ਹੀ ਘੱਟ ਦਰਾਂ ਅਰਥਾਤ ਲਾਗਤ ਦੇ ਖ਼ਰਚੇ ਦੇ ਹਿਸਾਬ ਨਾਲ ਹੀ ਬੁੱਤ ਬਣਾ ਕੇ ਦੇ ਦਿੰਦੇ ਹਨ।

ਮਨਜੀਤ ਸਿੰਘ ਗਿੱਲ ਨੂੰ ਬਹੁਤ ਸਾਰੇ ਮਾਣ ਸਨਮਾਨ ਵੀ ਮਿਲੇ ਹਨ, ਜਿਨ੍ਹਾਂ ਵਿਚ ਇੰਡੀਅਨ ਅਕਾਡਮੀ ਆਫ ਫਾਈਨ ਆਰਟ ਨੇ 2008 ਵਿਚ ਪਹਿਲੀ ਵਾਰੀ 10 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਸੀ। 2010 ਵਿਚ ਪੰਜਾਬ ਦੇ ਸੱਭਿਆਚਾਰਕ ਮਾਮਲੇ, ਪੁਰਾਤਤਵ ਅਤੇ ਅਜਾਇਬ ਘਰ ਵਿਭਾਗ ਨੇ ਚਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅਵਾਰਡ, ਦਿੱਤਾ। ਪ੍ਰੋ. ਮੋਹਨ ਸਿੰਘ ਅਵਾਰਡ, ਦੀਦਾਰ ਸਿੰਘ ਸੰਧੂ ਅਵਾਰਡ, ਐੱਸ ਐੱਲ ਪਰਾਸ਼ਰ ਅਵਾਰਡ ਅਤੇ ਦੀਵਾਨ ਸਿੰਘ ਕਾਲੇਪਾਣੀ ਅਵਾਰਡ ਵੀ ਆਪ ਨੂੰ ਦਿੱਤੇ ਗਏ।

- ਉਜਾਗਰ ਸਿੰਘ

94178 13072

Posted By: Harjinder Sodhi