ਸਾਉਣ ਮਹੀਨਾ ਵਰਖਾ ਰੁੱਤ ਦੇ ਆਗਮਨ ਦਾ ਸੂਚਕ ਹੈ, ਜੋ ਸਾਰੇ ਦੇਸ਼ ਦੀ ਜਿੰਦ ਜਾਨ ਹੈ। ਇਹ ਮਹੀਨਾ ਉਤਪਾਦਨ ਦੀ ਧਰਾਤਲ ਹੈ। ਧਰਤੀ ਉੱਪਰਲੀਆਂ ਤੇ ਹੇਠਲੀਆਂ ਨਦੀਆਂ ਇਸ ਮਹੀਨੇ ਦੀ ਵਰਖਾ ਕਾਰਨ ਹੀ ਵਗਦੀਆਂ ਹਨ। ਸਾਉਣ ਤੋਂ ਪਹਿਲਾਂ ਹਾੜ ਦਾ ਮਹੀਨਾ ਪੂਰਾ ਤਪਦਾ ਹੈ ਤੇ ਜਦੋਂ ਇਹ ਅੱਧਾ ਲੰਘ ਜਾਂਦਾ ਹੈ ਤਾਂ ਵਰਖਾ ਆਉਣ ਦੀ ਆਸ ਬੱਝ ਜਾਂਦੀ ਹੈ। ਗਲੀਆਂ ’ਚ ਇਕੱਠੇ ਹੋਏ ਬੱਚੇ ਗੀਤ ਗਾਉਂਦੇ ਹਨ :-

ਕਾਲੀਆਂ ਇੱਟਾਂ ਕਾਲੇ ਰੋੜ,

ਮੀਂਹ ਵਰਸਾ ਦੇ ਜ਼ੋਰੋ-ਜ਼ੋਰ,

ਰੱਬਾ-ਰੱਬਾ ਮੀਂਹ ਵਰਸਾ,

ਸਾਡੀ ਕੋਠੀ ਦਾਣੇ ਪਾ।

ਵਰਖਾ ਕਾਰਨ ਹੀ ਧਰਤੀ ਦੇ ਉੱਪਰ ਵਣ ਹੋਏ ਹਨ। ਵਣ ਧਰਤੀ ਮਾਤਾ ਦੇ ਗਹਿਣੇ ਹਨ ਤੇ ਇਸ ਦੀ ਸੁੰਦਰਤਾ ਨੂੰ ਵਧਾਉਂਦੇ ਹਨ, ਜੀਵ-ਜੰਤੂਆਂ ਲਈ ਪਨਾਹਗੀਰ ਬਣਦੇ ਹਨ। ਭਾਈ ਗੁਰਦਾਸ ਜੀ ਨੇ ਬਹੁਤ ਹੀ ਸੁੰਦਰ ਲਿਖਿਆ ਹੈ :

ਸਾਵਨ ਵਣ ਹਰਿਆਵਲੇ

ਸੁੱਕੇ ਵੁੱਠੇ ਅੱਕੁ ਜਵਾਹਾ।

ਨੂੰਹ-ਸੱਸ ਹੁੰਦੀਆਂ ਮਿਹਣੋ-ਮਿਹਣੀ

ਸਾਉਣ ਮਹੀਨੇ ਦਾ ਦੂਜਾ ਪੰਦਰਵਾੜਾ ਚਾਨਣੀਆਂ ਰਾਤਾਂ ਵਾਲਾ ਹੁੰਦਾ ਹੈ। ਇਸ ਗੱਲ ਨੂੰ ਦਰਸਾਉਂਦੀ ਬੋਲੀ ਹੈ :

ਚੰਦ ਚੜ੍ਹ ਗਿਆ ਤੀਆਂ ਦੇ ਦਿਨ ਨੇੜੇ,

ਭੇਜੀ ਮਾਏਂ ਵੱਡੇ ਵੀਰ ਨੂੰ।

ਸਾਉਣ ਦੇ ਇਸ ਚਾਨਣੇ ਪੰਦਰਵਾੜੇ ਦੇ ਤੀਜੇ ਦਿਨ ਤੋਂ ਪੰਜਾਬ ਦੇ ਹਰ ਇਕ ਪਿੰਡ ਅਤੇ ਕਸਬੇ ਵਿਚ ਤੀਆਂ ਦੇ ਮੇਲੇ ਲੱਗਣੇ ਸ਼ੁਰੂ ਹੋ ਜਾਂਦੇ ਹਨ। ਵਿਆਹੀਆਂ ਹੋਈਆਂ ਭੈਣਾਂ ਲਈ ਉਨ੍ਹਾਂ ਦੇ ਵੀਰ ਸੰਧਾਰਾ ਲੈ ਕੇ ਜਾਂਦੇ ਹਨ ਅਤੇ ਮੁੜਦੇ ਹੋਏ ਭੈਣਾਂ ਆਪਣੇ ਭਰਾਵਾਂ ਨਾਲ ਹੀ ਆਪਣੇ ਆਪਣੇ ਪੇਕੇ ਆ ਜਾਂਦੀਆਂ ਹਨ। ਕਈ ਵਾਰ ਸੱਸ, ਨੂੰਹ ’ਤੇ ਬੋਲੀ ਮਾਰਦੀ ਹੈ:-

ਬਹੁਤੇ ਨੀਂ ਭਰਾਵਾਂ ਵਾਲੀਏ,

ਤੈਨੂੰ ਤੀਆਂ ਨੂੰ ਲੈਣ ਨੀ ਆਏ।

ਫੇਰ ਨੂੰਹ ਕਿਹੜਾ ਕਿਸੇ ਤੋਂ ਘੱਟ ਹੁੰਦੀ ਹੈ। ਉਹ ਕਹਿੰਦੀ ਹੈ :-

ਸੱਸੇ ਨੀ ਵੜੇਵੇਂ ਅੱਖੀਏ,

ਤੈਥੋਂ ਡਰਦੇ ਲੈਣ ਨਾ ਆਏ।

ਕਈ ਵਾਰ ਭੈਣ ਆਪਣੇ ਮਨ ਦੇ ਭਾਵਾਂ ਨੂੰ ਇੰਝ ਵੀ ਪ੍ਰਗਟ ਕਰਦੀ ਹੈ:-

ਕੋਠੇ-ਕੋਠੇ ਆ ਜਾ ਵੀਰਨਾ,

ਸੱਸ ਚੰਦਰੀ ਕੁੰਡਾ ਨਾ ਖੋਲ੍ਹੇ।

ਉਹ ਅੱਗੇ ਕਹਿੰਦੀ ਹੈ:-

ਰੁੱਖੀ ਮਿਸੀ ਖਾ ਜਾ ਵੀਰਨਾ,

ਅੱਡ ਹੋਊਂਗੀ,

ਪਾਊਂਗੀ ਘਿਓ ਬੂਰਾ।

ਤੇਰੇ ਬੌਤੇ ਨੂੰ ਗਵਾਰੇ ਦੀਆਂ ਫਲੀਆਂ,

ਤੈਨੂੰ ਵੀਰਾ ਦੁੱਧ ਦਾ ਛੰਨਾ।

ਸਾਉਣ ਮਹੀਨੇ ਨਾਲ ਮਨੁੱਖ ਦੀ ਸੱਭਿਆਚਾਰਕ ਸਾਂਝ

ਉਂਝ ਤਾਂ ਸਾਰਾ ਭਾਰਤ ਹੀ ਸਾਉਣ ਦੇ ਮਹੀਨੇ ਨਾਲ ਸੱਭਿਆਚਾਰਕ ਤੌਰ ’ਤੇ ਜੁੜਿਆ ਹੋਇਆ ਹੈ ਪਰ ਇਸ ਮਹੀਨੇ ਨਾਲ ਪੰਜਾਬ ਦੀ ਸਾਂਝ ਕੁਝ ਵੱਖਰੀ ਹੀ ਹੈ। ਦੇਸ਼ ਦੇ ਕੁਝ ਭਾਗਾਂ ਵਿਚ ਤੀਆਂ ਨੂੰ ਸ਼ਿਵ ਤੇ ਪਾਰਵਤੀ ਦੇ ਮਿਲਣ ਨਾਲ ਜੋੜਿਆ ਜਾਂਦਾ ਹੈ ਤੇ ਇਸ ਨੂੰ ‘ਹਰਿਆਵਲ ਤੀਆਂ’ ਵੀ ਕਹਿੰਦੇ ਹਨ। ਪੰਜਾਬ ’ਚ ਤੀਜ ਦੀਆਂ ਤੀਆਂ ਪੂਰੀ ਤਰ੍ਹਾਂ ਸੱਭਿਆਚਾਰਕ ਹਨ। ਪੰਜਾਬ ਦੇ ਘਰਾਂ ’ਚ ਸਾਉਣ ਦਾ ਸਾਰਾ ਮਹੀਨਾ ਹੀ ਉਤਸਵ ਦਾ ਮਹੀਨਾ ਹੁੰਦਾ ਹੈ। ਹਰ ਇਕ ਘਰ ’ਚ ਖੀਰ ਤੇ ਪੂੜੇ ਬਣਾਏ ਜਾਂਦੇ ਹਨ। ਪੰਜਾਬ ’ਚ ਇਕ ਬੋਲੀ ਪ੍ਰਚਲਿਤ ਹੈ : ਸਾਵਨ ਖੀਰ ਨਾ ਖਾਧੀਆ ਤਾਂ ਕਿਉਂ ਜੰਮਿਆ ਅਪਰਾਧੀਆ।

ਚੋ-ਚੋ ਪੈਂਦੈ ਵਿਆਂਹਦੜਾਂ ਦਾ ਹੁਸਨ

ਤੀਆਂ ਦੇ ਗਿੱਧੇ ਵਿਚ ਸ਼ਾਮਿਲ ਪੰਜਾਬ ਦੀਆਂ ਮੁਟਿਆਰਾਂ ਇੰਦਰ ਲੋਕ ਦੀਆਂ ਪਰੀਆਂ ਲੱਗਦੀਆਂ ਹਨ। ਸ਼ਿੰਗਾਰ ਰਸ ਨੂੰ ਸਮਰਪਿਤ ਇਕ ਹੋਰ ਬੋਲੀ ਇੰਝ ਹੈ:-

ਨੱਚਣ ਦੀਆਂ ਤੂੰ ਕਰੇਂ ਦਲੀਲਾਂ ਲਹਿੰਗਾ ਜਾਮਣੀ ਪਾਇਆ,

ਨੀ ਅੱਖ ਚੁਫੇਰੇ ਘੁੰਮਦੀ ਤੇਰੀ,

ਮੱਥੇ ਚੌਂਕ ਸਜਾਇਆ,

ਨੱਚ ਮਲਕੀਤ ਕੁਰੇ,

ਪਿੰਡ ਦੇਖਣ ਨੂੰ ਆਇਆ।

ਗਿੱਧੇ ਦੀ ਇਕ ਹੋਰ ਲੋਕ ਬੋਲੀ ਰਾਹੀਂ ਵਿਆਂਹਦੜਾਂ ਦਾ ਸ਼ਿੰਗਾਰ ਚੋ-ਚੋ ਪੈਂਦਾ ਹੈ:-

ਸਾਂਵੀ ਚੁੰਨੀ ਵਾਲੀਏ ਕੁੜੀਏ, ਆਈ ਐਂ ਗਿੱਧੇ ਵਿਚ ਬਣ ਕੇ,

ਨੀ ਕੰਨੀ ਤੇਰੇ ਝੂਮਕੇ ਸੋਂਹਦੇ,

ਗਲ ਕੈਂਠੀ ਦੇ ਮਣਕੇ,

ਨੀ ਤੀਲ੍ਹੀ ਤੇਰੀ ਨੇ ਮੁਲਕ ਮੋਹ ਲਿਆ,

ਬਾਹੀਂ ਚੂੜਾ ਛਣਕੇ,

ਫੇਰ ਕਦ ਨੱਚੇਗੀਂ,

ਨੱਚ ਲੈ ਪਟੋਲਾ ਬਣ ਕੇ।

ਜਦੋਂ ਤੀਆਂ ਦਾ ਗਿੱਧਾ ਪੈਂਦਾ ਹੈ ਤਾਂ ਮੁਟਿਆਰਾਂ ਪੂਰੇ ਲੋਰ ’ਚ ਆ ਕੇ ਨੱਚਦੀਆਂ ਹਨ। ਉਨ੍ਹਾਂ ਦੇ ਗਿੱਧੇ ਦੀ ਧਮਕ ਸਾਰੇ ਪਿੰਡ ਵਿਚ ਸੁਣਾਈ ਦਿੰਦੀ ਹੈ :-

ਸੁੱਥਣ ਸੂਫ ਦੀ ਸ਼ੀਸ਼ਿਆਂ ਵਾਲੀ, ਨਾਲ ਹਵਾ ਦੇ ਖਹਿੰਦੀ,

ਬਈ ਜਦ ਧਰਤੀ ਤੇ ਅੱਡੀ ਮਾਰਾਂ, ਧਮਕ ਜਲੰਧਰ ਪੈਂਦੀ,

ਨੀ ਗੁੱਤ ਨਾਗਨੀ ਸਭ ਨੂੰ ਡੰਗੇ, ਆਪ ਡੰਗੀ ਨਾ ਜਾਵੇ,

ਨੱਚਦੀ ਮੇਲਣ ਦਾ,

ਲੌਂਗ ਬੋਲੀਆਂ ਪਾਵੇ।

ਗਿੱਧੇ ਵਿਚ ਜੇ ਕੋਈ ਮੁਟਿਆਰ ਨੱਚਣ ਵਿਚ ਨਖਰਾ ਕਰਦੀ ਹੋਵੇ ਤਾਂ ਦੂਜੀ ਮੁਟਿਆਰ ਬੋਲੀ ਪਾਉਂਦੀ ਹੈ:-

ਜੇ ਨਖਰੋ ਤੂੰ ਨੱਚਣਾ ਜਾਣਦੀ,

ਦੇ ਦੇ ਸ਼ੌਕ ਦਾ ਗੇੜਾ,

ਰੂਪ ਤੇਰੇ ਦੀ ਗਿੱਠ-ਗਿੱਠ ਲਾਲੀ, ਤੈਥੋਂ ਸੋਹਣਾ ਕਿਹੜਾ,

ਨੀ ਦੀਵਾ ਕੀ ਕਰਨਾ,

ਚਾਨਣ ਹੋਜੂ ਤੇਰਾ।

ਪੰਜਾਬੀ ਲੋਕ ਨਾਚ ਗਿੱਧੇ ਦੀਆਂ ਅਜਿਹੀਆਂ ਹਜ਼ਾਰਾਂ ਬੋਲੀਆਂ ਹਨ, ਜਿਨ੍ਹਾਂ ਵਿਚ ਸ਼ਿੰਗਾਰ ਰਸ ਦੇ ਨਾਲ-ਨਾਲ ਜੋਸ਼ ਵੀ ਡੁੱਲ-ਡੁੱਲ ਪੈਂਦਾ ਹੈ। ਜਵਾਨੀ ਦੇ ਜੋਸ਼ ਨੂੰ ਪ੍ਰਗਟ ਕਰਦੀ ਇਕ ਬੋਲੀ ਦੇਖੋ:-

ਨੀ ਤੂੰ ਨੱਚ ਅੜੀਏ,

ਬੋਲੀ ਚੱਕ ਅੜੀਏ,

ਨੀ ਤੂੰ ਅੱਗ ਦੇ ਭਮੂਕੇ ਵਾਂਗੂ

ਮੱਚ ਅੜੀਏ।

ਗਿੱਧੇ ਵਿਚ ਪੰਜਾਬੀ ਮੁਟਿਆਰ ਆਪਣੀ ਕਲਾ ਅਤੇ ਹੁਸਨ ਦਾ ਪ੍ਰਗਟਾਵਾ ਇੰਝ ਕਰਦੀ ਹੈ :-

ਗਿੱਧਿਆਂ ਦੇ ਵਿਚ ਆਵਾਂ ਨੀ ਮੈਂ, ਪਾਵਾਂ ਨੱਚ ਧਮਾਲਾਂ,

ਪਾਉਣ ਨੀਵੀਆਂ ਮੋਰ ਸ਼ਰਮ ਨਾਲ਼ ਦੇਖ ਮੇਰੀਆਂ ਚਾਲਾਂ,

ਇਕ ਜੀ ਕਰਦਾ ਵਿਚ ਅੰਬਰਾਂ ਦੇ, ਉੱਡ ਜਾਂ ਕਬੂਤਰ ਬਣ ਕੇ,

ਛਣਕਾਟਾ ਪੈਂਦਾ ਗਲੀ-ਗਲੀ,

ਨੀ ਮੇਰੀ ਐਸੀ ਝਾਂਜਰ ਛਣਕੇ।

ਬਾਗ਼ੋਬਾਗ਼ ਹੋ ਜਾਂਦੀਆਂ ਨੇ ਸਹੇਲੀਆਂ

ਜਦੋਂ ਕੁੜੀਆਂ ਪੇਕੇ ਪਹੁੰਚਦੀਆਂ ਹਨ ਤਾਂ ਇਕੱਠੀਆਂ ਹੋ ਕੇ ਸ਼ਾਮ ਵੇਲੇ ਤੀਆਂ ਦੇ ਮੇਲੇ ਜਾਂ ਪਿੜ ਵੱਲ ਤੁਰਦੀਆਂ ਬੋਲੀ ਪਾਉਂਦੀਆਂ ਹਨ:-

ਤੀਆਂ ਜ਼ੋਰ ਲੱਗੀਆਂ,

ਜ਼ੋਰੋ ਜ਼ੋਰ ਲੱਗੀਆਂ,

ਮੇਰੇ ਪੇਕਿਆਂ ਦੇ ਪਿੰਡ

ਤੀਆਂ ਜ਼ੋਰ ਲੱਗੀਆਂ।

ਚਿਰਾਂ ਤੋਂ ਵਿੱਛੜੀਆਂ ਸਹੇਲੀਆਂ ਜਦੋਂ ਸਾਉਣ ਦੇ ਮਹੀਨੇ ਇਕੱਠੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਦਾ ਰੋਮ-ਰੋਮ ਖਿੜ ਉੱਠਦਾ ਹੈ ਅਤੇ ਬੋਲੀ ਪਾਉਂਦੀਆਂ ਹਨ :-

ਸਾਉਣ ਮਹੀਨਾ ਦਿਨ ਤੀਆਂ ਦੇ, ਪਿੱਪਲੀ ਪੀਂਘਾਂ ਪਾਈਆਂ,

ਭਿੱਜ ਗਈ ਰੂਹ ਮਿੱਤਰਾ,

ਸਾਉਣ ਘਟਾਂ ਚੜ੍ਹ ਆਈਆਂ।

ਪੇਕਿਆਂ ਦਾ ਚਾਅ, ਵਿੱਛੜੀਆਂ ਸਹੇਲੀਆਂ ਦਾ ਸੰਗ, ਨਾਲ ਹੀ ਸਾਉਣ ਦੀ ਚੜ੍ਹੀ ਮਸਤੀ ਵਿਚ ਕੁੜੀਆਂ ਗਾਉਂਦੀਆਂ ਹਨ:-

ਆਇਆ ਸਾਉਣ ਮਹੀਨਾ,

ਕੁੜੀਓ ਲੈ ਕੇ ਠੰਢੀਆਂ ਹਵਾਵਾਂ,

ਪੇਕੇ ਘਰੋਂ ਮੈਨੂੰ ਆਈਆਂ ਝਾਂਜਰਾਂ, ਮਾਰ ਅੱਡੀ ਛਣਕਾਵਾਂ,

ਖੱਟਾ ਡੋਰੀਆ ਉੱਡ-ਉੱਡ ਜਾਂਦਾ, ਜਦ ਮੈਂ ਪੀਂਘ ਚੜ੍ਹਾਵਾਂ,

ਸਾਉਣ ਦੇ ਬੱਦਲਾ ਵੇ,

ਜੱਸ ਤੇਰਾ ਮੈਂ ਗਾਵਾਂ।

ਤੀਆਂ ਦਾ ਮੇਲਾ ਔਰਤਾਂ ਦੇ ਮਾਣ-ਸਨਮਾਨ ਤੇ ਆਜ਼ਾਦੀ ਦੇ ਪ੍ਰਗਟਾਵੇ ਦਾ ਸੱਭਿਆਚਾਰਕ ਪਿੜ ਹੁੰਦਾ ਹੈ। ਤੀਆਂ ਦੇ ਦਿਨਾਂ ਵਿਚ ਪਿੰਡ ਦੀ ਹਰ ਇਕ ਕੁੜੀ ਅਤੇ ਵਿਆਂਹਦੜ ਦਾ ਤਨ-ਮਨ ਗਿੱਧੇ ਨਾਲ ਜੁੜਿਆ ਹੁੰਦਾ ਹੈ। ਇਹ ਭਾਵਨਾ ਬੋਲੀ ਰਾਹੀਂ ਪ੍ਰਗਟ ਹੁੰਦੀ ਹੈ:-

ਆਇਆ ਸਾਵਣ ਮਨ ਪਰਚਾਵਣ, ਰੱਜੀਆਂ ਮੱਝੀ ਗਾਈਂ,

ਗਿੱਧਿਆ ਪਿੰਡ ਵੜ ਵੇ,

ਲਾਮ੍ਹ-ਲਾਮ੍ਹ ਨਾ ਜਾਈਂ।

ਧਨੀ ਰਾਮ ਚਾਤਿ੍ਰਕ ਨੇ ਆਪਣੀ ਕਵਿਤਾ ਦੇ ਇਕ ਟੱਪੇ ਰਾਹੀਂ ਸਾਉਣ ਦੇ ਮਹੀਨੇ ਨਾਲ ਮੁਟਿਆਰ ਦੇ ਮੋਹ ਨੂੰ ਇੰਝ ਪ੍ਰਗਟ ਕੀਤਾ ਹੈ:-

ਬਾਲਮਾ ! ਵਾਰ ਨੇ ਤਿਹਾਰੇ,

ਦੇ ਜਾ ਸਾਉਣ ਦੇ ਦਿਨ ਉਧਾਰੇ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਸਰੂਪ ਵਿਚ ਆ ਕੇ ਸਾਉਣ ਬਾਰੇ ਇਕ ਔਰਤ ਦੀ ਭਾਵਨਾ ਨੂੰ ਇੰਝ ਪ੍ਰਗਟ ਕੀਤਾ ਹੈ:-

ਮੋਰੀ ਰੁਣ ਝੁਣ ਲਾਇਆ

ਭੈਣੇ ਸਾਵਣ ਆਇਆ।

ਪੰਖੇਰੂ ਵੀ ਮਨਾਉਂਦੇ ਨੇ ਜਸ਼ਨ

ਸਾਉਣ ਦੇ ਮਹੀਨੇ ਵਿਚ ਜਿੱਥੇ ਹਰਿਆਵਲ ਆਪਣੇ ਹੁਸਨ ਦੇ ਸਿਖਰ ’ਤੇ ਹੁੰਦੀ ਹੈ, ਉੱਥੇ ਹੀ ਪੰਛੀ ਵੀ ਸਾਉਣ ਦੇ ਮਹੀਨੇ ਦਾ ਜਸ਼ਨ ਆਪਣੀਆਂ ਵਿਲੱਖਣ ਸੁਰਾਂ ਨਾਲ਼ ਮਨਾਉਂਦੇ ਹਨ। ਪੰਜਾਬੀ ਮੁਟਿਆਰ ਕੋਇਲ ਨੂੰ ਸੰਬੋਧਿਤ ਹੁੰਦੀ ਕਹਿੰਦੀ ਹੈ:-

ਪ੍ਰੀਤਾਂ ਦੀ ਮੈਨੂੰ ਸਾਂਝ ਬਥੇਰੀ,

ਲਾ ਕੇ ਤੋੜ ਨਿਭਾਵਾਂ,

ਨੀ ਕੋਇਲੇ ਸਾਉਣ ਦੀਏ,

ਤੈਨੂੰ ਹੱਥ ’ਤੇ ਚੋਗ ਚੁਗਾਵਾਂ।

ਮੋਰ ਤਾਂ ਸਾਉਣ ਦੀ ਪ੍ਰਕਿਰਤੀ ਦੇਵੀ ਦਾ ਗਹਿਣਾ ਹੈ। ਪੰਜਾਬੀ ਮੁਟਿਆਰ ਕਹਿੰਦੀ ਹੈ:-

ਸਾਉਣ ਦਾ ਮਹੀਨਾ

ਬਾਗਾਂ ਵਿਚ ਬੋਲਣ ਮੋਰ ਵੇ,

ਜਾ ਮੈਂ ਨੀ ਸਹੁਰੇ ਜਾਣਾ,

ਗੱਡੀ ਨੂੰ ਖ਼ਾਲੀ ਮੋੜ ਵੇ।

ਪੰਜਾਬੀ ਦੇ ਸਿਰਮੌਰ ਕਵੀ ਧਨੀ ਰਾਮ ਚਾਤਿ੍ਰਕ ਨੇ ਸਾਉਣ ਮਹੀਨੇ ’ਚ ਕੁਦਰਤ ਦੇ ਨਜ਼ਾਰਿਆਂ ਨੂੰ ਇਕ ਟੱਪੇ ਰਾਹੀਂ ਇੰਝ ਪ੍ਰਗਟ ਕੀਤਾ ਹੈ :-

ਬਾਗ਼ਾਂ ਵਿਚ ਕੂਕ ਛਿੜ ਪਈ ਏ, ਮੋਰਾਂ ਦੀ ਜ਼ਿੰਦ ਖਿੜ ਪਈ ਏ।

ਤੀਆਂ ਦੀ ਵਿਦਾਈ ਮੌਕੇ ਉਦਾਸੀ

ਸਾਉਣ ਦੀ ਪੂਰਨਮਾਸ਼ੀ ਵਾਲੇ ਦਿਨ ਤੀਆਂ ਦਾ ਆਖ਼ਰੀ ਦਿਨ ਹੁੰਦਾ ਹੈ, ਜਿਸ ਨੂੰ ਵੱਲ੍ਹੋ ਪਾਉਣਾ ਕਹਿੰਦੇ ਹਨ। ਇਸ ਦਿਨ ਜਿੱਥੇ ਮੁਟਿਆਰਾਂ ਵਿਚ ਗਿੱਧੇ ਦਾ ਜੋਸ਼ ਸਿਖਰਾਂ ’ਤੇ ਹੁੰਦਾ ਹੈ, ਉੱਥੇ ਹੀ ਉਨ੍ਹਾਂ ਵਿਚ ਤੀਆਂ ਦੀ ਵਿਦਾਈ ਦੀ ਮਾਯੂਸੀ ਵੀ ਹੁੰਦੀ ਹੈ। ਗਿੱਧੇ ਦੇ ਆਖ਼ਰੀ ਪੜਾਅ ’ਤੇ ਮੁਟਿਆਰਾਂ ਕੁਝ ਖ਼ਾਸ ਬੋਲੀਆਂ ਪਾਉਂਦੀਆਂ ਹਨ:-

ਸਾਉਣ ਵੀਰ ’ਕੱਠੀਆਂ ਕਰੇ,

ਭਾਦੋਂ ਚੰਦਰੀ ਵਿਛੋੜੇ ਪਾਵੇ।

ਮੁਟਿਆਰਾਂ ਮਨੋਵਿਗਿਆਨਿਕ ਤੌਰ ’ਤੇ ਆਸਾਂ ਭਰੀਆਂ ਕਿਰਨਾ ਵਿਖੇਰਦੀਆਂ ਹੋਈਆਂ ਕਹਿੰਦੀਆਂ ਹਨ :

ਤੀਆਂ ਤੀਜ ਦੀਆਂ,

ਵਰ੍ਹੇ ਦਿਨਾਂ ਨੂੰ ਫੇਰ,

ਤੀਆਂ ਤੀਜ ਦੀਆਂ

ਪੇਕੇ ਆਈਆਂ ਮੁਟਿਆਰਾਂ ਆਪੋ-ਆਪਣੇ ਮਾਹੀ ਨੂੰ ਯਾਦ ਕਰਦੀਆਂ ਹੋਈਆਂ ਕਾਂ ਰਾਹੀਂ ਕਹਿੰਦੀਆਂ ਹਨ : -

ਚੁੰਝ ਤਾਂ ਤੇਰੀ ਕਾਲਿਆਂ ਕਾਵਾਂ, ਸੋਨੇ ਨਾਲ ਮੜ੍ਹਾਵਾਂ,

ਜਾਂ ਆਖੀਂ ਮੇਰੇ ਢੋਲੇ ਨੂੰ ਨਿੱਤ ਔਸੀਆਂ ਪਾਵਾਂ।

ਮਹਿੰਦੀ ਤੇ ਤੀਆਂ ਦਾ ਰਿਸ਼ਤਾ

ਤੀਆਂ ਬਿਨਾਂ ਸਾਉਣ ਅਧੂਰਾ ਅਤੇ ਮਹਿੰਦੀ ਬਿਨਾਂ ਤੀਆਂ। ਔਰਤਾਂ ਲਈ ਗਹਿਣਿਆਂ ਦੇ ਨਾਲ ਮਹਿੰਦੀ ਦਾ ਸ਼ਿੰਗਾਰ ਉੱਤਮ ਮੰਨਿਆ ਗਿਆ ਹੈ। ਸਾਉਣ ਦੀਆਂ ਤੀਆਂ ਦੇ ਮੇਲਿਆਂ ਵੇਲੇ ਹਰ ਇਕ ਘਰ ਵਿਚ ਕੁਆਰੀਆਂ ਅਤੇ ਵਿਆਂਹਦੜਾਂ ਮਹਿੰਦੀ ਦਾ ਸ਼ਿੰਗਾਰ ਕਰਦੀਆਂ ਹਨ। ਮੁਟਿਆਰਾਂ ਮਹਿੰਦੀ ਦੇ ਲਾਲ ਸੂਹੇ ਰੰਗਾਂ ਵਿਚ ਰੰਗੀਆਂ, ਸਿਰ ਫੁਲਕਾਰੀਆਂ ਲੈ ਕੇ ਗਿੱਧੇ ਦੇ ਪਿੜ ਵਿਚ ਚੀਚ ਵਹੁਟੀਆਂ ਬਣ-ਬਣ ਨਿੱਤਰਦੀਆਂ ਹਨ :-

ਬਾਗ਼ੀਂ ਫੇਰਾ ਪਾ ਗਈ ਨੀਂ, ਗੋਰੀ ਤਿੱਤਲੀ ਬਣ ਕੇ,

ਹੱਥੀਂ ਤਾਂ ਮਹਿੰਦੀ ਰੰਗਲੀ ਨੀਂ, ਬਾਹੀਂ ਚੂੜਾ ਛਣਕੇ।

ਪੀਂਘ ਦੇ ਹੁਲਾਰੇ

ਜਿੱਥੇ ਗਿੱਧਾ ਤੀਆਂ ਦੇ ਮੇਲੇ ਦਾ ਦਿਲ ਹੈ, ਉੱਥੇ ਪਿੱਪਲ ’ਤੇ ਪਾਈ ਹੋਈ ਪੀਂਘ ਮੇਲੇ ਦੀ ਆਤਮਾ ਹੈ। ਤੀਆਂ ਦੇ ਮੇਲੇ ਵਿਚ ਪਾਈ ਪੀਂਘ ਨੂੰ ਸਮਰਪਿਤ ਖ਼ੂਬਸੂਰਤ ਬੋਲੀ ਇੰਝ ਹੈ:-

ਸੌਣ ਮਹੀਨਾ ਵਰ੍ਹੇ ਮੇਘਲਾ, ਲਿਸ਼ਕੇ ਜ਼ੋਰੋ ਜ਼ੋਰ

ਇਹ ਦਿਨ ਤੀਆਂ ਦੇ ਆਏ, ਪੀਂਘਾਂ ਲੈਣ ਹੁਲਾਰੇ ਜ਼ੋਰ।

ਜਦੋਂ ਮੁਟਿਆਰਾਂ ਪੀਂਘਾ ਤੇ ਹੀਂਘਾ ਚੜ੍ਹਾਉਂਦੀਆਂ ਹਨ ਤਾਂ ਉਨ੍ਹਾਂ ਵਿਚ ਇਹ ਮੁਕਾਬਲਾ ਹੁੰਦਾ ਹੈ ਕਿ ਕੌਣ ਪਿੱਪਲੀ ਦਾ ਸਿਖਰਲਾ ਪੱਤਾ ਤੋੜ ਕੇ ਲਿਆਉਂਦੀ ਹੈ।

ਛਣਕਦੇ ਨੇ ਚੂੜੇ

ਸਾਉਣ ਦੇ ਮਹੀਨੇ ਪੂਰੀ ਕੁਦਰਤ ਹੀ ਹਰਿਆਵਲ ਰੂਪੀ ਸ਼ਿੰਗਾਰ ਰਸ ਨਾਲ ਨੱਕੋ-ਨੱਕ ਭਰੀ ਹੁੰਦੀ ਹੈ। ਤੀਆਂ ਦੇ ਮੇਲੇ ਵਿਚ ਸ਼ਾਮਲ ਕੁੜੀਆਂ ਦੇ ਸ਼ਿੰਗਾਰ ਦੀਆਂ ਤਾਂ ਸਾਰੀਆਂ ਹੱਦਾਂ ਹੀ ਪਾਰ ਹੁੰਦੀਆਂ ਹਨ। ਤੀਜ ਦੀਆਂ ਤੀਆਂ ਦੇ ਮੇਲੇ ’ਚ ਮੁਟਿਆਰਾਂ ਸਜ ਧਜ ਕੇ ਜਾਂਦੀਆਂ ਹਨ। ਹੱਥ ਮਹਿੰਦੀ ਨਾਲ ਰੰਗੇ ਹੁੰਦੇ ਹਨ। ਕੁਆਰੀਆਂ ਦੀਆਂ ਬਾਹਾਂ ਵਿਚ ਚੂੜੀਆਂ ਅਤੇ ਵਿਆਂਹਦੜਾਂ ਦੀਆਂ ਬਾਹਾਂ ਵਿਚ ਚੂੜੇ ਛਣਕਦੇ ਹਨ। ਮੁਟਿਆਰਾਂ ਨਵੇਂ ਸੂਟ ਜਾਂ ਘੱਗਰੇ ਪਾਉਂਦੀਆਂ ਹਨ। ਕਈ ਵਿਆਂਹਦੜਾਂ ਤਾਂ ਸੋਨੇ ਨਾਲ ਵੀ ਲੱਦੀਆਂ ਹੁੰਦੀਆਂ ਹਨ। ਤੀਆਂ ਵਿਚ ਮੁਟਿਆਰਾਂ ਦੇ ਸਜ- ਧਜ ਕੇ ਆਉਣ ਨੂੰ ਪ੍ਰਗਟ ਕਰਦੀ ਇਕ ਬੋਲੀ ਇੰਝ ਹੈ :-

ਨੱਚਾਂ ਨੱਚਾਂ ਨੱਚਾਂ, ਨੀ ਮੈਂ ਅੱਗ ਵਾਂਗੂ ਮੱਚਾਂ,

ਮੇਰੀ ਨੱਚਦੀ ਦੀ ਝਾਂਜਰ ਛਣਕੇ ਨੀ, ਨੀ ਮੈਂ ਨੱਚਣਾ ਪਟੋਲਾ ਬਣ ਕੇ ਨੀ।

ਪ੍ਰੇਮਲਤਾ 98143-41746

Posted By: Harjinder Sodhi