ਕਹਾਣੀ ਸਰਘੀ ਨੂੰ ਗੁੜ੍ਹਤੀ ਵਿਚ ਮਿਲੀ ਹੈ ਤੇ ਉਸ ਦੀਆਂ ਰਗਾਂ ਵਿਚ ਲਹੂ ਬਣ ਕੇ ਵਹਿੰਦੀ ਹੈ। ਸਾਡੇ ਨਾਮਵਰ ਕਹਾਣੀਕਾਰ ਦਲਬੀਰ ਚੇਤਨ ਹੁਰਾਂ ਦੀ ਕਹਾਣੀ ਦੀ ਵਿਰਾਸਤ ਨੂੰ ਬੜੇ ਮਾਣ ਨਾਲ ਅੱਗੇ ਲੈ ਤੁਰੀ ਕਹਾਣੀਕਾਰਾ ਸਰਘੀ ਅੱਜ ਕਿਸੇ ਵੀ ਜਾਣ ਪਛਾਣ ਦੀ ਮੁਹਤਾਜ ਨਹੀਂ ਹੈ। ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ‘ਆਪਣੇ-ਆਪਣੇ ਮਰਸੀਏ’ ਅੱਜ ਕੱਲ੍ਹ ਚਰਚਾ ਵਿਚ ਹੈ। ਇਸ ਵਿਚ ਸ਼ਾਮਲ ਇਕ-ਇਕ ਕਹਾਣੀ ਪਹਿਲਾਂ ਹੀ ਵੱਖ-ਵੱਖ ਪਰਚਿਆਂ ਵਿਚ ਛਪ ਕੇ ਸਮੇਂ-ਸਮੇਂ ’ਤੇ ਪਾਠਕਾਂ ਵਿਚ ਚਰਚਾ ਦਾ ਵਿਸ਼ਾ ਰਹੀ ਹੈ। ਉਸ ਦਾ ਸਥਾਨ ਉਸ ਦੇ ਪਾਠਕ ਨਿਸ਼ਚਿਤ ਕਰਦੇ ਹਨ। ਸਰਘੀ ਦੀਆਂ ਕਹਾਣੀਆਂ ਪਾਠਕਾਂ ਦੇ ਨਾਲ-ਨਾਲ ਆਲੋਚਕਾਂ ਵਿਚ ਵੀ ਖ਼ੂਬ ਚਰਚਿਤ ਰਹੀਆਂ ਹਨ।

ਇਕ ਕਹਾਣੀਕਾਰਾ ਦੇ ਤੌਰ ’ਤੇ ਮੈਂ ਸਰਘੀ ਨੂੰ ਨਿੱਜੀ ਤੌਰ ’ਤੇ 2010 ਤੋਂ ਜਾਣਦੀ ਹਾਂ। ‘ਡਲਹੌਜੀ ਕਹਾਣੀ ਗੋਸ਼ਟੀ’ ਵਿਚ ਅਸੀਂ ਪਹਿਲੀ ਵਾਰ ਮਿਲੇ ਸਾਂ। ਉਸ ਗੋਸ਼ਟੀ ਵਿਚ ਸਰਘੀ ਨੇ ਆਪਣੇ ਕਹਾਣੀ ਸੰਗ੍ਰਹਿ ‘ਆਪਣੇ ਆਪਣੇ ਮਰਸੀਏ’ ਦੀ ਟਾਈਟਲ ਕਹਾਣੀ ਪੜ੍ਹੀ ਸੀ। ਉਦੋਂ ਤੋਂ ਹੀ ਅਸੀਂ ਇਕ ਦੂਜੇ ਦੀਆਂ ਕਹਾਣੀਆਂ ਦੀਆਂ ਪਾਠਕ ਹਾਂ। ਕਹਾਣੀ ਪ੍ਰਤੀ ਉਸ ਦੀ ਸਮਝ ਸੂਝ ਬਹੁਤ ਗਹਿਰੀ ਤੇ ਸੰਵੇਦਨਸ਼ੀਲ ਹੈ। ਔਰਤ ਮਨ ਦੀਆਂ ਪਰਤਾਂ ਨੂੰ ਅੰਤਰੀਵ ਤੋਂ ਸਮਝ ਕੇ ਉਹ ਆਪਣੀ ਕਹਾਣੀ ਵਿਚ ਉਤਾਰਦੀ ਹੈ।

ਉਸ ਦੀਆਂ ਕਹਾਣੀਆਂ ਦੇ ਵਿਸ਼ੇ ਵੰਨ-ਸੁਵੰਨੇ ਹਨ। ਕੋਈ ਵੀ ਲੇਖਕ ਸਮਾਜ ਵਿਚ ਵਾਪਰ ਰਹੇ ਵਰਤਾਰਿਆਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦਾ। ਉਸ ਦੀ ਸੰਵੇਦਨਸ਼ੀਲਤਾ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਹੈ। ਸਰਘੀ ਦੀਆਂ ਕਹਾਣੀਆਂ ਵਿਚ ਉਸ ਦੀ ਇਹੀ ਸੰਵੇਦਨਸ਼ੀਲਤਾ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਸਕਦੀ ਹੈ।

ਜਦੋਂ ਉਹ ‘ਰਾਡ’ ਕਹਾਣੀ ਲਿਖਦੀ ਹੈ ਤਾਂ ਦੁਨੀਆ ਦੀ ਹਰ ਮਾਂ ਦਾ ਡਰ ਭੈਅ ਉਸ ਦੀ ਕਹਾਣੀ ਦੀ ਨਾਇਕਾ ਅੰਦਰ ਸਮਾ ਜਾਂਦਾ ਹੈ। ਨਿਰਭੈਯਾ ਕਾਂਡ ਜਿਸ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਵਰਗੇ ਸੰਵੇਦਨਸ਼ੀਲ ਮੁੱਦੇ ਨੂੰ ਉਭਾਰਦੀ ਇਹ ਕਹਾਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਮ.ਏ. ਦੇ ਸਿਲੇਬਸ ਦਾ ਹਿੱਸਾ ਬਣੀ ਹੈ।

ਸਰਘੀ ਸਮਾਜ ਵਿਚ ਵਾਪਰਦੀਆਂ ਘਟਨਾਵਾਂ ਨੂੰ ਬਹੁਤ ਪੈਨੀ ਨਜ਼ਰ ਨਾਲ ਵੇਖਦੀ ਹੈ। ਉਸ ਦੀ ਕਹਾਣੀ ‘ਰਬਾਬੀ’ ਦਾ ਖ਼ਾਸ ਤੌਰ ’ਤੇ ਜ਼ਿਕਰ ਕਰਨਾ ਚਾਹਾਂਗੀ। ਇਸ ਕਹਾਣੀ ਰਾਹੀਂ ਉਸ ਨੇ ਵਿਦਿਅਕ ਸੰਸਥਾਵਾਂ ਵਿਚ ਫੈਲੇ ਭਿ੍ਰਸ਼ਟਤੰਤਰ ਨੂੰ ਬਹੁਤ ਹੀ ਗੁੱਝੀ ਰਮਜ਼ ਵਾਲੀ ਸ਼ੈਲੀ ਵਿਚ ਉਜਾਗਰ ਕੀਤਾ ਹੈ। ਗੁਰੂਆਂ ਦੇ ਨਾਂ ’ਤੇ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵਿਚ ਗੁਰੂਆਂ ਦੇ ਕਥਨਾਂ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਕੇ ਮਨਮਤੀਆਂ ਕੀਤੀਆਂ ਜਾਂਦੀਆਂ ਹਨ। ਜਿੱਥੇ ਅਸਲੀ ਹੀਰਿਆਂ ਨੂੰ ਪੱਥਰ ਸਮਝ ਕੇ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ।

ਉਸ ਦੀ ਬਹੁ-ਚਰਚਿਤ ਕਹਾਣੀ ‘ਹਾਲੀਡੇ-ਵਾਈਫ਼’ ਦੀ ਮੁੱਖ ਪਾਤਰ ਵਿਚ ਅਜਿਹੇ ਸ਼ਸ਼ਕਤ ਪਾਤਰ ਦੇ ਰੂਪ ਵਿਚ ਪੇਸ਼ ਹੁੰਦੀ ਹੈ ਜਿਸ ਵਿਚ ਭਵਿੱਖ ਵਿਚ ਔਰਤ ਦੀ ਸਵੈ-ਹੋਂਦ ਦੇ ਮਸਲੇ ਵਿੱਚੋਂ ਰੁਦਨ ਤੇ ਹਉਂਕਿਆਂ ਦੀ ਥਾਂ ’ਤੇ ਮਨ ਮਰਜ਼ੀ ਦੀ ਖੁੱਲ੍ਹ ਨੂੰ ਸੈਲੀਬਰੇਟ ਕਰਨ ਦੀ ਕਨਸੋਅ ਮਿਲਦੀ ਹੈ। ਇਹ ਪਾਤਰ ਆਪਣੇ ਆਲੇ ਦੁਆਲੇ ਲਿਪਟੇ ਪਿੱਤਰੀ ਸੱਤਾ ਦੇ ਜੂੜ ਨੂੰ ਲਾਹ ਕੇ ਪਰ੍ਹੇ ਵਗਾਹ ਮਾਰਦੀ ਹੈ ਤੇ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ’ਤੇ ਜਿਊਣ ਵੱਲ ਨੂੰ ਅਹੁਲਦੀ ਹੈ। ਉਸ ਨੂੰ ਤਰਸ ਦੀ ਪਾਤਰ ਬਣ ਕੇ ਜਿਊਣਾ ਹੁਣ ਮਨਜ਼ੂਰ ਨਹੀਂ। ਵਿਆਹ ਸੰਸਥਾ ਤੋਂ ਉਪਜੇ ਸੰਕਟ ਨੂੰ ਉਹ ਆਪਣੇ ਢੰਗ ਨਾਲ ਹੱਲ ਕਰਦੀ ਹੋਈ ਆਖਦੀ ਹੈ ਕਿ ਜ਼ਮੀਨ ਵੀ ਨਹੀਂ ਛੱਡਾਂਗੀ, ਪੁੱਤ ਵੀ ਪਾਲਾਂਗੀ ਤੇ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਨਾਲ ਆਪਣੀਆਂ ਦੈਹਿਕ ਅਤੇ ਮਾਨਸਿਕ ਲੋੜਾਂ ਦੀ ਪੂਰਤੀ ਕਰਾਂਗੀ। ਬਕੌਲ ਦੇਸ ਰਾਜ ਕਾਲੀ ਸਰਘੀ ਆਪਣੇ ਸਾਹਿਤ ਵਿਚ ਬਹੁਤ ਸੰਘਣੀ ਬੁਣਤੀ ਬੁਣਦੀ ਹੈ। ਕੁਝ ਵੀ ਇਕਹਿਰਾ ਨਹੀਂ। ਸਰਘੀ ਜਦੋਂ ਮਸਲਿਆਂ ਨਾਲ ਜੂਝਦੇ ਬੰਦੇ ਦੀ ਗੱਲ ਕਰਦੀ ਹੈ ਤਾਂ ਉਸ ਦੀ ਸੰਵੇਦਨਾ ਮਾਨਵੀ ਸਰੋਕਾਰਾਂ ਨਾਲ ਲਬਰੇਜ਼ ਨਜ਼ਰ ਆਉਂਦੀ ਹੈ।

ਉਸ ਦੀਆਂ ਕਹਾਣੀਆਂ ਔਰਤ ਮਨ ਦੇ ਵਲਵਲਿਆਂ ਨੂੰ ਬਾਖ਼ੂਬੀ ਪੇਸ਼ ਕਰਦੀਆਂ ਹਨ। ‘ਬਰਸੈ ਮੇਘ’ ‘ਕੁੜੀਆਂ’, ਹਾਂਟੇਡ ਹਾਊਸ’ ਵਰਗੀਆਂ ਕਹਾਣੀਆਂ ਇਸ ਦੀ ਉਦਾਹਰਨ ਹਨ। ਉਸ ਦੀਆਂ ਕਹਾਣੀਆਂ ਅੰਦਰ ਲੋਕਧਾਰਾਈ ਅੰਸ਼, ਕੁਦਰਤ ਅਤੇ ਗੁਰਬਾਣੀ ਸੁਮੇਲ ਉਸ ਦੀ ਰਚਨਾ ਨੂੰ ਹੋਰ ਸੰਘਣੇ ਕਰ ਦਿੰਦਾ ਹੈ।

ਸਾਹਿਤ ਵਿਚ ਔਰਤ ਲੇਖਕਾਵਾਂ ਦੀ ਭਾਗੀਦਾਰੀ ਵੈਸੇ ਹੀ ਬਹੁਤ ਘੱਟ ਹੈ। ਔਰਤਾਂ ਲਈ ਸਾਹਿਤ ਸਿਰਜਣਾ ਕਰਨਾ ਦੋਧਾਰੀ ਤਲਵਾਰ ਉਪਰ ਤੁਰਨ ਬਰਾਬਰ ਹੁੰਦਾ ਹੈ। ਇਨ੍ਹਾਂ ਸਿਰਜਣਹਾਰੀਆਂ ਲਈ ਘਰ ਤੋਂ ਅਕਸਰ ਨਾਂਹ-ਪੱਖੀ ਹੁੰਗਾਰਾ ਹੀ ਵੇਖਣ ਨੂੰ ਮਿਲਦਾ ਹੈ ਪਰ ਇਸ ਮਾਮਲੇ ਵਿਚ ਸਰਘੀ ਖ਼ੁਸ਼ਕਿਸਮਤ ਹੈ। ਉਸ ਦਾ ਜੀਵਨ ਸਾਥੀ ਬਲਕਾਰ ਸਿੰਘ ਜੋ ਖ਼ੁਦ ਇਕ ਉੱਚ ਅਹੁਦੇ ’ਤੇ ਤਾਇਨਾਤ ਹੈ, ਉਸ ਦਾ ਪੂਰਾ ਸਾਥ ਦਿੰਦਾ ਹੈ ਤੇ ਕਦੀ ਵੀ ਉਸ ਦੀ ਰਚਨਾਤਮਿਕਤਾ ਵਿਚ ਰੁਕਾਵਟ ਨਹੀਂ ਬਣਦਾ। ਸਰਘੀ ਆਪਣੀ ਪ੍ਰੋਫੈਸਰੀ ਦੀ ਨੌਕਰੀ ਦੇ ਨਾਲ-ਨਾਲ ਦੋ ਪਿਆਰੇ ਬੱਚਿਆਂ ਦੀ ਮਾਂ ਹੈ। ਬੇਟੀ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੀ ਹੈ ਤੇ ਬੇਟਾ ਅਜੇ ਸਕੂਲ ਵਿਚ ਹੈ। ਭਰਾ ਨਵਚੇਤਨ ਸਰਘੀ ਦੀਆਂ ਪ੍ਰਾਪਤੀਆਂ ’ਤੇ ਮਾਣਮੱਤਾ ਮਹਿਸੂਸ ਕਰਦਾ ਹੈ। ਪਿਤਾ ਦਲਬੀਰ ਚੇਤਨ ਜਿੱਥੇ ਕਿਤੇ ਵੀ ਚੰਨ-ਤਾਰਿਆਂ ’ਚ ਬੈਠ ਕੇ ਆਪਣੀ ਧੀ ਨੂੰ, ਆਪਣੀ ਕਹਾਣੀ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਂਦਿਆਂ ਵੇਖ ਮੁਸਕਰਾ ਕੇ ਆਸ਼ੀਰਵਾਦ ਜ਼ਰੂਰ ਦਿੰਦਾ ਹੋਵੇਗਾ।

ਮੈਨੂੰ ਮਾਣ ਹੈ ਕਿ ਸਰਘੀ ਵਰਗੀ ਸਾਹਿਤਕਾਰ ਮੇਰੀ ਨਿੱਘੀ ਤੇ ਪਿਆਰੀ ਦੋਸਤ ਹੈ। ਆਪਣੇ ਪਿਤਾ ਦੇ ਨਾਂ ’ਤੇ ਉਸ ਵੱਲੋਂ ਸ਼ੁਰੂ ਕੀਤਾ ਗਿਆ ‘ਦਲਬੀਰ ਚੇਤਨ ਯਾਦਗਾਰੀ ਅਵਾਰਡ’ 2020 ਵਿਚ ਮੇਰੀ ਕਿਤਾਬ ‘ਇਕ ਦਿਨ’ ਨੂੰ ਮਿਲਿਆ ਸੀ। 2021 ਦਾ ਇਹ ਇਨਾਮ ਗੁਰਮੀਤ ਕੜਿਆਲਵੀ ਅਤੇ ਸੁਖਪਾਲ ਥਿੰਦ ਹੋਰਾਂ ਨੂੰ ਪ੍ਰਦਾਨ ਕੀਤਾ ਜਾਣਾ ਹੈ। ਕਹਾਣੀਕਾਰਾਂ ਨੂੰ ਸਨਮਾਨਣ ਦੀ ਇਹ ਭਾਵਨਾ ਅਤੇ ਉਸ ਦੀ ਆਪਣੀ ਕਹਾਣੀ ਦੀ ਪੁਖਤਗੀ ਹੈ ਉਸ ਨੂੰ ਪੰਜਾਬੀ ਦਾ ਨੋਬਲ ਇਨਾਮ ਕਿਹਾ ਜਾਣ ਵਾਲਾ ‘ਢਾਹਾਂ ਅਵਾਰਡ’ (2021) ਨਾਲ ਨਵਾਜ਼ਿਆ ਗਿਆ ਹੈ। ਇਹ ਅਵਾਰਡ ਸਾਡੇ ਸਾਰੇ ਹੀ ਕਹਾਣੀਕਾਰਾਂ ਦਾ ਸਨਮਾਨ ਹੈ। ਸਰਘੀ ਦੀ ਇਸ ਪ੍ਰਾਪਤੀ ’ਤੇ ਮੈਂ ਉਸ ਨੂੰ ਦਿਲੀ ਮੁਬਾਰਕਬਾਦ ਕਹਿੰਦੀ ਹਾਂ। ਸ਼ਾਲਾ! ਉਸ ਦੀ ਕਲਮ ਅਰੁਕ ਚੱਲਦੀ ਰਹੇ।

- ਤਿ੍ਰਪਤਾ ਕੇ. ਸਿੰਘ

Posted By: Harjinder Sodhi