16ਵੀਂ ਸਦੀ ਦੇ ਸੂਫ਼ੀ ਸਾਹਿਤ ਦੇ ਮਹਾਨ ਕਵੀ ਤੇ ਸੂਫ਼ੀ ਸੰਤ ਸ਼ਾਹ ਹੁਸੈਨ ਜੀ ਨੇ ਇਸ਼ਕ ਮਜ਼ਾਜੀ ਨੂੰ ਹਕੀਕੀ ’ਚ ਬਦਲਿਆ ਤੇ ਆਪਣੇ ਸਮੇਂ ਦੇ ਬਾਦਸ਼ਾਹ ਅਕਬਰ ਨੂੰ ਵੀ ਆਪਣਾ ਕਾਇਲ ਕੀਤਾ ਸੀ। 1538 ’ਚ ਸ਼ੇਖ਼ ਉਸਮਾਨ ਢੱਡਾ ਦੇ ਘਰ ਜਨਮੇ ਸ਼ਾਹ ਹੁਸੈਨ ਜੀ ਦੇ ਬਜ਼ੁਰਗ ਹਿੰਦੂ ਸਨ, ਜਿਨ੍ਹਾਂ ਨੇ ਬਾਅਦ ’ਚ ਮੁਸਲਿਮ ਧਰਮ ਅਪਣਾ ਲਿਆ ਸੀ। ਆਪਣੇ ਦੇਹਾਂਤ 1599 ਤਕ ਉਨ੍ਹਾਂ ਨੇ 162 ਦੇ ਕਰੀਬ ਕਾਫੀਆਂ ਦੀ ਰਚਨਾ ਕੀਤੀ। ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਜਦ ਕਦੇ ਵੀ ਲਾਹੌਰ ਜਾਂਦੇ ਸਨ ਤਾਂ ਸ਼ਾਹ ਹੁਸੈਨ ਉਨ੍ਹਾਂ ਦੇ ਦਰਸ਼ਨ ਕਰਨ ਲਈ ਜ਼ਰੂਰ ਆਉਂਦੇ ਸਨ।

ਮਹਾਨ ਸੂਫ਼ੀ ਸੰਤ ਦੇ 61 ਸਾਲ ਦੀ ਜੀਵਨ ਯਾਤਰਾ ਦੌਰਾਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੂੰ ਕਰਾਮਾਤੀ ਘਟਨਾਵਾਂ ਦਾ ਰੂਪ ਵੀ ਦਿੱਤਾ ਗਿਆ ਅਤੇ ਕਈ ਇਤਿਹਾਸਕਾਰਾਂ ਨੇ ਇਨ੍ਹਾਂ ਨੂੰ ਨਕਾਰਿਆ ਤੇ ਕਈਆਂ ਨੇ ਇਸ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਅਕਾਲ ਪੁਰਖ ਦੀ ਬੰਦਗੀ ਕੀਤੀ ਅਤੇ ਸਾਰਾ ਜੀਵਨ ਮੋਹ ਮਾਇਆ ਤੋਂ ਦੂਰ ਰਹਿ ਕੇ ਫ਼ਕੀਰੀ ਜ਼ਿੰਦਗੀ ਗੁਜ਼ਾਰੀ। ਜਦ ਸ਼ਾਹ ਹੁਸੈਨ ਜੀ ਆਪਣੀ ਉਮਰ ਦੇ 53ਵੇਂ ਪੜਾਅ ’ਚ ਸਨ ਤਾਂ ਉਨ੍ਹਾਂ ਦੀ ਨਜ਼ਰ ਇਕ 16 ਸਾਲ ਦੇ ਲੜਕੇ ’ਤੇ ਪਈ, ਜਿਸ ਦਾ ਨਾਮ ਸੀ ਮਾਧੋ ਲਾਲ। ਸ਼ਾਹ ਹੁਸੈਨ ਨੂੰ ਪਹਿਲੀ ਨਜ਼ਰੇ ਹੀ ਮਾਧੋ ਲਾਲ ਨਾਲ ਅਜਿਹੀ ਖਿੱਚ ਜਾਗੀ ਕਿ ਉਸ ਨੂੰ ਉਸ ਦਾ ਸਾਥ ਚੰਗਾ ਲੱਗਣ ਲੱਗਾ।

ਹੌਲੀ-ਹੌਲੀ ਮਾਧੋ ਲਾਲ ਵੀ ਸ਼ਾਹ ਹੁਸੈਨ ਦੀ ਸੰਗਤ ਕਰਨ ਲੱਗਾ ਤੇ ਆਪਣਾ ਜ਼ਿਆਦਾ ਸਮਾਂ ਉਹ ਸ਼ਾਹ ਹੁਸੈਨ ਦੇ ਡੇਰੇ ’ਤੇ ਬਿਤਾਉਣ ਲੱਗਾ। ਕਦੇ-ਕਦੇ ਜੇਕਰ ਮਾਧੋ ਲਾਲ ਸ਼ਾਹ ਹੁਸੈਨ ਦੇ ਡੇਰੇ ’ਤੇ ਨਹੀਂ ਵੀ ਆਉਂਦਾ ਸੀ ਤਾਂ ਸ਼ਾਹ ਹੁਸੈਨ ਉਸ ਨੂੰ ਦੇਖਣ ਲਈ ਉਸ ਦੇ ਘਰ ਤਕ ਚਲਿਆ ਜਾਂਦਾ ਸੀ। ਦੂਜੇ ਪਾਸੇ ਮਾਧੋ ਲਾਲ ਦੇ ਮਾਪਿਆਂ ਨੂੰ ਸ਼ਾਹ ਹੁਸੈਨ ਦਾ ਉਨ੍ਹਾਂ ਦੇ ਪੁੱਤਰ ਨੂੰ ਮਿਲਣਾ ਚੰਗਾ ਨਹੀਂ ਸੀ ਲੱਗਦਾ। ਇਸ ਲਈ ਉਹ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਮਾਧੋ ਲਾਲ ਮਾਲ ਮਿਲਣ ਤੋਂ ਰੋਕਦੇ ਰਹਿੰਦੇ ਸਨ ਤੇ ਕਈ ਵਾਰ ਝੂਠ ਕਹਿ ਦਿੰਦੇ ਸਨ ਕਿ ਉਹ ਘਰ ਨਹੀਂ ਹੈ।

ਇਕ ਵਾਰ ਜਦ ਕਾਫ਼ੀ ਦਿਨ ਮਾਧੋ ਲਾਲ ਸ਼ਾਹ ਹੁਸੈਨ ਨੂੰ ਮਿਲਣ ਡੇਰੇ ’ਤੇ ਨਾ ਗਿਆ ਤਾਂ ਉਹ ਆਪਣੇ ਪਿਆਰੇ ਨੂੰ ਮਿਲਣ ਲਈ ਉਸ ਦੇ ਘਰ ਵੱਲ ਨਿਕਲ ਪਿਆ। ਇਸ ਦੌਰਾਨ ਜਦ ਉਸ ਨੇ ਉਸ ਦੇ ਮਾਪਿਆਂ ਨੂੰ ਮਾਧੋ ਲਾਲ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਅੱਗਿਓਂ ਕਿਹਾ ਕਿ ‘ਉਹ ਨਹੀਂ ਹੈ।’ ਇੰਨੀ ਗੱਲ ਸੁਣ ਕੇ ਸ਼ਾਹ ਹੁਸੈਨ ਮਾਯੂਸ ਹੋ ਕੇ ਵਾਪਸ ਆ ਗਿਆ। ਅਗਲੇ ਦਿਨ ਜਦ ਸ਼ਾਹ ਹੁਸੈਨ ਕਿਸੇ ਕੰਮ ਲਈ ਮਾਧੋ ਲਾਲ ਦੇ ਘਰ ਅੱਗਿਓਂ ਲੰਘ ਰਿਹਾ ਸੀ ਤਾਂ ਉਸ ਨੇ ਮਾਧੋ ਲਾਲ ਦੇ ਘਰ ’ਚੋਂ ਰੋਣ ਦੀਆਂ ਆਵਾਜ਼ਾਂ ਸੁਣੀਆਂ, ਜਦ ਉਹ ਉੱਧਰ ਗਿਆ ਤਾਂ ਮਾਧੋ ਲਾਲ ਦੇ ਘਰ ਵਾਲੇ ਉਸ ਦੀ ਲਾਸ਼ ਕੋਲ ਵੈਣ ਪਾ ਰਹੇ ਸਨ।

ਇੰਨਾ ਦੇਖ ਕੇ ਸ਼ਾਹ ਹੁਸੈਨ ਮੁਸਕਰਾਉਣ ਲੱਗਾ ਤੇ ਲਾਸ਼ ਕੋਲ ਆ ਕੇ ਕਹਿਣ ਲੱਗਾ, ‘ਉੱਠ ਮਾਧੋ ਲਾਲ ਅਸੀ ਤੈਨੂੰ ਆਪਣੇ ਨਾਲ ਲਿਜਾਣ ਲਈ ਆਏ ਹਾਂ।’ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਮਾਧੋ ਲਾਲ ਉੱਠ ਕੇ ਸ਼ਾਹ ਹੁਸੈਨ ਦੇ ਪਿੱਛੇ-ਪਿੱਛੇ ਤੁਰ ਪਿਆ। ਇਸ ਤੋਂ ਬਾਅਦ ਮਾਧੋ ਲਾਲ ਨੇ ਸ਼ਾਹ ਹੁਸੈਨ ਨੂੰ ਆਪਣਾ ਮੁਰਸ਼ਦ ਬਣਾ ਲਿਆ ਅਤੇ ਉਨ੍ਹਾਂ ਦੀ ਸੰਗਤ ਵਿਚ ਜ਼ਿਆਦਾ ਤੋਂ ਜ਼ਿਆਦਾ ਰਹਿਣ ਲੱਗਾ।

ਇਸੇ ਤਰ੍ਹਾਂ ਇਕ ਦਿਨ ਮਾਧੋ ਲਾਲ ਦੇ ਮਾਪੇ ਹਰਿਦੁਆਰ ਗੰਗਾ ਇਸ਼ਨਾਨ ਲਈ ਜਾਣ ਵਾਲੇ ਸਨ ਅਤੇ ਉਹ ਇਸ ਦੌਰਾਨ ਆਪਣੇ ਪੁੱਤਰ ਮਾਧੋ ਲਾਲ ਨੂੰ ਵੀ ਨਾਲ ਲਿਜਾਣਾ ਚਾਹੁੰਦੇ ਸਨ। ਹਰਿਦੁਆਰ ਜਾਣ ਦੀ ਗੱਲ ਜਦ ਮਾਧੋ ਲਾਲ ਨੇ ਆਪਣੇ ਮੁਰਸ਼ਦ ਸ਼ਾਹ ਹੁਸੈਨ ਨਾਲ ਕੀਤੀ ਤਾਂ ਉਹ ਇਸ ਲਈ ਉਦਾਸ ਹੋ ਗਏ, ਕਿਉਂਕਿ ਮਾਧੋ ਲਾਲ ਨਾਲੋਂ ਕੁਝ ਸਮੇਂ ਦਾ ਵਿਛੋੜਾ ਵੀ ਸਹਿ ਨਹੀਂ ਸੀ ਸਕਦੇ। ਇਸ ਲਈ ਉਨ੍ਹਾਂ ਨੇ ਮਾਧੋ ਲਾਲ ਨੂੰ ਕਿਹਾ ਕਿ ਉਹ ਆਪਣੇ ਮਾਪਿਆਂ ਨੂੰ ਹਰਿਦੁਆਰ ਲਈ ਜਾਣ ਦੇਵੇ ਅਤੇ ਉਹ ਉਸ ਨੂੰ ਖ਼ੁਦ ਲਿਜਾ ਕੇ ਗੰਗਾ ਇਸ਼ਨਾਨ ਕਰਵਾ ਲਿਆਉਣਗੇ ਅਤੇ ਵਾਅਦਾ ਕੀਤਾ ਕਿ ਉਹ ਆਪਣੇ ਮਾਪਿਆਂ ਨਾਲ ਹੀ ਗੰਗਾ ਇਸ਼ਨਾਨ ਕਰੇਗਾ।

ਇਸ ਦੌਰਾਨ ਕੁਝ ਦਿਨ ਬੀਤ ਗਏ ਤੇ ਸ਼ਾਹ ਹੂਸੈਨ ਨੇ ਵੇਖਿਆ ਕਿ ਮਾਧੋ ਲਾਲ ਕੁਝ ਉਦਾਸ ਰਹਿਣ ਲੱਗਾ ਹੈ ਤਾਂ ਇਕ ਦਿਨ ਉਨ੍ਹਾਂ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਉਦਾਸ ਰਹਿਣ ਦਾ ਕਾਰਨ ਪੁੱਛਿਆ ਤਾਂ ਮਾਧੋ ਲਾਲ ਨੇ ਕਿਹਾ ਕਿ ਉਹ ਆਪਣੇ ਮਾਪਿਆਂ ਨਾਲ ਇਸ ਸਮੇਂ ਹਰਿਦੁਆਰ ’ਚ ਗੰਗਾ ਇਸ਼ਨਾਨ ਲਈ ਹਾਜ਼ਰ ਰਹਿਣਾ ਚਾਹੁੰਦਾ ਸੀ ਪਰ ਹੁਣ ਕਾਫੀ ਦਿਨ ਬੀਤ ਗਏ ਨੇ ਤੇ ਉਸ ਦਾ ਆਪਣੇ ਮਾਪਿਆਂ ਕੋਲ ਇਸ ਸਮੇਂ ਪਹੁੰਚਣਾ ਮੁਸ਼ਕਲ ਹੈ।

ਇਸ ’ਤੇ ਸ਼ਾਹ ਹੁਸੈਨ ਜੀ ਮੁਸਕਰਾਉਣ ਲੱਗੇ ਅਤੇ ਕਿਹਾ ਕਿ ਅਸੀਂ ਤੇਰੇ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰਾਂਗੇ। ਇੰਨੀ ਗੱਲ ਸੁਣ ਕੇ ਮਾਧੋ ਲਾਲ ਨੇ ਸ਼ਾਹ ਹੁਸੈਨ ਦੇ ਕਹਿਣ ਮੁਤਾਬਕ ਅੱਖਾਂ ਬੰਦ ਕਰ ਕੇ ਆਪਣਾ ਸੀਸ ਸ਼ਾਹ ਹੁਸੈਨ ਦੇ ਚਰਨਾਂ ’ਚ ਰੱਖ ਦਿੱਤਾ ਅਤੇ ਜਦੋਂ ਮਾਧੋ ਲਾਲ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹ ਗੰਗਾ ’ਚ ਖੜ੍ਹਾ ਸੀ ਤੇ ਉਸ ਦੇ ਮਾਪੇ ਵੀ ਉਸ ਦੇ ਸਾਹਮਣੇ ਮੌਜੂਦ ਸਨ। ਇਸ ਦੌਰਾਨ ਉਸ ਨੇ ਆਪਣੇ ਮਾਪਿਆਂ ਨਾਲ ਗੰਗਾ ਇਸ਼ਨਾਨ ਕੀਤਾ। ਇਸ ਤੋਂ ਬਾਅਦ ਜਦ ਮਾਧੋ ਲਾਲ ਅੱਖਾਂ ਖੋਲ੍ਹਦਾ ਹੈ ਤਾਂ ਖ਼ੁਦ ਨੂੰ ਆਪਣੇ ਮੁਰਸ਼ਦ ਦੇ ਚਰਨਾਂ ਵਿਚ ਦੇਖਦਾ ਹੈ। ਇਹ ਦਿ੍ਰਸ਼ ਦੇਖ ਕੇ ਮਾਧੋ ਲਾਲ ਆਪਣੇ ਮੁਰਸ਼ਦ ਦੇ ਹੋਰ ਵੀ ਕਰੀਬ ਹੋ ਗਿਆ ਅਤੇ ਆਪਣਾ ਸਾਰਾ ਜੀਵਨ ਆਪਣੇ ਮੁਰਸ਼ਦ ਦੇ ਲੇਖੇ ਲਾ ਦਿੱਤਾ।

ਸ਼ਾਹ ਹੂਸੈਨ ਦਾ ਦੇਹਾਂਤ ਸ਼ਾਹਦਰੇ ਵਿਖੇ ਰਾਵੀ ਨਦੀ ਦੇ ਕੰਢੇ ਹੋਇਆ ਅਤੇ ਲਾਹੌਰ ’ਚ ਵੀ ਉਸ ਦੀ ਮਜਾਰ ਕਾਇਮ ਹੈ। ਜਿੱਥੇ ਹਰ ਸਾਲ ਬਸੰਤ ਦਾ ਮੇਲਾ ਲੱਗਦਾ ਹੈ। ਉਸਨੂੰ ਲੋਕੀ ‘ਚਿਰਾਗ਼ਾਂ ਦਾ ਮੇਲਾ’ ਜਾਂ ਸ਼ਾਲਾਮਾਰ ਬਾਗ਼ ਦਾ ਮੇਲਾ ਵੀ ਆਖਦੇ ਹਨ। ਮਾਧੋ ਲਾਲ ਨੇ ਸ਼ਾਹ ਹੁਸੈਨ ਦੇ ਸਰੀਰਕ ਚੌਲਾ ਛੱਡਣ ਤੋਂ ਬਾਅਦ 25 ਸਾਲ ਉਨ੍ਹਾਂ ਦੀ ਮਜਾਰ ’ਤੇ ਸੇਵਾ ਕੀਤੀ ਅਤੇ ਗੱਦੀਨਸ਼ੀਨ ਰਹੇ।

ਮਾਧੋ ਲਾਲ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਵੀ ਸ਼ਾਹ ਹੁਸੈਨ ਦੀ ਕਬਰ ਦੇ ਨੇੜੇ ਹੀ ਦਫਨਾ ਦਿੱਤਾ ਗਿਆ।

ਸ਼ਾਹ ਹੁਸੈਨ ਦੇ ਮਾਧੋ ਲਾਲ ਨਾਲ ਇਸ ਰਿਸ਼ਤੇ ਕਾਰਨ ਹੀ ਕਈ ਇਤਿਹਾਸਕਾਰ ਉਨ੍ਹਾਂ ਨੂੰ ਮਾਧੋ ਲਾਲ ਹੁਸੈਨ ਵੀ ਲਿਖਦੇ ਹਨ।

ਸੱਜਣ ਦੇ ਗਲ ਬਾਂਹ ਅਸਾਡੀ, ਕਿਉਂ ਕਰ ਆਖਾਂ ਛੱਡ ਵੇ ਅੜਿਆ।

ਪੋਸਤੀਆਂ ਦੇ ਪੋਸਤ ਵਾਂਗੂੰ, ਅਮਲ ਪਇਆ

ਸਾਡੇ ਹੱਡ ਵੇ ਅੜਿਆ।

ਰਾਮ ਨਾਮ ਦੇ ਸਿਮਰਨ ਬਾਝੋਂ ਜੀਵਨ ਦਾ ਕੀ ਹੱਜ ਵੇ ਅੜਿਆ।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਸਾਹਿਬ ਦੇ ਲੜ ਲੱਗ ਵੇ ਅੜਿਆ।

- ਸੁਖਵਿੰਦਰ ਸੰਧੂ

(98785-96522)

Posted By: Harjinder Sodhi