ਸਾਧੂ ਸਿੰਘ ਬੇਦਿਲ ਬਰਨਾਲਾ ਇਲਾਕੇ ਦੇ ਉਹ ਕਵੀ ਸਨ, ਜਿਹੜੇ ਗ਼ਜ਼ਲ ਲਿਖਣ ਦੀ ਮੁਹਾਰਤ ਰੱਖਦੇ ਸਨ। ਗ਼ਜ਼ਲ ਬਾਰੇ ਉਨ੍ਹਾਂ ਨੂੰ ਗੰਭੀਰ ਜਾਣਕਾਰੀ ਸੀ। ਅੱਠ-ਦਸ ਬਹਿਰਾਂ ਦਾ ਉਨ੍ਹਾਂ ਨੂੰ ਆਬੂਰ ਹਾਸਿਲ ਸੀ। ਉਹ ਚੇਤਨ ਸਨ। ਗੁਰਬਾਣੀ ਦੇ ਗਿਆਤਾ ਵੀ।
ਸਿੱਖ ਇਤਿਹਾਸ ਦੀ ਵੀ ਉਨ੍ਹਾਂ ਨੂੰ ਜਾਣਕਾਰੀ ਸੀ। ਉਨ੍ਹਾਂ ਦੇ ਪਿੰਡ ਦਾਨਗੜ੍ਹ ਦੇ ਲੋਕ ਉਨ੍ਹਾਂ ਦੀ ਇਸ ਅਹਿਮੀਅਤ ਨੂੰ ਭਲੀ-ਭਾਂਤ ਜਾਣਦੇ ਸਨ ਅਤੇ ਗੁਰਦੁਆਰਾ ਸਾਹਿਬ ਵਿਚ ਹੋਣ ਵਾਲ਼ੇ ਇਤਿਹਾਸਕ ਦਿਹਾੜਿਆਂ ਦੇ ਮੌਕੇ ’ਤੇ ਉਨ੍ਹਾਂ ਦੇ ਵਿਚਾਰ ਸੁਣਨੇ ਵੀ ਪਸੰਦ ਕਰਦੇ ਸਨ। ਉਨ੍ਹਾਂ ਦੀਆਂ ਰਚਨਾਵਾਂ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਸਨ। ਨਵੇਂ ਲੇਖਕਾਂ ਨੂੰ ਉਹ ਬੇਹੱਦ ਉਤਸ਼ਾਹ ਦਿੰਦੇ ਸਨ। ਜਦੋਂ ਉਨ੍ਹਾਂ ਨੂੰ ਅਹਿਸਾਸ ਹੋ ਜਾਂਦਾ ਕਿ ਇਹ ਲੇਖਕ ਤਰੱਕੀ ਕਰ ਸਕਦਾ ਹੈ, ਉਸ ਨਾਲ਼ ਨਿਰੰਤਰ ਸੰਪਰਕ ਬਣਾ ਕੇ ਵੀ ਰੱਖਦੇ। ਮੈਂ ਉਨ੍ਹਾਂ ਵਿੱਚੋਂ ਇਕ ਸੀ।
ਇਕ ਵਾਰ ਉਹ ਤਪਾ ਵਿਖੇ ਲੋਕ ਲਿਖਾਰੀ ਸਭਾ ਤਪਾ ਦੀ ਮੀਟਿੰਗ ਵਿਚ ਆਏ। ਇਹ ਗੱਲ ਅੱਠਵੇਂ ਦਹਾਕੇ ਦੇ ਅੰਤ ਦੀ ਹੈ। ਉਨ੍ਹਾਂ ਨੇ ਆਪਣੀਆਂ ਕਈ ਗ਼ਜ਼ਲਾਂ ਸੁਣਾਈਆਂ। ਇਹ ਉਹ ਦਿਨ ਸਨ, ਜਦੋਂ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਵਿਚ ਵੀ ਅੱਜ ਦੇ ਸਮਾਗਮਾਂ ਨਾਲ਼ੋਂ ਵੱਧ ਇਕੱਠ ਹੋ ਜਾਂਦਾ ਸੀ। ਲੇਖਕ ਅਤੇ ਸਾਹਿਤਕ ਮੱਸ ਰੱਖਣ ਵਾਲ਼ੇ ਲੋਕ ਪੱਚੀ-ਪੱਚੀ ਤੀਹ-ਤੀਹ ਕਿਲੋਮੀਟਰ ਸਫ਼ਰ ਕਰ ਕੇ ਮੀਟਿੰਗਾਂ ਵਿਚ ਸ਼ਾਮਿਲ ਹੁੰਦੇ ਸਨ।
ਸਮਾਗਮ ਹੋਣ ਪਿੱਛੋਂ ਮੈਂ ਉਨ੍ਹਾਂ ਨੂੰ ਆਪਣੀ ਸਕੂਲ ਰੋਡ ਵਾਲ਼ੀ ਟੇਲਰ ਦੀ ਦੁਕਾਨ ’ਤੇ ਲੈ ਗਿਆ। ਉਨ੍ਹਾਂ ਨੇ ਮੇਰੇ ਨਾਲ਼ ਕਾਫ਼ੀ ਗੱਲਾਂ ਕੀਤੀਆਂ, ਜਿਨ੍ਹਾਂ ਦਾ ਤੱਤ-ਸਾਰ ਇਹ ਸੀ ਕਿ ਮੈਨੂੰ ਵੱਡੇ ਲੇਖਕਾਂ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਅਤੇ ਗੰਭੀਰ ਹੋ ਕੇ ਲਿਖਣਾ ਚਾਹੀਦਾ ਹੈ। ਉਨ੍ਹਾਂ ਤੋਂ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਗ਼ਜ਼ਲ, ਗੀਤ ਜਾਂ ਤੁਕ-ਬੰਦ ਕਵਿਤਾ ਦਾ ਕੋਈ ਵਜ਼ਨ-ਬਹਿਰ ਵੀ ਹੁੰਦਾ ਹੈ। ਉਹ ਮੈਨੂੰ ਜਾਂਦੇ ਹੋਏ ਇਹ ਵੀ ਕਹਿ ਗਏ ਕਿ ਮੈਂ ਉਨ੍ਹਾਂ ਦੇ ਪਿੰਡ ਦਾਨਗੜ੍ਹ ਵੀ ਮਿਲਣ ਆਵਾਂ ਅਤੇ ਰਾਤ ਰਹਿ ਕੇ ਆਵਾਂ।
ਲੋਕ ਲਿਖਾਰੀ ਸਭਾ ਦਾ ਮੈਂ ਜਨਰਲ ਸੈਕਟਰੀ ਸੀ। ਦੋ ਮਹੀਨਿਆਂ ਬਾਅਦ ਅਸੀਂ ਕੋਈ ਨਾ ਕੋਈ ਸਾਹਿਤਕ ਸਮਾਗਮ ਕਰਦੇ ਸੀ ਅਤੇ ਹਰ ਮਹੀਨੇ ਮੀਟਿੰਗ। ਇਕ ਸਮਾਗਮ ਵਿਚ ਅਸੀਂ ਪ੍ਰਸਿੱਧ ਕਹਾਣੀਕਾਰ ਸੰਤੋਖ ਸਿੰਘ ਧੀਰ ਨੂੰ ਬੁਲਾਇਆ ਤੇ ਸਾਧੂ ਸਿੰਘ ਬੇਦਿਲ ਵੀ ਆਏ। ਸਮਾਗਮ ਪਿੱਛੋਂ ਉਹ ਬੇਦਿਲ ਸਾਹਿਬ ਨਾਲ਼ ਖੁੱਲ੍ਹ ਕੇ ਗੱਲਾਂ ਕਰਨ ਲੱਗੇ। ਲੱਗ ਰਿਹਾ ਸੀ, ਜਿਵੇਂ ਉਹ ਇਕ-ਦੂਜੇ ਨੂੰ ਬੜੇ ਲੰਮੇ ਸਮੇਂ ਤੋਂ ਜਾਣਦੇ ਹੋਣ। ਸਮਾਗਮ ਪਿੱਛੋਂ ਸਾਧੂ ਸਿੰਘ ਬੇਦਿਲ ਤਾਂ ਚਲੇ ਗਏ ਪਰ ਸੰਤੋਖ ਸਿੰਘ ਧੀਰ ਮੇਰੇ ਕਿਰਾਏ ’ਤੇ ਲਏ ਮਕਾਨ ਵਿਚ ਰਹੇ। ਸਾਧੂ ਸਿੰਘ ਬੇਦਿਲ ਦੀ ਗੱਲ ਚੱਲੀ ਤਾਂ ਉਹ ਕਹਿੰਦੇ, ‘‘ਇਹ ਬੰਦਾ ਤਾਂ ਬਹੁਤ ਗੁਣੀ-ਗਿਆਨੀ ਹੈ ਪਰ ਆਪਣੇ ਲਿਖਣ-ਕਾਰਜ ਨੂੰ ਸਮਰਪਿਤ ਘੱਟ ਹੈ। ਇਹਦਾ ਹਾਸੇ-ਠੱਠੇ ਦਾ ਸੁਭਾਅ ਹੈ। ਕਈ ਵਾਰ ਗੰਭੀਰ ਤੋਂ ਗੰਭੀਰ ਗੱਲ ਵੀ ਹਾਸੇ ’ਚ ਉਡਾ ਦਿੰਦਾ ਹੈ।’’
ਅੱਜ ਜਦੋਂ ਮੈਂ ਇਸ ਗੱਲ ਨੂੰ ਲਗਪਗ 45 ਸਾਲ ਬਾਅਦ ਵਾਚ ਰਿਹਾ ਹਾਂ ਤਾਂ ਇਹ ਕਿਸੇ ਹੱਦ ਤੱਕ ਸਹੀ ਵੀ ਲਗਦੀ ਹੈ। ਲਗਦਾ ਹੈ, ਜਿੰਨਾ ਗਿਆਨ ਉਨ੍ਹਾਂ ਕੋਲ ਸੀ, ਉਨ੍ਹਾਂ ਨੇ ਆਪਣਾ ਸਾਰਾ ਗਿਆਨ ਆਪਣੀਆਂ ਲਿਖੀਆਂ ਜਾਣ ਵਾਲ਼ੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਵਿਚ ਨਹੀਂ ਸਮੋਇਆ। ਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਹਿ ‘ਗੁਨਾਹਗਾਰ’ ਸੀ। ਦੂਜੀ ਪੁਸਤਕ ‘ਮੰਜ਼ਿਲਾਂ ਤੇ ਕਾਫ਼ਲੇ’ ਸੀ। ਇਨ੍ਹਾਂ ਦੋਵਾਂ ਪੁਸਤਕਾਂ ਵਿਚ ਕਵਿਤਾਵਾਂ ਅਤੇ ਗ਼ਜ਼ਲਾਂ ਸਨ ਅਤੇ ਉਨ੍ਹਾਂ ਦਾ ਤੀਜਾ ਗ਼ਜ਼ਲ ਸੰਗ੍ਰਹਿ ‘ਥੋਹਰਾਂ ਵਿਚ ਘਿਰਿਆ ਹੋਇਆ ਗੁਲਾਬ’ ਸੀ ਤੇ ਉਨ੍ਹਾਂ ਦੇ ਜਿਉਦੇ-ਜੀਅ ਇਹ ਤਿੰਨ ਪੁਸਤਕਾਂ ਹੀ ਛਪ ਸਕੀਆਂ।
ਆਪਣੇ ਆਲ਼ੇ-ਦੁਆਲ਼ੇ ਦੇ ਬਹੁਤ ਸਾਰੇ ਪਿੰਡਾਂ ਵਿਚ ਉਹ ਗੁਰਬਾਣੀ ਅਤੇ ਪੰਜਾਬੀ ਬੋਲੀ ਦੇ ਉਚਾਰਨ ਸਬੰਧੀ ਸਭ ਤੋਂ ਵੱਧ ਗਿਆਤਾ ਸਨ। ਉਨ੍ਹਾਂ ਦੀ ਬਹੁਤ ਵਾਰ ਕਵੀਸ਼ਰਾਂ, ਕੀਰਤਨੀਆਂ ਅਤੇ ਕਹਿੰਦੇ-ਕਹਾਉਦੇ ਪਾਠੀਆਂ ਨਾਲ਼ ਉਚਾਰਨ ਦੇ ਮਾਮਲੇ ’ਤੇ ਅੜ-ਫਸ ਵੀ ਹੁੰਦੀ ਰਹਿੰਦੀ ਸੀ ਪਰ ਉਨ੍ਹਾਂ ਦੀ ਸੂਝ ਦੇ ਅੱਗੇ ਨਾ ਮੰਨਣ ਵਾਲ਼ਾ ਵਿਅਕਤੀ ਅੜ ਨਹੀਂ ਸੀ ਸਕਦਾ। ਪੰਜਾਂ-ਸੱਤਾਂ ਮਿੰਟਾਂ ਵਿਚ ਹੀ ਹਵਾ ’ਚ ਸੁੱਕੇ ਪੱਤੇ ਵਾਂਗ ਉੱਡ ਜਾਂਦਾ ਸੀ। ਲੋਕ ਲਿਖਾਰੀ ਸਭਾ ਪੰਜਾਬੀ ਕਹਾਣਕਾਰ ਐੱਸ. ਤਰਸੇਮ ਨੇ ਬਣਾਈ ਸੀ। ਤਪਾ ਮੰਡੀ ਵਿਚ ਪਹਿਲੀ ਸਭਾ ਪੰਜਾਬੀ ਸਾਹਿਤ ਸਭਾ ਸੀ। ਉਸ ਨੂੰ ਮੁੱਖ ਤੌਰ ’ਤੇ ਪੰਜਾਬੀ ਕਵੀ ਸੀ. ਮਾਰਕੰਡਾ ਚਲਾਉਦਾ ਸੀ। ਐੱਸ. ਤਰਸੇਮ ਵੀ ਉਸੇ ਸਭਾ ਵਿਚ ਸੀ ਪਰ ਫੇਰ ਐੱਸ. ਤਰਸੇਮ ਤੇ ਸੀ. ਮਾਰਕੰਡਾ ਵਿਚ ਕਿਸੇ ਗੱਲ ਨੂੰ ਲੈ ਕੇ ਮੱਤਭੇਦ ਹੋ ਗਏ ਸਨ ਅਤੇ ਪੁਰਾਣੀ ਸਭਾ ਦੀਆਂ ਦੋ ਸਭਾਵਾਂ ਬਣ ਗਈਆਂ ਸਨ। ਲੋਕ ਲਿਖਾਰੀ ਸਭਾ ਦਾ ਐੱਸ. ਤਰਸੇਮ ਕਰਤਾ-ਧਰਤਾ ਸੀ। ਮੇਰੀ ਦੁਕਾਨ ਸਕੂਲ ਰੋਡ ’ਤੇ ਛੇ ਨੰਬਰ ਗਲੀ ਕੋਲ਼ ਸੀ। ਐੱਸ. ਤਰਸੇਮ ਦਾ ਘਰ ਅੱਠ ਨੰਬਰ ਗਲੀ ਵਿਚ ਸੀ। ਨੇੜੇ ਹੋਣ ਕਰਕੇ ਮੈਂ ਐੱਸ. ਤਰਸੇਮ ਦੇ ਬਹੁਤਾ ਨੇੜੇ ਆ ਗਿਆ। ਜਿਹੜੇ ਸਕੂਲ ਵਿਚ ਉਹ ਪੜ੍ਹਾਉਦੇ ਸਨ, ਉਹ ਵੀ ਅੱਠ ਨੰਬਰ ਗਲੀ ਦੀ ਨੁੱਕਰ ’ਤੇ ਸੀ। ਉਹ ਲੰਘਦੇ-ਟਪਦੇ ਵੀ ਮੇਰੀ ਦੁਕਾਨ ’ਤੇ ਆਉਦੇ ਰਹਿੰਦੇ ਸਨ ਪਰ ਜਦੋਂ ਐੱਸ. ਤਰਸੇਮ ਪੰਜਾਬ ਸਰਕਾਰ ਦੇ ਨੇਤਰਹੀਣਾਂ ਨੂੰ ਸਮਰਪਿਤ ਕੀਤੇ ਗਏ ਵਰ੍ਹੇ ਦੌਰਾਨ ਪ੍ਰੋਫੈਸਰ ਬਣ ਕੇ ਮਾਲੇਰਕੋਟਲਾ ਦੇ ਸਰਕਾਰੀ ਕਾਲਜ ਵਿਚ ਚਲੇ ਗਏ ਤਾਂ ਮੈਂ ਸੀ. ਮਾਰਕੰਡਾ ਦੇ ਨੇੜੇ ਚਲਿਆ ਗਿਆ। ਇਸਦਾ ਕਾਰਨ ਮੇਰਾ ਸੀ. ਮਾਰਕੰਡਾ ਤੋਂ ਆਰੀਆ ਹਾਈ ਸਕੂਲ ਵਿਚ ਪੜ੍ਹੇ ਹੋਣਾ ਵੀ ਸੀ। ਫੇਰ ਜਦੋਂ ਸਭਾ ਦੀ ਚੋਣ ਹੋਈ ਤਾਂ ਅਸੀਂ ਸਾਧੂ ਸਿੰਘ ਬੇਦਿਲ ਨੂੰ ਪੰਜਾਬੀ ਸਾਹਿਤ ਸਭਾ ਦਾ ਪ੍ਰਧਾਨ ਬਣਾ ਲਿਆ।
ਸਾਧੂ ਸਿੰਘ ਬੇਦਿਲ ਬੜੇ ਤਨਜ਼ੀਆ ਸੁਭਾਅ ਦੇ ਸਨ। ਇਕ ਵਾਰ ਪੰਜਾਬੀ ਸਾਹਿਤ ਸਭਾ ਬਰਨਾਲਾ ਨੇ ਐੱਸ.ਡੀ. ਕਾਲਜ ਬਰਨਾਲਾ ਵਿਚ ਇਕ ਪ੍ਰੋਗਰਾਮ ਕਰਵਾਇਆ, ਜਿਸਦੀ ਪ੍ਰਧਾਨਗੀ ਲਈ ਉਸ ਵੇਲ਼ੇ ਦੇ ਰੋਜ਼ਾਨਾ ‘ਅਜੀਤ’ ਦੇ ਸੰਪਾਦਕ ਡਾ. ਸਾਧੂ ਸਿੰਘ ਹਮਦਦਰਦ ਆਏ। ਇਕ ਵਿਦਵਾਨ ਨੇ ਪਹਿਲਾਂ ਕਿਸੇ ਵਿਸ਼ੇ ’ਤੇ ਆਪਣਾ ਪੇਪਰ ਪੜ੍ਹਿਆ। ਉਸ ਉੱਪਰ ਬਹਿਸ ਪਿੱਛੋਂ ਜਦੋਂ ਸਟੇਜ ਸੈਕਟਰੀ ਰਾਮ ਸਰੂਪ ਅਣਖੀ ਨੇ ਕਿਹਾ ਕਿ ਹੁਣ ਕਵੀ ਦਰਬਾਰ ਹੋਵੇਗਾ। ਪਹਿਲਾਂ ਦਿਮਾਗ਼ ਦੀ ਗੱਲ ਹੁੰਦੀ ਸੀ ਅਤੇ ਹੁਣ ਕਵੀ ਦਰਬਾਰ ਵਿਚ ਦਿਲਾਂ ਦੀ ਗੱਲ ਹੋਵੇਗੀ ਤਾਂ ਮੂਹਰਲੀ ਕਤਾਰ ਵਿਚ ਬੈਠੇ ਸਾਧੂ ਸਿੰਘ ਬੇਦਿਲ ਬੋਲੇ, ‘‘ਜੇ ਦਿਲਾਂ ਦੀ ਗੱਲ ਚੱਲਣੀ ਹੈ ਤਾਂ ਮੈਂ ਬਾਹਰ ਜਾਵਾਂ?’’
ਉਨ੍ਹਾਂ ਦੇ ਇਹ ਕਹਿਣ ਦੀ ਦੇਰ ਸੀ ਕਿ ਸਾਰਾ ਹਾਲ ਹਾਸੇ ਨਾਲ਼ ਗੂੰਜਣ ਲੱਗ ਪਿਆ। ਭਾਵੇਂ ਇਨ੍ਹਾਂ ਗੱਲਾਂ ਨੂੰ ਚਾਰ ਦਹਾਕਿਆਂ ਤੋਂ ਵੱਧ ਹੋ ਚੁੱਕੇ ਹਨ ਪਰ ਮੇਰੇ ਕੱਲ੍ਹ ਵਾਂਗ ਯਾਦ ਹੈ। ਸਾਧੂ ਸਿੰਘ ਬੇਦਿਲ ਦੇ ਪਿੰਡ ਦਾਨਗੜ੍ਹ ਜਾਣਾ, ਮੈਂ ਤਪਾ ਮੰਡੀ ਤੋਂ ਧਨੌਲੇ ਜਾਂਦਾ। ਫੇਰ ਉੱਥੋਂ ਤੁਰ ਕੇ ਹੀ ਿਕ ਰੋਡ ਪੈ ਕੇ ਉਨ੍ਹਾਂ ਦੇ ਪਿੰਡ ਜਾਂਦਾ। ਰਾਹ ਦੇ ਨਾਲ਼-ਨਾਲ਼ ਸਫ਼ੈਦੇ ਲੱਗੇ ਹੁੰਦੇ, ਜੋ ਮਨ ਨੂੰ ਬੜੀ ਖਿੱਚ ਪਾਉਦੇ। ਆਲ਼ੇ-ਦੁਆਲ਼ੇ ਦੀਆਂ ਫ਼ਸਲਾਂ ਗੱਲਾਂ ਕਰਦੀਆਂ ਲਗਦੀਆਂ।
ਉਹ ਦਿਨ ਹੀ ਬੜੇ ਅਜੀਬ ਸੀ। ਬਿਨਾਂ ਦੱਸਿਆਂ ਹੀ ਮਨ ਦੇ ਵੇਗ ’ਚ ਆ ਕੇ ਇਕ-ਦੂਜੇ ਲੇਖਕ ਕੋਲ਼ ਚਲੇ ਜਾਂਦੇ ਸਨ। ਦੇਰ ਰਾਤ ਤੱਕ ਗੱਲਾਂ ਕਰਦੇ। ਅਗਲੇ ਦਿਨ ਆਉਦੇ। ਹੁਣ ਇਹ ਗੱਲਾਂ ਬੀਤੇ ਸਮੇਂ ਦੀਆਂ ਗੱਲਾਂ ਬਣ ਗਈਆਂ ਹਨ। ਹੁਣ ਕੌਣ ਜਾਂਦਾ ਹੈ ਕਿਸੇ ਕੋਲ਼? ਕੌਣ ਕਟਾਉਦਾ ਹੈ ਕਿਸੇ ਨੂੰ ਰਾਤ? ਕਿੱਥੇ ਕਰਦੇ ਨੇ ਲੇਖਕ ਇਕੱਠੇ ਹੋ ਕੇ ਸਾਹਿਤ ਦੀਆਂ ਗੱਲਾਂ? ਕਰਦੇ ਵੀ ਨੇ ਤਾਂ ਘੰਟੇ-ਅੱਧੇ ਘੰਟੇ ਲਈ, ਜਾਂ ਕਿਸੇ ਹੋਟਲ ਜਾਂ ਅਹਾਤੇ ਵਿਚ ਹਵਾ-ਪਿਆਜੀ ਹੁੰਦੇ ਹਨ।
ਫੇਰ ਮੇਰੇ ਜੀਵਨ ’ਚ ਅਜਿਹਾ ਮੋੜ ਆਇਆ ਕਿ ਮੈਂ ਸਿਲਾਈ ਦਾ ਕੰਮ ਛੱਡ ਕੇ ਨੌਵੇਂ ਦਹਾਕੇ ਦੇ ਆਰੰਭ ਵਿਚ ਪੱਤਰਕਾਰਤਾ ਦੇ ਖੇਤਰ ਵਿਚ ਆ ਗਿਆ। ਪੱਤਰਕਾਰੀ ਹੀ ਮੈਨੂੰ ਤਪਾ ਮੰਡੀ ਤੋਂ ਬਰਨਾਲੇ ਲੈ ਆਈ। ਫੇਰ ਇਕ ਦਿਨ ਸਾਧੂ ਸਿੰਘ ਬੇਦਿਲ ਤੜਕੇ-ਤੜਕੇ ਮੇਰੇ ਘਰ ਆਏ। ਕੋਈ ਮੁੰਡਾ ਉਨ੍ਹਾਂ ਨੂੰ ਮੋਟਰਸਾਈਕਲ ’ਤੇ ਲੈ ਕੇ ਆਇਆ ਸੀ। ਮੈਨੂੰ ਉਨ੍ਹਾਂ ਨੇ ਬੜੀ ਅਧੀਨਗੀ ਨਾਲ਼ ਆਪਣਾ ਇਕ ਮਸਲਾ ਦੱਸਿਆ। ਗੱਲ ਇਹ ਸੀ ਕਿ ਪਿੰਡ ਦੀ ਪੰਚਾਇਤ ਦੀ ਸ਼ਹਿ ’ਤੇ ਉਨ੍ਹਾਂ ਦਾ ਇਕ ਗੁਆਂਢੀ ਉਨ੍ਹਾਂ ਦੀ ਬੈਠਕ ਅਤੇ ਘਰ ਅੱਗੋਂ ਦੀ ਨਾਲ਼ੀ ਬਣਵਾਉਣਾ ਚਾਹੁੰਦਾ ਸੀ, ਜਿਸ ਨੂੰ ਉਹ ਨਹੀਂ ਸੀ ਬਣਨ ਦੇਣਾ ਚਾਹੁੰਦੇ। ਮੈਂ ਉਨ੍ਹਾਂ ਦੀ ਜਿੰਨੀ ਮੱਦਦ ਕਰ ਸਕਿਆ, ਕੀਤੀ। ਅੰਤ ਉਨ੍ਹਾਂ ਦੀ ਜ਼ਿੱਦ ਪੁੱਗ ਗਈ ਸੀ।
ਮੇਰੇ ਮਨ ’ਤੇ ਉਨ੍ਹਾਂ ਵੱਲੋਂ ਮੇਰੇ ਮੁੱਢਲੇ ਸਾਹਿਤਕ ਪੜਾਅ ’ਤੇ ਦਿੱਤਾ ਗਿਆ ਸਹਿਯੋਗ ਉੱਕਰਿਆ ਪਿਆ ਸੀ। ਇਸ ਸਹਿਯੋਗ ਦਾ ਰਿਣ ਉਤਾਰਨ ਲਈ ਮੈਂ ਪਹਿਲਾਂ ਆਪਣੇ ਪਿੰਡੋਂ ਉਨ੍ਹਾਂ ਦੇ ਇਕ ਲੜਕੇ ਨੂੰ ਰਿਸ਼ਤਾ ਕਰਵਾਉਣਾ ਚਾਹਿਆ। ਜਦੋਂ ਮੈਂ ਜਾਂਦਾ ਸੀ, ਉਨ੍ਹਾਂ ਦੇ ਦੋ ਛੋਟੇ ਲੜਕੇ ਹੀ ਰੋਟੀ-ਟੁੱਕ ਦਾ ਕੰਮ ਕਰਦੇ ਸਨ। ਮੈਂ ਕੁੜੀ ਦੇ ਭਰਾ ਨੂੰ ਉਨ੍ਹਾਂ ਦਾ ਇਹ ਲੜਕਾ ਵਿਖਾਉਣ ਲਈ ਵੀ ਲੈ ਕੇ ਗਿਆ ਪਰ ਘਰ ’ਚ ਕੋਈ ਔਰਤ ਨਾ ਹੋਣ ਕਾਰਨ ਕੁੜੀ ਵਾਲ਼ਿਆਂ ਨੇ ਪੈਰ ਨਾ ਲਾਏ ਪਰ ਮੇਰੇ ਹੱਥ ਉਨ੍ਹਾਂ ਦਾ ਰਿਣ ਉਤਾਰਨ ਲਈ ਇਕ ਮੌਕਾ ਆਪਣੇ ਆਪ ਆ ਗਿਆ। ਮੇਰੇ ਕੋਲ਼ ਕੋਈ ਵਿਦੇਸ਼ੀ ਲੇਖਕ ਆਇਆ, ਜਿਹੜਾ ਉੱਧਰਲੀ ਕਿਸੇ ਸੰਸਥਾ ਦਾ ਮੁਖੀ ਸੀ। ਆਉਣ ਵਾਲ਼ੇ ਲੇਖਕ ਦੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਸਨ। ਉਸਨੇ ਮੈਨੂੰ ਦੱਸਿਆ ਕਿ ਮੈਂ ਕੁਝ ਲਾਇਬ੍ਰੇਰੀਆਂ ਅਤੇ ਬਜ਼ੁਰਗ ਲੇਖਕਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦੇਣੇ ਹਨ। ਮੈਂ ਸਾਧੂ ਸਿੰਘ ਬੇਦਿਲ ਦਾ ਨਾਂ ਸੁਝਾਅ ਦਿੱਤਾ। ਮੈਂ ਉਨ੍ਹਾਂ ਨੂੰ ਦੱਸ ਦਿੱਤਾ। ਅਸੀਂ ਦਾਨਗੜ੍ਹ ਗਏ। ਸਰਕਾਰੀ ਹਾਈ ਸਕੂਲ ਵਿਚ ਗਏ ਤੇ ਉਨ੍ਹਾਂ ਨੂੰ ਸਨਮਾਨ ਵਜੋਂ ਨਕਦ ਰਾਸ਼ੀ ਭੇਟ ਕੀਤੀ। ਮੇਰਾ ਖ਼ਿਆਲ ਐ ਕਿ ਉਨ੍ਹਾਂ ਨੂੰ ਸਨਮਾਨ ਵਿਚ ਮਿਲਣ ਵਾਲੇ ਹੁਣ ਤੱਕ ਦੇ ਸਾਰੇ ਸਨਮਾਨਾਂ ਨਾਲ਼ੋਂ ਵੱਡੀ ਰਾਸ਼ੀ ਸੀ।
ਮੇਰੇ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਮੈਨੂੰ ਸ਼ੁੱਧ ਪੰਜਾਬੀ ਬੋਲਣ ਅਤੇ ਲਿਖਣ ਲਾਉਣ ਵਿਚ ਉਨ੍ਹਾਂ ਦਾ ਯੋਗਦਾਨ ਹੈ। ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਉਨ੍ਹਾਂ ਨੂੰ ਲੰਬੀ ਚਿੱਠੀ ਲਿਖਿਆ ਕਰਾਂ। ਮੈਂ ਜਦੋਂ ਕੋਈ ਮਨ ’ਚ ਗੱਲ ਆਉਦੀ, ਉਨ੍ਹਾਂ ਨੂੰ ਚਿੱਠੀ ਲਿਖਦਾ ਅਤੇ ਜਿਹੜੀਆਂ ਗ਼ਲਤੀਆਂ ਮੈਂ ਭਾਸ਼ਾ ’ਚ ਕੀਤੀਆਂ ਹੁੰਦੀਆਂ, ਉਹ ਚਿੱਠੀ ਮੈਨੂੰ ਮੋੜਵੀਂ ਡਾਕ ਵਿਚ ਹੱਥੀਂ ਚਿੱਟਾ ਲਿਫ਼ਾਫ਼ਾ ਬਣਾ ਕੇ ਤੇ ਉੱਤੇ ਟਿਕਟਾਂ ਲਾ ਕੇ ਭੇਜਦੇ।
ਇਕ ਵਾਰ ਮੈਂ ਉਨ੍ਹਾਂ ਕੋਲ ਗਿਆ। ਉਹ ਬਹੁਤ ਖ਼ੁਸ਼ ਸਨ ਕਿਉਕਿ ਪਿਛਲੇ ਹਫ਼ਤੇ ‘ਅਜੀਤ’ ਵਿਚ ਛਪਣ ਵਾਲ਼ੇ ‘ਗ਼ਜ਼ਲ ਫੁੱਲਬਾੜੀ’ ਅੰਕ ਵਿਚ ਮੇਰੀ ਗ਼ਜ਼ਲ ਦੇ ਤਿੰਨ ਸ਼ਿਅਰ ਛਪੇ ਸਨ। ਮੈਂ ਥੋੜ੍ਹਾ ਜਿਹਾ ਦਰਦ ਮਹਿਸੂਸ ਕਰਦਿਆਂ ਉਨ੍ਹਾਂ ਨੂੰ ਦੱਸਿਆ ਕਿ ਗ਼ਜ਼ਲ ਦੇ ਮੈਂ ਛੇ ਸ਼ਿਅਰ ਭੇਜੇ ਸਨ। ਪਤਾ ਨਹੀਂ ਕਿਉ ਤਿੰਨ ਕੱਟ ਦਿੱਤੇ।
ਉਹ ਗੰਭੀਰ ਹੋ ਕੇ ਕਹਿਣ ਲੱਗੇ, ‘‘ਅਜੀਤ ਵਿਚ ਤਿੰਨ ਸ਼ੇਅਰ ਛਪ ਜਾਣੇ ਹੀ ਤੀਹਾਂ ਵਰਗੇ ਨੇ। ਅੱਗੇ ਲਈ ਜਿਹੜੇ ਸ਼ਿਅਰ ਕਮਜ਼ੋਰ ਲੱਗਣ, ਆਪ ਹੀ ਕੱਟ ਦਿਆ ਕਰ। ਗ਼ਜ਼ਲ ਦੇ ਵੱਧੋ-ਵੱਧ ਸ਼ਿਅਰ ਲਿਖਿਆ ਕਰ। ਪੰਜ ਜਾਂ ਸੱਤ ਤੋਂ ਵੱਧ ਨਾ ਕਦੇ ਵੀ ਛਾਂਟੀਂ।’’
ਇਕ ਵਾਰ ਉਹ ਮੈਨੂੰ ਬਰਨਾਲੇ ਇਕ ਸਾਹਿਤ ਸਭਾ ਦੇ ਸਮਾਗਮ ਵਿਚ ਮਿਲੇ। ਮੈਨੂੰ ਕਹਿੰਦੇ, ‘‘ਹੁਣ ਲਗਦੈ ਤੂੰ ਵਧੀਆ ਗ਼ਜ਼ਲਕਾਰ ਬਣਜੇਂਗਾ।’’
ਉਨ੍ਹਾਂ ਨੇ ਮੇਰਾ ‘ਪੰਜਾਬੀ ਟਿ੍ਰਬਿਊਨ’ ਵਿਚ ਛਪੀ ਗ਼ਜ਼ਲ ਦਾ ਸ਼ਿਅਰ ਸੁਣਾਇਆ।
‘ਤੁਸੀਂ ਅੱਜ ਮੁਸਕਰਾ ਕੇ ਵੇਖਿਆ ਹੈ,
ਮੈਂ ਅੱਜ ਪਰਬਤ ਨੂੰ ਹਲਦਾ ਵੇਖਦਾ ਹਾਂ।’
ਫੇਰ ਇਕ ਦਿਨ ਉਹ ਵੀ ਆਇਆ, ਜਦੋਂ ਮੈਨੂੰ ਸਾਹਿਤਕ ਖੇਤਰ ਵਿਚ ਉਗਲ਼ ਫੜ ਕੇ ਦਿਲੋਂ ਤੁਰਨ ਸਿਖਾਉਣ ਵਾਲ਼ੇ ਸਾਧੂ ਸਿੰਘ ਬੇਦਿਲ ਬਾਰੇ ਖ਼ਬਰ ਅਖ਼ਬਾਰ ਵਿਚ ਪੜ੍ਹੀ ਕਿ ਉਹ ਨਹੀਂ ਰਹੇ। ਪੜ੍ਹ ਕੇ ਮਨ ਬੜਾ ਉਦਾਸ ਹੋਇਆ। ਲੱਗਿਆ ਜਿਵੇਂ ਆਪਣਾ ਹੀ ਕੋਈ ਸਦਾ ਲਈ ਅਲਵਿਦਾ ਕਹਿ ਗਿਆ ਹੋਵੇ।
- ਬੂਟਾ ਸਿੰਘ ਚੌਹਾਨ
Posted By: Harjinder Sodhi