ਪਹਿਲਾ ਦਿਹਾਤੀ ਰੇਡੀਓ ਪ੍ਰੋਗਰਾਮ ਅਣਵੰਡੇ ਭਾਰਤ ਸਮੇਂ 1935 ਵਿਚ ਪੇਸ਼ਾਵਰ ਰੇਡੀਓ ਤੋਂ ਪ੍ਰਸਾਰਿਤ ਕੀਤਾ ਗਿਆ ਸੀ। ਏਸੇ ਤਰ੍ਹਾਂ ਦਿੱਲੀ ਰੇਡੀਓ ਤੋਂ ਦਿਹਾਤੀ ਸਰੋਤਿਆਂ ਲਈ ਇਕ ਪ੍ਰੋਗਰਾਮ ਵੀ ਪ੍ਰਸਾਰਿਤ ਹੋਣ ਲੱਗਾ। 1940 ਵਿਚ ਹੌਲੀ-ਹੌਲੀ ਪੇਂਡੂ ਅਤੇ ਕਿਸਾਨਾਂ ਵਿਚ ਦਿਹਾਤੀ ਪ੍ਰੋਗਰਾਮ ਦੀ ਪਛਾਣ ਹੋਣ ਲੱਗ ਪਈ। ਲਾਹੌਰ ਤੋਂ ਪ੍ਰਸਾਰਿਤ ਹੋਣ ਵਾਲਾ ਦਿਹਾਤੀ ਪ੍ਰੋਗਰਾਮ ਬੜੀ ਛੇਤੀ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ। ਇਹਦੇ ਦੋ ਪਾਤਰ ਇਕ ਓਮ ਪ੍ਰਕਾਸ਼, ਜਿਹੜਾ ਬਾਅਦ ਵਿਚ ਭਾਈਆ ਭਗਵਾਨ ਦਾਸ ਅਤੇ ਦੂਜਾ ਨਿਜ਼ਾਮਦੀਨ ਜਣੇ ਖਣੇ ਦੀ ਜ਼ਬਾਨ 'ਤੇ ਆ ਗਏ। ਦੇਸ਼ ਦੀ ਵੰਡ ਤੋਂ ਬਾਅਦ 1947 ਦੇ ਨਵੰਬਰ-ਦਸੰਬਰ ਦੀ ਗੱਲ ਹੈ ਜਦੋਂ ਲਾਹੌਰ ਰੇਡੀਓ ਸਟੇਸ਼ਨ ਦੇ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਦੁੱਗਲ ਜਲੰਧਰ ਆਏ। ਇਨ੍ਹਾਂ ਨੇ ਲਹਿੰਦੇ ਪੰਜਾਬ ਤੋਂ ਉਜੜ ਕੇ ਆਏ ਲੋਕਾਂ ਦੇ ਦਰਦ ਨੂੰ ਘਟਾਉਣ ਲਈ ਜਲੰਧਰ ਤੋਂ ਇਕ ਰੇਡੀਓ ਸਟੇਸ਼ਨ ਚਲਾਉਣ ਦਾ ਮਨ ਬਣਾਇਆ। ਹੁਣ ਸਮੱਸਿਆ ਇਹ ਸੀ ਕਿ ਰੇਡੀਓ ਸਟੇਸ਼ਨ ਬਣਾਇਆ ਕਿੱਥੇ ਜਾਵੇ? ਬੜੀ ਸੋਚ ਵਿਚਾਰ ਤੋਂ ਬਾਅਦ ਉਹ ਕੋਠੀ ਹੀ ਰੇਡੀਓ ਸਟੇਸ਼ਨ ਵਾਸਤੇ ਠੀਕ ਲੱਗੀ ਜਿਦ੍ਹੇ ਵਿਚ ਉਸ ਵੇਲੇ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਰਹਿੰਦੇ ਸਨ। ਇਹ ਗੱਲ ਜਾ ਕੇ ਦੁੱਗਲ ਸਾਹਿਬ ਨੇ ਭਾਰਗਵ ਜੀ ਨੂੰ ਦੱਸੀ ਅਤੇ ਉਨ੍ਹਾਂ ਨੇ ਦੂਜੇ ਦਿਨ ਹੀ ਕੋਠੀ ਖ਼ਾਲੀ ਕਰ ਦਿੱਤੀ ਅਤੇ ਦੋ ਬਾਂਸ ਬੰਨ੍ਹ ਕੇ ਐਂਟੀਨਾ ਲਗਾਇਆ ਗਿਆ ਅਤੇ ਜਲੰਧਰ ਰੇਡੀਓ ਸਟੇਸ਼ਨ ਚਾਲੂ ਹੋ ਗਿਆ। ਇਸ ਰੇਡੀਓ ਸਟੇਸ਼ਨ ਤੋਂ ਸ਼ਰਨਾਰਥੀ ਲੋਕਾਂ ਦੇ ਪਰਿਵਾਰਾਂ ਨੂੰ ਆਪਸ ਵਿਚ ਮਿਲਾਣ ਦਾ ਅਤੇ ਗਵਾਚਿਆਂ ਦੀ ਭਾਲ ਦਾ ਸਾਧਨ ਬਣਾਇਆ ਗਿਆ।

ਦੁੱਗਲ ਸਾਹਿਬ ਦੇ ਉਪਰਾਲਿਆਂ ਨੂੰ ਉਸ ਵੇਲੇ ਅੱਗੇ ਵਧਣ ਦਾ ਮੌਕਾ ਉਦੋਂ ਮਿਲਿਆ ਜਦੋਂ ਪਾਕਿਸਤਾਨ ਤੋਂ ਉਜੜ ਕੇ ਆਏ ਜੋਧ ਸਿੰਘ ਰੇਡੀਓ ਸਟੇਸ਼ਨ 'ਤੇ ਆ ਗਏ। 1948 ਮਈ ਮਹੀਨੇ ਦੀ ਗੱਲ ਏ ਕਿ ਚੱਕ 29 ਜ਼ਿਲ੍ਹਾ ਸਰਗੋਧਾ ਵਿਚ 15 ਸਾਲ ਖ਼ਾਲਸਾ ਹਾਈ ਸਕੂਲ ਵਿਚ ਸਿੱਖਿਆ ਦੇ ਖੇਤਰ ਵਿਚ ਕਈ ਪੁਲਾਂਘਾਂ ਮਾਰ ਕੇ ਆਪਣਾ ਨਾਂ ਕਮਾਈ ਬੈਠੇ ਸੀ। ਉਨ੍ਹਾਂ ਦੀ ਪੰਜਾਬੀ ਬੋਲੀ ਇੰਨੀ ਮਿੱਠੀ ਸੀ ਕਿ ਲੋਕਾਂ ਦੇ ਮਨਾਂ ਨੂੰ ਸਿੱਧੀ ਛੂਹਣ ਲੱਗ ਪਈ। ਇਨ੍ਹਾਂ ਦੀ ਪਹਿਲ 'ਤੇ ਜਲੰਧਰ ਰੇਡੀਓ ਤੇ ਪੇਂਡੂ ਲੋਕਾਂ ਲਈ ਅੱਧੇ ਘੰਟੇ ਦਾ ਪ੍ਰੋਗਰਾਮ ਚਾਲੂ ਹੋਇਆ। ਇਹ ਪ੍ਰੋਗਰਾਮ ਛੇਤੀ ਹੀ ਪਿੰਡਾਂ ਵਿਚ ਆਪਣੀ ਪਛਾਣ ਬਣਾ ਗਿਆ। ਇਹਦੇ ਵਿਚ ਉਸ ਵੇਲੇ ਦਾ ਮਸ਼ਹੂਰ ਹਾਸਰਸ ਕਲਾਕਾਰ ਪਿਆਰਾ ਲਾਲ ਸੂਦ ਜਿਹੜਾ ਬਾਅਦ ਵਿਚ ਚਾਚਾ ਕੁਮੇਦਾਨ ਦੇ ਨਾਂ 'ਤੇ ਮਸ਼ਹੂਰ ਹੋਇਆ ਸ਼ਾਮਲ ਸੀ। ਜੋਧ ਸਿੰਘ ਨੇ ਦਿਹਾਤੀ ਪ੍ਰੋਗਰਾਮ ਨੂੰ ਵਧੇਰੇ ਦਿਲਚਸਪ ਬਣਾਉਣ ਲਈ ਤਾਨਪੁਰੇ ਦੀ ਸੇਵਾ ਵਾਸਤੇ ਰੱਖੇ ਹੁਸ਼ਿਆਰਪੁਰ ਤੋਂ ਆਏ ਜਾਨਕੀ ਦਾਸ ਭਾਰਦਵਾਜ ਦੀ ਜਿਸਦੀ ਬੋਲੀ ਵਿਚ ਪੰਜਾਬੀ ਅਤੇ ਪਹਾੜੀ ਦਾ ਮਿਲਿਆ ਜੁਲਿਆ ਰੰਗ ਸੀ। ਉਨ੍ਹਾਂ ਨੂੰ ਠੁਣੀਆ ਰਾਮ ਦੇ ਨਾਂ 'ਤੇ ਰੇਡੀਓ 'ਤੇ ਪੇਸ਼ ਕੀਤਾ। ਇਸ ਦੇ ਨਾਲ ਹੀ ਦਿਹਾਤੀ ਪ੍ਰੋਗਰਾਮ ਦਾ ਸਮਾਂ ਅੱਧੇ ਘੰਟੇ ਤੋਂ ਵਧਾ ਕੇ ਪੌਣਾ ਘੰਟਾ ਕਰ ਦਿੱਤਾ ਗਿਆ। ਇਹ ਗੱਲ 1953-54 ਦੀ ਹੈ। ਹੌਲੀ- ਹੌਲੀ ਦਿਹਾਤੀ ਨਾਵਾਂ ਨਾਲ ਕਈ ਕਲਾਕਾਰ ਦਿਹਾਤੀ ਪ੍ਰੋਗਰਾਮ ਵਿਚ ਆਉਣ ਲੱਗੇ ਜਿਵੇਂ ਕਿ ਸੰਤ ਰਾਮ (ਅਮੀ ਚੰਦ ਤਿਵਾੜੀ), ਮੁਨਸ਼ੀ ਜੀ (ਕੁੰਦਨ ਲਾਲ ਸ਼ਰਮਾ), ਨੰਬਰਦਾਰ ( ਜੋਧ ਸਿੰਘ) ਜਿਹੜੇ ਪ੍ਰੋਗਰਾਮ ਦੇ ਨਿਰਮਾਤਾ ਵੀ ਸਨ।

ਮਾਸਟਰ ਜੀ (ਸੁਦਰਸ਼ਨ ਫਾਕਿਰ), ਸੂਬੇਦਾਰ (ਜਸਵੰਤ ਸਿੰਘ, ਜੋ ਬਾਅਦ ਵਿਚ ਰੂਸ ਤੋਂ ਪੰਜਾਬੀ ਪ੍ਰੋਗਰਾਮ ਪੇਸ਼ ਕਰਦਾ ਰਿਹਾ), ਭਾਈਆ ਜੀ (ਹੇਮ ਰਾਜ ਸ਼ਰਮਾ ਜਿਹੜਾ ਰਾਮ ਨਾਟਕ ਕਲੱਬ ਦਾ ਇਕ ਕਲਾਕਾਰ ਵੀ ਸੀ), ਭਾਈਆ ਨਿਹਾਲਾ (ਹਰਬੰਸ ਸਿੰਘ ਖੁਰਾਣਾ) ਹਾਸਰਸ ਦੇ ਕਲਾਕਾਰਾਂ ਦੇ ਆਉਣ ਨਾਲ ਦਿਹਾਤੀ ਪ੍ਰੋਗਰਾਮ ਦਾ ਸਮਾਂ ਫਿਰ ਵਧਾ ਦਿੱਤਾ ਗਿਆ। ਹੁਣ ਇਹ ਪ੍ਰੋਗਰਾਮ ਇਕ ਘੰਟੇ ਦਾ ਹੋ ਗਿਆ ਸੀ। ਯੂਨੈਸਕੋ ਦੀ ਮਦਦ ਨਾਲ ਸਨ 1956 ਵਿਚ ਕਈ ਪਿੰਡਾਂ ਵਿਚ ਰੇਡੀਓ ਦਿਹਾਤੀ ਮੰਚ ਵੀ ਕਾਇਮ ਕੀਤੇ ਗਏ। ਇਸਦੇ ਪਿੱਛੇ ਜਿਹੜੀ ਮੁੱਖ ਗੱਲ ਸੀ ਕਿ ਪਿੰਡਾਂ ਵਿਚ ਪੰਚਾਇਤ ਘਰਾਂ ਨੂੰ ਇਕ ਰੇਡੀਓ ਜਾਂ ਟ੍ਰਾਂਜਿਸਟਰ ਦਿੱਤਾ ਜਾਵੇ ਤਾਂ ਕਿ ਖੇਤੀਬਾੜੀ ਨਾਲ ਜੁੜੇ ਲੋਕ ਨਵੇਂ ਤਰੀਕੇ ਅਤੇ ਫ਼ਸਲਾਂ ਦੀ ਸਾਂਭ-ਸੰਭਾਲ ਚੰਗੀ ਤਰ੍ਹਾਂ ਰੱਖ ਸਕਣ।

ਦਿਹਾਤੀ ਪ੍ਰੋਗਰਾਮ ਦੇ ਨਾਲ ਜੋਧ ਸਿੰਘ ਤੋਂ ਬਾਅਦ ਜੇ ਕੋਈ ਦੂਜਾ ਨਾਂ ਜੁੜਦਾ ਸੀ ਤਾਂ ਉਹ ਰਾਜ ਕੁਮਾਰ ਵੋਹਰਾ ਦਾ। ਵੋਹਰਾ ਪਹਿਲਾਂ ਪਹਿਲ ਲੁਧਿਆਣੇ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਇਆ ਕਰਦੇ ਸਨ। ਇਹ ਉਹ ਵੇਲਾ ਸੀ ਜਦੋਂ ਖੇਤੀ ਦੀਆਂ ਜਿਣਸਾਂ ਦੇ ਬੀਜਣ ਤੋਂ ਲੈ ਕੇ ਵਾਢੀ ਅਤੇ ਮੰਡੀਕਰਨ ਤਕ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਕਣਕਾਂ ਦੇ ਬੀਜ ਅਤੇ ਦੂਣਾ ਚੌਣਾ ਝਾੜ ਲੈਣ ਦੀਆਂ ਤਰਕੀਬਾਂ ਦੱਸੀਆਂ ਜਾ ਰਹੀਆਂ ਸਨ। ਪੀ. ਐੱਲ 84 ਅਧੀਨ ਵਿਦੇਸ਼ਾਂ ਤੋਂ ਅਨਾਜ ਮੰਗਵਾਉਣਾ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਚੰਗਾ ਨਹੀਂ ਸੀ ਲਗਦਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਕੋਠੀ ਵਿਚ ਕਣਕ ਉਗਾ ਕੇ ਲੋਕਾਂ ਨੂੰ ਹਰੀ ਕ੍ਰਾਂਤੀ ਵੱਲ ਵਧਣ ਦਾ ਸੁਨੇਹਾ ਦਿੱਤਾ ਅਤੇ ਨਾਅਰਾ ਦਿੱਤਾ 'ਜੈ ਜਵਾਨ, ਜੈ ਕਿਸਾਨ। ਇਸੇ ਵੇਲੇ ਚੰਦਰੇ ਗੁਆਂਢੀ ਪਾਕਿਸਤਾਨ ਨੇ ਭਾਰਤ 'ਤੇ ਹਮਲਾ ਕਰ ਦਿੱਤਾ। ਦਿਹਾਤੀ ਪ੍ਰੋਗਰਾਮ ਜਿਹੜਾ ਪੌਣੇ ਸੱਤ ਵਜੇ ਪ੍ਰਸਾਰਿਤ ਹੁੰਦਾ ਸੀ, ਪਾਨਾਂ ਸਿਗਰਟਾਂ, ਚਾਹ ਦੇ ਸਟਾਲਾਂ ਅਤੇ ਫਲ-ਫਰੂਟ ਵੇਚਣ ਵਾਲਿਆਂ ਦੀਆਂ ਦੁਕਾਨਾਂ, ਜਿੱਥੇ ਵੀ ਰੇਡੀਓ ਲੱਗਾ ਹੁੰਦਾ ਸੀ ਉੱਥੇ ਬਹੁਤ ਭੀੜ ਇਕੱਠੀ ਹੋ ਜਾਂਦੀ ਸੀ। ਲੋਕਾਂ ਦਾ ਹੌਸਲਾ ਵਧਾਉਣ ਵਿਚ ਦਿਹਾਤੀ ਪ੍ਰੋਗਰਾਮ ਦਾ ਬਹੁਤ ਵੱਡਾ ਹੱਥ ਸੀ। ਜਦੋਂ ਹੇਮ ਰਾਜ ਸ਼ਰਮਾ ਨੇ ਇਹ ਕਹਿਣਾ ਕਿ 'ਯਾਹੀਆ ਤੈਨੂੰ ਟਕਰੂਗਾ ਭਾਈਆ' ਇਸ 'ਤੇ ਲੋਕੀ ਤਾਲੀਆਂ ਵਜਾਣ ਲੱਗ ਪੈਂਦੇ ਸੀ। ਜੰਗ ਮੁੱਕੀ ਤੇ ਰਾਜ ਕੁਮਾਰ ਵੋਹਰਾ ਨੇ 1966 ਵਿਚ ਬਕਾਇਦਾ ਪੱਕੇ ਤੌਰ 'ਤੇ ਬਤੌਰ ਡੈਪੂਟੇਸ਼ਨ ਜਲੰਧਰ ਨਿਯੁਕਤ ਹੋ ਗਏ। ਮੰਡੀਆਂ ਦੇ ਭਾਅ ਵੀ ਅਕਸਰ ਵੋਹਰਾ ਹੀ ਦੱਸਦੇ ਸਨ।

ਜਦੋਂ ਮਾਸਟਰ ਜੀ ਦਾ ਇਹ ਕਹਿਣਾ ਕਿ ਲੰਘ ਆਓ ਲੰਘ ਆਓ ਠੰਡੂ ਰਾਮ ਜੀ ਇਸਦੇ ਨਾਲ ਪੁਰਾਣੇ ਸਰੋਤਿਆਂ ਨੂੰ ਹੈਰਾਨੀ ਹੁੰਦੀ ਸੀ ਕਿ ਠੂਣੀਆ ਰਾਮ ਕਦੋਂ ਠੰਡੂ ਰਾਮ ਹੋ ਗਿਆ। ਇਸਦੇ ਪਿੱਛੇ ਦੱਸਿਆ ਜਾਂਦਾ ਹੈ ਕਿ ਦਿੱਲੀ ਤੋਂ ਰੇਡੀਓ ਨਾਲ ਜੁੜੀ ਇਕ ਹਾਈ ਪਾਵਰ ਕਮੇਟੀ ਆਈ ਸੀ ਉਸ ਨੂੰ ਠੂਨੀਆ ਰਾਮ ਬੜਾ ਅਜੀਬ ਨਾਂ ਲੱਗਿਆ। ਉਨ੍ਹਾਂ ਨੇ ਇਸ ਪਾਤਰ ਨੂੰ ਪ੍ਰੋਗਰਾਮ ਵਿੱਚੋਂ ਹਟਾਉਣ ਦਾ ਫ਼ੈਸਲਾ ਕਰ ਦਿੱਤਾ। ਉਨ੍ਹਾਂ ਦਿਨਾਂ ਵਿਚ ਖ਼ਤਾਂ ਦੇ ਜੁਆਬ ਦੇਣ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਸੀ। ਬੇਇੰਤਹਾ ਖ਼ਤ ਠੂਨੀਆ ਰਾਮ ਨੂੰ ਦੁਬਾਰਾ ਪ੍ਰੋਗਰਾਮ ਵਿਚ ਸ਼ਾਮਲ ਕਰਨ ਦਾ ਜ਼ੋਰ ਪਾਇਆ ਗਿਆ। ਮਜਬੂਰੀ ਵਿਚ ਠੰਡੂ ਰਾਮ ਦੇ ਨਾਂ ਨਾਲ ਜਾਨਕੀ ਦਾਸ ਭਾਰਦਵਾਜ ਨੂੰ ਮੁੜ ਕੇ ਦਿਹਾਤੀ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਠੱਠਾ ਮਖੌਲ ਬਹੁਤ ਸੀ, ਪਾਤਰ ਹਸਾ-ਹਸਾ ਕੇ ਸਰੋਤਿਆਂ ਦੇ ਢਿੱਡੀਂ ਪੀੜਾਂ ਪਵਾ ਦਿੰਦੇ ਸਨ। ਚਾਚਾ ਕੁਮੇਦਾਨ ਦਾ ਨਾਂ ਰੱਖਣ ਵੇਲੇ ਵਿਚਾਰ ਹੋਇਆ ਅਤੇ ਪਿਆਰੇ ਲਾਲ ਨੂੰ ਕਪਤਾਨ ਦੇ ਤੌਰ 'ਤੇ ਰੇਡੀਓ 'ਤੇ ਲਿਆਉਣ ਦਾ ਫ਼ੈਸਲਾ ਹੋਇਆ। ਜਿਸ ਨੂੰ ਭਾਈਆ ਅਤੇ ਠੰਡੂ ਰਾਮ ਠੀਕ ਨਾਂ ਮੰਨਿਆ ਤੇ ਪਿਆਰੇ ਲਾਲ ਨੇ ਕਿਹਾ ਕਿ ਕਪਤਾਨ ਨੂੰ ਕੁਮੇਦਾਨ ਕਰ ਦੇਈਏ ਇਹ ਦਿਹਾਤੀ ਭਾਸ਼ਾ ਵਿਚ ਚੰਗਾ ਲੱਗੇਗਾ। ਪਿਆਰੇ ਲਾਲ ਸੂਦ ਅਤੇ ਜਾਨਕੀ ਦਾਸ ਭਾਰਦਵਾਜ ਚੰਗਾ ਗਾ ਲੈਂਦੇ ਸਨ। ਪਿਆਰਾ ਲਾਲ ਲਿਖ ਵੀ ਲੈਂਦਾ ਸੀ ਉਸ ਦੀ ਕਬਿੱਤ 'ਸੱਚੀ ਗੱਲ ਪਿਆਰਿਆ ਵੇ ਸੱਚੀ ਗੱਲ ਪਿਆਰਿਆ' ਬਹੁਤ ਮਸ਼ਹੂਰ ਹੋਈ। ਦਿਹਾਤੀ ਪ੍ਰੋਗਰਾਮਾਂ 'ਚ ਦਰਜਨ ਕਲਾਕਾਰਾਂ ਨੇ ਕਿਸੇ ਨਾ ਕਿਸੇ ਰੂਪ 'ਚ ਆਪਣੀ ਆਵਾਜ਼ ਤੇ ਹਾਜ਼ਰ ਜਵਾਬੀ ਦਾ ਪ੍ਰਦਰਸ਼ਨ ਕੀਤਾ। ਗਾਇਕਾਵਾਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਤੇ ਜਗਜੀਤ ਕੌਰ ਨੇ ਆਪਣੀ ਆਵਾਜ਼ ਰਾਹੀਂ ਲੋਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।

- ਦੀਪਕ ਜਲੰਧਰੀ

98764-48120

Posted By: Harjinder Sodhi