ਅੱਜ ਕੱਲ੍ਹ ਦੇ ਸਮੇਂ ਵਿਚ ਹਰ ਕੋਈ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਜ਼ਰੂਰ ਹੈ। ਚਾਹੇ ਉਹ ਬਜ਼ੁਰਗ ਹੋਣ, ਨੌਜਵਾਨ, ਬੱਚੇ ਜਾਂ ਔਰਤਾਂ। ਕੋਈ ਵੀ ਪੂਰੀ ਤਰ੍ਹਾਂ ਸਿਹਤ ਪੱਖੋਂ ਸੰਤੁਲਤ ਨਹੀਂ ਹੈ। ਬਜ਼ੁਰਗਾਂ ਨੂੰ ਗੋਡੇ-ਗਿੱਟੇ ਦਰਦ ਕਰਨਾ, ਬਲੱਡ ਪ੍ਰੈਸ਼ਰ ਘਟਣਾ ਜਾਂ ਵਧਣਾ, ਸ਼ੂਗਰ, ਕਮਰ ਦਰਦ, ਜੋੜ ਦਰਦ, ਮੋਟਾਪਾ ਆਦਿ ਇਹ ਤਾਂ ਆਮ ਹੀ ਪ੍ਰਚੱਲਤ ਹਨ। ਇਸਦੇ ਨਾਲ-ਨਾਲ ਹੋਰ ਕਈ ਨਿਵੇਕਲੀਆਂ ਘਾਤਕ ਬਿਮਾਰੀਆਂ ਦਾ ਵੀ ਉਹ ਸ਼ਿਕਾਰ ਹੋ ਜਾਂਦੇ ਹਨ। ਹਜ਼ਾਰਾਂ ਵਿੱਚੋਂ ਕੋਈ ਇਕ ਸ਼ਾਇਦ ਜ਼ਰਾ ਠੀਕ ਹਾਲਤ ਵਿਚ ਹੋਵੇ। ਇਸੇ ਤਰ੍ਹਾਂ ਹੀ ਇਹ ਸਭ ਬਿਮਾਰੀਆਂ ਹੁਣ ਤਾਂ ਨੌਜਵਾਨਾਂ ਅਤੇ ਅੱਧਖੜ੍ਹ ਉਮਰ ਦੇ ਲੋਕਾਂ ਵਿਚ ਵੀ ਆ ਚੁੱਕੀਆਂ ਹਨ। ਹੋਰ ਤਾਂ ਹੋਰ ਹੁਣ ਤਾਂ ਬੱਚੇ ਵੀ ਇਸ ਤਰ੍ਹਾਂ ਦੀਆਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਹੱਡੀਆਂ ਅਤੇ ਮਾਸਪੇਸ਼ੀਆਂ ਕਮਜ਼ੋਰ ਹਨ। ਇਸ ਸਭ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਗ਼ਰੀਬੀ, ਸੰਤੁਲਿਤ ਭੋਜਨ ਦੀ ਕਮੀ, ਮਾਪਿਆਂ ਦਾ ਜਾਗਰੂਕ ਨਾ ਹੋਣਾ, ਬੱਚਿਆਂ ਦੀ ਲਾਪਰਵਾਹੀ ਜਾਂ ਬੇਲੋੜਾ ਲਾਡ-ਪਿਆਰ ਵੀ ਹੋ ਸਕਦਾ ਹੈ ਪਰ ਸਰੀਰਕ ਕਸਰਤ ਜਾਂ ਵਰਜਿਸ਼ ਲਈ ਤਾਂ ਕੋਈ ਮਜਬੂਰੀ ਨਹੀਂ ਹੁੰਦੀ, ਨਾ ਹੀ ਗ਼ਰੀਬੀ ਹੀ ਸਰੀਰਕ ਵਰਜਿਸ਼ ਦੇ ਰਾਹ ਦਾ ਰੋੜਾ ਹੈ। ਜੇ ਸਮੇਂ ਦੀ ਘਾਟ ਹੈ ਜਾਂ ਕੋਈ ਹੋਰ ਕਾਰਨ ਹੈ ਸਰੀਰਕ ਕਸਰਤ ਕਰਨ ਲਈ ਘੱਟ ਤੋਂ ਘੱਟ ਇਕ ਆਹਰ ਤਾਂ ਅਸੀਂ ਸਾਰੇ ਹੀ ਕਰ ਸਕਦੇ ਹਾਂ। ਉਹ ਹੈ-ਸਾਈਕਲ ਦੀ ਵਰਤੋਂ।

ਸਾਈਕਲ ਇਕ ਅਜਿਹਾ ਬਹੁਮੁੱਲਾ ਅਤੇ ਬਹੁਗੁਣੀ ਸਾਧਨ ਹੈ ਜਿਸ ਦੇ ਅਣਗਿਣਤ ਫ਼ਾਇਦੇ ਹਨ। ਸਰੀਰਕ ਕਸਰਤ ਦੇ ਰੂਪ ਵਿਚ ਇਹ ਮੋਟਾਪਾ ਦੂਰ ਕਰਦਾ ਹੈ, ਪਾਚਨ-ਸ਼ਕਤੀ ਸਹੀ ਰੱਖਦਾ ਹੈ, ਗੋਡਿਆਂ ਦੀ ਵਰਜਿਸ਼, ਪੈਰਾਂ ਅਤੇ ਗਿੱਟਿਆਂ ਦੀ ਵਰਜਿਸ਼ ਲਈ ਢੁਕਵਾਂ ਹੈ, ਖ਼ੂਨ ਦਾ ਦੌਰਾ ਸੰਤੁਲਿਤ ਰੱਖਦਾ ਹੈ, ਪਸੀਨੇ ਦੇ ਰੂਪ 'ਚ ਸਰੀਰ ਦੇ ਫ਼ੋਕਟ ਪਦਾਰਥ ਅਤੇ ਫ਼ਾਲਤੂ ਚਰਬੀ ਬਾਹਰ ਕਰਦਾ ਹੈ ਜਿਸ ਨਾਲ ਨਵੇਂ ਸੈੱਲਾਂ ਦਾ ਨਿਰਮਾਣ ਹੁੰਦਾ ਹੈ। ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਦੂਜਾ, ਇਸਦੇ ਨਾਲ ਨਾਲ ਇਹ ਆਰਥਿਕ ਪੱਖ ਤੋਂ ਵੀ ਫ਼ਾਇਦੇਮੰਦ ਹੈ ਕਿਉਂਕਿ ਇਹ ਆਵਾਜਾਈ ਦਾ ਇਕ ਸਸਤਾ ਸਾਧਨ ਹੈ, ਇਸ ਵਿਚ ਪੈਟਰੋਲ ਜਾਂ ਡੀਜ਼ਲ ਵੀ ਨਹੀਂ ਪੈਂਦਾ ਅਤੇ ਮਹਿੰਗੇ ਦੋ ਪਹੀਆ ਜਾਂ ਚਾਰ ਪਹੀਆ ਸਾਧਨਾਂ ਦੀ ਮਹਿੰਗੀ ਰਿਪੇਅਰ ਤੋਂ ਵੀ ਬੱਚਤ ਹੁੰਦੀ ਹੈ। ਤੀਜਾ, ਸਭ ਤੋਂ ਗੰਭੀਰ ਸਮੱਸਿਆ ਜੋ ਵਾਤਾਵਰਨ ਤੇ ਸਮੁੱਚੇ ਜੀਵ ਜਗਤ ਲਈ ਹਾਨੀਕਾਰਕ ਹੈ ਉਹ ਹੈ ਪ੍ਰਦੂਸ਼ਣ ਦੀ ਸਮੱਸਿਆ, ਇਸ ਤੋਂ ਵੀ ਬਚਾਉਂਦਾ ਹੈ। ਚੌਥਾ, ਇਹ ਕੁਦਰਤੀ ਸਾਧਨਾਂ ਲਈ ਵੀ ਲਾਹੇਵੰਦ ਹੈ। ਖਣਿਜ ਤੇਲ 'ਚ ਜੋ ਕਮੀ ਆ ਰਹੀ ਹੈ ਉਸ ਦੀ ਵੀ ਬੱਚਤ ਕਰ ਸਕਦੇ ਹਾਂ। ਪੰਜਵਾਂ, ਸੜਕ ਹਾਦਸਿਆਂ ਦੀ ਗਿਣਤੀ ਵਿਚ ਕਮੀ ਲਿਆਂਦੀ ਜਾ ਸਕਦੀ ਹੈ ਅਤੇ ਭੀੜ ਅਤੇ ਜਾਮ ਲੱਗਣ ਵਰਗੀਆਂ ਮੁਸ਼ਕਿਲਾਂ ਤੋਂ ਵੀ ਬਚਿਆ ਜਾ ਸਕਦਾ ਹੈ।

ਪੁਰਾਣੇ ਸਮਿਆਂ ਵਿਚ ਲੋਕਾਂ ਦੀ ਤੰਦਰੁਸਤੀ ਦਾ ਰਾਜ਼ ਮੁੱਖ ਤੌਰ 'ਤੇ ਸਾਈਕਲ ਹੀ ਸਨ। ਹੁਣ ਆਵਾਜਾਈ ਦੇ ਸਾਧਨਾਂ ਦੇ ਵਿਕਾਸ ਕਰਕੇ ਜ਼ਿੰਦਗੀ ਬਹੁਤ ਤੇਜ਼ ਹੋ ਗਈ ਹੈ ਤੇ ਹਰ ਕੋਈ ਕਾਹਲ ਵਿਚ ਰਹਿੰਦਾ ਹੈ। ਸੌ ਮੀਟਰ ਦੀ ਦੂਰੀ ਲਈ ਵੀ ਹੁਣ ਸਕੂਟਰ-ਮੋਟਰ ਸਾਈਕਲ ਦੀ ਵਰਤੋਂ ਹੁੰਦੀ ਹੈ। ਵਿਗਿਆਨ ਦੀਆਂ ਕਾਢਾਂ ਸਾਡੀ ਸਹੂਲਤ ਲਈ ਹਨ ਪਰ ਅਸੀਂ ਇਸਦਾ ਬੇਲੋੜਾ ਫ਼ਾਇਦਾ ਲੈ ਰਹੇ ਹਾਂ। ਦੂਰ ਦੁਰਾਡੇ ਦੇ ਸਫ਼ਰ ਨੂੰ ਸੁਖਾਲਾ ਕਰਨ ਲਈ ਅਤੇ ਮੁਸੀਬਤ ਵੇਲੇ ਜਾਂ ਜ਼ਰੂਰੀ ਕੰਮ ਵੇਲੇ ਵਰਤੋਂ ਲਈ ਬਣਾਏ ਇਹ ਸਾਧਨ ਸਾਡੀ ਬੇਵਜ੍ਹਾ ਆਦਤ ਬਣ ਗਏ ਕਿ ਅਸੀਂ ਸਰੀਰਕ ਅਤੇ ਮਾਨਸਿਕ ਰੋਗੀ ਬਣੀ ਜਾਂਦੇ ਹਾਂ ਤੇ ਨਾਲ ਆਲਸੀ ਵੀ ਹੋਈ ਜਾਂਦੇ ਹਾਂ ਅਤੇ ਫਿਰ ਮਜਬੂਰੀ ਵਿਚ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਸਾਈਕਲਿੰਗ ਕਰਦੇ ਹਾਂ। ਸੋ ਸਾਈਕਲ ਦੇ ਲਾਭ ਦੇਖਦੇ ਹੋਏ ਸਾਨੂੰ ਸਭ ਨੂੰ ਜਿੱਥੇ ਵੀ ਹੋ ਸਕੇ ਢੁੱਕਵੀਂ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਸਿਹਤ ਦੇ ਨਾਲ-ਨਾਲ ਸਾਡੀ ਪੂੰਜੀ, ਵਾਤਾਵਰਨ ਤੇ ਖਣਿਜ ਤੇਲ ਦੀ ਬੱਚਤ ਹੋ ਸਕੇ ਅਤੇ ਕੁਝ ਹੱਦ ਤਕ ਗਲੋਬਲ ਵਾਰਮਿੰਗ 'ਤੇ ਵੀ ਕਾਬੂ ਪੋ ਜਾਵੇ। ਬੱਚਿਆਂ ਲਈ ਇਹ ਹੋਰ ਵੀ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਬਚਪਨ ਨੂੰ ਸੰਭਾਲ ਲਿਆ ਤਾਂ ਬੁਢਾਪੇ' ਚ ਵੀ ਸੌਖੇ ਰਹਾਂਗੇ।

- ਦਵਿੰਦਰ ਕੌਰ 'ਡੀਵੀ'

82838-32839

Posted By: Harjinder Sodhi