ਕੇ. ਸੀ.ਸੁਲੇਖ ਪੰਜਾਬੀ ਸਾਹਿਤ ਦੇ ਸੂਝਵਾਨ ਅਤੇ ਪ੍ਰੋੜ ਲੇਖਕ ਹਨ। ਉਹ ਸਮਾਜ ਦੇ ਉਨ੍ਹਾਂ ਲੋਕਾਂ ਦੀ ਗੱਲ ਕਰਦੇ ਹਨ ਜਿਨ੍ਹਾਂ ਨੂੰ ਸਦੀਆਂ ਤੋਂ ਜਾਤ-ਪਾਤ ਦੇ ਅਜਗਰ ਨੇ ਆਪਣੇ ਲਪੇਟੇ ਵਿਚ ਲਿਆ ਹੋਇਆ ਹੈ। ਹੱਥਲੀ ਪੁਸਤਕ ‘ਹਨੇਰੇ ਵਿਚ ਅੰਬੇਦਕਰੀ ਕਿਰਨਾਂ’ ਇਸੇ ਗੱਲ ਦੀ ਗਵਾਹੀ ਭਰਦੀ ਹੈ। ਉੱਨੀ ਲੇਖਾਂ ਦੀ ਇਹ ਪੁਸਤਕ ਡਾ.ਭੀਮ ਰਾਓ ਅੰਬੇਦਕਰ ਦੇ ਸੰਘਰਸ਼ਮਈ ਜੀਵਨ, ਉਸਦੀ (ਹਾਸੀਏ ਤੋਂ ਧੱਕੇ ਲੋਕਾਂ) ਮਾਨਵਤਾ ਨੂੰ ਸਮਰਪਿਤ ਅਤੇ ਤਰਕਵਾਦੀ ਸੋਚ ਦਾ ਲੇਖਾ ਜੋਖਾ, ਜਾਤੀ ਵਿਤਕਰੇ ਹੱਥੋਂ ਪੇਸ਼ ਆਈਆਂ ਤਕਲੀਫ਼ਾਂ ਅਤੇ ਚੁਣੌਤੀਆਂ ਨੂੰ ਬੜੇ ਮਹੀਨ ਤੇ ਸੂਖ਼ਮਤਾ ਨਾਲ ਪੇਸ਼ ਕਰਨ ਦੇ ਨਾਲ-ਨਾਲ ਜਾਗ੍ਰਤੀ ਪੈਦਾ ਕਰਨ ਵੱਲ ਸੇਧਿਤ ਵੀ ਕਰਦੀ ਹੈ। ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੇ ਬਚਪਨ ਤੋਂ ਲੈ ਕੇ ਹੰਢਾਏ ਜਾਤ-ਪਾਤ ਦੇ ਅਣਮਨੁੱਖੀ ਵਤੀਰੇ ਨੂੰ ਰੂਪਮਾਨ ਕੀਤਾ ਗਿਆ ਹੈ।

ਅਧਿਆਪਕ ਦੀ ਮਹੱਤਤਾ ਨੂੰ ਵੱਡਾ ਮਾਣ ਸਨਸਾਨ ਦੇ ਕੇ ਬਾਬਾ ਸਾਹਿਬ ਦਾ ਨਾਂ ਅੰਬੇਵਾਡੇਕਰ ਤੋਂ ਉਸਦੇ ਅਧਿਆਪਕ ਵਾਲਾ ਨਾਮ ਅੰਬੇਡਕਰ ਰੱਖ ਲਿਆ ਜਾਂਦਾ ਹੈ। ਬਾਬਾ ਸਾਹਿਬ ਦਾ ਦਸਵੀਂ ਜਮਾਤ ਪਾਸ ਕਰਨਾ ਪਰਿਵਾਰ ਲਈ ਵੱਡੀ ਖ਼ੁਸ਼ੀ ਦੀ ਗੱਲ ਸੀ। ਉਹ ਸੰਸਕਿ੍ਰਤ ਭਾਸ਼ਾ ਸਿੱਖਣ ਦੇ ਚਾਹਵਾਨ ਸਨ ਪਰ ਸ਼ੂਦਰਾਂ ਨੂੰ ਵਰਜਿਤ ਹੋਣ ਕਰਕੇ ਉਨ੍ਹਾਂ ਨੂੰ ਮਜਬੂਰੀਵੱਸ ਫ਼ਾਰਸੀ ਵਿਸ਼ਾ ਚੁਣਨਾ ਪਿਆ। ਸਦਾਚਾਰੀ ਉਨ੍ਹਾਂ ਦਾ ਮੁਢਲਾ ਸਿਧਾਂਤ ਸੀ। ਪੂਨਾ ਪੈਕਟ ਲੇਖ ਵਿਚ ਰਿਜ਼ਰਵੇਸ਼ਨ ਲੈਣ ਲਈ ਬੇਹੱਦ ਸੰਘਰਸ਼ ਕਰਨਾ ਪਿਆ। ‘ਮਹਾਨ ਸ਼ਖ਼ਸੀਅਤ-ਮਹਾਨ ਸਿਧਾਂਤ, ਅਣਖ ਤੋਂ ਸੱਖਣਾ ਬੰਦਾ ਕੁਝ ਵੀ ਨਹੀਂ’ ਲੇਖ ’ਚ ਲੇਖਕ ਨੇ ਸਮਾਜ ਦੇ ਕੋਝੇ ਅਡੰਬਰੀ ਮਾਨਵ ਦੋਖੀ ਮਨੁੱਖਾਂ ’ਤੇ ਕਰਾਰੀ ਚੋਟ ਕੀਤੀ ਹੈ। ਲੇਖਕ ਨੇ ਭੀਮ ਸ਼ਰਧਾ ਨੂੰ ਭੀਮ ਕ੍ਰਾਂਤੀ ’ਚ ਬਦਲਣ ਦੀ ਸਲਾਹ ਦਿੱਤੀ ਹੈ। ਸਾਰੇ ਲੇਖਾਂ ’ਚ ਠੋਸ ਸਬੂਤਾਂ ਦੇ ਆਧਾਰ ’ਤੇ ਗੱਲ ਕਰਨੀ ਇਸ ਕਿਤਾਬ ਨੂੰ ਚਾਰ ਚੰਨ ਲਾਉਂਦਾ ਹੈ।

ਹੱਥਲੀ ਪੁਸਤਕ ’ਚ ਸਾਰੇ ਲੇਖਾਂ ਦਾ ਵਿਸ਼ਾ ਮਾਨਵਵਾਦੀ ਹੁੰਦਿਆਂ ਹੋਇਆਂ ਸਮੁੱਚੀ ਮਾਨਵਤਾ ਨੂੰ ਸਮਰਪਿਤ ਹੈ। ਸੁਲੇਖ ਨੇ ਵੰਡੀਆਂ ਪਾਉਂਦੀ ਮੰਨੂ ਸਮਿ੍ਰਤੀ ਦੇ ਵੱਖਵਾਦੀ ਸਿਧਾਂਤ ਨੂੰ ਅਛੂਤਾਂ, ਸ਼ੂਦਰਾਂ ਅਤੇ ਨਾਰੀ ਵਿਰੋਧੀ ਧਰਮ ਪੋਥੀ ਦੀ ਵੀ ਗੱਲ ਕੀਤੀ ਹੈ, ਜੋ ਸਮਾਜ ਦਾ ਹੀ ਨਹੀਂ ਬਲਕਿ ਸਮੁੱਚੀ ਮਾਨਵਤਾ ਦਾ ਸੱਤਿਆਨਾਸ਼ ਵੀ ਕੀਤਾ ਹੈ। ਭਾਰਤੀ ਸਮਾਜਿਕ ਵਿਵਸਥਾ ਵਿਚ ਲੇਖਕ ਨਾਰੀ ਦੀ ਗੁਲਾਮ ਮਾਨਸਿਕਤਾ ਦੀ ਬਾਤ ਵੀ ‘ਰਾਮ ਚਰਿਤ ਮਾਨਸ ’ਚੋਂ ਸੋਹਣੀ ਉਦਾਹਰਨ ਦੇ ਕੇ ਕਰਦਾ ਹੈ-“ਢੋਲ ਪਸ਼ੂ ਸ਼ੂਦਰ ਔਰ ਨਾਰੀ,

ਯਹ ਸਭ ਹੈਂ ਤਾੜਨ ਕੇ ਅਧਿਕਾਰੀ’’।

ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਨੂੰ ਸਦੀ ਦਾ ਮਹਾਂਮਾਨਵ ਦਾ ਰੁਤਬਾ ਦੇਣਾ ਲੇਖਕ ਦੀ ਵਿਦਵਤਾ ਦੀ ਝਲਕ ਪਾਉਂਦਾ ਹੈ। ਸਾਰੇ ਲੇਖਾਂ ਦਾ ਵਿਸ਼ਾ ਦਲਿਤ ਭਾਈਚਾਰੇ ਦੀ ਪੀੜਾ ਤੇ ਸਦੀਆਂ ਤੋਂ ਹੁੰਦੀਆਂ ਜ਼ਿਆਦਤੀਆਂ ’ਤੇ ਘੁੰਮਦਾ ਹੈ। ਲੇਖਾਂ ਦੀ ਸ਼ੈਲੀ ਸਰਲ ਤੇ ਪ੍ਰਭਾਵਸ਼ਾਲੀ ਹੋਣ ਦੇ ਨਾਲ ਇਨਸਾਨੀਅਤ ਪੱਖੀ ਹੈ। ਘਟਨਾਵਾਂ ਦੀ ਪੇਸ਼ਕਾਰੀ ਪਾਠਕ ਨੂੰ ਮਾਨਸਿਕ ਤੌਰ ’ਤੇ ਪ੍ਰਭਾਵਿਤ ਕਰਦੀ ਹੈ ਅਤੇ ਰਾਹ ਦਸੇਰਾ ਵੀ ਬਣਦੀ ਹੈ। ਲੇਖਕ ਦਾ ਮਜ਼ਲੂਮ ਜਮਾਤ ਲਈ ਦਰਦ ਹਰ ਲੇਖ ਵਿੱਚੋਂ ਡੁੱਲ੍ਹ-ਡੁੱਲ੍ਹ ਪੈਣਾ ਸੁਭਾਵਿਕ ਹੈ।

ਪੁਸਤਕ ਵਿਚਲੇ ਲੇਖਾਂ ਵਿਚ ਬ੍ਰਾਹਮਣੀ ਮਾਇਆ ਜਾਲ ਦੀ ਮਾਨਸਿਕ ਗੁਲਾਮੀ ਨੂੰ ਹਾਲੇ ਵੀ ਸਮਾਜ ਵਿਚ ਹਾਵੀ ਦਰਸਾਇਆ ਗਿਆ ਹੈ। ਕੇ.ਸੀ. ਸੁਲੇਖ ਦੁਆਰਾ ਰਚਿਤ ਇਹ ਪੁਸਤਕ “ਹਨੇਰੇ ਵਿਚ ਅੰਬੇਡਕਰੀ ਕਿਰਨਾਂ’’, ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ ਦੁਆਰਾ ਸੰਪਾਦਿਤ ਕੀਤੀ 142 ਸਫ਼ਿਆਂ ਦੀ ਇਸ ਪੁਸਤਕ ਦੀ ਖ਼ਾਸੀਅਤ ਇਹ ਵੀ ਹੈ ਕਿ ਕੇ.ਸੀ.ਸੁਲੇਖ ਨੇ ਆਪਣੀਆਂ ਭਾਵਨਾਵਾਂ ਨੂੰ ਹਰ ਲੇਖ ਵਿਚ ਕੁੱਝ ਸ਼ਿਅਰਾਂ ਨਾਲ ਬਿਆਨ ਵੀ ਕੀਤਾ ਹੈ। ਸੋ ਕੁੱਲ ਮਿਲਾ ਕੇ ਪੰਜਾਬੀ ਸਾਹਿਤ ਦੇ ਵਿਹੜੇ ਵਿਚ ‘ਹਨੇਰੇ ਵਿੱਚ ਅੰਬੇਡਕਰੀ ਕਿਰਨਾਂ’ ਦਲਿਤ ਸਮਾਜ ਦਾ ਰਾਹ ਦਸੇਰਾ ਬਨਣਗੀਆਂ। ਲੇਖਕ ਇਸ ਕਿਤਾਬ ਲਈ ਵਧਾਈ ਦਾ ਪਾਤਰ ਹੈ। ਪੁਸਤਕ ਸਾਂਭਣ ਯੋਗ ਹੈ।

- ਅੰਮਿ੍ਰਤਪਾਲ ਕਲੇਰ ਚੀਦਾ

Posted By: Harjinder Sodhi