ਆਜ਼ਾਦੀ ਤੋਂ ਬਾਅਦ ਦੇਸ਼ ਦੀ ਵੰਡ ਵੇਲੇ ਲੱਖਾਂ ਹੀ ਬੇਕਸੂਰ ਮਨੁੱਖਾਂ ਨੂੰ ਵਹਿਸ਼ੀ ਦਰਿੰਦਿਆਂ ਨੇ ਬੇਦਰਦੀ ਨਾਲ ਕਤਲ ਕੀਤਾ ਅਤੇ ਔਰਤਾਂ ਦੀਆਂ ਅਜ਼ਮਤਾਂ ਲੁੱਟੀਆਂ। ਹਿੰਦੂ, ਸਿੱਖ ਅਤੇ ਮੁਸਲਮਾਨਾਂ ਦੇ ਖ਼ੂਨ ਨਾਲ ਇਹ ਧਰਤੀ ਲਾਲ ਹੋਈ ਪਈ ਸੀ। ਸ਼ਾਇਦ ਮਰਨ ਵਾਲਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਜਿਉਂਦੇ ਬਚੇ ਜੀਆਂ ਵਾਸਤੇ ਆਜ਼ਾਦੀ ਕਹਿਰ ਬਣ ਕੇ ਆਈ ਸੀ। “ਇਹ ਨਾ ਕਹੋ ਕਿ ਇਕ ਲੱਖ ਹਿੰਦੂ-ਸਿੱਖ ਅਤੇ ਇਕ ਲੱਖ ਮੁਸਲਮਾਨ ਮਰੇ ਨੇ-ਇਹ ਕਹੋ ਕਿ ਦੋ ਲੱਖ ਬੰਦੇ ਮਰੇ ਨੇ। ਇਕ ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਇਹ ਸਮਝਿਆ ਹੋਵੇਗਾ ਕਿ ਹਿੰਦੂ ਧਰਮ ਮਰ ਗਿਆ ਹੋਵੇਗਾ। ਇਸੇ ਤਰ੍ਹਾਂ ਇਕ ਲੱਖ ਮੁਸਲਮਾਨਾਂ ਨੂੰ ਕਤਲ ਕਰ ਕੇ ਹਿੰਦੂਆਂ ਕੱਛਾਂ ਵਜਾਈਆਂ ਹੋਣਗੀਆਂ ਕਿ ਇਸਲਾਮ ਖ਼ਤਮ ਹੋ ਗਿਆ ਪਰ ਅਸਲੀਅਤ ਤੁਹਾਡੇ ਸਾਹਮਣੇ ਹੈ ਕਿ ਇਸਲਾਮ ਅਤੇ ਹਿੰਦੂ ਧਰਮ ’ਤੇ ਮਾੜੀ ਜਿਹੀ ਝਰੀਟ ਵੀ ਨਹੀਂ ਪਈ। ਉਹ ਲੋਕ ਮੂਰਖ ਨੇ ਜੋ ਇਹ ਸਮਝਦੇ ਨੇ ਕਿ ਬੰਦੂਕਾਂ ਨਾਲ ਮਜ਼ਹਬ ਸ਼ਿਕਾਰ ਕੀਤੇ ਜਾ ਸਕਦੇ ਹਨ। ਮਜ਼ਹਬ, ਦੀਨ, ਈਮਾਨ, ਧਰਮ, ਵਿਸ਼ਵਾਸ, ਅਕੀਦਤ-ਇਹ ਜੋ ਕੁਝ ਵੀ ਹੈ ਸਾਡੇ ਸਰੀਰ ਵਿਚ ਨਹੀਂ ਆਤਮਾ ਵਿਚ, ਰੂਹ ਵਿਚ ਹੁੰਦਾ ਹੈ। ਛੁਰੇ, ਚਾਕੂ ਅਤੇ ਗੋਲੀ ਨਾਲ ਇਹਦਾ ਕਿਸ ਤਰ੍ਹਾਂ ਵਿਨਾਸ਼ ਹੋ ਸਕਦਾ ਹੈ?’’ ਇਹ ਗੱਲ ਕਹਿਣ ਵਾਲੇ ਅਤੇ ਨਿਸ਼ਾਨ-ਏ-ਇਮਤਿਆਜ਼ ਪੁਰਸਕਾਰ ਨਾਲ ਨਵਾਜ਼ੇ ਮਹਾਨ ਕਹਾਣੀਕਾਰ ਸਆਦਤ ਹਸਨ ਮੰਟੋ ਦੀ 18 ਜਨਵਰੀ ਨੂੰ ਬਰਸੀ ਹੈ। ਉਰਦੂ ਸਾਹਿਤ ’ਚ ਸਾਹਿਤਕਾਰਾਂ ਦਾ ਇਕ ਗੁੱਛਾ 1932 ਤੋਂ ਸ਼ੁਰੂ ਹੋ ਕੇ 1955 ਤਕ ਖਿੜਿਆ ਸੀ, ਜਿਨ੍ਹਾਂ ਵਿਚ ਸਆਦਤ ਹਸਨ ਮੰਟੋ ਦੀ ਖ਼ਾਸ ਥਾਂ ਹੈ।

ਮੰਟੋ ਦਾ ਜਨਮ 11 ਮਈ, 1912 ਨੂੰ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ’ਚ ਹੋਇਆ। ਮੰਟੋ ਨਾ ਸਿਰਫ਼ ਉਰਦੂ ਦਾ ਸਭ ਤੋਂ ਵੱਡਾ ਕਹਾਣੀਕਾਰ ਹੈ ਸਗੋਂ ਏਸ਼ੀਆ ਦਾ ਵੱਡਾ ਕਹਾਣੀਕਾਰ ਮੰਨਿਆ ਜਾਂਦਾ ਹੈ। ਪਰ ਉਹ ਜਿਹੜੇ ਦੌਰ ’ਚ ਆਪਣੀ ਜਾਨ ’ਤੇ ਖੇਡ ਕੇ ਲਿਖ ਰਿਹਾ ਸੀ, ਉਦੋਂ ਧਾਰਮਿਕ ਕੱਟੜਵਾਦੀਆਂ ਦਾ ਪੌਣਾ ਜਹਾਨ ਉਹਦੀ ਜਾਨ ਦਾ ਦੁਸ਼ਮਣ ਬਣਿਆ ਬੈਠਾ ਸੀ। ਕੱਟੜ ਰਵੱਈਏ ਨੇ ਵੱਖਰੀ ਸੋਚ ਰੱਖਣ ਵਾਲੇ ਸਾਹਿਤਕਾਰਾਂ ਨੂੰ ਮਨ-ਮਰਜ਼ੀ ਦਾ ਸਾਹਿਤ ਰਚਣ ਨਾ ਦਿੱਤਾ। ਉਨ੍ਹਾਂ ਦੀਆਂ ਰਚਨਾਵਾਂ ਨੂੰ ਮਿੱਧਣ ਦੇ ਯਤਨ ਕੀਤੇ। ਇਸ ਤੋਂ ਨਿਰਾਸ਼ ਹੋ ਕੇ ਕੁਝ ਸਾਹਿਤਕਾਰ ਲਿਖਣਾ ਛੱਡ ਗਏ ਪਰ ਫਿਰ ਵੀ ਕੁਝ ਸਖ਼ਤ-ਜਾਨ ਬੰਦੇ ਆਪਣੇ ਲੱਭੇ ਰਾਹਾਂ ’ਤੇ ਤੁਰਦੇ ਰਹੇ। ਉਨ੍ਹਾਂ ਵਿਚ ਸਆਦਤ ਹਸਨ ਮੰਟੋ ਸਭ ਤੋਂ ਵੱਡਾ ਨਾਂ ਹੈ ਜਿਸਨੇ ‘ਟੋਭਾ ਟੇਕ ਸਿੰਘ’, ‘ਬੋ’, ‘ਠੰਢਾ ਗੋਸ਼ਤ’, ‘ਹੱਤਕ’, ‘ਸਹਾਏ’, ‘ਬਾਬੂ ਗੋਪੀ ਨਾਥ’ ਵਰਗੀਆਂ ਮਹਾਨ ਕਹਾਣੀਆਂ ਲਿਖੀਆਂ। ਅਬਦੁਲ ਬਾਰੀ ਐਲੀਗ ਜੋ ਕਿ ਇਕ ਵਿਦਵਾਨ ਅਤੇ ਵਿਵਾਦਪੂਰਨ ਲੇਖਕ ਸੀ, ਨੇ ਮੰਟੋ ਨੂੰ ਰੂਸੀ ਅਤੇ ਫਰਾਂਸੀਸੀ ਲੇਖਕਾਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ। ‘ਤਮਾਸ਼ਾ’ ਮੰਟੋ ਦੀ ਪਹਿਲੀ ਕਹਾਣੀ ਸੀ ਜੋ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਉੱਪਰ ਲਿਖੀ ਗਈ ਸੀ। ਕਹਾਣੀ ‘ਟੋਭਾ ਟੇਕ ਸਿੰਘ’ ਇਕ ਮਾਰਮਿਕ ਕਹਾਣੀ ਹੈ ਜੋ ਦੇਸ਼ ਦੀ ਵੰਡ ਦਾ ਦੁਖਾਂਤ ਪੇਸ਼ ਕਰਦੀ ਹੈ। ਇਸੇ ਤਰ੍ਹਾਂ ਕਹਾਣੀ ‘ਖੋਲ੍ਹ ਦੇ’ ਦੇਸ਼ ਦੀ ਤਕਸੀਮ ਵੇਲੇ ਔਰਤਾਂ ਉੱਪਰ ਹੋਏ ਤਸ਼ੱਦਦ ਨੂੰ ਉਜਾਗਰ ਕਰਦੀ ਹੈ। ਆਪਣੇ ਜੀਵਨਕਾਲ ’ਚ ਮੰਟੋ ਨੇ ਸਮਾਜ ਦੀ ਜੋ ਗੰਦਗੀ ਅਤੇ ਘਿਨਾਉਣਾਪਨ ਦੇਖਿਆ ਅਤੇ ਮਹਿਸੂਸ ਕੀਤਾ ਉਸੇ ਨੂੰ ਆਪਣੀਆਂ ਕਹਾਣੀਆਂ ’ਚ ਨਿਸ਼ਾਨਾ ਬਣਾਇਆ। ਆਪਣੀ ਲੇਖਣੀ ਰਾਹੀਂ ਮੰਟੋ ਨੇ ਸਮਾਜ ਦੀ ਅਸਲੀਅਤ ਨੂੰ ਨੰਗਾ ਕਰ ਦਿੱਤਾ। ਨੌਜਵਾਨੀ ਦੇ ਦਿਨਾਂ ’ਚ ਮੰਟੋ ਦੇਸ਼ ’ਚ ਇਨਕਲਾਬ ਲਿਆਉਣ ਦੀਆਂ ਗੱਲਾਂ ਕਰਦਾ ਰਹਿੰਦਾ ਸੀ।

ਉਸ ਨੇ ਘਰ ਵਿਚ ਆਪਣੇ ਕਮਰੇ ਦਾ ਨਾਂਅ ‘ਦਾਰੁਲ ਅਹਿਮਰ’ (ਲਾਲ ਘਰ ਯਾਨੀ ਕ੍ਰਾਂਤੀਕਾਰੀ ਦਾ ਘਰ) ਰੱਖਿਆ ਹੋਇਆ ਸੀ। ਸਆਦਤ ਹਸਨ ਮੰਟੋ ਉਰਦੂ ਦਾ ਵਾਹਦ ਵੱਡਾ ਕਹਾਣੀਕਾਰ ਹੈ ਜਿਸ ਦੀਆਂ ਕਹਾਣੀਆਂ ਅੱਜ ਵੀ ਬੜੇ ਸ਼ੌਕ ਨਾਲ ਪੜ੍ਹੀਆਂ ਜਾਂਦੀਆਂ ਹਨ। ਬਿਨਾਂ ਸ਼ੱਕ ਮੰਟੋ ਨੇ ਪੀੜਾਂ ਭਰੀ ਜ਼ਿੰਦਗੀ ਗੁਜ਼ਾਰੀ ਮਗਰ ਉਨ੍ਹਾਂ ਦੀ ਮੌਤ ਦੇ ਬਾਅਦ ਜਿੰਨਾ ਮੰਟੋ ਦੀ ਕਲਾ ਅਤੇ ਸ਼ਖ਼ਸੀਅਤ ਤੇ ਲਿਖਿਆ ਗਿਆ ਸ਼ਾਇਦ ਦੂਸਰੇ ਕਿਸੇ ਕਹਾਣੀਕਾਰ ’ਤੇ ਨਹੀਂ ਲਿਖਿਆ ਗਿਆ। ਉਸ ਦੇ ਬਾਅਦ ਆਉਣ ਵਾਲੀਆਂ ਨਸਲਾਂ ਵੀ ਉਸ ਦੀ ਕਹਾਣੀ ਦਾ ਤੋੜ ਪੈਦਾ ਨਹੀਂ ਕਰ ਸਕੀਆਂ। ਉਸਨੇ ਉਰਦੂ ਕਹਾਣੀ ਨੂੰ ਇਕ ਨਵਾਂ ਰਾਹ ਦਿਖਾਇਆ-“ਕਹਾਣੀ ਮੈਨੂੰ ਲਿਖਦੀ ਹੈ’’ ਮੰਟੋ ਨੇ ਇਹ ਬਹੁਤ ਵੱਡੀ ਗੱਲ ਕਹੀ ਸੀ। ਇਸੇ ਨੂੰ ਆਪਣੇ ਇਕ ਖ਼ੁਦ ਲਿਖਤ ਖਾਕੇ ਵਿਚ ਮੰਟੋ ਨੇ ਆਪਣੇ ਵਿਲੱਖਣ ਅੰਦਾਜ਼ ਵਿਚ ਇਨ੍ਹਾਂ ਲਫ਼ਜ਼ਾਂ ਵਿਚ ਬਿਆਨ ਕੀਤਾ ਹੈ। “ਉਹ ਕੁਰਸੀ ’ਤੇ ਆਕੜਿਆ ਬੈਠਾ ਆਂਡੇ ਦਈ ਜਾਂਦਾ ਹੈ, ਜੋ ਬਾਅਦ ਵਿਚ ਚੂੰ ਚੂੰ ਕਰ ਅਫਸਾਨੇ ਬਣ ਜਾਂਦੇ ਹਨ।”

ਮੰਟੋ ਨੇ ਮੁੰਬਈ ’ਚ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਗੁਜ਼ਾਰਿਆ ਸੀ। ਉਹ ਸਾਹਿਤਕ ਤੇ ਫ਼ਿਲਮੀ ਪਰਚਿਆਂ ’ਚ ਨਿੱਕੀਆਂ ਮੋਟੀਆਂ ਨੌਕਰੀਆਂ ਕਰਦਾ ਰਿਹਾ। ਮੰਟੋ ਨੇ 1934 ਤੋਂ 1954 ਤਕ ਸਿਰਫ਼ ਵੀਹ ਸਾਲ ਸਾਹਿਤ ਸਾਹਿਤ ਸਿਰਜਣਾ ਕੀਤੀ। ਉਸ ਨੇ ਕਹਾਣੀਆਂ, ਨਾਟਕ, ਵਿਅਕਤੀ-ਚਿੱਤਰ, ਰੇਡੀਓ ਡਰਾਮੇ, ਅਖ਼ਬਾਰੀ ਕਾਲਮ, ਲੇਖ ਅਤੇ ਮਿੰਨੀ ਕਹਾਣੀਆਂ (ਅਫ਼ਸਾਨੇ) ਲਿਖੀਆਂ। ਉਹਨੇ ਫ਼ਿਲਮਾਂ ਲਈ ਕਹਾਣੀਆਂ, ਸੰਵਾਦ ਤੇ ਸਕਿ੍ਰਪਟ ਵੀ ਲਿਖੇ। ਬਹੁਤੇ ਆਲੋਚਕਾਂ ਅਤੇ ਪਾਠਕਾਂ ਦੀ ਮੰਟੋ ਨਾਲ ਨਾਰਾਜ਼ਗੀ ਦਾ ਕਾਰਨ ਇਹ ਰਿਹਾ ਏ ਕਿ ਉਸਦੀਆਂ ਬਹੁਤੀਆਂ ਕਹਾਣੀਆਂ ਦਾ ਸਬੰਧ ਕਾਮੁਕ ਭਾਵਨਾਵਾਂ ਨਾਲ ਰਿਹਾ ਏ ਤੇ ਕਾਮ ਦੀ ਹੈਸੀਅਤ ਸਾਡੇ ਸਮਾਜ ’ਚ ਵਰਜਿਤ ਫਲ ਜਿਹੀ ਰਹੀ ਏ। ਪਹਿਲਾਂ-ਪਹਿਲ ਮੰਟੋ ਦੀਆਂ ਕਹਾਣੀਆਂ ਨੂੰ ਪ੍ਰਗਤੀਵਾਦੀ ਸਾਹਿਤਕ ਲਹਿਰ ਦਾ ਹਿੱਸਾ ਹੀ ਸਮਝਿਆ ਗਿਆ। ਪਰ ਕਿਉਂਕਿ ਇਹ ਲਹਿਰ ਰਾਜਨੀਤੀਵਾਨਾਂ ਦੀ ਚਲਾਈ ਹੋਈ ਸੀ, ਉਨ੍ਹਾਂ ਨੂੰ ਇਹ ਡਰ ਸਤਾਉਣ ਲੱਗਿਆ ਕਿ ਕਾਮੁਕਤਾ ਦਾ ਦਾਗ ਉਨ੍ਹਾਂ ਦੀ ਉਸ ਲਹਿਰ ’ਤੇ ਨਾ ਲੱਗ ਜਾਏ, ਇਸ ਲਈ ਪ੍ਰਗਤੀਵਾਦੀ ਮੰਟੋ ਸਮੇਤ ਇਸਮਤ ਚੁਗਤਈ ਦੇ ਵਿਰੋਧ ’ਚ ਵੀ ਖੜ੍ਹੇ ਹੋ ਗਏ ਕਿਉਂਕਿ ਮੰਟੋ ਤੋਂ ਇਲਾਵਾ ਉਸਦੀਆਂ ਕਹਾਣੀਆਂ ’ਚ ਵੀ ਕਾਮ ਭਾਵਨਾਵਾਂ ਦਾ ਜ਼ਿਕਰ ਆਉਂਦਾ ਸੀ। ਪਰ ਮੰਟੋ ਆਪਣੀ ਜ਼ਿੱਦ ’ਤੇ ਅੜਿਆ ਰਿਹਾ। ਮੰਟੋ ਦੀ ਸ਼ਖ਼ਸੀਅਤ ’ਚ ਬੇਬਾਕੀ ਤੇ ਜ਼ਿੱਦ ਸੀ। ਉਸਦੀ ਜ਼ਿੱਦ ਨੇ ਉਸਦੀਆਂ ਕਹਾਣੀਆਂ ’ਚ ਵੱਧ ਬੇਬਾਕੀ ਅਤੇ ਕੁੜੱਤਣ ਪੈਦਾ ਕਰ ਦਿੱਤੀ।

ਮੰਟੋ ਦੀ ਤੁਲਨਾ ਅਕਸਰ ਹੀ ਡੀ. ਐੱਚ. ਲਾਰੈਂਸ ਨਾਲ ਕੀਤੀ ਜਾਂਦੀ ਹੈ। ਆਪਣੀ ਕਹਾਣੀਆਂ ਬਾਰੇ ਮੰਟੋ ਦਾ ਕਹਿਣਾ ਸੀ,“ਜੇ ਤੁਹਾਨੂੰ ਮੇਰੀਆਂ ਕਹਾਣੀਆਂ ਵਿਚ ਗੰਦਗੀ ਨਜ਼ਰ ਆਉਂਦੀ ਹੈ ਤਾਂ ਉਹ ਸਮਾਜ ਗੰਦਾ ਹੈ ਜੋ ਤੁਹਾਡੇ ਅੰਦਰ ਰਹਿ ਰਿਹਾ ਹੈ। ਮੈਂ ਆਪਣੀਆਂ ਕਹਾਣੀਆਂ ਦੁਆਰਾ ਸੱਚ ਦਾ ਪਰਦਾਫਾਸ਼ ਕਰਦਾ ਹਾਂ।’’ ਦੇਸ਼ ਵੰਡ ਵੇਲੇ ਜੋ ਫ਼ਸਾਦ ਹੋਏ ਉਸਦਾ ਅਸਰ ਮੁੰਬਈ ਸ਼ਹਿਰ ਉੱਪਰ ਵੀ ਹੋਇਆ ਅਤੇ ਇਨ੍ਹਾਂ ਹਾਲਤਾਂ ਤੋਂ ਡਰਦੇ ਹੋਏ ਮੰਟੋ ਪਾਕਿਸਤਾਨ ਚਲਾ ਗਿਆ ਪਰ ਉੱਥੇ ਜਾ ਕੇ ਉਸਨੂੰ ਮਹਿਸੂਸ ਹੋਇਆ ਕਿ ਪਾਕਿਸਤਾਨ ਉਹੋ ਜਿਹਾ ਨਹੀਂ ਜਿਹੋ ਜਿਹਾ ਉਹ ਸਮਝਦਾ ਸੀ। ਉੱਧਰ ਉਸਦੀਆਂ ਕਹਾਣੀਆਂ ’ਤੇ ਅਸ਼ਲੀਲਤਾ ਦੇ ਇਲਜ਼ਾਮ ਲਗਾ ਕੇ ਮੁਕੱਦਮੇ ਵੀ ਚਲਾਏ ਗਏ। “ਕੋਈ ਲੇਖਕ ਉਦੋਂ ਹੀ ਕਲਮ ਚੁੱਕਦਾ ਹੈ, ਜਦੋਂ ਉਸਦੀ ਸੰਵੇਦਨਾ ਨੂੰ ਸੱਟ ਵੱਜਦੀ ਹੈ’’- ਮੰਟੋ ਦਾ ਅਦਾਲਤ ਸਾਮ੍ਹਣੇ ਬਿਆਨ। ਮੰਟੋ ਦਾ ਦਿਲ ਬਹੁਤ ਹੀ ਮਾਸੂਮ ਸੀ ਉਹ ਜ਼ਮਾਨੇ ਦੀਆਂ ਕਠੋਰ ਹਕੀਕਤਾਂ ਨੂੰ ਬਰਦਾਸ਼ਤ ਨਹੀਂ ਕਰ ਸਕਿਆ। ਇਸੇ ਕਰਕੇ ਉਸ ਦੀ ਸ਼ਰਾਬ ਪੀਣ ਦੀ ਆਦਤ ਵੱਧ ਗਈ। ਉਸਨੇ ਤੰਗਹਾਲੀ ਦੇ ਦਿਨਾਂ ’ਚ ਭੁੱਖਾਂ ਦੇ ਦਿਨ ਵੀ ਕੱਟੇ। ਅਜਿਹੇ ਹਾਲਾਤਾਂ ’ਚੋਂ ਗੁਜ਼ਰਦੇ ਹੋਏ ਉਸ ਨੂੰ ਪਾਗ਼ਲਖਾਨੇ ਵੀ ਜਾਣਾ ਪਿਆ। ਉਰਦੂ ਸਾਹਿਤ ਦਾ ਕਹਾਣੀਕਾਰ ਕਿ੍ਰਸ਼ਨ ਚੰਦਰ ਮੰਟੋ ਬਾਰੇ ਆਖਦਾ ਹੈ “ਏਸ ਸਨਕੀ ਤੇ ਪਾਗ਼ਲ ਸਮਾਜ ਵਿਚ ਮੰਟੋ ਵਰਗੇ ਹੋਸ਼ਮੰਦਾਂ ਦਾ ਪਾਗ਼ਲਖ਼ਾਨੇ ਜਾਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ।

ਹੈਰਾਨੀ ਵਾਲੀ ਗੱਲ ਤਾਂ ਇਹ ਏ ਕਿ ਉਹ ਅੱਜ ਤੋਂ ਬਹੁਤ ਪਹਿਲਾਂ ਪਾਗ਼ਲਖਾਨੇ ਕਿਉਂ ਨਹੀਂ ਗਿਆ। “ਅਖੀਰ 18 ਜਨਵਰੀ 1955 ਨੂੰ ਉਰਦੂ ਦਾ ਮਹਾਨ ਕਹਾਣੀਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਮੰਟੋ ਨੇ ਆਪਣੇ ਮਰਨ ਤੋਂ ਪਹਿਲਾਂ ਆਪਣਾ ਕਤਬਾ ਜਾਂ ਸਮਾਧੀ ਲੇਖ ਆਪ ਲਿਖਿਆ ਸੀ ਜਿਹੜਾ ਉਸਨੇ ਆਪਣੀ ਕਬਰ ਦੇ ਤਾਅਵੀਜ਼ ’ਤੇ ਲਾਉਣ ਲਈ ਲਿਖਿਆ ਸੀ। ਉਹ ਏਸ ਤਰ੍ਹਾਂ ਏ : ‘ਏਥੇ ਸਆਦਤ ਹਸਨ ਮੰਟੋ ਦਫ਼ਨ ਏ । ਉਹਦੇ ਸੀਨੇ ’ਚ ਕਹਾਣੀ ਲਿਖਣ ਦੀ ਕਲਾ ਦੇ ਸਾਰੇ ਭੇਤ ਤੇ ਰਮਜ਼ਾਂ ਦਫ਼ਨ ਨੇ। ਉਹ ਹੁਣ ਵੀ ਮਣਾਂ ਮੂੰਹ ਮਿੱਟੀ ਹੇਠ ਦੱਬਿਆ ਹੋਇਆ ਸੋਚ ਰਿਹਾ ਏ ਕਿ ਉਹ ਵੱਡਾ ਕਹਾਣੀਕਾਰ ਏ ਜਾਂ ਰੱਬ ?’

- ਪਹਿਲੀ ਕਹਾਣੀ

ਮੰਟੋ ਨੇ ਵਿਕਟਰ ਹਿਊਗੋ, ਆਸਕਰ ਵਾਈਲਡ, ਚੈਖ਼ੋਵ ਅਤੇ ਗੋਰਕੀ ਵਰਗੇ ਮਹਾਨ ਲੇਖਕਾਂ ਦੇ ਲੇਖਣ ਦਾ ਅਨੁਵਾਦ ਕਰਨ ਦੌਰਾਨ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ‘ਤਮਾਸ਼ਾ’ ਮੰਟੋ ਦੀ ਪਹਿਲੀ ਕਹਾਣੀ ਸੀ ਜੋ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਅਤੇ ‘ਟੋਭਾ ਟੇਕ ਸਿੰਘ ’ ਦੇਸ਼ ਵੰਡ ਦੇ ਦੁਖਾਂਤ ਬਾਰੇ ਲਿਖੀਆਂ ਸਨ।

- ਸੰਦੀਪ ਆਰੀਆ

Posted By: Harjinder Sodhi