‘ਮਾਂ’ ਸ਼ਬਦ ਦੁਨੀਆ ਦਾ ਸਭ ਤੋਂ ਖ਼ੂਬਸੂਰਤ ਅਹਿਸਾਸ ਹੈ। ਮਾਂ ਕੋਲ਼ੋਂ ਸਿੱਖੀ ਬੋਲੀ ਸਾਡੀ ਮਾਂ-ਬੋਲੀ ਹੁੰਦੀ ਹੈ। ਮਾਂ-ਬੋਲੀ ਵਿਚ ਕਿੰਨੇ ਖ਼ੂਬਸੂਰਤ ਹੋਰ ਅਹਿਸਾਸ ਹੋ ਸਕਦੇ ਹਨ, ਇੱਥੋਂ ਇਹ ਸਮਝ ਸਾਨੂੰ ਸੁਤੇ-ਸੁਭਾਅ ਆਪਣੇ ਮਨ ’ਤੇ ਉੱਕਰ ਲੈਣੀ ਚਾਹੀਦੀ ਹੈ। ਮਾਂ ਤੋਂ ਬਾਅਦ ਮਹਿਸੂਸ ਕਰੀਏ ਤਾਂ ਮਾਂ-ਬੋਲੀ ਹੀ ਸਤਿਕਾਰ ਦੀ ਪਾਤਰ ਹੈ। ਅਸੀਂ ਇੱਥੇ ਸਤਿਕਾਰ ਦੇ ਨਾਲ ਅੱਗੇ ਰੁਜ਼ਗਾਰ ਦੀ ਗੱਲ ਵੀ ਕਰਾਂਗੇ।
ਇਸ ਤੋਂ ਪਹਿਲਾਂ ਮਨੋਵਿਗਿਆਨਕ ਤੌਰ ’ਤੇ ਇਹ ਤੱਥ ਨੂੰ ਸਮਝਣਾ ਜ਼ਰੂਰੀ ਹੈ ਕਿ ਬੱਚਾ ਮਾਂ-ਬੋਲੀ ਵਿਚ ਛੇਤੀ ਗਿਆਨ ਪ੍ਰਾਪਤ ਕਰ ਸਕਦਾ ਹੈ। ਅਜੋਕੇ ਸਮੇਂ ਵਿਚ ਵਿਦੇਸ਼ਾਂ ’ਚ ਜਾਣ ਦੀ ਦੌੜ ਨੇ ਸਾਡੇ ਸਮਾਜ ਵਿਚ ਬੱਚਿਆਂ ਸਮੇਤ ਮਾਪਿਆਂ ਦੇ ਮਨਾਂ ਵਿਚ ਇਕ ਬਹੁਤ ਵੱਡਾ ਭਰਮ ਤੇ ਡਰ ਪੈਦਾ ਕਰ ਦਿੱਤਾ ਹੈ ਕਿ ਵਿਦੇਸ਼ੀ ਭਾਸ਼ਾਵਾਂ ਸਿੱਖੇ ਬਿਨਾਂ ਰੁਜ਼ਗਾਰ ਨਹੀਂ।
ਆਪਾਂ ਇੱਥੇ ਤੁਹਾਡੇ ਨਾਲ ਕੁਝ ਦਿਲਚਸਪ ਤੱਥਾਂ ਦੀ ਸਾਂਝ ਬਣਾਉਂਦੇ ਹਾਂ ਜੋ ਇਹ ਭਰਮ ਤੇ ਇਹ ਡਰ ਨੂੰ ਦੂਰ ਕਰਨ ਲਈ ਕਾਫ਼ੀ ਸਹਾਈ ਹੋਣਗੇ। ਜਦ ਗੱਲ ਰੁਜ਼ਗਾਰ ਦੀ ਤੁਰਦੀ ਹੈ ਤਾਂ ਸਾਡੇ ਦੇਸ਼ ਵਿਚ ਵਿਗਿਆਨ ਦੇ ਵਿਸ਼ੇ ’ਤੇ ਸਭ ਤੋਂ ਪਹਿਲਾਂ ਚਰਚਾ ਕਰਨੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ।
ਇੱਥੇ ਅਸੀਂ ਵੱਖੋ-ਵੱਖ ਦੇਸ਼ਾਂ ਦੇ ਸੰਦਰਭ ਵਿਚ ਇਸ ਸਭ ਕੁਝ ਨੂੰ ਸਮਝਣਾ ਹੈ। ਜੇ ਪਹਿਲੀ ਗੱਲ ਵਿਗਿਆਨ ਦੇ ਵਿਸ਼ਿਆਂ ਵਿਚ ਨੋਬਲ ਪੁਰਸਕਾਰ ਜਿੱਤਣ ਵਾਲਿਆਂ ਦੀ ਕਰੀਏ ਤਾਂ ਇਨ੍ਹਾਂ ਵਿੱਚੋਂ ਬਹੁਗਿਣਤੀ ਅੰਗਰੇਜ਼ਾਂ ਦੀ ਨਹੀਂ ਹੈ; ਕੋਈ ਜਰਮਨ ਹੈ ਕੋਈ ਫਰੈਂਚ ਹੈ ਜਾਂ ਯੂਰਪ ਦੀਆਂ ਹੋਰ ਬੋਲੀਆਂ ਬੋਲਣ ਵਾਲੇ ਹਨ।
ਇਨ੍ਹਾਂ ਦੇ ਜਿਹੜੇ ਖੋਜ-ਪੱਤਰਾਂ ਲਈ ਨੋਬਲ ਪੁਰਸਕਾਰ ਮਿਲੇ, ਉਹ ਇਨ੍ਹਾਂ ਦੀਆਂ ਆਪਣੀਆਂ ਬੋਲੀਆਂ ਵਿਚ ਹਨ। ਹੁਣ ਲੱਗਦੇ ਹੱਥ ਸਾਡੇ ਦੇਸ਼ ਦੇ ਭੌਤਿਕ ਵਿਗਿਆਨੀ ਚੰਦਰ ਸ਼ੇਖਰ ਦੀ ਹੀ ਗੱਲ ਕਰੀਏ ਤਾਂ ਉਸ ਨੂੰ ਉਸ ਦੇ ਜਿਸ ਖੋਜ-ਪੱਤਰ ਲਈ ਨੋਬਲ ਇਨਾਮ ਮਿਲਿਆ ਉਹ ਉਹਦੀ ਮਾਂ-ਬੋਲੀ ‘ਤਾਮਿਲ’ ਵਿਚ ਹੀ ਹੈ।
ਮੌਜੂਦਾ ਸਮੇਂ ਭਾਰਤ ਦੇ ਉਪ-ਰਾਸ਼ਟਰਪਤੀ ਸ੍ਰੀ ਐੱਮ ਵੈਂਕਈਆ ਨਾਇਡੂ ਨੇ ਹੈਦਰਾਬਾਦ ਯੂਨੀਵਰਸਿਟੀ ਅਤੇ ਤੇਲਗੂ ਅਕੈਡਮੀ ਦੁਆਰਾ ‘ਗਿਆਨ ਰਚਨਾ : ਮਾਂ ਬੋਲੀ’ ’ਤੇ ਔਨਲਾਈਨ ਵੈਬੀਨਾਰ ਦੌਰਾਨ ਇਸ ਗੱਲ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ ਲਗਪਗ 90 ਫ਼ੀਸਦੀ ਉਹ ਲੋਕ ਸਨ ਜਿਨ੍ਹਾਂ ਨੇ ਆਪਣੀ ਮਾਂ-ਬੋਲੀ ਵਿਚ ਆਪਣੀ ਸਿੱਖਿਆ ਪੂਰੀ ਕੀਤੀ ਸੀ।
ਦੂਜਾ ਤੱਥ ਇਲੈਕਟ੍ਰੀਕਲ ਇੰਜਨੀਅਰਿੰਗ ਦੀਆਂ ਬੁਨਿਆਦੀ ਇਕਾਈਆਂ ਵੋਲਟ, ਐੱਮਪੀਅਰ, ਵਾਟ ਅਤੇ ਓਹਮ ਨਾਲ ਜੁੜਿਆ ਹੋਇਆ ਹੈ। ਇਹ ਬੁਨਿਆਦੀ ਇਕਾਈਆਂ ਦੇ ਇਹ ਨਾਂ ਵੱਖ-ਵੱਖ ਵਿਗਿਆਨੀਆਂ ਦੇ ਨਾਵਾਂ ’ਤੇ ਹੀ ਰੱਖੇ ਹੋਏ ਹਨ। ਧਿਆਨਯੋਗ ਗੱਲ ਇੱਥੇ ਇਹ ਹੈ ਕਿ ਇਨ੍ਹਾਂ ਵਿਗਿਆਨੀਆਂ ਵਿੱਚੋਂ ਕੋਈ ਵੀ ਇੰਗਲੈਂਡ ਦਾ ਨਹੀਂ ਸੀ। ਜੇਮਜ਼ ਵਾਟ ਤੋਂ ਬਿਨਾਂ ਕਿਸੇ ਦੀ ਮਾਂ-ਬੋਲੀ ਵੀ ਅੰਗਰੇਜ਼ੀ ਨਹੀਂ ਸੀ।
ਐਲਸੈਂਦਰੋ ਵੋਲਟ ਇਟਾਲੀਅਨ ਸਨ, ਆਂਦਰੇ ਮੈਰੀ ਐਮਪੀਅਰ ਫਰਾਂਸੀਸੀ ਸਨ, ਜੇਮਜ਼ ਵਾਟ ਸਕਾਟਲੈਂਡ ਦੇ ਸਨ ਅਤੇ ਜਾਰਜ ਓਹਮ ਜਰਮਨ ਦੇ ਸਨ। ਵਿਸ਼ਵ ਪੱਧਰ ਤੱਥਾਂ ’ਤੇ ਆਧਾਰਿਤ ਜਾਣੀਏ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਸਾਇੰਸ ਦੀ ਸਾਰੀ ਖੋਜ ਅਤੇ ਵਿਕਾਸ ਯੂਰਪ ਦੇ ਵੱਖ-ਵੱਖ ਖਿੱਤਿਆਂ ਅਤੇ ਬੋਲੀਆਂ ਵਿਚ ਨਾਲ-ਨਾਲ ਹੋਇਆ ਹੈ।
ਇਸੇ ਤਰ੍ਹਾਂ, ਵਿਸ਼ਵੀਕਰਨ ਦੁਆਰਾ ਬਹੁਤ ਪ੍ਰਭਾਵਿਤ ਦੇਸ਼ਾਂ ਦੇ ਇਕ ਹੋਰ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਮਾਂ-ਬੋਲੀ ਨੂੰ ਮਹੱਤਵ ਦੇਣ ਵਾਲੇ ਮੁਲਕ ਪਹਿਲੇ 50 ਮੁਲਕਾਂ ਵਿਚ ਸ਼ਾਮਲ ਹਨ। ਇਹ ਤੱਥ ਵੀ ਸਮਝਣਾ ਜ਼ਰੂਰੀ ਹੈ ਕਿ ਗਲੋਬਲ ਇਨੋਵੇਸ਼ਨ ਇੰਡੈਕਸ ਵਿਚ ਚੋਟੀ ਦੇ 40-50 ਦੇਸ਼ਾਂ ਵਿੱਚੋਂ 90 ਫ਼ੀਸਦੀ ਉਹ ਦੇਸ਼ ਹਨ ਜਿਨ੍ਹਾਂ ਵਿਚ ਸਿੱਖਿਆ ਮਾਂ-ਬੋਲੀ ਰਾਹੀਂ ਦਿੱਤੀ ਗਈ ਸੀ।
ਅੱਜ ਦੀ ਇਸ ਵਿਚਾਰ ਚਰਚਾ ਦੀ ਸਮਾਪਤੀ ’ਤੇ ਸਾਇੰਸ ਤੋਂ ਬਾਅਦ ਸਾਹਿਤ ਦੀ ਦੁਨੀਆ ਨਾਲ ਸਾਂਝ ਬਣਾਉਂਦੇ ਹੋਏ ਆਪਾਂ ਇੱਥੇ ਰਬਿੰਦਰ ਨਾਥ ਟੈਗੋਰ ਦੇ ਮਾਂ-ਬੋਲੀ ਨਾਲ ਸਬੰਧਿਤ ਵਿਚਾਰ ਨੂੰ ਸਮਝੀਏ ਤੇ ਮਹਿਸੂਸ ਕਰੀਏ। ਉਨ੍ਹਾਂ ਨੇ ਕਿਹਾ ਸੀ ਕਿ ਜੋ ਸਕੂਨ ਮੈਨੂੰ ਆਪਣੀ ਮਾਂ-ਬੋਲੀ ਵਿਚ ਲਿਖ ਕੇ ਮਿਲਦਾ ਹੈ, ਉਹ ਕਿਸੇ ਹੋਰ ਭਾਸ਼ਾ ਵਿਚ ਲਿਖ ਕੇ ਨਹੀਂ ਮਿਲਦਾ।
ਇਹ ਵਿਚਾਰ ਦੀ ਸਾਂਝ ਬਣਾਉਣ ਦਾ ਕਾਰਨ ਵੀ ਇੱਥੇ ਇਹ ਹੀ ਹੈ ਕਿ ਟੈਗੋਰ ਦੀ ਰਚਨਾ ‘ਗੀਤਾਂਜਲੀ’ ਜਿਸ ਨੂੰ ਨੋਬਲ ਪੁਰਸਕਾਰ ਮਿਲਿਆ ਹੈ, ਉਹ ਉਨ੍ਹਾਂ ਦੀ ਮਾਂ-ਬੋਲੀ ‘ਬੰਗਾਲੀ’ ਵਿਚ ਹੀ ਲਿਖੀ ਹੋਈ ਸੀ।
- ਸੁਖਚੈਨ ਸਿੰਘ ਕੁਰੜ
Posted By: Harjinder Sodhi