ਅੱਜ ਦੇ ਜ਼ਮਾਨੇ ਵਿਚ ਵਿੱਦਿਆ ਦੀ ਬਹੁਤ ਅਹਿਮੀਅਤ ਹੈ। ਹਰ ਵਿਅਕਤੀ ਚਾਹੇ ਉਹ ਗ਼ਰੀਬ ਹੈ, ਅਮੀਰ ਹੈ, ਪੇਂਡੂ ਜਾਂ ਸ਼ਹਿਰੀ ਹਰ ਇਕ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਉੱਚ ਸਿੱਖਿਆ ਹਾਸਲ ਕਰਨ। ਅੱਜ ਦੀ ਪੜ੍ਹਾਈ ਕਿਤੇ ਨਾ ਕਿਤੇ ਕਿਤਾਬੀ ਸਿੱਖਿਆ ਦੇ ਆਲੇ-ਦੁਆਲੇ ਘੁੰਮਦੀ ਹੈ। ਅਸਲ ਵਿੱਦਿਆ ਕੀ ਹੈ ਇਸ ਤੋਂ ਬਹੁਤ ਸਾਰੇ ਲੋਕ ਅਨਜਾਣ ਹਨ। ਅਸਲ ਵਿੱਦਿਆ ਤਾਂ ਸਾਦਗੀ ਅਤੇ ਸਹਿਣਸ਼ੀਲਤਾ ਹੀ ਹੈ। ਸਾਦਗੀ ਅਤੇ ਸਹਿਣਸ਼ੀਲਤਾ ਤੋਂ ਬਿਨਾਂ ਹਾਸਲ ਕੀਤੀ ਵਿੱਦਿਆ ਹੰਕਾਰ ਦੀ ਇਕੱਠੀ ਕੀਤੀ ਉਹ ਪੰਡ ਹੈ ਜੋ ਇਨਸਾਨ ਨੂੰ ਤੁਰਦਿਆਂ-ਤੁਰਦਿਆਂ ਦੂਜਿਆਂ ਨਾਲੋਂ ਮੀਲਾਂ ਦੂਰ ਕਰ ਦਿੱਤੀ ਹੈ।

ਪੁਰਾਣੀ ਪੀੜ੍ਹੀ ਸਾਡੇ ਬਜ਼ੁਰਗ ਭਾਵੇਂ ਘੱਟ ਪੜ੍ਹੇ ਲਿਖੇ ਸਨ ਪਰ ਉਨ੍ਹਾਂ ਦੀ ਸੋਚ ਸਮਝ ਬੜੀ ਉੱਚੀ ਤੇ ਸਿਆਣਪ ਵਾਲੀ ਹੈ। ਉਨ੍ਹਾਂ ਕੋਲ ਕਿਤਾਬੀ ਗਿਆਨ ਘੱਟ ਹੋਣ ਦੇ ਬਾਵਜੂਦ ਸਾਦਗੀ ਅਤੇ ਸਹਿਣਸ਼ੀਲਤਾ ਵਾਲੇ ਗੁਣ ਹਨ। ਅੱਜ ਹੋਣਾ ਤਾਂ ਇਹ ਚਾਹੀਦਾ ਸੀ ਕਿ ਜ਼ਿਆਦਾ ਪੜ੍ਹ ਲਿਖ ਜਾਣ ਨਾਲ ਸਾਡੀ ਸੋਚ ਸਮਝ ਵਿਚ ਵਧੇਰੇ ਸਮਝਦਾਰੀ ਅਤੇ ਪਕਿਆਈ ਆਉਂਦੀ ਅਤੇ ਸਾਡਾ ਜੀਵਨ ਹੋਰ ਜ਼ਿਆਦਾ ਸਾਦਗੀ ਭਰਪੂਰ ਅਤੇ ਸਹਿਣਸ਼ੀਲਤਾ ਵਾਲਾ ਹੁੰਦਾ ਹੋਇਆ ਅੱਜ ਬਿਲਕੁਲ ਇਸ ਦੇ ਉਲਟ ਹੈ। ਜਿੰਨਾ ਅਸੀਂ ਪੜ੍ਹ ਲਿਖ ਰਹੇ ਹਾਂ, ਮਾਡਰੇਟ ਬਣ ਰਹੇ ਹਾਂ ਓਨਾ ਸਾਦਗੀ ਨੂੰ ਛੱਡ ਕੇ ਦਿਖਾਵੇ ਵਾਲੀ ਜ਼ਿੰਦਗੀ ਜਿਊੁਣ ਲੱਗ ਪਏ ਹਾਂ। ਅੰਦਰੋਂ ਮਜ਼ਬੂਤ ਹੋਣ ਦੀ ਜਗ੍ਹਾ ਇੰਨਾ ਕਮਜ਼ੋਰ ਹੋ ਗਏ ਹਾਂ ਕਿ ਨਿੱਕੀ ਜਿਹੀ ਗੱਲ ਨੂੰ ਵੀ ਸਹਿਣ ਦੇ ਅਸਮਰੱਥ ਹੋ ਗਏ ਹਾਂ। ਸਾਡੀ ਆਪਣੀ ਸਮਝ ਖ਼ਤਮ ਹੁੰਦੀ ਜਾ ਰਹੀ ਹੈ। ਅਸੀਂ ਲੋਕਾਂ ਦੇ ਦਿਮਾਗ਼ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਹੈ।

ਅਸੀਂ ਦੂਜਿਆਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਿਛਲੱਗ ਬਣਨ ਦੀ ਪ੍ਰਵਿਰਤੀ ਦਿਨੋ ਦਿਨ ਵੱਧ ਰਹੀ ਹੈ। ਸਾਡੀ ਸੋਚਣ ਦੀ ਸਮਰੱਥਾ ਨਹੀਂ ਰਹੀ ਕਿ ਅਸੀਂ ਇਹ ਸਮਝ ਸਕੀਏ ਕਿ ਕਿਹੜੀ ਗੱਲ ਦੀ ਨਕਲ ਕਰਨੀ ਹੈ ਅਤੇ ਕਿਹੜੀ ਗੱਲ ਦੀ ਨਹੀਂ। ਸਾਡੇ ਵੱਲੋਂ 20-25 ਸਾਲ ਪੜ੍ਹ ਕੇ ਪ੍ਰਾਪਤ ਕੀਤੀਆਂ ਡਿਗਰੀਆਂ ਦਾ ਕੀ ਫ਼ਾਇਦਾ। ਜੇਕਰ ਅਸੀਂ ਆਪਣੇ ਮਾਂ ਪਿਉ , ਬਜ਼ੁਰਗਾਂ ਦੁਆਰਾ ਸਾਡੇ ਭਲੇ ਲਈ ਦੱਸੀਆਂ ਗੱਲਾਂ ਨੂੰ ਸਹਾਰਨ ਦੇ ਅਸਮਰੱਥ ਦਿਖਾਈ ਦਿੰਦੇ ਹਾਂ। ਆਪਣੀ ਵਿਰਾਸਤ ਅਤੇ ਸੱਭਿਆਚਾਰ ਨੂੰ ਛੱਡ ਕੇ ਭੇਡਾਂ ਵਾਂਗ ਪੱਛਮੀ ਸੱਭਿਅਤਾ ਦੇ ਮਗਰ ਲੱਗ ਰਹੇ ਹਾਂ। ਅਸੀਂ ਆਪਣੀਆਂ ਚੰਗੀਆਂ ਗੱਲਾਂ ਛੱਡ ਰਹੇ ਹਾਂ, ਪੱਛਮੀ ਸੱਭਿਅਤਾ ਦੀਆਂ ਵੀ ਚੰਗੀਆਂ ਗੱਲਾਂ ਨੂੰ ਦਰ ਕਿਨਾਰ ਕਰ ਰਹੇ ਹਾਂ। ਬਸ ਜੋ ਮਾੜਾ ਹੈ ਉਸ ਨੂੰ ਅਪਣਾ ਰਹੇ ਹਾਂ।

ਬਿਊਟੀ ਪਾਰਲਰ, ਹੇਅਰ ਸੈਲੂਨ ਦੀਆਂ ਬੇਸ਼ੁਮਾਰ ਦੁਕਾਨਾਂ ਖੁੱਲ੍ਹ ਰਹੀਆਂ ਹਨ। ਘਰਾਂ ਦੀਆਂ ਅਲਮਾਰੀਆਂ ਵਿਚ ਪਏ ਕੀਮਤੀ ਕੱਪੜੇ, ਜੁੱਤੀਆਂ ਨੂੰ ਅਸੀਂ ਇਕ ਦੋ ਵਾਰ ਪਹਿਨਣ ਤੋਂ ਬਾਦ ਮੁੜ ਵਰਤਣ ਵਿਚ ਸ਼ਰਮ ਮਹਿਸੂਸ ਕਰਦੇ ਹਾਂ। ਇਹ ਸਾਡੇ ਵੱਧ ਪੜ੍ਹੇ ਲਿਖੇ ਹੋਣ ਦੀਆਂ ਨਹੀਂ ਬਲਕਿ ਅਨਪੜ੍ਹ ਹੋਣ ਦੀਆਂ ਨਿਸ਼ਾਨੀਆਂ ਹਨ। ਅਸਲ ਵਿਚ ਪੜ੍ਹੇ ਲਿਖੇ ਦਾ ਸ਼ਿੰਗਾਰ ਅਤੇ ਤਾਕਤ ਸਾਦਗੀ ਅਤੇ ਸਹਿਣਸ਼ੀਲਤਾ ਹੀ ਹੈ।

ਸਾਦਗੀ ਤਾਂ ਉਹ ਸ਼ਿੰਗਾਰ ਹੈ ਜੋ ਕਦੇ ਵੀ ਲੱਥਦਾ ਨਹੀਂ। ਇਨਸਾਨ ਨੂੰ ਅੰਦਰੋਂ ਸ਼ਿੰਗਾਰਦਾ ਹੈ। ਇਸ ਲਈ ਸਾਦਗੀ ਬਹੁਤ ਮਹਿੰਗਾ ਸ਼ਿੰਗਾਰ ਹੈ। ਜੋ ਬਾਜ਼ਾਰ ਵਿੱਚੋਂ ਵੀ ਨਹੀਂ ਖ਼ਰੀਦਿਆ ਜਾ ਸਕਦਾ। ਸਹਿਣਸ਼ੀਲਤਾ ਉਹ ਤਾਕਤ ਹੈ ਜੋ ਆਦਮੀ ਨੂੰ ਅੰਦਰੋਂ ਮਜ਼ਬੂਤ ਕਰ ਦਿੰਦੀ ਹੈ। ਸਹਿਣਸ਼ੀਲਤਾ ਨੂੰ ਪਾਉਣ ਵਾਲਾ ਜ਼ਿੰਦਗੀ ਦੀ ਹਰੇਕ ਸਮੱਸਿਆ ਦਾ ਸਾਹਮਣਾ ਬੜੇ ਸਹਿਜ ਢੰਗ ਨਾਲ ਕਰ ਜਾਂਦਾ ਹੈ।

ਇਸ ਅਸਲ ਵਿੱਦਿਆ ਨੂੰ ਪੈਸੇ ਨਾਲ ਹਾਸਲ ਨਹੀਂ ਕੀਤਾ ਜਾ ਸਕਦਾ। ਇਸ ਦਾ ਮੁੱਲ ਤਾਂ ਆਪਣੀ ਸੋਚ ਅਤੇ ਸਮਝ ਦਾ ਵਿਕਾਸ ਕਰ ਕੇ ਹੀ ਤਾਰਿਆ ਜਾ ਸਕਦਾ ਹੈ।

J ਕਿਰਨਦੀਪ ਸਿੰਘ

98147-86153

Posted By: Harjinder Sodhi