ਜਿਸ ਵਕਤ ਸਾਡਾ ਨੌਜਵਾਨ ਵਰਗ ਪੰਜਾਬੀ ਸਾਹਿਤ ਤੋਂ ਪਾਸਾ ਵੱਟ ਕੇ ਸੋਸ਼ਲ ਮੀਡੀਆ ਦੇ ਮੱਕੜ ਜਾਲ਼ ਵਿਚ ਉਲਝਦਾ ਜਾ ਰਿਹਾ ਹੈ, ਉਸ ਵਕਤ ਸਾਹਿਤ ਦੇ ਖੇਤਰ ਦਾ ਮਾਣਮੱਤਾ ਕਹਾਣੀਕਾਰ ਜਤਿੰਦਰ ਹਾਂਸ ਸਾਹਿਤ ਨੂੰ ਆਪਣਾ ਸ਼ੌਕ ਬਣਾ ਕੇ ਆਹਲਾ ਦਰਜੇ ਦੀਆਂ ਕਿਤਾਬਾਂ ਪਾਠਕਾਂ ਦੀ ਝੋਲੀ ਵਿਚ ਪਾ ਰਿਹਾ ਹੈ। ਉਹ ਘੱਟ ਸ਼ਬਦਾਂ 'ਚ ਵੱਡੀ ਗੱਲ ਕਹਿਣ ਦਾ ਹੁਨਰ ਰੱਖਦਾ ਹੈ। ਇਹੀ ਕਾਰਨ ਹੈ ਕਿ ਉਸ ਨੇ ਆਪਣੀ ਲੇਖਣੀ ਜ਼ਰੀਏ ਕੱਦਾਵਰ ਸਾਹਿਤਕਾਰਾਂ, ਪਾਠਕਾਂ, ਆਲੋਚਕਾਂ ਤੇ ਚਿੰਤਕਾਂ ਦਾ ਧਿਆਨ ਖਿੱਚਿਆ ਹੈ। ਉਹ ਜਿੱਥੇ ਕਹਾਣੀ ਜਗਤ ਵਿਚ ਨਵੀਂਆਂ ਪੈੜਾਂ ਪਾਉਣ ਵਾਲਾ ਕਹਾਣੀਕਾਰ ਹੈ, ਉੱਥੇ ਇਕ ਸੰਜੀਦਾ ਨਾਵਲਕਾਰ ਵੀ ਹੈ। ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਉਸ ਦੀਆਂ ਰਚਨਾਵਾਂ ਯੂਨੀਵਰਸਿਟੀ ਦੇ ਸਿਲੇਬਸ ਦਾ ਹਿੱਸਾ ਹੋਣ ਅਤੇ ਵਿਦਿਆਰਥੀ ਉਸ ਦੀਆਂ ਰਚਨਾਵਾਂ 'ਤੇ ਖੋਜ ਕਾਰਜ ਕਰ ਰਹੇ ਹੋਣ। ਬੁਲੰਦੀਆਂ 'ਤੇ ਪਹੁੰਚ ਕੇ ਵੀ ਜਤਿੰਦਰ ਹਾਂਸ ਆਪਣੇ ਸਾਊ ਤੇ ਮਿਲਾਪੜੇ ਸੁਭਾਅ ਕਾਰਨ ਸਾਰਿਆਂ ਦੇ ਦਿਲਾਂ ਦਾ ਹਰਮਨ ਪਿਆਰਾ ਕਹਾਣੀਕਾਰ ਹੈ।

ਉਂਝ ਤਾਂ ਜਤਿੰਦਰ ਹਾਂਸ ਨੂੰ ਅਨੇਕਾਂ ਸਾਹਿਤਕ ਸੰਗਠਨਾਂ ਵੱਲੋਂ ਮਾਣ-ਸਨਮਾਨ ਨਾਲ ਨਵਾਜਿਆ ਗਿਆ ਹੈ, ਪ੍ਰੰਤੂ ਕੈਨੇਡਾ ਦੀ ਵਿਸ਼ਵ ਪ੍ਰਸਿੱਧ ਸਾਹਿਤਕ ਸੰਸਥਾ ਵੱਲੋਂ ਢਾਹਾਂ ਇੰਟਰਨੈਸ਼ਨਲ ਪੁਰਸਕਾਰ ਦੇਣ ਲਈ ਜਤਿੰਦਰ ਹਾਂਸ ਨੂੰ ਆਪਣੇ ਖ਼ਰਚੇ 'ਤੇ ਕੈਨੇਡਾ ਬੁਲਾ ਕੇ 25000 ਹਜ਼ਾਰ ਡਾਲਰ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕਰਨਾ ਮਾਣ ਵਾਲੀ ਗੱਲ ਹੈ। ਪਿਤਾ ਜੱਥੇਦਾਰ ਲਾਭ ਸਿੰਘ ਅਤੇ ਮਾਤਾ ਰਣਜੀਤ ਕੌਰ ਦਾ ਇਹ ਲਾਡਲਾ ਪੁੱਤ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਲੂਣਾ ਤੋਲਾ ਦੀਆਂ ਗਲ਼ੀਆਂ ਵਿਚ ਹੱਸਦਾ ਖੇਡਦਾ ਜਵਾਨ ਹੋਇਆ। ਆਪਣੇ ਪਿਤਾ ਨਾਲ਼ ਖੇਤੀਬਾੜੀ ਵਿਚ ਹੱਥ ਵਟਾਉਣ ਦੇ ਨਾਲ-ਨਾਲ ਉਸਨੇ ਪੜ੍ਹਾਈ ਵੀ ਪੂਰੀ ਦਿਲਚਸਪੀ ਨਾਲ ਕੀਤੀ। ਉਸਨੇ ਆਪਣੀ ਮੁੱਢਲੀ ਵਿੱਦਿਆ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਅਲੂਣਾ ਤੋਲਾ ਤੋਂ ਸ਼ੁਰੂ ਕੀਤੀ। ਬਾਅਦ 'ਚ ਬਾਰ੍ਹਵੀਂ ਦੀ ਪ੍ਰੀਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਅਲੂਣਾ ਪੱਲਾ ਤੋਂ ਕਰਨ ਉਪਰੰਤ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਅਤੇ ਬੀ.ਐੱਡ. ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਉਸ ਨਾਲ ਕੀਤੇ ਗਏ ਕੁਝ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਰਹੇ :-

ਲਿਖਣ ਦੀ ਚੇਟਕ ਕਿੱਥੋਂ ਲੱਗੀ?

ਮੇਰੇ ਪੜ੍ਹਾਈ ਸਮੇਂ ਦੀ ਗੱਲ ਹੈ, ਮੈਂ ਇਕ ਕਹਾਣੀ ਲਿਖ ਕੇ 'ਕਹਾਣੀ ਪੰਜਾਬ' ਮੈਗਜ਼ੀਨ ਨੂੰ ਛਪਣ ਲਈ ਭੇਜੀ ਸੀ, ਉਨ੍ਹਾਂ ਵੱਲੋਂ ਉਸ ਕਹਾਣੀ ਨੂੰ ਮੁਕਾਬਲੇ ਵਿਚ ਸ਼ਾਮਲ ਕਰ ਕੇ ਇਨਾਮ ਲਈ ਚੁਣ ਲਿਆ। ਪਰ ਮੈਨੂੰ ਐਨਾ ਨਹੀਂ ਸੀ ਪਤਾ ਕਿ ਕਹਾਣੀ ਥੱਲੇ ਆਪਣਾ ਐਡਰੈੱਸ ਵੀ ਲਿਖੀਦਾ ਹੁੰਦੈ। ਇਕ ਦਿਨ ਬਲਜਿੰਦਰ ਨਸਰਾਲੀ ਮੈਨੂੰ ਆ ਕੇ ਮਿਲਿਆ ਤੇ ਕਹਿੰਦਾ ਕਿ ਤੂੰ ਕੋਈ ਕਹਾਣੀ ਭੇਜੀ ਸੀ, ਤਾਂ ਮੈਂ ਕਿਹਾ ਹਾਂ ਭੇਜੀ ਸੀ। ਅੱਗੋਂ ਉਹ ਕਹਿੰਦਾ ਕਿ ਤਾਂ ਹੀ ਤੈਨੂੰ ਰਾਮ ਸਰੂਪ ਅਣਖੀ ਹੋਰੀਂ ਲੱਭਦੇ ਫਿਰਦੇ ਨੇ, ਕਿਉਂਕਿ ਤੇਰੀ ਕਹਾਣੀ ਨੂੰ ਤਾਂ ਇਨਾਮ ਮਿਲਿਆ। ਇਸ ਜੇਤੂ ਰਹੀ ਕਹਾਣੀ ਨੇ ਹੀ ਮੇਰੇ ਸਾਹਿਤਕ ਸਫ਼ਰ ਦਾ ਮੁੱਢ ਬੰਨ੍ਹ ਦਿੱਤਾ ਤੇ ਬਸ ਫਿਰ ਇਸ ਤੋਂ ਬਾਅਦ ਲਿਖਣ ਦਾ ਸਿਲਸਿਲਾ ਨਿਰੰਤਰ ਚੱਲ ਪਿਆ।

ਸਾਹਿਤ ਦੇ ਖੇਤਰ 'ਚ ਹੁਣ ਤਕ ਦੀਆਂ ਪ੍ਰਾਪਤੀਆਂ ਦੱਸੋ?

ਮੇਰੀਆਂ ਕਹਾਣੀਆਂ ਉੱਪਰ ਵੱਖ-ਵੱਖ ਯੂਨੀਵਰਸਿਟੀਆਂ ਦੇ ਐੱਮ.ਫਿਲ. ਅਤੇ ਪੀ.ਐੱਚ.ਡੀ. ਦੇ ਵਿਦਿਆਰਥੀਆਂ ਵੱਲੋਂ ਖੋਜ ਕਾਰਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 'ਚ ਮੇਰੀ ਕਹਾਣੀ 'ਰਾਹੂ-ਕੇਤੂ' ਬੀ.ਏ. ਦੇ ਸਿਲੇਬਸ ਵਿਚ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਐੱਮ.ਏ. ਦੇ ਸਿਲੇਬਸ ਵਿਚ ਕਹਾਣੀ 'ਙ ਖ਼ਾਲੀ ਨਹੀਂ ਹੁੰਦਾ' ਲੱਗੀਆਂ ਹੋਈਆਂ ਹਨ।

ਮੁਹੱਬਤੀ ਕਹਾਣੀਆਂ 'ਤੇ ਪਕੜ ਜ਼ਿਆਦਾ ਹੈ, ਅਜਿਹਾ ਕਿਉਂ?

ਮੈਂ ਤਾਂ ਹਮੇਸ਼ਾ ਯਥਾਰਥ ਦੇ ਨੇੜੇ ਹੋ ਕੇ ਲਿਖਦਾ ਹਾਂ ਪਰ ਕਦੇ ਮੁਹੱਬਤ ਨੂੰ ਵਿਸ਼ਾ ਮੰਨ ਕੇ ਨਹੀਂ ਲਿਖਿਆ। ਬਸ ਲਿਖਣ ਤੋਂ ਬਾਅਦ ਹੀ ਪਤਾ ਚੱਲਦਾ ਹੈ ਕਿ ਇਹ ਕਹਾਣੀ ਵੀ ਮੁਹੱਬਤ 'ਤੇ ਹੀ ਲਿਖੀ ਗਈ। ਬਾਕੀ ਮੈਂ ਇਹ ਮੰਨ ਕੇ ਚੱਲਦਾ ਹਾਂ ਕਿ ਮੁਹੱਬਤ ਜ਼ਿੰਦਗੀ ਦਾ ਮੂਲ ਧੁਰਾ ਹੈ।

ਨਵੇਂ ਲੇਖਕਾਂ ਨੂੰ ਉਭਾਰਨ ਬਾਰੇ ਕੀ ਸੋਚਦੇ ਹੋ?

ਮੈਨੂੰ ਜਿੱਥੇ ਵੀ ਦਿਖਦਾ ਹੈ ਕਿ ਕਿਸੇ ਨਵੇਂ ਮੁੰਡੇ 'ਚ ਲਿਖਣ ਦੀ ਮਾੜੀ ਜਿਹੀ ਵੀ ਕਣੀ ਹੈ, ਤਾਂ ਮੈਨੂੰ ਚਾਅ ਜਿਹਾ ਚੜ੍ਹ ਜਾਂਦਾ ਹੈ। ਮੈਂ ਹਮੇਸ਼ਾ ਨਵੇਂ ਲੇਖਕਾਂ ਦੀ ਹੌਸਲਾ ਅਫਜ਼ਾਈ ਕਰਦਾ ਹਾਂ ਅਤੇ ਉਨ੍ਹਾਂ ਨੂੰ ਹੋਰ ਸੋਹਣਾ ਲਿਖਣ ਲਈ ਪ੍ਰੇਰਦਾ ਹਾਂ। ਸਾਹਿਰ ਲੁਧਿਆਣਵੀ ਦੀ ਇਕ ਕਮਾਲ ਦੀ ਰਚਨਾ ਹੈ, 'ਕੱਲ੍ਹ ਔਰ ਵੀ ਆਏਂਗੇ, ਯੇ ਸ਼ਬਦੋਂ ਕੀ ਖਿਲਤੀ ਕਲੀਆਂ ਚੁਨਨੇ ਵਾਲੇ, ਹਮ ਸੇ ਬਿਹਤਰ ਕਹਿਨੇ ਵਾਲੇ ਤੁਮਸੇ ਬਿਹਤਰ ਸੁਨਨੇ ਵਾਲੇ।'

ਕਿਹੜੇ ਲੇਖਕਾਂ ਨੂੰ ਵੱਧ ਪੜ੍ਹਦੇ ਹੋ?

ਮੈਂ ਸਆਦਤ ਹਸਨ ਮੰਟੋ, ਪ੍ਰੇਮ ਪ੍ਰਕਾਸ਼, ਰਜਿੰਦਰ ਬੇਦੀ, ਵਰਿਆਮ ਸੰਧੂ ਅਤੇ ਮੋਹਣ ਭੰਡਾਰੀ ਵਰਗੇ ਸਿਰਕੱਢ ਲੇਖਕਾਂ ਦੀਆਂ ਕਿਤਾਬਾਂ ਅਕਸਰ ਪੜ੍ਹਦਾ ਰਹਿੰਦਾ ਹਾਂ। ਇਨ੍ਹਾਂ ਤੋਂ ਇਲਾਵਾ ਚੰਗਾ ਲਿਖਣ ਵਾਲੇ ਹਰ ਇਕ ਨਵੇਂ ਤੇ ਪੁਰਾਣੇ ਲੇਖਕ ਨੂੰ ਮੈਂ ਪੂਰੀ ਦਿਲਚਸਪੀ ਨਾਲ ਪੜ੍ਹਦਾ ਹਾਂ। ਪੜ੍ਹਨਾ ਮੇਰੀ ਰੂਹ ਦੀ ਖ਼ੁਰਾਕ ਹੈ, ਕਿਉਂਕਿ ਮੈਨੂੰ ਲਿਖਣਾ ਤੇ ਪੜ੍ਹਨਾ ਦੁਨੀਆ ਦਾ ਸਭ ਤੋਂ ਵਧੀਆ ਕੰਮ ਲਗਦਾ ਹੈ।

ਨਵਾਂ ਕੀ ਲਿਖਣ ਜਾ ਰਹੇ ਹੋ?

ਮੈਂ ਕੁਝ ਕਹਾਣੀਆਂ 'ਤੇ ਕੰਮ ਕਰ ਰਿਹਾ ਹਾਂ ਅਤੇ ਇਕ ਨਾਵਲ ਵੀ ਸ਼ੁਰੂ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਦੋ ਪੰਜਾਬੀ ਫ਼ਿਲਮਾਂ ਦੀਆਂ ਕਹਾਣੀਆਂ ਦੀ ਸਕ੍ਰਿਪਟ ਲਿਖਣ 'ਚ ਰੁਝਿਆ ਹੋਇਆ ਹਾਂ।

ਤੁਹਾਡੀਆਂ ਕਿੰਨੀਆਂ ਕਹਾਣੀਆਂ 'ਤੇ ਕਿਹੜੀਆਂ ਫ਼ਿਲਮਾਂ ਬਣੀਆਂ?

ਮੇਰੀ ਲਿਖੀ ਕਹਾਣੀ 'ਤੱਖੀ', 'ਰਾਹੂ-ਕੇਤੂ', 'ਲੁਤਰੋ' ਅਤੇ 'ਰਾਸ-ਰੰਗ' 'ਤੇ ਟੈਲੀਫ਼ਿਲਮਾਂ ਬਣ ਚੁੱਕੀਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਨਵੀਆਂ ਫ਼ਿਲਮਾਂ ਵੀ ਬਣਨ ਜਾ ਰਹੀਆਂ ਹਨ।

ਨਵੀਂ ਤੇ ਪੁਰਾਣੀ ਕਹਾਣੀ ਵਿਚ ਕੀ ਅੰਤਰ ਮੰਨਦੇ ਹੋ?

ਜਦੋਂ ਬੰਦਾ ਸਮਾਜ ਨਾਲੋਂ ਟੁੱਟ ਰਿਹਾ ਸੀ, ਉਦੋਂ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਉਸਦੀ ਗਾਥਾ ਬਿਆਨ ਕਰਦੀਆਂ ਸਨ, ਜਿਨ੍ਹਾਂ ਵਿੱਚੋਂ ਉਨ੍ਹਾਂ ਦੀ ਕਹਾਣੀ 'ਤੂੜੀ ਦੀ ਪੰਡ' ਬੜੀ ਮਕਬੂਲ ਹੋਈ। ਜਦੋਂ ਬਾਅਦ 'ਚ ਤੀਜੀ ਪੀੜ੍ਹੀ ਦੇ ਕਹਾਣੀਕਾਰਾਂ ਨੇ ਕਹਾਣੀ ਲਿਖਣੀ ਸ਼ੁਰੂ ਕੀਤੀ, ਤਾਂ ਉਦੋਂ ਬੰਦਾ ਪਰਿਵਾਰ ਨਾਲੋਂ ਟੁੱਟ ਰਿਹਾ ਸੀ। ਜਦਕਿ ਅੱਜ ਦਾ ਮਨੁੱਖ ਸਮਾਜ ਨਾਲੋਂ ਵੀ ਟੁੱਟ ਚੁੱਕਿਆ, ਪਰਿਵਾਰ ਨਾਲੋਂ ਵੀ ਟੁੱਟ ਚੁੱਕਿਆ ਅਤੇ ਆਪ ਵੀ ਟੁਕੜਿਆਂ ਵਿਚ ਵੰਡਿਆ ਗਿਆ ਹੈ ਤੇ ਅਜੋਕੀ ਕਹਾਣੀ ਅੱਜ ਦੇ ਮਨੁੱਖ ਦੀ ਬਾਤ ਪਾਉਂਦੀ ਹੈ। ਇਸੇ ਸੰਦਰਭ 'ਚੋਂ ਮੈਨੂੰ ਸੁਰਜੀਤ ਪਾਤਰ ਦੀਆਂ ਲਿਖੀਆਂ ਸਤਰਾਂ ਯਾਦ ਆਉਂਦੀਆਂ ਨੇ, 'ਰਾਹਾਂ 'ਚ ਕੋਈ ਹੋਰ ਹੈ, ਚਾਹਾਂ 'ਚ ਕੋਈ ਹੋਰ ਹੈ, ਬਾਹਾਂ ਵਿਚ ਕਿਸੇ ਹੋਰ ਦੇ ਉਹ ਬਿੱਖਰੇ ਪਏ ਨੇ।' ਫਿਰ ਵੀ ਤਕਨੀਕ ਦੇ ਪੱਧਰ 'ਤੇ ਨਵੀਂ ਕਹਾਣੀ ਵਿਚ ਜੋ ਤਬਦੀਲੀ ਆਈ ਹੈ, ਉਹ ਇਹ ਲੱਗਦੀ ਹੈ ਕਿ ਜ਼ਿਆਦਾਤਰ ਕਹਾਣੀ ਉੱਤਮ ਪੁਰਖੀ ਬਿਰਤਾਂਤ ਵਿਚ ਰਚੀ ਜਾ ਰਹੀ ਹੈ, ਨਵੀਂ ਕਹਾਣੀ ਪਾਠਕ ਨੂੰ ਸਰੋਤਾ ਬਣਨ ਲਈ ਕਈ ਤਰ੍ਹਾਂ ਨਾਲ ਰਿਝਾਉਂਦੀ ਹੈ, ਹੁਣ ਦੀ ਕਹਾਣੀ ਸਮਝਾਉਣ, ਸੁਣਾਉਣ ਦੀ ਥਾਂ ਦਿਖਾਉਣ ਅਤੇ ਪਾਠਕ ਨੂੰ ਹਮਰਾਜ਼ ਬਣਾਉਣਾ ਲੋਚਦੀ ਹੈ।

ਰੰਗਮੰਚ ਨਾਲ ਤੁਹਾਡਾ ਰਿਸ਼ਤਾ ਕਿਹੋ ਜਿਹਾ ਹੈ?

ਰੰਗਮੰਚ ਮੇਰੀ ਕਮਜ਼ੋਰੀ ਰਹੀ ਹੈ, ਮੈਂ ਅਕਸਰ ਨਾਟਕ ਮੇਲਿਆਂ 'ਤੇ ਜਾਂਦਾ ਹਾਂ। ਉਂਝ ਮੇਰੀਆਂ ਲਿਖੀਆਂ ਕਹਾਣੀਆਂ 'ਤੇ ਨਾਟਕਕਾਰ ਗੁਰਸ਼ਰਨ ਸਿੰਘ ਵੱਲੋਂ 'ਸਰਪੰਚਣੀ', ਹੰਸਾ ਸਿੰਘ ਬਿਆਸ ਵੱਲੋਂ 'ਫੌਜੀ', ਤਰਲੋਚਨ ਲੁਧਿਆਣਾ ਵੱਲੋਂ 'ਰਾਹੂ-ਕੇਤੂ' ਅਤੇ ਨਿਰਭੈ ਧਾਲੀਵਾਲ ਵੱਲੋਂ 'ਫੌਜ' ਤੇ 'ਰਾਹੂ-ਕੇਤੂ' ਨਾਟਕ ਖੇਡੇ ਜਾ ਰਹੇ ਹਨ। ਪਰ ਮੈਨੂੰ ਇਸ ਗੱਲ ਦਾ ਹਮੇਸ਼ਾ ਅਫਸੋਸ ਰਹੂ ਕਿ ਮੈਂ ਖ਼ੁਦ ਪਾਤਰ ਬਣ ਕੇ ਰੰਗਮੰਚ ਦਾ ਹਿੱਸਾ ਨਹੀਂ ਬਣ ਸਕਿਆ।

ਸਾਹਿਤ ਨਾਲ ਜੁੜੀ ਕੋਈ ਹਾਸੇ-ਠਾਠੇ ਦੀ ਗੱਲ ਦੱਸੋ?

ਇਕ ਵਾਰ ਮੈਨੂੰ ਪੰਜਾਬੀ ਜਗਤ ਦੇ ਪ੍ਰਸਿੱਧ ਕਹਾਣੀਕਾਰ ਮੋਹਣ ਭੰਡਾਰੀ ਨੇ ਕਿਹਾ ਕਿ ਜਤਿੰਦਰ ਤੂੰ ਦੱਬੇ ਕੁਚਲੇ ਲੋਕਾਂ ਬਾਰੇ ਐਨੀ ਖ਼ੂਬਸੂਰਤੀ ਨਾਲ ਕਿਸ ਤਰ੍ਹਾਂ ਲਿਖ ਲੈਨੇ। ਮੈਂ ਤੁਰੰਤ ਜਵਾਬ ਦਿੱਤਾ ਕਿ ਮੈਂ ਇਨ੍ਹਾਂ ਲੋਕਾਂ 'ਚ ਵਿਚਰਦਾ ਰਹਿੰਦਾ ਹਾਂ, ਇਸ ਕਰ ਕੇ ਇਨ੍ਹਾਂ ਦੀਆਂ ਭਾਵਨਾਵਾਂ ਤੇ ਮੁਸ਼ਕਿਲਾਂ ਨੂੰ ਹਕੀਕੀ ਰੂਪ ਵਿਚ ਜਾਣਦਾ ਹਾਂ। ਤਾਂ ਉਨ੍ਹਾਂ ਨੇ ਅੱਗੋਂ ਮੈਨੂੰ ਮਜ਼ਾਕੀਆ ਮੂਡ 'ਚ ਘੇਰਦੇ ਹੋਏ ਕਿਹਾ ਕਿ ਫੇਰ ਤਾਂ ਤੂੰ ਔਰਤਾਂ ਵਿਚ ਵੀ ਜ਼ਿਆਦਾ ਰਹਿੰਦਾ ਹੋਵੇਂਗਾ। ਮੈਂ ਹੈਰਾਨ ਹੋ ਕੇ ਪੁੱਛਿਆ, ਉਹ ਕਿਉਂ? ਤਾਂ ਉਨ੍ਹਾਂ ਕਿਹਾ, ਕਿ ਤੂੰ ਮੁਹੱਬਤੀ ਕਹਾਣੀਆਂ ਵੀ ਤਾਂ ਬਹੁਤ ਖ਼ੂਬਸੂਰਤ ਲਿਖਦਾ ਹੈਂ। ਇਸ ਗੱਲ 'ਤੇ ਮਹਿਫ਼ਲ 'ਚ ਖੂਬ ਹਾਸਾ-ਠੱਠਾ ਹੋਇਆ।

ਭਾਰਤੀ ਭਾਸ਼ਾਵਾਂ 'ਚੋਂ ਮਿਲਣ ਵਾਲਾ ਵੱਡਾ ਪੁਰਸਕਾਰ ਮਿਲਣ 'ਤੇ ਕੀ ਮਹਿਸੂਸ ਕੀਤਾ?

ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਵੀ ਕੋਈ ਮਾਣ ਸਨਮਾਨ ਹੁੰਦਾ ਹੈ ਤਾਂ ਤੁਹਾਡੀਆਂ ਜ਼ਿੰਮੇਵਾਰੀਆਂ ਪਹਿਲਾਂ ਨਾਲੋਂ ਵੀ ਜ਼ਿਆਦਾ ਵਧ ਜਾਂਦੀਆਂ ਹਨ। ਜਦੋਂ ਲੇਖਕ ਦੀਆਂ ਰਚਨਾਵਾਂ ਨੂੰ ਵਿਦਵਾਨ ਅਤੇ ਪਾਠਕ ਪ੍ਰਵਾਨ ਕਰ ਰਹੇ ਹੋਣ, ਤਾਂ ਉਸਦੀ ਜ਼ਿੰਮੇਵਾਰੀ 'ਚ ਚੋਖਾ ਵਾਧਾ ਹੋ ਜਾਂਦਾ ਹੈ ਕਿ ਹੁਣ ਇਸ ਤੋਂ ਵੱਡਾ ਤੇ ਹੋਰ ਵਧੀਆ ਕੀ ਲਿਖਿਆ ਜਾਵੇ। ਮੈਂ ਵੀ ਇਹੀ ਮਹਿਸੂਸ ਕਰਦਾ ਹਾਂ ਕਿ ਸਨਮਾਨ ਮਿਲਣ ਉਪਰੰਤ ਮੇਰੀ ਜ਼ਿੰਮੇਵਾਰੀ 'ਚ ਵਾਧਾ ਹੋਇਆ ਹੈ।

ਸਕਾਰਾਤਮਕ ਰਚਨਾਵਾਂ ਲਿਖਣ ਦਾ ਕੀ ਰਾਜ਼ ਹੈ?

ਮੈਨੂੰ ਨਹੀਂ ਲੱਗਦਾ ਕਿ ਕਾਮੇ ਹਰ ਵੇਲੇ ਰੋਣੇ-ਧੋਣੇ ਹੀ ਰੋਂਦੇ ਨੇ, ਉਨ੍ਹਾਂ ਅੰਦਰ ਵੀ ਇਕ ਖ਼ੂਬਸੂਰਤ ਜ਼ਿੰਦਗੀ ਧੜਕਦੀ ਹੈ। ਪ੍ਰਸਿੱਧ ਚਿੱਤਰਕਾਰ ਤੇ ਮੂਰਤੀਕਾਰ ਮਾਈਕਲ ਐਂਜਲੋ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਐਨੇ ਅਨੋਖੇ ਹੋ ਕਿ ਜਿਹੜੇ ਅਨਘੜ ਪੱਥਰ ਨੇ, ਉਨ੍ਹਾਂ 'ਚੋਂ ਵੀ ਐਨੀ ਖ਼ੂਬਸੂਰਤ ਮੂਰਤੀ ਘੜ ਲੈਂਦੇ ਹੋ ਤਾਂ ਉਸਨੇ ਜਵਾਬ ਦਿੱਤਾ ਕਿ ਮੂਰਤੀ ਤਾਂ ਪਹਿਲਾਂ ਹੀ ਉਥੇ ਮੌਜੂਦ ਹੁੰਦੀ ਹੈ, ਮੈਂ ਤਾਂ ਸਿਰਫ਼ ਬੇਕਾਰ ਤੇ ਵਾਧੂ ਪੱਥਰ ਝਾੜ ਦਿੰਦਾ ਹਾਂ। ਇਸੇ ਤਰ੍ਹਾਂ ਇਹ ਜਿਹੜੇ ਪਾਤਰ ਸਾਡੇ ਸਮਾਜ ਵਿਚ ਮੌਜੂਦ ਨੇ, ਜੋ ਲੱਖ ਮੁਸੀਬਤਾਂ ਦੇ ਹੁੰਦਿਆਂ ਵੀ ਦੁੱਖਾਂ ਨੂੰ ਟਿੱਚ ਸਮਝਦੇ ਨੇ, ਮੈਨੂੰ ਅਜਿਹੇ ਪਾਤਰ ਬਹੁਤ ਪਸੰਦ ਨੇ ਅਤੇ ਇਨ੍ਹਾਂ ਨੂੰ ਹੀ ਮੈਂ ਆਪਣੀਆਂ ਰਚਨਾਵਾਂ 'ਚ ਰੋਲ ਮਾਡਲ ਬਣਾ ਕੇ ਪੇਸ਼ ਕਰ ਦਿੰਦਾ ਹਾਂ।

ਹੁਣ ਤਕ ਛਪੀਆਂ ਆਪਣੀਆਂ ਕਿਤਾਬਾਂ ਬਾਰੇ ਜਾਣਕਾਰੀ ਦਿਉ?

ਪਾਠਕਾਂ ਤੇ ਆਲੋਚਕਾਂ ਦਾ ਮੈਨੂੰ ਭਰਵਾਂ ਹੁੰਘਾਰਾ ਮਿਲਿਆ ਹੈ, ਕਿਉਂਕਿ ਉਨ੍ਹਾਂ ਸਦਕਾ ਹੀ ਮੇਰੀਆਂ ਕਿਤਾਬਾਂ ਦੇ ਕਈ ਐਡੀਸ਼ਨ ਛਪ ਚੁੱਕੇ ਹਨ। ਕਹਾਣੀ ਸੰਗ੍ਰਹਿ 'ਪਾਵੇ ਨਾਲ ਬੰਨ੍ਹਿਆ ਕਾਲ' ਅਤੇ 'ਈਸ਼ਵਰ ਦਾ ਜਨਮ' ਦੇ ਚਾਰ-ਚਾਰ ਐਡੀਸ਼ਨ ਛਪ ਚੁੱਕੇ ਹਨ। ਪਲੇਠਾ ਨਾਵਲ 'ਬਸ ਅਜੇ ਐਨਾ ਹੀ' ਦੇ ਸੱਤ ਐਡੀਸ਼ਨ ਛਪ ਚੁੱਕੇ ਹਨ ਅਤੇ ਰੋਜ਼ਾਨਾ ਅਜੀਤ 'ਚ ਲੜੀਵਾਰ ਵਜੋਂ ਵੀ ਛਪ ਚੁੱਕਾ ਹੈ। ਕਹਾਣੀ ਸੰਗ੍ਰਹਿ 'ਜਿਊਣਾ ਸੱਚ-ਬਾਕੀ ਝੂਠ' ਵੀ ਛਪਿਆ, ਜਿਸ ਨੂੰ ਸਾਰਿਆਂ ਵੱਲੋਂ ਬਹੁਤ ਸਰਾਹਿਆ ਗਿਆ। ਇਸੇ ਕਹਾਣੀ ਸੰਗ੍ਰਹਿ 'ਤੇ ਮੈਨੂੰ ਕੈਨੇਡਾ 'ਚ ਢਾਹਾਂ ਸਾਹਿਤਕ ਇਨਾਮ ਵੱਲੋਂ ਐਵਾਰਡ ਪ੍ਰਾਪਤ ਹੋਇਆ, ਜਿਨ੍ਹਾਂ ਵੱਲੋਂ 25 ਹਜ਼ਾਰ ਡਾਲਰ ਦੀ ਨਕਦ ਰਾਸ਼ੀ ਭੇਟ ਕੀਤੀ ਗਈ।

ਨੌਜਵਾਨਾਂ ਦੇ ਇੰਟਰਨੈੱਟ ਨਾਲ ਸਬੰਧ ਬਾਰੇ ਕੀ ਕਹਿਣਾ ਚਾਹੋਗੇ?

ਨੌਜਵਾਨ ਪੀੜ੍ਹੀ ਨੇ ਸਮੇਂ ਦੇ ਨਾਲ ਬਦਲਣਾ ਤਾਂ ਹੁੰਦਾ ਹੀ ਹੈ, ਕਿਉਂਕਿ ਜਦੋਂ ਵੀ ਕਦੇ ਸਮਾਜ 'ਚ ਕੋਈ ਨਵੀਂ ਤਬਦੀਲੀ ਆਉਂਦੀ ਹੈ ਤਾਂ ਉਸਦਾ ਪਹਿਲਾ ਅਸਰ ਨੌਜਵਾਨਾਂ 'ਤੇ ਪੈਂਦਾ ਹੈ। ਬੇਸ਼ੱਕ ਇੰਟਰਨੈੱਟ ਤੇ ਸੋਸ਼ਲ ਮੀਡੀਆ ਨੂੰ ਸਮਾਜ ਵੱਲੋਂ ਮਾੜਾ ਦਰਸਾਇਆ ਗਿਆ ਹੈ, ਪ੍ਰੰਤੂ ਮੇਰਾ ਮੰਨਣਾ ਹੈ ਕਿ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੂੰ ਵੀ ਸਾਹਿਤ ਦਾ ਹਿੱਸਾ ਬਣਾ ਕੇ ਵਰਤਿਆ ਜਾ ਸਕਦਾ ਹੈ। ਵਿਦਵਾਨ ਸ਼ੇਖ ਸਾਅਦੀ ਲਿਖਦਾ ਹੈ ਕਿ 'ਕਦੇ ਵੀ ਕੋਈ ਚੀਜ਼ ਚੰਗੀ ਜਾਂ ਮਾੜੀ ਨਹੀਂ ਹੁੰਦੀ, ਇਨਸਾਨ ਦੀ ਸੋਚ ਉਸਨੂੰ ਚੰਗਾ ਜਾਂ ਮਾੜਾ ਬਣਾਉਂਦੀ ਹੈ।' ਇਸ ਲਈ ਸਾਡੇ ਨੌਜਵਾਨਾਂ ਵੱਲੋਂ ਇੰਟਰਨੈੱਟ ਦੀ ਵਰਤੋਂ ਮਾੜੀ ਕੀਤੀ ਜਾ ਰਹੀ ਹੈ, ਜਦਕਿ ਉਹਦੀ ਸਹੀ ਵਰਤੋਂ ਸਾਨੂੰ ਦੁਨੀਆ ਭਰ ਦੀ ਜਾਣਕਾਰੀ ਨਾਲ ਜੋੜਦੀ ਹੈ। ਬਾਕੀ ਮੇਰਾ ਨੌਜਵਾਨਾਂ ਨੂੰ ਤਾਂ ਇਹੀ ਕਹਿਣਾ ਹੈ ਕਿ ਉਹ ਆਪਣੀ ਵਿੱਦਿਅਕ ਪੜ੍ਹਾਈ ਦੇ ਨਾਲ-ਨਾਲ ਸਾਹਿਤ ਵੱਲ ਰੁਚਿਤ ਹੋਣ ਅਤੇ ਨਾਮਵਰ ਲੇਖਕਾਂ ਦੀਆਂ ਰਚਨਾਵਾਂ ਪੜ੍ਹਨ, ਤਾਂ ਜੋ ਨੌਜਵਾਨ ਲੇਖਕਾਂ ਦੀ ਆਮਦ ਨਾਲ ਸਾਹਿਤ ਹੋਰ ਅਮੀਰ ਹੋ ਸਕੇ।

- ਰਾਮਦਾਸ ਬੰਗੜ

99153-53800

Posted By: Harjinder Sodhi