ਪੰਦਰਾਂ ਕੁ ਸਾਲ ਪਹਿਲਾਂ ਦੀ ਗੱਲ ਹੈ। ਟੀਵੀ ਪ੍ਰੋਗਰਾਮਾਂ ਦੇ ਸ਼ੌਕੀਨ ਮੇਰੇ ਇਕ ਦੋਸਤ ਦਾ ਹੈਰਾਨੀ ਨਾਲ ਕਹਿਣਾ ਸੀ, 'ਅੱਜ ਦੇ ਦੌਰ 'ਚ ਰੇਡੀਓ ਵੀ ਕੋਈ ਸੁਣਦੈ?' ਮੈਂ ਉਸ ਵੇਲੇ ਸਿਰਫ਼ ਏਨਾ ਹੀ ਕਿਹਾ, 'ਜੇ ਤੂੰ ਨਹੀਂ ਸੁਣਦਾ ਤਾਂ ਦੁਨੀਆ 'ਚ ਕੋਈ ਵੀ ਬੰਦਾ ਰੇਡੀਓ ਨਹੀਂ ਸੁਣਦਾ।' ਉਹੀ ਦੋਸਤ ਮੈਨੂੰ ਕੁਝ ਦਿਨ ਬਾਅਦ ਮਿਲਿਆ ਤਾਂ ਉਸ ਦੇ ਵਿਚਾਰ ਬਦਲੇ ਹੋਏ ਸਨ। ਉਹ ਕਹਿਣ ਲੱਗਾ, 'ਯਾਰ, ਮੈਂ 'ਕੱਲਾ ਚੰਡੀਗੜ੍ਹ ਤੋਂ ਪਟਿਆਲੇ ਕਾਰ 'ਚ ਆ ਰਿਹਾ ਸੀ, ਰੇਡੀਓ ਲਾ ਲਿਆ, ਦੋ-ਤਿੰਨ ਸਟੇਸ਼ਨ ਬਦਲੇ, ਬੜੇ ਪਿਆਰੇ-ਪਿਆਰੇ ਨਵੇਂ-ਪੁਰਾਣੇ ਗੀਤ ਸੁਣੇ, ਕਮਾਲ ਦੀ ਜਾਣਕਾਰੀ ਮਿਲੀ, ਅਨੰਦ ਆ ਗਿਆ। ਪਤਾ ਹੀ ਨਹੀਂ ਲੱਗਾ ਕਦੋਂ ਪਟਿਆਲੇ ਪਹੁੰਚ ਗਿਆ।' ਮੈਂ ਉਸ ਨੂੰ ਲਗਾਤਾਰ ਰੇਡੀਓ ਪ੍ਰੋਗਰਾਮ ਤੇ ਆਕਾਸ਼ਵਾਣੀ ਦੇ ਖ਼ਬਰਾਂ ਦੇ ਬੁਲਿਟਿਨ ਸੁਣਨ ਦੀ ਤਾਕੀਦ ਕੀਤੀ। ਉਹ ਅੱਜ ਰੇਡੀਓ ਦੇ ਪ੍ਰੋਗਰਾਮਾਂ ਦਾ ਬੇਹੱਦ ਦੀਵਾਨਾ ਹੈ।

ਟੀਵੀ ਦੇ ਆਉਣ ਤੋਂ ਬਾਅਦ ਵੀ ਰੇਡੀਓ ਦੇ ਸ੍ਰੋਤਿਆਂ 'ਚ ਕਮੀ ਨਹੀਂ ਆਈ ਸਗੋਂ ਅੱਜ ਮੋਬਾਈਲਾਂ 'ਤੇ ਕਾਰਾਂ 'ਚ ਰੇਡੀਓ ਦੇ ਥਾਂ ਲੈਣ ਨਾਲ ਸਰੋਤਿਆਂ ਦੀ ਤਾਦਾਦ 'ਚ ਇੰਤਹਾ ਵਾਧਾ ਹੋਇਆ ਹੈ। ਇਸ ਵਾਧੇ ਦਾ ਇਕ ਕਾਰਨ ਭਾਰਤੀ ਤੇ ਵਿਦੇਸ਼ੀ ਰੇਡੀਓ ਚੈਨਲਾਂ ਦਾ ਨੈੱਟ (ਐਪ) 'ਤੇ ਸੁਣਿਆ ਜਾਣਾ ਵੀ ਹੈ। ਸੰਯੁਕਤ ਰਾਸ਼ਟਰ ਜਿਸ ਨੇ ਆਪਣੀ ਆਲਮੀ ਪ੍ਰਸਾਰਨ ਸੇਵਾ 13 ਫਰਵਰੀ 1946 ਨੂੰ ਸ਼ੁਰੂ ਕੀਤੀ ਸੀ, ਮੁਤਾਬਕ ਅੱਜ ਵਿਸ਼ਵ ਭਰ 'ਚ 44 ਹਜ਼ਾਰ ਦੇ ਕਰੀਬ ਰੇਡੀਓ ਸਟੇਸ਼ਨ ਆਪਣਾ ਪ੍ਰਸਾਰਨ ਕਰ ਰਹੇ ਹਨ। ਇਕੱਲੇ 15 ਹਜ਼ਾਰ ਰੇਡੀਓ ਕੇਂਦਰ ਅਮਰੀਕਾ 'ਚ ਲੋਕਾਂ ਦੇ ਮਨੋਰੰਜਨ ਤੇ ਜਾਣਕਾਰੀ ਹਾਸਲ ਕਰਨ ਦਾ ਕੇਂਦਰ ਬਣੇ ਹੋਏ ਹਨ। ਕੈਨੇਡਾ 'ਚ ਵੀ ਹਜ਼ਾਰਾਂ ਦੀ ਗਿਣਤੀ 'ਚ ਰੇਡੀਓ ਸਟੇਸ਼ਨ ਕੰਮ ਕਰ ਰਹੇ ਹਨ। ਇਕ ਅਨੁਮਾਨ ਅਨੁਸਾਰ ਵਿਸ਼ਵ ਭਰ ਦਾ ਸਮੁੱਚਾ ਰੇਡੀਓ ਨੈੱਟਵਰਕ 75 ਫ਼ੀਸਦੀ ਘਰਾਂ ਤਕ ਮਨੋਰੰਜਨ ਤੇ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ। ਇਸੇ ਕਰਕੇ ਪ੍ਰਸਿੱਧ ਬ੍ਰਾਡਕਾਸਟਰ (ਅਨਾਊਂਸਰ) ਤੇ ਅਦਾਕਾਰ ਹੈਰੀ ਵਾੱਨ ਜ਼ੈਲ ਰੇਡੀਓ ਨੂੰ ਜਾਣਕਾਰੀ ਦੇ ਅਦਾਨ-ਪ੍ਰਦਾਨ, ਸਮਾਜੀ ਅੰਤਰ ਤਬਦੀਲੀ, ਕੁਦਰਤੀ ਤੇ ਮਨੁੱਖ ਵੱਲੋਂ ਪੈਦਾ ਹੋਈਆਂ ਆਫ਼ਤਾਂ ਦੌਰਾਨ ਜਾਨਾਂ ਬਚਾਉਣ ਵਾਲਾ ਸਭ ਤੋਂ ਵੱਧ ਲੋਕਪ੍ਰਿਯ ਤੇ ਪ੍ਰਭਾਵਸ਼ਾਲੀ ਮਾਧਿਅਮ ਮੰਨਦਾ ਹੈ। ਵਿਸ਼ਵ ਭਰ 'ਚ ਸਭ ਤੋਂ ਪਹਿਲਾਂ ਤੇ ਘੱਟ ਸਮੇਂ 'ਚ ਸੂਚਨਾ ਪਹੁੰਚਾਉਣਾ ਰੇਡੀਓ ਦੇ ਹੀ ਹਿੱਸੇ ਆਇਆ ਹੈ।

ਅੱਜ ਰੇਡੀਓ ਵਿਚਾਰਾਂ ਦੀ ਆਜ਼ਾਦੀ ਨੂੰ ਬੜ੍ਹਾਵਾ ਦੇਣ ਵਾਲਾ ਕੇਂਦਰ ਵੀ ਬਣ ਗਿਆ ਹੈ। ਇਸ ਸੰਦਰਭ 'ਚ ਬੀਬੀਸੀ (ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ) ਨੇ ਅਹਿਮ ਭੂਮਿਕਾ ਨਿਭਾਈ ਹੈ। ਰੇਡੀਓ ਦੇ ਮਹੱਤਵ ਨੂੰ ਸਮਝਦਿਆਂ ਹੀ ਸਪੇਨ ਦੀ ਰੇਡੀਓ ਅਕੈਡਮੀ ਨੇ 2010 'ਚ ਆਪਣੇ ਦੇਸ਼ ਦੇ ਜ਼ਰੀਏ ਯੂਨੈਸਕੋ ਨੂੰ ਤਜਵੀਜ਼ ਭੇਜੀ ਸੀ ਕਿ ਹਰ ਸਾਲ ਆਲਮੀ ਪੱਧਰ 'ਤੇ ਰੇਡੀਓ ਦਿਵਸ ਮਨਾਇਆ ਜਾਵੇ। ਇਸ ਤਜਵੀਜ਼ ਨੂੰ ਸੰਯੁਕਤ ਰਾਸ਼ਟਰ ਦੇਸ਼ਾਂ ਦੀ ਪ੍ਰਵਾਨਗੀ ਤੋਂ ਬਾਅਦ 13 ਫਰਵਰੀ 2012 ਨੂੰ ਪਹਿਲੀ ਵਾਰ ਵਿਸ਼ਵ ਰੇਡੀਓ ਦਿਵਸ ਮਨਾਇਆ ਗਿਆ। ਹਰ ਵਰ੍ਹੇ ਇਸ ਦਿਨ ਨੂੰ ਮਨਾਉਂਦਿਆਂ ਇਕ ਵਿਸ਼ਾ (ਥੀਮ) ਦਿੱਤਾ ਜਾਂਦਾ ਹੈ ਤੇ ਇਸ ਵਰ੍ਹੇ ਦਾ ਥੀਮ ਹੈ 'ਰੇਡੀਓ ਤੇ ਵਿਭਿੰਨਤਾ'।

ਰੇਡੀਓ ਸ਼ਾਂਤੀ ਦੇ ਸਮੇਂ 'ਚ ਗੀਤ-ਸੰਗੀਤ ਨਾਲ ਬਹੁਤ ਵਧੀਆ ਮਨੋਰੰਜਨ ਕਰਦਾ ਹੈ ਤੇ ਜਾਣਕਾਰੀ ਮੁਹੱਈਆ ਕਰਦਾ ਹੈ। ਇਹ ਕੁਦਰਤੀ ਜਾਂ ਇਨਸਾਨ ਵੱਲੋਂ ਖ਼ੁਦ ਸਹੇੜੀਆਂ ਆਫ਼ਤਾਂ ਦੌਰਾਨ ਇਸ ਤੋਂ ਵੀ ਵੱਡੀ ਤੇ ਅਹਿਮ ਭੂਮਿਕਾ ਨਿਭਾਉਂਦਾ ਹੈ।

ਲੋਕਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾ ਕੇ ਉਨ੍ਹਾਂ ਦੇ ਮਨਾਂ 'ਚੋਂ ਡਰ ਕੱਢਣਾ ਵੀ ਰੇਡੀਓ ਦੇ ਹਿੱਸੇ ਆਇਆ ਹੈ। ਅੱਜ ਲੋਕ ਬਹੁਤੇ ਪ੍ਰਾਈਵੇਟ ਟੀਵੀ ਚੈਨਲਾਂ ਦੀਆਂ ਖ਼ਬਰਾਂ ਨਾਲੋਂ ਰੇਡੀਓ ਦੀਆਂ ਖ਼ਬਰਾਂ 'ਤੇ ਵਧੇਰੇ ਵਿਸ਼ਵਾਸ ਕਰਦੇ ਹਨ। ਖ਼ਬਰਾਂ ਦੇ ਮਾਮਲੇ 'ਚ ਬੀਬੀਸੀ ਤੇ ਆਕਾਸ਼ਵਾਣੀ ਦੀ ਭਰੋਸੇਯੋਗਤਾ ਵਧੀ ਹੈ।

ਭਾਰਤ 'ਚ ਪ੍ਰਸਾਰ ਭਾਰਤੀ ਦੇ 470 ਪ੍ਰਸਾਰਨ ਕੇਂਦਰਾਂ ਤੋਂ ਇਲਾਵਾ 90 ਦੇ ਕਰੀਬ ਸਥਾਨਕ ਰੇਡੀਓ ਸਟੇਸ਼ਨ 23 ਭਾਸ਼ਾਵਾਂ ਤੇ 179 ਉਪ ਭਾਸ਼ਾਵਾਂ 'ਚ ਪ੍ਰੋਗਰਾਮ ਪੇਸ਼ ਕਰ ਰਹੇ ਹਨ, ਜੋ ਦੇਸ਼ ਦੇ 91.85 ਫ਼ੀਸਦੀ ਖੇਤਰ ਤੇ 99.19 ਫ਼ੀਸਦੀ ਆਬਾਦੀ ਕਵਰ ਕਰ ਰਹੇ ਹਨ। ਪ੍ਰਸਾਰ ਭਾਰਤੀ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਲੋਕ ਸੇਵਾ ਪ੍ਰਸਾਰਨ (ਪਬਲਿਕ ਸਰਵਿਸ ਬ੍ਰਾਡਕਾਸਟਿੰਗ) ਸੰਸਥਾਵਾਂ 'ਚੋਂ ਇਕ ਹੈ। ਆਕਾਸ਼ਵਾਣੀ ਦੀ ਨਿਊਜ਼ ਸਰਵਿਸ ਡਿਵੀਜ਼ਨ (ਐੱਨਐੱਸਡੀ) ਹਰ ਰੋਜ਼ ਵੱਖ-ਵੱਖ ਭਾਸ਼ਾਵਾਂ ਦੇ 647 ਖ਼ਬਰਾਂ ਦੇ ਬੁਲਿਟਿਨ ਪ੍ਰਸਾਰਿਤ ਕਰ ਕੇ ਜਾਣਕਾਰੀ ਦਾ ਅਮੁੱਲ ਖ਼ਜ਼ਾਨਾ ਵੰਡ ਰਹੀ ਹੈ। ਰੇਡੀਓ ਪਿਆਰ ਤੇ ਸਦਭਾਵਨਾ ਵਧਾਉਣ ਲਈ ਵੀ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਦੇਸ਼ ਭਰ 'ਚ ਰੇਡੀਓ ਸ੍ਰੋਤਿਆਂ ਨੇ ਰੇਡੀਓ ਲਿਸਨਰਜ਼ ਕਲੱਬ ਬਣਾਏ ਹੋਏ ਹਨ ਜੋ ਨਾ ਕੇਵਲ ਫੋਨ ਰਾਹੀਂ ਇਕ ਦੂਜੇ ਨਾਲ ਸੰਪਰਕ 'ਚ ਰਹਿੰਦੇ ਹਨ ਸਗੋਂ ਮੀਟਿੰਗਾਂ ਕਰ ਕੇ ਰੇਡੀਓ ਪ੍ਰੋਗਰਾਮਾਂ 'ਤੇ ਚਰਚਾ ਕਰਨ ਤੋਂ ਬਾਅਦ ਰੇਡੀਓ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਬਣਾਉਣ ਲਈ ਵੱਖ-ਵੱਖ ਰੇਡੀਓ ਕੇਂਦਰਾਂ ਨੂੰ ਉਸਾਰੂ ਸੁਝਾਅ ਵੀ ਭੇਜਦੇ ਹਨ। ਰੇਡੀਓ ਦੀ ਇਕ ਖ਼ੂਬੀ ਇਹ ਵੀ ਹੈ ਕਿ ਇਹ ਤੁਹਾਡੇ ਕੰਮ-ਕਾਰ 'ਚ ਵਿਘਨ ਨਹੀਂ ਪਾਉਂਦਾ।

ਮਨੋਰੰਜਕ ਪ੍ਰੋਗਰਾਮ ਵੀ ਸੁਣੋ ਤੇ ਆਪਣਾ ਕੰਮ ਵੀ ਕਰੀ ਜਾਓ। ਇਹ ਰੇਡੀਓ ਦੀ ਵਧ ਰਹੀ ਮਕਬੂਲੀਅਤ ਹੀ ਮੰਨਿਆ ਜਾਵੇਗਾ ਕਿ ਅੱਜ ਦਾ ਨੌਜਵਾਨ ਪੱਤਰਕਾਰੀ ਤੇ ਜਨ ਸੰਚਾਰ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਰੇਡੀਓ ਪ੍ਰਸਾਰਨ 'ਚ ਆਪਣਾ ਭਵਿੱਖ ਵੇਖ ਰਿਹਾ ਹੈ। ਇਸੇ ਮਕਬੂਲੀਅਤ ਕਾਰਨ ਹੀ ਰੇਡੀਓ 'ਤੇ ਦਸਤਾਵੇਜ਼ੀ ਫਿਲਮਾਂ ਵੀ ਬਣੀਆਂ, ਜਿਨ੍ਹਾਂ 'ਚ ਵਿਸ਼ੇਸ਼ ਤੌਰ 'ਤੇ 'ਗੁੱਡ ਮਾਰਨਿੰਗ ਵੀਅਤਨਾਮ' (1987), 'ਪੀਰੇਟ ਰੇਡੀਓ' (2009) ਤੇ 'ਜੈਨੇਰੇਸ਼ਨ ਰੇਡੀਓ' (2013) ਜ਼ਿਕਰਯੋਗ ਹਨ।

1985 'ਚ ਇਟਲੀ ਦੇ ਜੀ ਮਾਰਕੋਨੀ ਦੀ ਇਹ ਖੋਜ, ਜੋ ਉਸ ਵੇਲੇ ਵਾਇਰਲੈੱਸ ਟੈਲੀਗ੍ਰਾਫ ਦੇ ਨਾਂ ਨਾਲ ਜਾਣੀ ਜਾਂਦੀ ਸੀ, ਅੱਜ ਕਈ ਮਾਧਿਅਮਾਂ ਨਾਲ ਵੱਡੀ ਆਬਾਦੀ ਦਾ ਹਿੱਸਾ ਬਣ ਗਈ ਹੈ। ਮੋਬਾਈਲ 'ਚ ਏਆਈਆਰ ਦਾ ਐਪ ਡਾਊਨਲੋਡ ਕਰ ਕੇ ਦੇਸ਼ ਭਰ ਦੇ ਰੇਡੀਓ ਚੈਨਲ ਆਨਲਾਈਨ ਸੁਣੇ ਜਾ ਸਕਦੇ ਹਨ। ਜਿੱਥੇ ਕੋਈ ਨਹੀਂ ਪਹੁੰਚ ਸਕਦਾ, ਉੱਥੇ ਰੇਡੀਓ ਪਹੁੰਚ ਰਿਹਾ ਹੈ ਤੇ ਇਸ ਦੇ ਸਰੋਤਿਆਂ ਦਾ ਦਾਇਰਾ ਕਦੇ ਘੱਟ ਨਹੀਂ ਹੋ ਸਕਦਾ ਸਗੋਂ ਵਧਦਾ ਹੀ ਜਾਵੇਗਾ।

J ਪਰਮਜੀਤ ਸਿੰਘ ਪਰਵਾਨਾ

98722-09399

Posted By: Harjinder Sodhi