ਬਰਨਾਲਾ ਜੇਲ੍ਹ ਅੱਗੇ ਲੱਗੇ ਧਰਨੇ 'ਚ ਕਿਸਾਨ ਆਗੂ ਮਨਜੀਤ ਧਨੇਰ ਦੀ ਰਿਹਾਈ ਦੀ ਮੰਗ ਪੂਰੇ ਜ਼ੋਰਾਂ-ਸ਼ੋਰਾਂ ਨਾਲ 47 ਦਿਨਾਂ ਦੇ ਸੰਘਰਸ਼ 'ਚ ਉਠਾਈ ਗਈ। ਆਖ਼ਰ ਜੁਝਾਰੂ ਲੋਕਾਂ ਨੂੰ ਕਾਮਯਾਬੀ ਹਾਸਲ ਹੋਈ। ਜੁਝਾਰੂ ਸਾਥੀ ਧਨੇਰ ਬੇਦੋਸ਼ਾ ਹੀ ਹਿਰਾਸਤ 'ਚ ਲਿਆ ਗਿਆ, ਜਿਸ ਪ੍ਰਤੀ ਲੋਕਾਂ ਅੰਦਰ ਬਹੁਤ ਗਹਿਰਾ ਗੁੱਸਾ ਪੈਦਾ ਹੋਇਆ । ਹੱਕ ਤੇ ਸੱਚ 'ਤੇ ਪਹਿਰਾ ਦੇਣ ਵਾਲੇ ਲੋਕ ਸੰਘਰਸ਼ੀ ਪਿੜ ਵਿਚ ਨਿੱਤਰੇ। ਦੁਨੀਆ 'ਚ ਜਿੱਥੇ ਵੀ ਹੱਕ ਤੇ ਸੱਚ ਉੱਪਰ ਡਾਕਾ ਵੱਜਿਆ , ਲੋਕ ਲਹਿਰਾਂ ਨੇ ਮੂੰਹ ਮੋੜਵਾਂ ਜਵਾਬ ਦਿੱਤਾ। ਦੁਨੀਆ 'ਚ ਹੋਏ ਅਜਿਹੇ ਘੋਲਾਂ ਅੰਦਰ ਮਰਦਾਂ ਦੇ ਨਾਲ ਸਾਡੀਆਂ ਬੀਬੀਆਂ ਵੀ ਸ਼ਾਮਿਲ ਹੁੰਦੀਆਂ ਰਹੀਆਂ ਹਨ। ਮਨਜੀਤ ਧਨੇਰ ਦੇ ਮਾਮਲੇ 'ਚ ਤਾਜ਼ੇ ਘੋਲ ਦੀ ਗੱਲ ਕੀਤੀ ਜਾਵੇ ਤਾਂ ਇਹ ਵੇਖਣ 'ਚ ਆਇਆ ਕਿ ਬਰਨਾਲਾ ਜੇਲ੍ਹ ਅੱਗੇ ਲੱਗੇ ਧਰਨੇ 'ਚ ਔਰਤਾਂ ਦੀ ਸ਼ਮੂਲੀਅਤ ਮਰਦਾਂ ਨਾਲੋਂ ਜ਼ਿਆਦਾ ਹੋਈ।ਅਜਿਹਾ ਕਿਉਂ? ਇਹ ਵੇਖਣ ਲਈ ਇਸ ਘੋਲ ਦੀ ਪਿੱਠ-ਭੂਮੀ ਵੱਲ ਝਾਤੀ ਮਾਰਨੀ ਜ਼ਰੂਰੀ ਹੋ ਜਾਂਦੀ ਹੈ ।

ਅਜੋਕੀ ਔਰਤ 'ਚ ਜਾਗ ਗਈ ਹੈ ਚੇਤਨਾ

ਸਾਡਾ ਸਮਾਜ ਅਸਾਵੇਂ ਵਿਕਾਸ ਵਾਲਾ ਹੈ, ਜਿਸ ਕਰਕੇ ਹਰ ਖੇਤਰ 'ਚ ਵੱਡਾ ਫ਼ਰਕ ਨਜ਼ਰ ਆਉੁਂਦਾ ਹੈ। ਇਸ ਮਰਦ ਪ੍ਰਧਾਨ ਸਮਾਜ 'ਚ ਰਹਿੰਦਿਆਂ ਔਰਤ ਕਈ ਤਰ੍ਹਾਂ ਦੀਆਂ ਵਧੀਕੀਆਂ ਤੇ ਸ਼ੋਸ਼ਣ ਦਾ ਸ਼ਿਕਾਰ ਹੈ। ਇਕ ਪਾਸੇ ਜਗੀਰੂ/ਪਿਛਾਖੜੀ ਮੁੱਲ ਥੋਪ ਕੇ ਆਪਣੇ ਅਧੀਨ ਕਰਨ ਲਈ ਮਰਦਾਵੀਂ ਸੱਤਾ ਕਈ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। ਦੂਜੇ ਪਾਸੇ ਲੱਚਰ ਸੱਭਿਆਚਾਰ ਤਹਿਤ ਫੈਲ ਰਹੀ ਅਰਾਜਕਤਾ,ਗੁੰਡਾਗ਼ਰਦੀ ਤੇ ਬਦਮਾਸ਼ਪੁਣਾ ਔਰਤ ਲਈ ਘਾਤਕ ਹੋ ਰਿਹਾ ਹੈ। ਅੱਜ ਸਾਡੀ ਕੁੜੀ ਘਰ /ਬਾਹਰ ਕਿਤੇ ਵੀ ਸੁਰੱਖਿਅਤ ਨਹੀਂ ਹੈ। ਸਮਾਜ 'ਚ ਜਬਰ ਜਨਾਹ ਜਿਹੇ ਸ਼ਰਮਨਾਕ ਕਾਰੇ ਦੀਆਂ ਵਧਦੀਆਂ ਵਾਰਦਾਤਾਂ ਇਸ ਦੀ ਘਿਨੌਣੀ ਤਸਵੀਰ ਹਨ। ਸਾਡੀਆਂ ਮਾਸੂਮ ਕੁੜੀਆਂ ਵੀ ਬਦਮਾਸ਼ਾਂ ਦੀ ਹਵਸ ਦਾ ਨਿੱਤ ਸ਼ਿਕਾਰ ਬਣ ਰਹੀਆਂ ਹਨ। ਇਸ ਗੁੰਡਾਗਰਦੀ ਨੂੰ ਸ਼ਹਿ ਦੇਣ ਵਾਲੇ ਸਿਆਸੀ ਟੋਲੇ ਆਪਣਾ ਲਾਹਾ ਲੈ ਰਹੇ ਹਨ। ਇਸ ਗੰਭੀਰ ਦੌਰ 'ਚ ਦਾਮਿਨੀ ਕਾਂਡ, ਸ਼ਰੁਤੀ ਕਾਂਡ ,ਛੇਹਰਟਾ ਕਾਂਡ ਆਦਿ ਵਰਗੇ ਕਈ ਕਾਂਡ ਹੋਏ ਹਨ, ਜਿੱਥੇ ਬੱਚੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਆਪਣੀ ਧੌਂਸ 'ਚ ਗੁੰਡਿਆਂ ਨੇ ਹਨੇਰਗਰਦੀ ਮਚਾਈ। ਲੋਕਾਂ ਨੇ ਇਸ ਕਰੂਰ ਵਰਤਾਰੇ ਨੂੰ ਸਬਕ ਸਿਖਾਉਣ ਲਈ ਵਿਆਪਕ ਰੂਪ ਵਿਚ ਜਬਰ ਜਨਾਹ ਨੂੰ ਅੰਜਾਮ ਦੇਣ ਵਾਲਿਆਂ ਦਰਿੰਦਿਆਂ ਨੂੰ ਸਜ਼ਾ ਦਿਵਾਉਣ ਲਈ ਆਵਾਜ਼ ਵੀ ਉਠਾਈ। ਆਪਣੀ ਸਥਿਤੀ ਨੂੰ ਵਾਚਦੀ ਅੱਜ ਦੀ ਔਰਤ ਸੁਚੇਤ ਹੋਈ ਹੈ । ਉਸ 'ਚ ਚੇਤਨਾ ਜਾਗ ਪਈ ਹੈ। ਇਸ ਲਈ ਉਹ ਬੇਝਿਜਕ ਹੋ ਕੇ ਧੱਕੇਸ਼ਾਹੀ ਤੇ ਤਾਨਾਸ਼ਾਹੀ ਵਿਰੁੱਧ ਬੋਲ ਵੀ ਰਹੀ ਹੈ । ਸਾਡੇ ਜੁਝਾਰੂ ਸਾਥੀ ਅਜਿਹੀ ਸਥਿਤੀ 'ਚ ਮੋਹਰੀ ਹੋ ਕੇ ਔਰਤ ਦੇ ਹੱਕਾਂ ਖਾਤਰ ਜੂਝ ਰਹੇ ਹਨ ।ਮਨਜੀਤ ਧਨੇਰ ਵੀ ਉਨ੍ਹਾਂ ਹੀ ਜੁਝਾਰੂ ਸਾਥੀਆਂ 'ਚੋਂ ਇਕ ਹੈ।

ਔਰਤਾਂ ਨੇ ਸਮਝਿਆ ਆਪਣਾ ਫ਼ਰਜ਼

27 ਜੁਲਾਈ 1997 ਨੂੰ ਇਕ ਵਿਦਿਆਰਥਣ ਨੂੰ ਕਾਲਜ ਤੋਂ ਘਰ ਵਾਪਸੀ ਵੇਲੇ ਪੁਲਿਸ ਤੇ ਸਿਆਸਤਦਾਨਾਂ ਦੀ ਕਥਿਤ ਸ਼ਹਿ 'ਤੇ ਕੁਝ ਅਨਸਰਾਂ ਨੇ ਅਗਵਾ ਕਰ ਕੇ ਸਮੂਹਿਕ ਜਬਰ -ਜਨਾਹ ਤੋਂ ਬਾਅਦ ਕਤਲ ਕਰ ਦਿੱਤਾ । ਇਨ੍ਹਾਂ ਦਰਿੰਦਿਆਂ ਨੂੰ ਸਜ਼ਾ ਦਿਵਾਉਣ ਲਈ ਬਣਾਈ ਗਈ ਐਕਸ਼ਨ ਕਮੇਟੀ 'ਚ ਮਨਜੀਤ ਧਨੇਰ ਵੀ ਸ਼ਾਮਲ ਸੀ । ਐਕਸ਼ਨ ਕਮੇਟੀ ਦੇ ਮੈਂਬਰ ਇਨ੍ਹਾਂ ਦਰਿੰਦਿਆਂ ਦੀਆਂ ਨਜ਼ਰਾਂ 'ਚ ਰੜਕਦੇ ਰਹੇ ਤੇ ਮੌਕਾ ਪਾ ਕੇ ਝੂਠੇ ਕਤਲ ਕੇਸ 'ਚ ਮਨਜੀਤ ਧਨੇਰ ਨੂੰ ਫ਼ਸਾ ਦਿੱਤਾ ।ਲੋਕਾਂ ਨੂੰ ਇਹ ਗੱਲ ਸਮਝ ਆ ਗਈ ਕਿ ਔਰਤ ਵਿਰੋਧੀ ਵਰਤਾਰੇ ਤਹਿਤ ਜੇ ਕੋਈ ਵਿਅਕਤੀ ਧੀਆਂ ਦੀ ਰੱਖਿਆ ਵਾਸਤੇ ਕਦਮ ਪੁੱਟਦਾ ਹੈ ਤਾਂ ਤਾਨਾਸ਼ਾਹੀ ਹਾਕਮ ਉਸ ਨੂੰ ਅਜਿਹਾ ਸਬਕ ਸਿਖਾਉਂਦੇ ਹਨ ਕਿ ਅੱਗੇ ਤੋਂ ਕੋਈ ਉਨ੍ਹਾਂ ਦੇ ਰਾਹ ਵਿਚ ਨਾ ਆਵੇ। ਸਾਡੀਆਂ ਔਰਤਾਂ ਨੇ ਆਪਣੇ ਫ਼ਰਜ਼ ਨੂੰ ਸਮਝਿਆ ਤੇ ਮਨਜੀਤ ਧਨੇਰ ਦੇ ਹੱਕ 'ਚ ਪਹਿਰਾ ਦਿੱਤਾ ।

ਔਰਤਾਂ ਨੂੰ ਲਾਮਬੰਦ ਹੋਣ ਦੀ ਲੋੜ

ਉਨ੍ਹਾਂ ਬੀਬੀਆਂ ਨੂੰ ਵੀ ਸਲਾਮ ਕਰਨਾ ਬਣਦਾ ਹੈ ,ਜੋ ਨਿਡਰ ਹੋ ਕੇ ਸਟੇਜ ਤੋਂ ਗੁੰਡਾਗਰਦੀ ਨੂੰ ਲਲਕਾਰਦੀਆਂ ਤੇ ਵੰਗਾਰਦੀਆਂ ਰਹੀਆਂ । ਅੱਜ ਵੀ ਕਈ ਧੀਆਂ ਹਨ, ਜੋ ਹਵਸ ਦਾ ਸ਼ਿਕਾਰ ਹੋ ਰਹੀਆਂ ਹਨ। ਔਰਤ ਦੀ ਸੁਰੱਖਿਆ ਦਾ ਮਸਲਾ ਫੇਰ ਹੀ ਹੱਲ ਹੋ ਸਕਦਾ ਹੈ ਜੇ ਸਾਮਰਾਜੀ ਸੋਚ ਵਿਰੁੱਧ ਇਕੱਠੇ ਹੋ ਕੇ ਸੰਘਰਸ਼ ਵਿੱਢਿਆ ਜਾਵੇ । ਇਸ ਲਈ ਔਰਤਾਂ ਨੂੰ ਲਾਮਬੰਦ ਹੋਣ ਦੀ ਲੋੜ ਹੈ।

ਪੀਲੀਆਂ ਚੁੰਨੀਆਂ ਲੈ ਕੇ ਡਟੀਆਂ ਰਹੀਆਂ ਬੀਬੀਆਂ

ਜਿੰਨੇ ਦਿਨ ਵੀ ਬਰਨਾਲਾ ਜੇਲ੍ਹ ਅੱਗੇ ਧਰਨਾ ਜਾਰੀ ਰਿਹਾ, ਦੂਰ-ਦੁਰਾਡੇ ਤੋਂ ਬੀਬੀਆਂ ਆਪਣੇ ਘਰੇਲੂ ਕੰਮਕਾਜ ਛੱਡ ਕੇ ਧਰਨੇ 'ਚ ਹੱਕ ਤੇ ਸੱਚ ਲਈ ਡਟੀਆਂ ਰਹੀਆਂ। ਜਵਾਨ, ਅੱਧਖੜ,ਬਜ਼ੁਰਗ ਔਰਤਾਂ ਆਪਣਾ ਬਣਦਾ ਹਿੱਸਾ ਪਾਉਂਦੀਆਂ ਰਹੀਆਂ। ਉਹ ਪੀਲੀਆਂ ਚੁੰਨੀਆਂ ਲੈ ਕੇ ਭੁੱਖ,ਪਿਆਸ ਤੇ ਧੁੱਪਾਂ ਦੀ ਪਰਵਾਹ ਕੀਤੇ ਬਗੈਰ ਮਰਦਾਂ ਨਾਲ ਪੂਰਾ ਸਾਥ ਦਿੰਦੀਆਂ ਸੰਘਰਸ਼ੀ ਪਿੜ ਵਿਚ ਹਾਜ਼ਰ ਰਹੀਆਂ। ਇੱਥੋਂ ਇਹ ਜ਼ਾਹਰ ਹੁੰਦਾ ਹੈ ਕਿ ਅੱਜ ਵੀ ਮਾਈ ਭਾਗੋ ਤੇ ਦੁਰਗਾ ਭਾਬੀ ਦੀਆਂ ਵਾਰਸ ਜਿਊਂਦੀਆਂ ਹਨ। ਉਹ ਜਾਣਦੀਆਂ ਹਨ ਕਿ ਆਪਣੀ ਰੱਖਿਆ ਲਈ ਕਿਵੇਂ ਲੜਨਾ ਹੈ ਤੇ ਔਰਤ ਵਿਰੋਧੀ ਵਰਤਾਰੇ ਦਾ ਮੁਕਾਬਲਾ ਕਰਨਾ ਹੈ। ਇਹ ਘੋਲ ਔਰਤ ਜਮਾਤ ਲਈ ਵੀ ਸ਼ੁੱਭ ਸ਼ਗਨ ਸਾਬਤ ਹੋਇਆ ।ਬੀਬੀਆਂ ਦੇ ਜਜ਼ਬੇ ਨੂੰ ਸਲਾਮ!

ਅਰਵਿੰਦਰ ਕੌਰ ਕਾਕੜਾ , 94636- 15536

Posted By: Harjinder Sodhi