ਰੰਗਕਰਮੀ ਹੰਸਾ ਸਿੰਘ ਤੁਰ ਗਿਆ ਹੈ। ਕਿਸੇ ਦੇ ਤੁਰ ਜਾਣ ਨਾਲ ਬਹੁਤ ਕੁਝ ਸੰਨਾਟੇ ਵਾਂਗ ਠਹਿਰ ਜਾਂਦਾ ਹੈ। ਇਨ੍ਹਾਂ ਡੂੰਘੀ ਚੁੱਪ ਦੇ, ਸੰਨਾਟੇ ਦੇ ਪਲਾਂ ਵਿਚ ਗੂੰਜਦੇ ਨੇ ਉਸ ਦੇ ਬੋਲ ਜੋ ਤੁਰ ਗਿਆ। ਹੰਸਾ ਸਿੰਘ ਦੇ ਬੋਲ, ਉਸ ਦੀ ਗੜ੍ਹਕਵੀਂ ਆਵਾਜ਼, ਉਸ ਦਾ ਸੁਨੇਹਾ ਸਦਾ ਜਿਉਂਦਾ ਰਹੇਗਾ। ਉਸ ਨੇ ਬਹੁਤ ਰੰਗਕਰਮੀ ਪੈਦਾ ਕੀਤੇ, ਨਾਟਕ ਲਿਖੇ, ਨਿਰਦੇਸ਼ਨਾ ਕੀਤੀ। 26 ਮਈ 1949 ਨੂੰ ਜਨਮੇ ਇਸ ਰੰਗਕਰਮੀ ਦਾ ਰੰਗਮੰਚ ਦਾ ਸਫ਼ਰ 1964-65 'ਚ ਹੀ ਸ਼ੁਰੂ ਹੋ ਗਿਆ ਸੀ ਜਦ ਉਹ ਦਸਵੀਂ ਦਾ ਵਿਦਿਆਰਥੀ ਸੀ ਤੇ ਬਾਲ ਸਭਾ 'ਚ ਨਾਟਕ ਖੇਡਦਾ ਸੀ। ਉਹ ਤਾਉਮਰ ਵਾਲਾਂ ਨੂੰ ਨਾਟਕ ਖੇਡਣੇ ਸਿਖਾਉਂਦਾ ਬਾਲਾਂ 'ਚ ਬਾਲ ਹੀ ਬਣਿਆ ਰਿਹਾ।

ਐਤਕੀਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ 'ਚ ਲੱਗਣ ਵਾਲੇ ਗ਼ਦਰੀ ਬਾਬਿਆਂ ਦੇ ਮੇਲੇ ਵਿਚ ਉਸ ਦੀ ਗ਼ੈਰਹਾਜ਼ਰੀ ਬਹੁਤ ਰੜਕੇਗੀ। ਉਸ ਦੀ ਕਮੀ ਬਹੁਤ ਬਹੁਤ ਮਹਿਸੂਸ ਹੋਵੇਗੀ। ਉਹ ਇਕ ਬਿਹਤਰੀਨ ਨਾਟਕਕਾਰ ਸੀ ਤੇ ਉਸ ਦਾ ਇਉਂ ਅਛੋਪਲੇ ਜਿਹੇ ਹੀ ਇਸ ਜਹਾਨੋਂ ਤੁਰ ਜਾਣਾ ਬਹੁਤ ਦੁਖਦਾਈ ਹੈ। ਹਾਲ 'ਚ ਹੁਣ ਤਕ 28 ਮੇਲੇ ਲੱਗ ਚੁੱਕੇ ਹਨ ਤੇ ਅੱਧਿਓਂ ਵੱਧ ਮੇਲਿਆਂ 'ਤੇ ਝੰਡੇ ਦੇ ਗੀਤ ਦੀ ਪੇਸ਼ਕਾਰੀ ਤੇ ਨਿਰਦੇਸ਼ਨਾ ਹੰਸਾ ਸਿੰਘ ਦੇ ਹਿੱਸੇ ਹੀ ਆਈ। ਉਸ ਦੇ ਬੇਟੇ ਕ੍ਰਾਂਤੀਪਾਲ ਤੇ ਵਿਕਰਮਜੀਤ ਲੱਕੀ ਵੀ ਨਾਲ ਹੀ ਹੁੰਦੇ ਸਨ ਜੋ ਥੀਏਟਰ ਨੂੰ ਹੀ ਸਮਰਪਿਤ ਹਨ। ਉਹ ਇਥੇ ਸਵਾ ਸੌ-ਡੇਢ ਸੌ ਕਲਾਕਾਰਾਂ ਦੀ ਵਰਕਸ਼ਾਪ ਲਾਉਂਦਾ, ਇਨ੍ਹਾਂ ਕਲਾਕਾਰਾਂ ਨੂੰ ਹਫ਼ਤਿਆਂ ਬੱਧੀ ਸੰਭਾਲਦਾ, ਇਨ੍ਹਾਂ ਨੂੰ ਅਦਾਕਾਰੀ ਦੇ ਗੁਰ ਸਿਖਾਉਂਦਾ।

14 ਮਾਰਚ, 1982 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਸਰਾਲੀ ਵਿਚ ਪਲਸ ਮੰਚ (ਪੰਜਾਬ ਲੋਕ ਸੱਭਿਆਚਾਰਕ ਮੰਚ) ਦੀ ਆਧਾਰਸ਼ਿਲਾ ਰੱਖੀ ਗਈ ਸੀ। ਉਸ ਨੇ ਸਾਰੀ ਉਮਰ ਲੋਕ ਲਹਿਰਾਂ ਦੇ ਲੇਖੇ ਲਾਈ, ਥੀਏਟਰ ਦਾ ਸਾਮਾਨ ਸਿਰ 'ਤੇ ਚੁੱਕ ਕੇ ਪਿੰਡਾਂ 'ਚ ਘੁੰਮਿਆ, ਨਾਟਕ ਖੇਡੇ, ਲਿਖੇ। ਮੀਤ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਨਿਭਾਈ। ਉਸ ਨੇ ਬਾਬਾ ਨਾਨਕ ਤੇ ਭਾਈ ਲਾਲੋ ਦਾ ਸੁਨੇਹਾ ਲੋਕਾਂ ਤਕ ਪਹੁੰਚਾਉਣ ਦਾ ਕਾਰਜ ਕੀਤਾ। ਉਹ ਅੱਜ ਦੇ ਮਲਕ ਭਾਗੋਆਂ ਨੂੰ ਵੰਗਾਰਦਾ ਰਿਹਾ। ਉਸ ਨੇ ਲੋਕ ਹਿਤੈਸ਼ੀ ਨਾਟਕ ਖੇਡ ਕੇ ਲੋਕਾਂ ਦੇ ਦਿਲਾਂ ਵਿਚ ਆਪਣਾ ਗੋਸ਼ਾ-ਏ-ਖਸੂਸੀ ਬਣਾ ਲਿਆ ਸੀ।

ਉੱਘੇ ਨਾਟਕਕਾਰ ਸਾਹਿਬ ਸਿੰਘ ਹੁਰਾਂ ਦਾ ਕਹਿਣਾ ਹੈ, 'ਹੰਸਾ ਸਿੰਘ ਪੰਜਾਬੀ ਰੰਗਮੰਚ ਦਾ ਸੂਹਾ ਹਸਤਾਖ਼ਰ ਸੀ। ਉਹ ਅੱਜ ਵੀ ਕਿਸਾਨਾਂ ਦੇ ਧਰਨਿਆਂ ਵਿਚ ਆਪਣੇ ਨਾਟਕਾਂ ਸੰਗ ਹਾਜ਼ਰੀ ਲੁਆ ਰਿਹਾ ਸੀ। ਉਸ ਨੇ ਸਾਰੀ ਜ਼ਿੰਦਗੀ ਇਨਕਲਾਬੀ ਰੰਗਮੰਚ ਨੂੰ ਲੋਕਾਂ ਦੀਆਂ ਸੱਥਾਂ 'ਚ ਲੈ ਕੇ ਜਾਣ ਵਿਚ ਹੀ ਗੁਜ਼ਾਰੀ। ਇੰਨੀ ਲੰਮੀ ਨਿਰੰਤਰਤਾ ਕਿਸੇ-ਕਿਸੇ ਦੇ ਹਿੱਸੇ ਹੀ ਆਉਂਦੀ ਹੈ। ਅਸੀਂ ਅੱਸੀਵਿਆਂ 'ਚ ਅਜੇ ਪਿੰਡ ਹੀ ਸੀ ਤੇ ਮੈਂ ਅੱਠਵੀਂ ਦਾ ਵਿਦਿਆਰਥੀ ਸੀ ਜਦ ਹੰਸਾ ਸਿੰਘ ਨੇ ਪੰਜਾਬ ਕਲਾ ਕੇਂਦਰ ਵਲੋਂ ਸਾਡੇ ਪਿੰਡ 'ਮਸਲਾ ਰੋਟੀ ਦਾ' ਨਾਟਕ ਖੇਡਿਆ ਸੀ। ਤੇ ਅਸੀਂ ਸਟੇਜ ਮੂਹਰੇ ਦਰੀਆਂ 'ਤੇ ਬੈਠ ਕੇ ਇਹ ਦੇਖਿਆ ਸੀ। ਫਿਰ ਪਲਸ ਮੰਚ ਨਾਟਕਾਂ 'ਚ ਬੇਸ਼ੁਮਾਰ ਵਾਰ ਮਿਲੇ, ਇਕੱਠੇ ਹੋਏ, ਉਮਰਾਂ ਦੀਆਂ ਸਾਂਝਾਂ ਬਣੀਆਂ।'

ਇੰਜ ਹੀ ਕਾਮਰੇਡ ਅਮੋਲਕ ਸਿੰਘ ਹੁਰੀਂ ਹੰਸਾ ਸਿੰਘ ਦੇ ਵਿਛੋੜੇ 'ਤੇ ਕਿਹਾ,'ਉਹ ਉਸ ਰੁੱਤੇ ਗਿਆ ਜਦ ਦੇਸ਼ 'ਚ ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ, ਦਲਿਤਾਂ, ਕਿਸਾਨਾਂ, ਮਜ਼ਦੂਰਾਂ, ਸਮੁੱਚੇ ਮਿਹਨਤਕਸ਼ ਵਰਗ ਤੇ ਮੁਸਲਿਮ ਭਾਈਚਾਰੇ 'ਤੇ ਫਿਰਕੂ ਦਹਿਸ਼ਤਗਰਦ ਝਪਟ ਰਹੇ ਹਨ। ਤੇ ਰੰਗਮੰਚ ਇਸ ਨਪੀੜੇ ਜਾ ਰਹੇ ਵਰਗ ਦੇ ਨਾਲ-ਨਾਲ ਸਾਹ ਲੈ ਰਿਹਾ ਹੈ। ਉਸ ਦੇ ਜਾਣ ਨਾਲ, ਸਾਹਿਤ, ਕਲਾ ਤੇ ਰੰਗਮੰਚ ਦੀ ਦੁਨੀਆ 'ਚ ਸੁੰਨ ਪਸਰ ਗਈ ਹੈ।' ਹੰਸਾ ਸਿੰਘ ਨੇ ਆਪਣੀ ਸਾਰੀ ਉਮਰ ਦੀ ਕਮਾਈ (ਸੇਵਾ ਮੁਕਤੀ 'ਤੇ ਮਿਲੀ ਰਕਮ) ਬਿਆਸ 'ਚ ਸਖਾਪਤ ਕੀਤੇ ਓਪਨ ਏਅਰ ਥੀਏਟਰ 'ਤੇ ਖ਼ਰਚ ਕਰ ਦਿੱਤੀ। ਇਸ ਦਾ ਨਾਂ 'ਇਨਪੁੱਟ ਨਾਟ ਭਵਨ' ਰੱਖਿਆ, ਕਿੰਨਾ ਵਿਕੋਲਿਤਰਾ ਜਿਹਾ ਨਾਂ ਹੈ। ਦਰਅਸਲ ਇਹ ਥੀਏਟਰ ਵਾਲੀ ਥਾਂ ਉਨ੍ਹਾਂ ਆਪਣਾ ਘਰ ਬਣਾਉਣ ਲਈ ਖ਼ਰੀਦੀ ਸੀ ਪਰ ਉਹ ਵੱਖਰੇ ਸੁਫ਼ਨੇ ਲੈਣ ਵਾਲਾ ਸ਼ਖ਼ਸ ਸੀ ਤੇ ਉਨ੍ਹਾਂ ਸੁਫ਼ਨਿਆਂ ਦੀ ਤਾਮੀਰ ਇਹ ਥੀਏਟਰ ਬਣਾ ਕੇ ਕਰ ਗਿਆ। ਸੱਟਾਂ ਲੱਗੀਆਂ, ਐਕਸੀਡੈਂਟ ਹੋਇਆ, ਖੂੰਡੀ ਦੇ ਸਹਾਰੇ ਤੁਰਿਆ ਪਰ ਰੰਗਮੰਚ ਪ੍ਰਤੀ ਉਤਸ਼ਾਹ ਭੋਰਾ ਭਰ ਵੀ ਮੱਠਾ ਨਹੀਂ ਪੈਣ ਦਿੱਤਾ। ਪਤਾ ਨਹੀਂ ਇਹ ਕਿਹੜਾ ਸਿੰਬਲ/ਚਿੰਨ੍ਹ ਸੀ ਕਿ ਆਪਣੇ ਆਖਰੀ ਵਕਤ ਵੇਲੇ ਵੀ ਉਹ ਕਿਸਾਨਾਂ ਦੇ ਮੋਰਚੇ 'ਚੋਂ ਆਇਆ ਸੀ, ਕਾਲੀ ਪੱਗ ਬੰਨ੍ਹੀ, ਚਿੱਟੀ ਕਮੀਜ਼ ਪਾਈ ਹੋਈ ਸੀ। ਉਹ ਸ਼ੂਗਰ ਰੋਗ ਤੋਂ ਪੀੜਤ ਸੀ ਪਰ ਕਦੇ ਥਕਾਵਟ ਨਹੀਂ ਸੀ ਮੰਨਦਾ ਤੇ ਪਰਿਵਾਰ ਵੀ ਉਨ੍ਹਾਂ ਨੂੰ ਕਿਤੇ ਆਉਣੋਂ ਜਾਣੋਂ ਰੋਕਦਾ ਨਹੀਂ ਸੀ ਕਿ ਉਹ ਆਪਣੀਆਂ ਰੰਗ ਮੰਚ ਦੀਆਂ ਸਰਗਰਮੀਆਂ ਕਰ ਕੇ ਖ਼ੁਸ਼ ਰਹਿੰਦੇ ਹਨ। ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ 26 ਅਕਤੂਬਰ ਨੂੰ 12 ਵਜੇ ਬਿਆਸ (ਅੰਮ੍ਰਿਤਸਰ) ਵਿਖੇ ਹੋਵੇਗਾ।

ਉਸ ਦੇ 'ਪੰਜੋ ਰਫਿਊਜਣ' 'ਜਦੋਂ ਖੇਤ ਜਾਗੇ' ਤੇ ਹੋਰ ਨਾਟਕ ਸਦਾ ਸਾਡਾ ਚੇਤਿਆਂ 'ਚ ਰਹਿਣਗੇ। ਇਹ ਰੰਗਮੰਚ ਲੋਕ ਘੋਲਾਂ ਨੂੰ ਪ੍ਰਣਾਏ ਹੋਏ ਲੋਕਾਂ ਦੀ ਇਕ ਪੀੜ੍ਹੀ ਹੌਲੀ-ਹੌਲੀ ਕਿਰਦੀ ਜਾ ਰਹੀ ਹੈ। ਭਾਜੀ ਗੁਰਸ਼ਰਨ ਸਿੰਘ ਅਤੇ ਪ੍ਰੋ. ਅਜਮੇਰ ਔਲਖ ਪਹਿਲਾਂ ਹੀ ਸਾਨੂੰ ਅਲਵਿਦਾ ਆਖ ਚੁੱਕੇ ਹਨ। ਹਾਂ ਉਨ੍ਹਾਂ ਦੇ ਸਾਥੀਆਂ ਕੇਵਲ ਧਾਲੀਵਾਲ, ਸਾਹਿਬ ਸਿੰਘ, ਅਮੋਲਕ ਸਿੰਘ ਵਰਗਿਆਂ ਦੀ ਲੰਮੀ ਕਤਾਰ ਹੈ ਜੋ ਉਨ੍ਹਾਂ ਦੀ ਪ੍ਰਤੀਬੱਧਤਾ ਕਿਰਨ ਨਹੀਂ ਦੇਣਗੇ!

- ਨਰਿੰਦਰ ਸਿੰਘ ਸੱਤੀ

Posted By: Harjinder Sodhi