ਸਾਡੀ ਨਵੀਂ ਪਨੀਰੀ ਵਿੱਚੋਂ ਬਹੁਤਿਆਂ ਨੂੰ ਸੱਥ ਸ਼ਬਦ ਦਾ ਪਤਾ ਹੀ ਨਹੀਂ ਹੋਵੇਗਾ ਜਦੋਂਕਿ ਸੱਥ ਦੀ ਹੋਂਦ ਜੁੱਗਾਂ ਪੁਰਾਣੀ ਹੈ। ਸੱਥ ਕੋਈ ਸੰਗਠਨ ਜਾਂ ਜਥੇਬੰਦੀ ਨਹੀਂ ਬਲਕਿ ਮੁੱਢ ਕਦੀਮ ਤੋਂ ਹੀ ਇਨਸਾਨੀ ਭਾਈਚਾਰੇ ਦੇ ਸੁੱਘੜ-ਸਿਆਣੇ ਰਲ਼ ਕੇ ਬਹਿੰਦੇ ਰਹੇ ਹਨ ਤਾਂ ਬਰਾਦਰੀ ਭਾਈਚਾਰੇ ਨੂੰ ਦਰਪੇਸ਼ ਔਕੜਾਂ ਤੇ ਦੁੱਖ ਤਕਲੀਫਾਂ ਦੇ ਹੱਲ ਹੁੰਦੇ ਰਹੇ ਹਨ। ਇਕਸੁਰਤਾ, ਸੂਝ-ਸਮਝ, ਮੇਲ-ਮਿਲਾਪ ਤੇ ਸਮਾਜੀ ਜ਼ਬਤ ਨੂੰ ਨਾ ਸਿਰਫ਼ ਕਾਇਮ ਰੱਖਿਆ ਜਾਵੇ, ਸਗੋਂ ਹੋਰ ਵਧਾਇਆ ਜਾ ਸਕੇ। ਸੱਥ ਦਾ ਸੰਕਲਪ ਪੂਰਬੀ ਫਲਸਫ਼ਿਆਂ ਤੇ ਅਕੀਦਿਆਂ 'ਤੇ ਆਧਾਰਤ ਹੈ। ਵੱਖ-ਵੱਖ ਦੌਰਾਂ 'ਚ ਲੰਘਦਾ, ਕੁਝ ਛੱਡਦਾ ਤੇ ਕੁਝ ਲੈਂਦਾ ਹੋਇਆ ਇਹ ਸਾਡੇ ਤਕ ਅੱਪੜਿਆ ਹੈ। ਦੁਆਬੇ ਦੀ ਧਰਤੀ 'ਤੇ ਵੱਸੇ ਪਿੰਡ ਲਾਂਬੜਾ 'ਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਤੇ ਇਸ ਦੇ ਹਿਤੈਸ਼ੀ ਸੁੱਘੜ-ਸਿਆਣੇ ਲੋਕਾਂ ਨੇ ਮਿਲ ਕੇ ਕੋਈ ਤਿੰਨ ਦਹਾਕੇ ਪਹਿਲਾਂ 5 ਮਈ 1991 ਵਿਚ 'ਸੱਥ' ਨੂੰ ਸਦੀਵੀ ਕਰਨ ਤੇ ਸਰਹੱਦਾਂ 'ਚ ਬੱਝੇ ਪੰਜਾਬ ਤੇ ਪੰਜਾਬੀਆਂ ਨੂੰ ਵਲਗਣਾਂ 'ਚੋਂ ਕੱਢ ਕੇ ਸਿਰਫ਼ ਤੇ ਸਿਰਫ਼ ਪੰਜਾਬੀ ਹੋਣ ਦਾ ਅਹਿਸਾਸ ਕਰਵਾਉਣ ਲਈ 'ਪੰਜਾਬੀ ਸੱਥ ਲਾਂਬੜਾ' ਕਾਇਮ ਕੀਤੀ ਗਈ ਸੀ।

ਸੱਥ ਦੇ ਮੋਢੀਆਂ 'ਚ ਡਾ. ਨਿਰਮਲ ਸਿੰਘ ਤੋਂ ਇਲਾਵਾ ਪ੍ਰੋ. ਨਿਰੰਜਣ ਸਿੰਘ ਢੇਸੀ, ਡਾ. ਨਾਹਰ ਸਿੰਘ, ਲਾਭ ਸਿੰਘ ਸੰਧੂ, ਡਾ. ਸੰਤੋਖ ਸਿੰਘ ਸਹਿਰਯਾਰ, ਮੋਤਾ ਸਿੰਘ ਸਰਾਏ, ਪਿਆਰਾ ਸਿੰਘ ਤੇ ਕੁਲਵਿੰਦਰ ਸਿੰਘ ਸਰਾਏ ਹਨ। ਸੱਥ ਦੇ ਮੌਜੂਦਾ ਸੰਚਾਲਕ ਡਾ. ਨਿਰਮਲ ਸਿੰਘ ਹਨ ਜੋ ਕਿ ਮੈਡੀਕਲ ਸਾਇੰਸ 'ਚ ਮੁਹਾਰਤ ਰੱਖਣ ਦੇ ਨਾਲ-ਨਾਲ ਸਮਾਜਿਕ, ਸੱਭਿਆਚਾਰਕ ਤੇ ਸਾਹਿਤਕ ਤਾਣੇ-ਬਾਣੇ ਦੀ ਵੀ ਸੂਝ ਰੱਖਦੇ ਹਨ। ਆਪਣੇ 30 ਸਾਲਾਂ ਦੇ ਲੰਮੇ ਪੈਂਡੇ ਦੌਰਾਨ ਪੰਜਾਬੀ ਸੱਥ ਲਾਂਬੜਾ ਨੇ ਆਪਣੀ ਸ਼ਾਨਾਮੱਤੀ ਵਿਰਾਸਤ ਨੂੰ ਵਿਸ਼ਵ ਪੱਧਰ 'ਤੇ ਵੱਖ-ਵੱਖ ਦੇਸ਼ਾਂ 'ਚ ਪਹੁੰਚਾਇਆ ਹੈ ਅਤੇ ਵਿਦੇਸ਼ੀ ਧਰਤੀ 'ਤੇ ਜਾ ਕੇ ਵੱਸੇ ਲੇਖਕਾਂ ਨੂੰ ਆਪਣੇ ਕਲਾਵੇ ਵਿਚ ਲਿਆ ਹੈ। ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਸੱਥ ਨੇ ਮਾਂ ਬੋਲੀ ਦੀ ਝੋਲੀ 'ਚ ਵਧੀਆ ਪੁਸਤਕਾਂ ਪਾਉਣ ਵਾਲੇ ਲੇਖਕਾਂ ਤੇ ਵਿਦਵਾਨਾਂ ਦਾ ਮਾਣ-ਸਨਮਾਨ ਕੀਤਾ ਹੈ ਅਤੇ ਹੁਣ ਤਕ 1000 ਦੇ ਕਰੀਬ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਜਾ ਚੁੱਕੀਆਂ ਹਨ।

ਵਿਸ਼ਾਲ ਦਰੱਖ਼ਤ ਵਾਂਗਰ ਫੈਲਿਆ ਸੱਥ ਦਾ ਘੇਰਾ

ਪੰਜਾਬੀ ਸੱਥ ਲਾਂਬੜਾ ਦਾ ਤਾਣਾ-ਬਾਣਾ ਵਿਸ਼ਾਲ ਦਰੱਖ਼ਤ ਵਾਂਗ ਸੂਬੇ ਦੀਆਂ ਹੱਦਾਂ ਤੋਂ ਬਾਹਰ ਵਿਦੇਸ਼ਾਂ 'ਚ ਵੀ ਫੈਲਿਆ ਹੋਇਆ ਹੈ। ਇਸ ਦੀਆਂ ਸ਼ਾਖਾਵਾਂ ਮਾਝਾ, ਮਾਲਵਾ, ਢਾਹਾ, ਪੁਆਧ, ਰਿਆੜਕੀ, ਮੰਜਕੀ, ਦੋਨਾ, ਹੁਸੈਨੀਵਾਲਾ, ਲੱਖੀ ਜੰਗਲ, ਸਰਹਿੰਦ, ਜਰਗ, ਪਟਿਆਲਾ, ਯੂਕੇ, ਕੈਨੇਡਾ, ਅਮਰੀਕਾ, ਜਰਮਨ, ਆਸਟ੍ਰੇਲੀਆ, ਲਹਿੰਦਾ ਪੰਜਾਬ ਸ਼ਾਮਲ ਹਨ।

ਇਸ ਦੀਆਂ ਇਕਾਈਆਂ ਪੰਜਾਬੀ ਸੱਥ ਬਰਵਾਲੀ ਫਤਿਹਗੜ੍ਹ ਸਾਹਿਬ, ਪੁਆਧੀ ਪੰਜਾਬੀ ਸੱਥ ਮੋਹਾਲੀ, ਪੰਜਾਬੀ ਸੱਥ ਰਾਮਪੁਰਾ ਫੂਲ (ਬਠਿੰਡਾ), ਰਿਆੜਕੀ ਪੰਜਾਬੀ ਸੱਥ ਹਰਪੁਰਾ ਧੰਦੋਈ ਗੁਰਦਾਸਪੁਰ, ਮਾਝਾ ਪੰਜਾਬੀ ਸੱਥ ਬੁਤਾਲਾ ਅੰਮ੍ਰਿਤਸਰ, ਮੰਜਕੀ ਪੰਜਾਬੀ ਸੱਥ ਭੰਗਾਲਾ ਜਲੰਧਰ, ਪੰਜਾਬੀ ਸੱਥ ਸਰਹਿੰਦ, ਪੰਜਾਬੀ ਸੱਥ ਜਰਗ, ਮਾਝਾ ਪੰਜਾਬੀ ਸੱਥ ਤਰਨਤਾਰਨ, ਲੱਖੀ ਜੰਗਲ ਪੰਜਾਬੀ ਸੱਥ ਬਠਿੰਡਾ, ਪੰਜਾਬੀ ਸੱਥ ਹੁਸੈਨੀਵਾਲਾ, ਪੰਜਾਬੀ ਸੱਥ ਸੁਨਾਮ, ਨੌਜਵਾਨ ਪੰਜਾਬੀ ਸੱਥ ਚੰਡੀਗੜ੍ਹ, ਕੰਢੀ ਪੰਜਾਬੀ ਸੱਥ ਹੁਸ਼ਿਆਰਪੁਰ, ਪੰਜਾਬੀ ਸੱਥ ਕੰਧਾਲਾ ਜੱਟਾਂ, ਪੰਜਾਬੀ ਸੱਥ ਨਵਾਂਸ਼ਹਿਰ, ਪੰਜਾਬੀ ਸੱਥ ਪਟਿਆਲਾ, ਪੰਜਾਬੀ ਸੱਥ ਔੜ, ਪੰਜਾਬੀ ਸੱਥ ਮੋਗਾ, ਪੰਜਾਬੀ ਸੱਥ ਫਾਜ਼ਿਲਕਾ, ਪੰਜਾਬੀ ਸੱਥ ਕੈਥਲ (ਹਰਿਆਣਾ), ਪੰਜਾਬੀ ਸੱਥ ਅੰਮ੍ਰਿਤਸਰ, ਪੰਜਾਬੀ ਸੱਥ ਜੰਮੂ, ਪੰਜਾਬੀ ਸੱਥ ਕਠੂਆ, ਪੰਜਾਬੀ ਸੱਥ ਦਿੱਲੀ, ਪੰਜਾਬੀ ਸੱਥ ਮੁੱਲਾਂਪੁਰ, ਲਹਿੰਦੇ ਪੰਜਾਬ 'ਚ ਪੰਜਾਬੀ ਸੱਥ ਕਸੂਰ, ਪੰਜਾਬ ਸੱਥ ਜੜ੍ਹਾਂਵਾਲਾ, ਪੰਜਾਬੀ ਸੱਥ ਲਾਹੌਰ, ਪੰਜਾਬੀ ਸੱਥ ਸਿਆਲਕੋਟ, ਵਿਦੇਸ਼ਾਂ 'ਚ ਪੰਜਾਬੀ ਸੱਥ ਵਾਲਸਾਲ ਬਰਮਿੰਘਮ (ਯੂਕੇ), ਪੰਜਾਬੀ ਸੱਥ ਜਰਮਨੀ, ਪੰਜਾਬੀ ਸੱਥ ਕੁਵੈਤ, ਪੰਜਾਬੀ ਸੱਥ ਇਟਲੀ, ਪੰਜਾਬੀ ਸੱਥ ਟੋਰਾਂਟੋ, ਪੰਜਾਬੀ ਸੱਥ ਸਰੀ ਵੈਨਕੂਵਰ, ਪੰਜਾਬੀ ਸੱਥ ਐਲਨਬਰਗ (ਯੂਐੱਸਏ), ਪੰਜਾਬੀ ਸੱਥ ਕੈਲੇਫੋਰਨੀਆ (ਯੂਐੱਸਏ), ਪੰਜਾਬੀ ਸੱਥ ਪਰਥ, ਪੰਜਾਬੀ ਸੱਥ ਸਿਡਨੀ, ਪੰਜਾਬੀ ਸੱਥ ਮੈਲਬੌਰਨ ਵਿਚ ਹਨ। ਇਨ੍ਹਾਂ ਵਿਚੋਂ ਦੋ-ਚਾਰ ਨੂੰ ਛੱਡ ਕੇ ਬਾਕੀ ਸਾਰੀਆਂ ਸੱਥਾਂ ਸਰਗਰਮੀ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪ੍ਰਫੁੱਲਤਾ ਲਈ ਕੰਮ ਕਰ ਰਹੀਆਂ ਹਨ।

ਸੱਥਾਂ ਤੋਂ ਇਲਾਵਾ ਪੰਜਾਬੀ ਸੱਥ ਲਾਂਬੜਾ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਆ ਰਹੀਆਂ ਸਹਾਇਕ ਸੰਸਥਾਵਾਂ ਵਿਚ ਵਿਰਾਸਤੀ ਪੰਜਾਬੀ ਸੱਥ ਸਰਹਿੰਦ, ਧਰਤ ਸੁਹਾਵੀ ਜਲੰਧਰ, ਚੌਗਿਰਦਾ ਬਚਾਓ ਕਮੇਟੀ ਪੰਜਾਬ, ਅਦਬੀ ਝੋਕ ਲਾਂਬੜਾ ਤੇ ਸਾਡਾ ਪੰਜਾਬ ਜਲੰਧਰ ਸ਼ਾਮਲ ਹਨ।

ਸੱਥ ਦਾ ਮੰਤਵ ਤੇ ਟੀਚਾ

ਪੰਜਾਬੀ ਸੱਥ ਲਾਂਬੜਾ ਦੇ ਸੰਚਾਲਕ ਡਾ. ਨਿਰਮਲ ਸਿੰਘ ਕਹਿੰਦੇ ਹਨ ਕਿ ਸਾਡਾ ਮੰਤਵ ਤੇ ਟੀਚਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰਨਾ ਹੈ। ਅਸੀਂ ਹਮੇਸ਼ਾ ਬਦਲਵੇਂ ਵਿਕਾਸ ਦਾ ਨਮੂਨਾ ਸਿਰਜਣ ਵਾਸਤੇ ਪੰਜਾਬ ਦੇ ਇਤਿਹਾਸ, ਵਿਰਾਸਤ, ਸਭਿਆਚਾਰ ਤੇ ਦਰਸ਼ਨ-ਫਲਸਫ਼ੇ ਨੂੰ ਇਕਜੁਟ ਰੂਪ ਵਿਚ ਜਾਣਨ ਦੀ ਕੋਸ਼ਿਸ਼ ਕੀਤੀ।

ਕਿਸੇ ਵੀ ਸਿਆਸੀ ਧਿਰ ਨਾਲ ਨਹੀਂ ਜੁੜੇ ਹੋਏ, ਵਿਸ਼ਵ ਵਿਚ ਵਾਤਾਵਰਨ, ਸਿਹਤ, ਅਰਥਚਾਰੇ 'ਚ ਆਏ ਉਘਾੜ ਪ੍ਰਦੂਸ਼ਣ ਨੂੰ ਮੁਖਾਤਿਬ ਰਹੇ ਹਾਂ। ਲੋਕਾਂ ਨੂੰ ਦਰਪੇਸ਼ ਮਸਲੇ, ਮੁੱਦੇ ਤੇ ਸਰੋਕਾਰਾਂ 'ਤੇ ਬਹੁਤ ਸੰਜੀਦਗੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਸਾਰਥਕ ਨਤੀਜੇ ਮਿਲੇ ਹਨ। ਮਿਸਾਲ ਦੇ ਤੌਰ 'ਤੇ ਪੰਜਾਬੀ ਦੀ ਸਿਆਸੀ ਵੰਡ ਨੂੰ ਮੰਨ ਕੇ ਪੰਜਾਬੀ ਭਾਈਚਾਰੇ 'ਚ ਏੇਕੇ ਦੀਆਂ ਕੜੀਆਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨਾਲ ਮੋਹ ਕਰਦੇ ਹਾਂ ਪਰ ਦੂਸਰੀਆਂ ਬੋਲੀਆਂ, ਸੱਭਿਆਚਾਰਾਂ ਤੇ ਵਿਰਾਸਤਾਂ ਨਾਲ ਕੋਈ ਰੰਜ ਨਹੀਂ ਰੱਖਦੇ।

ਵਾਤਾਵਰਨ ਲਈ ਕੰਮ ਕਰਨ ਵਾਲੇ ਅਦਾਰਿਆਂ ਨੂੰ ਸਹਿਯੋਗ ਦਿੰਦੇ ਰਹੇ ਹਾਂ। ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਭਗਤ ਪੂਰਨ ਸਿੰਘ ਪਿੰਗਲਵਾੜਾ ਸੁਸਾਇਟੀ, ਬਾਬਾ ਆਇਆ ਸਿੰਘ ਰਿਆੜਕੀ ਤੁੱਗਲਵਾਲ, ਵਲੰਟੀਅਰੀ ਹੈਲਥ ਐਸੋਸੀਏਸ਼ਨ ਨਾਲ ਵੀ ਜੁੜੇ ਰਹੇ ਹਾਂ। ਹੁਣ ਤਕ ਵੱਖ-ਵੱਖ ਵਿਸ਼ਿਆਂ 'ਤੇ 450 ਦੇ ਕਰੀਬ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਸਾਡਾ ਕੋਈ ਬੈਂਕ ਖਾਤਾ ਨਹੀਂ, ਨਾ ਹੋ ਕੀ ਅਹੁਦੇਦਾਰ, ਕੋਈ ਸੰਵਿਧਾਨ ਵੀ ਨਹੀਂ। ਸਾਰਾ ਕੁਝ ਲੋਕਾਂ 'ਤੇ ਛੱਡਿਆ ਹੋਇਆ ਹੈ। ਪੰਜਾਬੀ ਸੱਥ ਲਾਂਬੜਾ ਤੇ ਇਸ ਦੀਆਂ ਦੇਸ਼-ਵਿਦੇਸ਼ਾਂ ਵਿਚਲੀਆਂ ਇਕਾਈਆਂ ਵੱਲੋਂ ਹੁਣ ਤਕ 1000 ਤੋਂ ਵੱਧ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਕਈ ਸਾਲ ਵਿਰਾਸਤੀ ਕੈਲੰਡਰ ਵੀ ਛਾਪਦੇ ਰਹੇ ਹਾਂ। ਵਿਰਾਸਤੀ ਅਜਾਇਬਘਰ ਲਾਂਬੜਾ ਸਥਿਤ ਖ਼ਾਲਸਾ ਸਕੂਲ 'ਚ 8000 ਵਰਗ ਫੁੱਟ ਇਮਾਰਤ 'ਚ ਬਣਾਇਆ ਹੋਇਆ ਹੈ। ਇਸ ਸੱਥ ਨੇ ਪਿਛਲੇ 30 ਸਾਲਾਂ ਦੌਰਾਨ ਦੁਨੀਆ ਦੀ ਜਿਸ ਵੀ ਨੁੱਕਰ 'ਚ ਪੰਜਾਬੀ ਭਾਈਚਾਰਾ ਹੈ, ਤਕ ਪੁੱਜਣ ਦੀ ਕੋਸ਼ਿਸ਼ ਕੀਤੀ। ਆਪਣੀਆਂ ਸਿਹਤਮੰਦ ਕਦਰਾਂ-ਕੀਮਤਾਂ ਤੇ ਸਿਹਤਮੰਦ ਜੀਵਨ ਸ਼ੈਲੀ ਲਈ ਨਿਰੰਤਰ ਯਤਨਸ਼ੀਲ ਰਹਾਂਗੇ। ਵਿਖਾਵੇ, ਇਸ਼ਤਿਹਾਬਾਜ਼ੀ, ਸ਼ੋਹਰਤ, ਚੌਧਰ ਤੋਂ ਸਦਾ ਹੀ ਪਾਸਾ ਵੱਟ ਕੇ ਲੰਘਦੇ ਰਹੇ ਹਾਂ। ਅਸੀਂ ਪਿਛਲਮੁਖੀ ਨਹੀਂ, ਹਮੇਸ਼ਾ ਹੀ ਸਮੇਂ ਦੇ ਹਾਣੀ ਬਣ ਕੇ ਵਿਚਰਨ ਦੀ ਕੋਸ਼ਿਸ਼ ਕੀਤੀ ਹੈ। ਅਠਮੁੱਲੇਪੁਣੇ, ਜਨੂੰਨਤ ਫਿਰਕਾਪ੍ਰਸਤੀ, ਕੱਟੜਵਾਦ, ਸੌੜੀ ਸਿਆਸਤ ਨੂੰ ਅਸੀਂ ਵਾਹ ਲੱਗਦੇ ਨੇੜੇ ਨਹੀਂ ਢੁੱਕਣ ਦਿੱਤਾ। ਸਿਆਸਤਦਾਨ ਸਾਡੇ ਭਰ ਹਨ ਪਰ ਅਸੀਂ ਕਦੇ ਵੀ ਕਿਸੇ ਸਿਆਸਤਦਾਨ ਨੂੰ ਆਪਣੇ ਕਿਸੇ ਵੀ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਜਾਂ ਵਿਸ਼ੇਸ਼ ਵਿਅਕਤੀ ਵਜੋਂ ਨਹੀਂ ਬੁਲਾਇਆ।

ਸੈਂਕੜੇ ਦੇ ਕਰੀਬ ਪੁਸਤਕਾਂ ਕੀਤੀਆਂ ਪ੍ਰਕਾਸ਼ਤ

ਪੰਜਾਬੀ ਸੱਥ ਲਾਂਬੜਾ ਵੱਲੋਂ ਹੁਣ ਤਕ ਪੰਜ ਨਦ ਪ੍ਰਕਾਸ਼ਨ ਹੇਠ 450 ਦੇ ਕਰੀਬ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਪੁਸਤਕਾਂ 'ਚ 1947 'ਚ ਭਾਰਤ ਨੂੰ ਮਿਲੀ ਆਜ਼ਾਦੀ ਵੇਲੇ ਹੋਈ ਦੇਸ਼ ਦੀ ਵੰਡ ਦਾ ਦੁਖਾਂਤ, ਛੋਟੇ ਬੱਚਿਆਂ ਦੇ ਪੜ੍ਹਨ ਲਈ ਸਾਹਿਤ, ਮਾਂ ਦੇ ਵੱਖ-ਵੱਖ ਰੂਪਾਂ ਨਾਲ ਸਬੰਧਤ ਰਚਨਾਵਾਂ, ਧੀਆਂ ਦੀ ਮਹਾਨਤਾ ਨੂੰ ਦਰਸਾਉਂਦੇ ਗੀਤ ਤੇ ਕਵਿਤਾਵਾਂ, ਪ੍ਰਦੂਸ਼ਣ, ਨਸ਼ੇਬਾਜ਼ੀ ਤੇ ਤਿੜਕਦੇ ਮਨੁੱਖੀ ਰਿਸ਼ਤਿਆਂ, ਮਾਂ ਬੋਲੀ ਦੀ ਮਹਾਨਤਾ ਬਾਰੇ ਗੀਤ, ਕਵਿਤਾਵਾਂ ਤੇ ਖੋਜ ਭਰਪੂਰ ਲੇਖ ਸ਼ਾਮਲ ਹਨ। ਬਾਬਾ ਫਰੀਦ ਜੀ ਦੇ ਜੀਵਨ ਤੇ ਰਚਨਾ ਸਬੰਧੀ ਖੋਜ ਪੁਸਤਕ, ਕਿੱਸਾ ਸਾਹਿਤ 'ਚ ਹੀਰ ਵਾਰਸ ਸ਼ਾਹ, ਹੀਰ ਹਜ਼ੂਰਾ ਸਿੰਘ, ਸ਼ਾਹ ਮੁਹੰਮਦ (ਜੰਗਨਾਮਾ ਪੰਜਾਬ), ਸੀਤਾ ਸੁਅੰਬਰ, ਸ਼ਹੀਦ ਏ ਆਜ਼ਮ ਭਗਤ, ਕੂਕਾ ਲਹਿਰ, ਗਿਆਨੋ ਸਜਾਨੋ ਆਦਿ ਹਨ। ਮਾਝੇ, ਮਾਲਵੇ, ਪੁਆਧ ਤੇ ਮੰਜਕੀ ਬਾਰੇ ਜਾਣਕਾਰੀ ਭਰਪੂਰ ਪੁਸਤਕਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੇਖਕਾਂ ਵੱਲੋਂ ਲਿਖੀਆਂ ਗਈਆਂ ਉੱਚ ਪਾਇ ਦੀਆਂ ਪੁਸਤਕਾਂ ਸ਼ਾਮਲ ਹਨ।

Posted By: Harjinder Sodhi