ਖ਼ਾਲਿਦ ਹੁਸੈਨ ਦੇ ਕਹਾਣੀ ਸੰਗਿ੍ਰਹ ‘ਸੂਲਾਂ ਦਾ ਸਾਲਣੁ’ ਲਈ ਮਿਲਿਆ ਸਾਹਿਤ ਅਕਾਦਮੀ ਦਿੱਲੀ ਦਾ ਵੱਕਾਰੀ ਪੁਰਸਕਾਰ। ਜੰਮੂ ਕਸ਼ਮੀਰ ਦੇ ਕਿਸੇ ਪੰਜਬੀ ਲੇਖਕ ਨੂੰ ਪਹਿਲੀ ਵਾਰ ਇਹ ਸਨਮਾਨ ਪ੍ਰਾਪਤ ਹੋਇਆ ਹੈ। ਖ਼ਾਲਿਦ ਦੇ ਹੁਣ ਤਕ ਛਪੇ ਕਹਾਣੀ ਸੰਗਿ੍ਰਹ ਜੇਹਲਮ ਵਗਦਾ ਰਿਹਾ (1976) ਗੋਰੀ ਫ਼ਸਲ ਦੇ ਸੌਦਾਾਗਰ (1981) ਡੂੰਘੇ ਪਾਣੀਆਂ ਦਾ ਦੁੱਖ (1988) ਬਲਦੀ ਬਰਫ਼ ਦਾ ਸੇਕ (2007) ਸੂਲਾਂ ਦਾ ਸਾਲਣੁ (2015) ਅਤੇ ਇਸ਼ਕ ਮਲੰਗੀ (2020) ਵਿਚ ਪ੍ਰਕਾਸ਼ਿਤ ਹੋਏ। ਉਸ ਦੇ ਉਰਦੂ ਕਹਾਣੀ ਸੰਗ੍ਰਹਿ ਠੰਢੀ ਕਾਂਗੜੀ ਦਾ ਧੂੰਆਂ, ਇਸਤਿਹਾਰੋਂ ਵਾਲੀ ਹਵੇਲੀ ਅਤੇ ਸਤੀਸਰ ਦਾ ਸੂਰਜ ਹਨ।

‘ਮੈਂ ਜ਼ਮੀਨ ਨਾਲ ਜੁੜਿਆ ਬੰਦਾ ਹਾਂ। ਇਕ ਲੇਖਕ ਵਜੋਂ ਉਸ ’ਤੇ ਦੇਸ਼ ਦੀ ਵੰਡ ਦਾ ਵੱਡਾ ਪ੍ਰਭਾਵ ਹੈ। ਉਹ ਆਪਣੀ ਹਰ ਕਹਾਣੀ ਵਿਚ ਹਾਜ਼ਰ ਹੁੰਦਾ ਹੈ ਅਤੇ ਉਹ ਜੰਮੂ ਕਸ਼ਮੀਰ ਦੇ ਖਿੱਤੇ ਦੀ ਹੋਣੀ ਨੂੰ ਪੰਜਾਬੀ ਭਾਸ਼ਾ ਵਿਚ ਪੇਸ਼ ਕਰਨ ਦਾ ਯਤਨ ਕਰਦਾ ਹੈ। ਅੱਜ ਸਵੇਰੇ ਜਦੋਂ ਮੈਂ ਫੋਨ ’ਤੇ ਉਸ ਨਾਲ ਗੱਲ ਕੀਤੀ ਤਾਂ ਉਸਨੇ ਮੇਰੀ ਮੁਬਾਰਕ ਸਵੀਕਾਰ ਕਰਦਿਆ ਕਿਹਾ, ‘ਮੁਬਾਰਕ ਮੇਰੇ ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ਦੇ ਦੋਸਤ ਹਰਭਜਨ ਬਾਜਵਾ ਫੋਟੋਕਾਰ ਤੇ ਮੁਖਤਾਰ ਗਿੱਲ ਆਦਿ ਦੋਸਤਾਂ ਨੂੰ ਜਿਹੜੇ ਮੇਰੀ ਹਰ ਅਭੀ ਨਭੀ ਵੇਲੇ ਅੰਗ ਸੰਗ ਰਹੇ।

ਖ਼ਾਲਿਦ ਮੈਨੂੰ 1969 ਤੇ ਅਖੀਰ ਜਾਂ 67 ਦੇ ਸ਼ੁਰੂ ’ਚ ਹਾਲ ਗੇਟ ਦੇ ਬਾਹਰ ਮੈਗਜ਼ੀਨ ਕਿਤਾਬਾਂ ਫਰੋਲਦਿਆਂ ਅਚਾਨਕ ਮਿਲਿਆ ਸੀ। ਉਸੇ ਸਾਲ ਗਰਮੀਆਂ ਵਿਚ ਮੈਂ, ਬਾਜਵਾ ਤੇ ਗੁਲ ਚੌਹਾਨ ਖ਼ਾਲਿਦ ਕੋਲ ਸ੍ਰੀਨਗਰ ਸੀ। ਖ਼ਾਲਿਦ ਨਾਲ ਸਾਡੀ ਲੰਮੀ ਦੋਸਤੀ ਦਾ ਕਾਰਨ ਬਿਨਾਂ ਵਲ੍ਹ ਵਲਿੰਗ ਪਾਰਦਰਸ਼ੀ ਹੋਣਾ ਹੋਵੇਗਾ। ਖ਼ਾਲਿਦ ਦਾ ਹਾਸਲ ਸ੍ਰੀਨਗਰ ਵਿਖੇ 1975 ਵਿਚ ਕਰਵਾਈ ਕੁਲ ਹਿੰਦ ਪੰਜਾਬੀ ਕਾਨਫਰੰਸ ਸੀ ਜੋ ਬਹੁਤ ਸਫਲ ਰਹੀ ਸੀ। ਖ਼ਾਲਿਦ ਨੂੰ ਪੰਜਾਬ ਵਿਚਲੀਆਂ ਕਈ ਸੰਸਥਾਵਾਂ ਨੇ ਸਨਮਾਨਤ ਕੀਤਾ ਪਰ ਹਾਸ਼ਮ ਸ਼ਾਹ ਟਰੱਸਟ ਜਗਦੇਵ ਕਲਾਂ ਦਾ ਪੁਰਸਕਾਰ ਵਿਲੱਖਣ ਸੀ ਜਿਸਨੂੰ ਲੈਣ ਉਹ ਪਰਿਵਾਰ ਸਮੇਤ ਆਇਆ ਤੇ ਰਾਤ ਸਾਡੇ ਘਰ ਰਹੇ ਸਨ।

ਖ਼ਾਲਿਦ ਦਾ ਜਨਮ ਇਕ ਅਪਰੈਲ 1945 ਵਿਚ ਊਧਮਪੁਰ ਵਿਖੇ ਹੋਇਆ ਸੀ। 1947 ਦੇ ਫਿਰਕੂ ਬਟਵਾਰੇ ਵੇਲੇ ਉਸਦੇ ਪਰਿਵਾਰ ਦੇ 9 ਜੀਅ ਮਾਰੇ ਗਏ ਸੀ। ਉਹ ਮਾਂ, ਭੂਆ, ਭੈਣ ਤੇ ਭਰਾ ਨਾਲ 7 ਸਾਲ ਰਫਿਊਜੀ ਕੈਂਪਾਂ ‘ਚ ਰਿਹਾ ਸੀ। ਖ਼ਾਲਿਦ 7 ਅਗਸਤ 1961 ਨੰੁ ਕਲਰਕ ਭਰਤੀ ਹੋਇਆ ਸੀ। ਉਸਦੀ ਬੇਗਮ ਨਸੀਮ ਫਿਰਦੋਸ਼, ਸ਼ਮੀ, ਹੁਮਾ, ਜ਼ਾਕਿਰ ਤੇ ਯਾਸਿਰ ਹਨ।

ਖ਼ਾਲਿਦ ਸਭ ਤੋਂ ਵੱਧ ਛਪਣ ਵਾਲਾ ਲੇਖਕ ਹੈ। ਉਹ ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਵਿਚ ਵੀ ਛਪਦਾ ਹੈ। ਉਹ ਜੰਮੂ ਕਸ਼ਮੀਰ ਦਾ ਪਹਿਲਾ ਸਾਹਿਤਕਾਰ ਹੈ ਜਿਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ (ਪੰਜਾਬੀ ਵਿਭਾਗ ) ਨੇ ਵਿਜ਼ੀਟਰ ਫੈਲੋ ਬਣਾਇਆ ਅਤੇ ਪੰਜਬੀ ਯੂਨੀਵਰਸਿਟੀ ਪਟਿਆਲਾ ਵਿਚ ਬਾਬਾ ਫ਼ਰੀਦ ਸਟੱਡੀ ਸੈਂਟਰ ਦਾ ਮੈਂਬਰ ਨਿਯੁਕਤ ਕੀਤਾ। ਇਕ ਘਟਨਾ ਉਸਦੀ ਜੀਵਨੀ ‘ਮਾਟੀ ਕੁਦਮ ਕਰੇਂਦੀ ਯਾਰ’ ਵਿਚ ਦਰਜ ਹੈ। ਇਕ ਦਿਨ ਡਾ. ਦਵਿੰਦਰ ਸਿੰਘ ਤੇ ਰਿਸਰਚ ਸਕਾਲਰ ਰਾਜਵਿੰਦਰ ਨਾਲ ਖ਼ਾਲਿਦ ਘਰ ਆਏ ਉਨ੍ਹਾਂ ਨਾਲ ਜਵਾਨ ਕੁੜੀ ਤੇ ਗੱਭਰੂ ਸੁਖਦੇਵ ਸਿੰਘ ਸੀ। ਉਹ ਘਰੋਂ ਭੱਜੇ ਚੋਰੀ ਵਿਆਹ ਕਰਵਾਉਣਾ ਚਾਹੁੰਦੇ ਸਨ। ਖ਼ਾਲਿਦ ਦੇ ਬੀਵੀ ਬੱਚੇੇ ਲਾਟੀ ਗਏ ਸਨ। ਉਨ੍ਹੀਂ ਦਿਨੀਂ ਖ਼ਾਲਿਦ ਦੀ ਮਾਲੀ ਹਾਲਤ ਕੁੱਝ ਚੰਗੀ ਨਹੀਂ ਸੀ। ਉਸ ਆਪਣੇ ਦੋਸਤ ਨਾਸਿਰ ਹੁਸੈਨ ਕੁਰੈਸ਼ੀ ਤੋਂ ਪੰਜ ਸੌ ਰੁਪਏ ਉਧਾਰ ਲਏ ਤੇ ਬਾਜ਼ਾਰ ਜਾਂ ਕੁੜੀ ਲਈ ਵਿਆਹ ਦਾ ਨਵਾਂ ਜੋੜਾ, ਸੈਂਡਲ, ਚੂੜਾ ਤੇ ਸੰਧੂਰ ਆਦਿ ਸਾਮਾਨ ਲੈ ਆਇਆ।

ਦੂਸਰੇ ਦਿਨ ਦਵਿੰਦਰ ਤੇ ਰਾਜਵਿੰਦਰ ਘਬਰਾਏ ਹੋਏ ਆਏ ਤੇ ਖ਼ਾਲਿਦ ਨੂੰ ਕਹਿਣ ਲੱਗੇ ਇਨ੍ਹਾਂ ਨੂੰ ਘਰੋਂ ਕੱਢ ਦੇ ਕਿਉਂਕਿ ਕੁੜੀ ਦੇ ਭਰਾ ਤਲਵਾਰਾਂ ਤੇ ਹੋਰ ਹਥਿਆਰ ਲਈ ਇਨ੍ਹਾਂ ਨੂੰ ਲੱਭਦੇ ਫਿਰਦੇ ਹਨ। ਖ਼ਾਲਿਦ ਨੇ ਮੁਸਕਰਾ ਕੇ ਕਿਹਾ,‘ਇਹ ਹੁਣ ਖ਼ਾਲਿਦ ਦੀ ਜ਼ਿੰਮੇਵਾਰੀ ਹੈ ਉਹ ਇਸ ਜੋੜੇ ਦੀ ਕਿਵੇਂ ਹਿਫਾਜ਼ਤ ਕਰੇ’। ਦੂਜੀ ਸਵੇਰ ਖ਼ਾਲਿਦ ਉਨ੍ਹਾਂ ਨੂੰ ਪ੍ਰੀਤ ਨਗਰ (ਅੰਮਿ੍ਰਤਸਰ) ਮੇਰੇ ਘਰ ਲੈ ਆਇਆ। ਮੈਂ ਇਕੱਲਾ ਰਹਿੰਦਾ ਸੀ। ਖ਼ਾਲਿਦ ਨੇ ਸਾਰੀ ਗੱਲ ਮੈਨੂੰ ਸਮਝਾਈ ਕਿ ਮੈਂ ਸੁਖਦੇਵ ਨੂੰ ਕਿਸੇ ਨੌਕਰੀ ’ਤੇ ਲਵਾ ਦੇਵਾਂ ਤੇ ਲਾਵਾਂ ਫੇਰੇ ਕਰਵਾਉਣ ਦੀ ਬੇਨਤੀ ਕੀਤੀ। ਉਸ ਹੋਰ ਕਿਹਾ ਕਿ ਜੋੜੇ ਨੂੰ ਖ਼ਾਲਿਦ ਦੇ ਜਾਤੀ ਮਹਿਮਾਨ ਸਮਝੇ। ਇਹ ਪ੍ਰੇਮੀ ਜੋੜਾ ਮੇਰੇ ਘਰ ਕੋਈ ਛੇ ਕੁ ਮਹੀਨੇ ਰਿਹਾ ਫਿਰ ਮੈਂ ਉਨ੍ਹਾਂ ਨੂੰ ਅਮਰੀਕ ਅਮਨ ਤੇ ਪਰਮਿੰਦਰਜੀਤ ਕੋਲ ਲੈ ਗਿਆ। ਅਮਨ ਨੇ ਦੋਵਾਂ ਨੂੰ ਨੌਕਰੀ ’ਤੇ ਰੱਖ ਲਿਆ। ਅਜਿਹੀਆਂ ਖ਼ਾਲਿਦ ਦੀ ਦੋਸਤੀ ਤੇ ਦਰਿਆ ਦਿਲੀ ਦੀਆਂ ਅਨੇਕ ਕਹਾਣੀਆਂ ਹਨ। ਇਸੇ ਤਰ੍ਹਾਂ ਉਸਨੇ ਸਿੱਧਵਾਂ ਦੋਨਾ ਦੇ ਕਵੀ ਦਾ ਨਾਂ ਕੰਵਰ ਇਮਿਤਿਆਜ਼ ਰੱਖ ਉਸਦਾ ਵਿਆਹ ਸ਼ਕੀਨਾ ਬੇਗਮ ਨਾਲ ਕਰਵਾਇਆ। ਉਸਦਾ ਨਾਂ ਕੰਵਰਜੀਤ ਖ਼ਾਨ ਤੇ ਪਿਤਾ ਦਾ ਨਾਂ ਅਬਦੁੱਲ ਗਨੀ ਖ਼ਾਨ ਸੀ ,ਉਹ ਆਪਣੀ ਮਾਂ ਕੋਲ ਰਹਿੰਦਾ ਸੀ।

ਖ਼ਾਲਿਦ ਦਾ ਆਪਣੀ ਮਾਂ ਬੋਲੀ, ਆਪਣੀ ਰਹਿਤਲ, ਆਪਣੇ ਸਾਹਿਤਕ ਵਿਰਸੇ ਦਾ ਖੈਰ ਖਾਹ ਹੈ। ਸਬੂਤ ਵਜੋਂ ਇਕ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾਂ ਜਿਹੜੀ ਰਿਆਸਤੀ ਕਲਚਰਲ ਅਕਾਦਮੀ ਦੇ ਐਡੀਸ਼ਨਲ ਸੈਕਟਰੀ ਅਰਵਿੰਦਰ ਸਿੰਘ ਅਮਨ ਦੀ ਅੱਖੀਂ ਦੇਖੀ ਹੋਈ ਹੈ। ਜਦ ਮਰਦਮ ਸ਼ੁਮਾਰੀ ਵਾਲੇ ਖ਼ਾਲਿਦ ਨੂੰ ਆਪਣੀ ਮਾਂ ਬੋਲੀ ਬਾਰੇ ਪੁੱਛਣ ਲੱਗੇ ਤਾਂ ਉਨ੍ਹਾਂ ਕਿਹਾ ਪੰਜਾਬੀ। ਜਦੋਂ ਦੂਸਰੀ ਭਾਸ਼ਾ ਬਾਰੇ ਪੁੱਛਣ ’ਤੇ ਫਿਰ ਕਿਹਾ ਪੰਜਾਬੀ ਅਤੇ ਤੀਸਰੀ ਪੁੱਛਣ ’ਤੇ ਫਿਰ ਕਿਹਾ ਪੰਜਾਬੀ। ਨਿਰਸੰਦੇਹ ਖ਼ਾਲਿਦ ਹੁਸੈਨ ਜੰਮੂ ਕਸ਼ਮੀਰ ਵਿਚ ਪੰਜਾਬੀ ਦਾ ਝੰਡਾ ਬਰਦਾਰ ਹੈ।

- ਮੁਖ਼ਤਾਰ ਗਿੱਲ

Posted By: Harjinder Sodhi