ਤਕਨੀਕੀ ਕ੍ਰਾਂਤੀ ਨਾਲ ਮਨੋਰੰਜਨ ਦੇ ਸਾਧਨ ਮਨੁੱਖ ਦੇ ਹੱਥ ਦਾ ਖਿਡੌਣਾ ਬਣ ਗਏ ਹਨ। ਜਿੱਥੇ ਇਸ ਕ੍ਰਾਂਤੀ ਦੇ ਫ਼ਾਇਦੇ ਹੋਏ ਹਨ ਉੱਥੇ ਇਸ ਦੀ ਕਈ ਅਲਾਮਤਾਂ ਨੇ ਮਨੁੱਖ ਨੂੰ ਆਪਣਾ ਗ਼ੁਲਾਮ ਵੀ ਬਣਾਇਆ ਹੈ। ਅਜਿਹੀ ਗੁਲਾਮੀ ਵਾਲੀ ਗੇਮ ਹੈ ਪਬਜੀ। ਪਬਜੀ ਗੇਮ ਦੀ ਲਤ ਲੱਗੇ ਲੋਕਾਂ ਦੀ ਮੰਨੀਏ ਤਾਂ ਉਹ ਇਸ ਨੂੰ ਸੋਚਣ ਸਮਰਥਾ ਵਧਾਉਣ ਦਾ ਜ਼ਰੀਆ ਮੰਨ ਰਹੇ ਹਨ। ਇਹ ਇਸ ਤਰ੍ਹਾਂ ਦੀ ਗੇਮ ਹੈ ਜਿਸ ਨਾਲ ਤੁਸੀਂ ਇੰਟਰਨੈੱਟ ਦੀ ਸਹਾਇਤਾ ਨਾਲ ਫਾਲਤੂ ਦੀਆਂ ਚੀਜ਼ਾਂ ਸਰਚ ਕਰਨ ਦੀ ਬਜਾਏ ਦੋਸਤਾਂ ਨਾਲ ਆਨਲਾਈਨ ਇੰਜੁਆਏ ਕਰ ਸਕਦੇ ਹੋ। ਕੋਈ ਵਿਅਕਤੀ ਆਪਣੀ ਰੋਜ਼ਾਨਾ ਜ਼ਿੰਦਗੀ ਤੋਂ ਬੋਰ ਹੁੰਦਾ ਹੈ ਤਾਂ ਮੋਬਾਈਲ ਖੋਲ੍ਹ ਬੈਠਦਾ ਹੈ ਅਤੇ ਗੇਮ ਡਾਊਨਲੋਡ ਕਰ ਲੈਂਦਾ ਹੈ। ਜਿੱਥੋਂ ਤਕ ਪਬਜੀ ਨੂੰ ਖੋਲ੍ਹਣ ਦੀ ਗੱਲ ਹੈ ਇਸ ਗੇਮ 'ਚ ਪੈਰਾਸੂਟ ਦੇ ਜ਼ਰੀਏ 100 ਪਲੇਅਰਜ਼ ਨੂੰ ਇਕ ਆਈਸਲੈਂਡ 'ਤੇ ਉਤਾਰਿਆ ਜਾਂਦਾ ਹੈ। ਜਿੱਥੇ ਪਲੇਅਰਜ਼ ਨੂੰ ਆਪਣੀਆਂ ਬੰਦੂਕਾਂ ਲੱਭਣੀਆਂ ਪੈਂਦੀਆਂ ਹਨ ਅਤੇ ਦੁਸ਼ਮਣਾਂ ਨੂੰ ਮਾਰਨਾ ਹੁੰਦਾ ਹੈ।

ਅਖ਼ੀਰ 'ਚ ਜੋ ਬਚਦਾ ਹੈ ਉਹ ਜੇਤੂ ਹੁੰਦਾ ਹੈ। 4 ਲੋਕਾਂ ਦੀ ਟੀਮ ਨਾਲ ਜੋ ਆਖ਼ਿਰ ਤਕ ਪਹੁੰਚ ਗਏ ਤਾਂ ਸਾਰੇ ਜੇਤੂ ਹੁੰਦੇ ਹਨ। ਇਸ ਦੀ ਦੀਵਾਨਗੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਿੱਜੀ ਯੂਨੀਵਰਸਿਟੀ ਕੈਂਪਸ 'ਚ ਪਬਜੀ ਇਨਾਮੀ ਚੈਂਪੀਅਨਸ਼ਿਪ ਅਤੇ ਸਕੂਲ ਫੇਸਟ 'ਚ ਇਸ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਨੌਜਵਾਨ ਅਤੇ ਮੁਟਿਆਰਾਂ ਇਸ ਗੇਮ ਦੇ ਸਟਾਇਲ 'ਚ ਪ੍ਰੀ-ਵੈਡਿੰਗ ਫੋਟੋ ਸ਼ੂਟ ਕਰਵਾ ਰਹੇ ਹਨ। ਭਾਰਤੀ ਕ੍ਰਿਕਟ ਅਤੇ ਹਾਕੀ ਟੀਮ ਦੇ ਖਿਡਾਰੀ ਵੀ ਆਪਣੇ ਵਿਹਲੇ ਸਮੇਂ 'ਚ ਪਬਜੀ ਦਾ ਅਨੰਦ ਮਾਣਦੇ ਹਨ। ਸ਼ਹਿਰ 'ਚ ਰੈਸਟੋਰੈਂਟਸ ਅਤੇ ਕੈਫੇਜ਼ ਵੀ ਪਬਜੀ ਥੀਮ 'ਤੇ ਬਣ ਰਹੇ ਹਨ। ਪਬਜੀ ਥੀਮ 'ਤੇ ਬਣੇ ਰੈਸਟੋਰੈਂਟ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਰਹੇ ਹਨ।

ਕਿਵੇਂ ਹੋਈ ਸ਼ੁਰੂਆਤ

ਪਬਜੀ ਇੰਟਰਨੈੱਟ 'ਤੇ ਅਧਾਰਤ ਐਕਸ਼ਨ ਗੇਮ ਹੈ ਜੋ ਐਂਡਰਾਈਡ ਅਤੇ ਆਈਓਐੱਸ 'ਤੇ ਉਪਲੱਬਧ ਹੈ। ਇਸ ਨੂੰ ਮੋਬਾਈਲ, ਲੈਪਟਾਪ ਜਾਂ ਕੰਪਿਊਟਰ 'ਤੇ ਖੇਡਿਆ ਜਾ ਸਕਦਾ ਹੈ। ਪਬਜੀ ਗੇਮ ਨੂੰ ਦਸੰਬਰ 2017 'ਚ ਬਣਾਇਆ ਗਿਆ ਸੀ। ਪਬਜੀ ਨੂੰ ਦੱਖਣ ਕੋਰੀਆਈ ਵੀਡੀਓ ਗੇਮ ਕੰਪਨੀ ਬਲੂਹੋਲ ਦੀ ਇਕ ਸਹਾਇਕ ਪਬਜੀ ਨਿਗਮ ਦੁਆਰਾ ਵਿਕਸਿਤ ਕੀਤਾ ਗਿਆ ਹੈ।

ਪਬਜੀ ਨੂੰ ਇਕੱਲਿਆਂ ਜਾਂ ਵੱਧ ਤੋਂ ਵੱਧ ਚਾਰ ਸਾਥੀਆਂ ਦੀ ਟੀਮ ਬਣਾ ਕੇ ਵੀ ਖੇਡਿਆ ਜਾ ਸਕਦਾ ਹੈ। ਇਸ 'ਚ ਸੈਨਿਕਾਂ ਦੀ ਭੂਮਿਕਾ ਨਿਭਾਉਂਦੇ ਹੋਏ ਵੱਖ-ਵੱਖ ਖੇਤਰਾਂ 'ਚ ਵੜ ਕੇ ਵਿਰੋਧੀ ਧਿਰ ਨੂੰ ਗੋਲੀਆਂ ਮਾਰ ਕੇ ਉਨ੍ਹਾਂ ਦੇ ਸਾਮਾਨ ਨੂੰ ਇਕੱਠਾ ਕਰਨਾ ਹੁੰਦਾ ਹੈ। ਪਬਜੀ 'ਚ ਪਲੇਅਰ ਆਪਣੇ ਸਾਥੀਆਂ ਜੋ ਕਿਸੇ ਹੋਰ ਸਥਾਨ 'ਤੇ ਖੇਡ ਰਹੇ ਹੋਣ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਗਾਈਡ ਵੀ ਕੀਤਾ ਜਾ ਸਕਦਾ ਹੈ।

ਪਰਿਵਾਰ ਸਮੇਤ ਖੇਡ ਰਹੇ ਹਨ ਲੋਕ

ਅੱਜ ਨੇ ਨੌਜਵਾਨ ਰੋਜ਼ਾਨਾ 4 ਤੋਂ 5 ਘੰਟੇ ਪਬਜੀ ਖੇਡਦੇ ਹਨ। ਕੋਈ ਆਪਣੇ ਭਰਾ ਨਾਲ ਖੇਡ ਰਿਹਾ ਹੈ ਕੋਈ ਆਪਣੀ ਦੋਸਤ ਨਾਲ। ਕਈ ਨੌਜਵਾਨ ਰੋਜ਼ ਦਫ਼ਤਰ ਤੋਂ ਬਾਅਦ ਘਰ ਆ ਕੇ ਪਬਜੀ ਖੇਡਦੇ ਹਨ। ਇਸ ਨੂੰ ਖੇਡਣ ਪਿੱਛੋਂ ਉਨ੍ਹਾਂ ਦੀ ਦਿਨ ਭਰ ਦੀ ਥਕਾਵਟ ਛੂਮੰਤਰ ਹੋ ਜਾਂਦੀ ਹੈ। ਪਿਉ-ਪੁੱਤ ਅਤੇ ਪਤਨੀ ਦੇ ਨਾਲ-ਨਾਲ ਪਰਿਵਾਰ ਦੇ ਹੋਰ ਜੀਅ ਤੇ ਰਿਸ਼ਤੇਦਾਰ ਵੀ ਪਬਜੀ ਜੁਆਇਨ ਕਰਦੇ ਹਨ। ਪਬਜੀ ਖੇਡਣ ਸਮੇਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਹਕੀਕੀ ਜ਼ਿੰਦਗੀ 'ਚ ਸੈਨਿਕ ਹਾਂ ਅਤੇ ਦੁਸ਼ਮਣਾਂ ਨੂੰ ਫੁੰਡ ਰਹੇ ਹਾਂ।

ਕਲਪਨਾ ਦੀ ਦੁਨੀਆ ਦਾ ਸ਼ਿਕਾਰ

ਇਸ ਗੇਮ ਦਾ ਲਗਾਤਾਰ ਅਮਲ ਇਕ ਮੈਡੀਕਲ ਵਿਕਾਰ ਨੂੰ ਜਨਮ ਦਿੰਦਾ ਹੈ। ਇਹ ਵਿਕਾਰ ਮਨੁੱਖ ਨੂੰ ਹੋਣ ਵਾਲੇ ਕਿਸੇ ਵੀ ਦੂਜੇ ਵਿਕਾਰ ਨਾਲੋਂ ਵੱਧ ਖ਼ਤਰਨਾਕ ਹੁੰਦਾ ਹੈ। ਇਨ੍ਹਾਂ ਖੇਡਾਂ ਦੇ ਸ਼ਿਕਾਰ ਹੋਏ ਖਿਡਾਰੀ ਆਪਣੀ ਹਕੀਕੀ ਜ਼ਿੰਦਗੀ ਦੀਆਂ ਮੁਸੀਬਤਾਂ ਅਤੇ ਤਲਖ਼ੀਆਂ ਤੋਂ ਬਚਣ ਲਈ ਕਲਪਨਾ ਦੀ ਦੁਨੀਆ 'ਚ ਵਿਚਰਨ ਲੱਗਦੇ ਹਨ। ਇਕ ਰਿਪੋਰਟ ਮੁਤਾਬਕ ਆਨਲਾਈਨ ਵੀਡੀਓ ਗੇਮ ਖੇਡਣ ਵਾਲੇ ਲੋਕਾਂ ਵਿੱਚੋਂ 41% ਤੋਂ ਵੱਧ ਖਿਡਾਰੀ ਹਕੀਕਤ ਤੋਂ ਬਚਣਾ ਚਾਹੁੰਦੇ ਹਨ ਇਸ ਲਈ ਉਹ ਇਨ੍ਹਾਂ ਖੇਡਾਂ ਦੀ ਦੁਨੀਆ ਨੂੰ ਹੀ ਆਪਣਾ ਸੰਸਾਰ ਸਵੀਕਾਰ ਕਰ ਲੈਂਦੇ ਹਨ।

ਖ਼ਤਰਨਾਕ ਹੈ ਲਤ ਲੱਗਣਾ

ਵਿਸ਼ਵ ਸਿਹਤ ਸੰਗਠਨ ਮੁਤਾਬਿਕ ਇਸ ਗੇਮ ਦੀ ਆਦਤ ਕਾਫ਼ੀ ਖ਼ਤਰਨਾਕ ਹੈ। ਡਿਜੀਟਲ ਦੁਨੀਆ 'ਚ ਇਹ ਨਵੀਂ ਆਦਤ ਹੈ ਜਿਸ ਨਾਲ ਰਿਸ਼ਤੇ ਵੀ ਤਿੜਕ ਰਹੇ ਹਨ। ਪਬਜੀ ਗੇਮ ਖੇਡਣ ਨਾਲ ਮਾਨਸਿਕ ਹਾਲਤ ਵੀ ਖ਼ਰਾਬ ਹੋ ਜਾਂਦੀ ਹੈ। ਬੱਚੇ ਦਿਨੋ ਦਿਨ ਇਸ ਨਾਲ ਬਿਮਾਰ ਹੋ ਰਹੇ ਹਨ। ਇਨ੍ਹਾਂ ਗੇਮਜ਼ ਕਾਰਨ 2018 'ਚ ਤਲਾਕ ਦੀਆਂ ਕਰੀਬ 200 ਪਟੀਸ਼ਨਾਂ ਦਾਇਰ ਹੋਈਆਂ ਹਨ। ਮਨੋਰੋਗ ਮਾਹਿਰ ਡਾ. ਸਤੀਸ਼ ਕਪੂਰ ਅਨੁਸਾਰ ਪਬਜੀ ਗੇਮ ਮਨੁੱਖੀ ਸਰੀਰ ਲਈ ਬਹੁਤ ਖ਼ਤਰਨਾਕ ਹੈ। ਕਿਉਂਕਿ ਇਸ ਨਾਲ ਜ਼ਿੰਦਗੀ ਪ੍ਰਤੀ ਪਿਆਰ ਹੋਣ ਦੀ ਬਜਾਏ ਮੋਹ ਭੰਗ ਹੁੰਦਾ ਜਾਂਦਾ ਹੈ। ਇਕ ਵਾਰ ਜਿਹੜਾ ਵਿਅਕਤੀ ਇਸ ਗੇਮ ਦਾ ਸ਼ਿਕਾਰ ਹੋ ਜਾਂਦਾ ਹੈ ਉਹ ਆਸਾਨੀ ਨਾਲ ਇਸ ਤੋਂ ਛੁਟਕਾਰਾ ਨਹੀਂ ਪਾ ਸਕਦਾ। ਇਸ ਦੇ ਇਲਾਵਾ ਪਬਜੀ ਕਾਰਨ ਵਿਵਹਾਰ 'ਚ ਅਨੋਖੀ ਤਬਦੀਲੀ ਆ ਜਾਂਦੀ ਹੈ ਅਤੇ ਅੱਖਾਂ ਦੇ ਰੋਗ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਰੋਜ਼ਾਨਾ 20 ਮਿਲੀਅਨ ਯੂਜ਼ਰ ਐਕਟਿਵ

ਉਂਝ ਤਾਂ ਇਨ੍ਹੀਂ ਦਿਨੀਂ ਦੁਨੀਆ 'ਚ ਪਬਜੀ ਤੋਂ ਇਲਾਵਾ ਇੰਟੀਨਿਟੀ ਓਪੀਐੱਸ, ਸ਼ੈਡੋਗਨ ਲੀਜੇਂਡਜ਼, ਕਲੈਸ਼ ਰਾਇਲ ਅਤੇ ਐਚਕਯੂ ਟ੍ਰੀਬੀਆ ਨਾਮੀ ਪੰਜ ਤਰ੍ਹਾਂ ਦੀਆਂ ਇੰਨਰਨੈੱਟ ਅਧਾਰਤ ਐਕਸ਼ਨ ਗੇਮਾਂ ਐਂਡਰਾਈਡ ਅਤੇ ਆਈਓਐੱਸ 'ਤੇ ਖੇਡੀਆਂ ਜਾ ਰਹੀਆਂ ਹਨ ਪਰ ਪਬਜੀ ਹੁਣ ਇਨ੍ਹਾਂ ਸਭ ਨੂੰ ਪਛਾੜ ਗਈ ਹੈ। ਇਹ ਇੰਟਰਨੈੱਟ 'ਤੇ ਖੇਡੀਆਂ ਜਾਂਦੀਆਂ ਗੇਮਜ਼ 'ਚੋਂ ਪਹਿਲੇ ਨੰਬਰ 'ਤੇ ਹੈ।

ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ 'ਚ ਹੁਣ ਤਕ 6 ਕਰੋੜ ਤੋਂ ਜ਼ਿਆਦਾ ਲੋਕ ਇਸ ਨੂੰ ਡਾਊਨਲੋਡ ਕਰ ਚੁੱਕੇ ਹਨ। ਬੱਚੇ ਸਕੂਲਾਂ ਅਤੇ ਕਾਲਜਾਂ ਤੋਂ ਪੜ੍ਹਾਈ ਛੱਡ ਕੇ ਇਸ ਗੇਮ 'ਚ ਆਪਣਾ ਸਮਾਂ ਬਰਬਾਦ ਕਰਦੇ ਹਨ। ਸਿਰਫ਼ ਬੱਚੇ ਅਤੇ ਨੌਜਵਾਨ ਹੀ ਨਹੀਂ ਕਈ ਸਿਆਣੇ ਵੀ ਇਸ ਗੇਮ ਦੇ ਸ਼ਿਕਾਰ ਹਨ। ਇਸ ਦੇ ਰੋਜ਼ਾਨਾ 20 ਮਿਲੀਅਨ ਯੂਜ਼ਰ ਐਕਟਿਵ ਰਹਿੰਦੇ ਹਨ। ਪੂਰੀ ਦੁਨੀਆ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 200 ਦੇਸ਼ਾਂ 'ਚ ਇਸ ਨੂੰ ਹੁਣ ਤਕ 100 ਕਰੋੜ ਤੋਂ ਵੀ ਜ਼ਿਆਦਾ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸ ਗੇਮ ਨੂੰ ਗਰੁੱਪ ਬਣਾ ਕੇ ਜਾਂ ਇਕੱਲੇ ਵੀ ਖੇਡਿਆ ਜਾ ਸਕਦਾ ਹੈ। ਇਸ ਲਈ ਗੇਮ ਨੂੰ ਡਾਊਨਲੋਡ ਕਰਨ ਲਈ 2 ਜੀਬੀ ਸਪੇਸ ਹੋਣੀ ਜ਼ਰੂਰੀ ਹੈ।

Posted By: Harjinder Sodhi