ਪੰਜਾਬ ਸੰਕਟ ਦੇ ਕਾਲੇ ਦਿਨਾਂ 'ਚ ਦੇਸ਼ ਵਿਰੋਧੀ ਤਾਕਤਾਂ ਨੇ ਬਹੁਤ ਸਾਰੇ ਸਿਆਸੀ ਨੇਤਾਵਾਂ, ਸਾਹਿਤਕ ਹਸਤੀਆਂ ਤੇ ਆਮ ਲੋਕਾਂ ਨੂੰ ਵਿਚਾਰਾਂ ਦੇ ਵਿਰੋਧ ਕਾਰਨ ਸ਼ਹੀਦ ਕਰ ਦਿੱਤਾ। 'ਪ੍ਰੀਤਲੜੀ' ਦੇ ਸੰਪਾਦਕ ਸੁਮੀਤ ਸਿੰਘ ਤੋਂ ਲੈ ਕੇ ਡਾ.ਰਵਿੰਦਰ ਰਵੀ ਤਕ ਅਜਿਹੇ ਸਾਹਿਤਕ ਕਾਮਿਆਂ ਦੀ ਲੰਮੀ ਕਤਾਰ ਹੈ। ਡਾ. ਰਵਿੰਦਰ ਰਵੀ ਨੂੰ 19 ਮਈ 1989 ਨੂੰ ਉਸ ਦੇ ਘਰੋਂ ਧੋਖੇ ਨਾਲ ਬੁਲਾ ਕੇ ਗੋਲ਼ੀਆਂ ਮਾਰੀਆਂ ਸਨ। ਉਸ ਤੋਂ ਪਹਿਲਾਂ 14 ਮਈ ਨੂੰ ਉਸ ਦੇ ਜੱਦੀ ਪਿੰਡ ਕਿਲਾ ਹਾਂਸ ਲਾਗੇ ਲੁਧਿਆਣਾ ਜ਼ਿਲ੍ਹੇ ਦੇ ਹੀ ਪਿੰਡ ਪੰਧੇਰ ਖੇੜੀ 'ਚ ਸਾਥੀ ਗੁਰਮੇਲ ਹੂੰਝਣ ਤੇ ਉਸ ਦੇ ਅੰਗ ਰੱਖਿਅਕ ਜੁਗਿੰਦਰ ਸਿੰਘ ਨੂੰ ਵੀ ਗੋਲ਼ੀਆਂ ਮਾਰ ਦਿੱਤੀਆਂ ਸਨ। ਇਨ੍ਹਾਂ ਦੀ ਵਿਚਾਰਧਾਰਕ ਨੇੜਤਾ ਸੀ ਤੇ ਮੇਰੀ ਦੋਵਾਂ ਨਾਲ ਨੇੜਤਾ ਸੀ। ਡਾ. ਰਵੀ ਨਾਲ ਤਾਂ ਮੈਂ ਪੀਐੱਚਡੀ ਕਰ ਰਿਹਾ ਸੀ।

ਡਾ. ਰਵੀ ਇੱਕੋ ਸਮੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਚੁਣਿਆ ਹੋਇਆ ਫੈਲੋ, ਕੇਂਦਰੀ ਪੰਜਾਬੀ ਲੇਖਕ ਸਭਾ ਰਜਿ.ਦਾ ਜਨਰਲ ਸਕੱਤਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਧਿਆਪਕ ਜਥੇਬੰਦੀ ਦੀ ਮੂਹਰਲੀ ਕਤਾਰ ਦਾ ਆਗੂ ਸੀ। ਇਸ ਸਾਰੇ ਦੇ ਨਾਲ ਉਹ ਸਭ ਤੋਂ ਪਹਿਲਾਂ ਇਕ ਸੁਹਿਰਦ ਅਧਿਆਪਕ ਸੀ। ਅਧਿਆਪਨ ਕਾਰਜ ਉਹ ਖ਼ੁਦ ਡੂੰਘਾ ਅਧਿਐਨ ਕਰ ਕੇ ਕਰਦਾ ਸੀ। ਮੈਂ ਉਸ ਕੋਲ ਦੋ- ਚਾਰ ਵਾਰ ਰਾਤ ਰੁਕਿਆ ਤਾਂ ਮੈਂ ਆਪਣੇ ਸੌਣ ਤੇ ਜਾਗਣ ਤੋਂ ਪਹਿਲਾਂ ਉਸ ਨੂੰ ਆਪਣੇ ਸਟੱਡੀ ਟੇਬਲ 'ਤੇ ਹੀ ਵੇਖਿਆ ਸੀ। ਉਚੇਰੀ ਸਿੱਖਿਆ ਦੇ ਵਿਦਿਆਰਥੀ ਉਸ ਦੇ ਕਲਾਸ ਨੋਟਿਸ ਸਾਰੇ ਪੰਜਾਬ 'ਚ ਲੱਭ-ਲੱਭ ਕੇ ਪੜ੍ਹਦੇ ਸਨ। ਉਸ ਨੇ ਵਿਦਿਆਰਥੀ ਲਹਿਰ 'ਚ ਕੰਮ ਕਰਦੇ ਡਾ. ਤਾਰਾ ਸਿੰਘ ਸੰਧੂ ਵਰਗੇ ਵਿਦਿਆਰਥੀਆਂ ਨੂੰ ਡਾਕਟਰੇਟ ਕਰਵਾਈ। ਡਾ. ਸੁਰਜੀਤ ਸਿੰਘ ਭੱਟੀ ਵਰਗੇ ਉਸ ਦੇ ਵਿਦਿਆਰਥੀ ਸਾਡੇ ਸਮਿਆਂ 'ਚ ਉੱਘੇ ਚਿੰਤਕ ਹਨ। ਬਲਦੇਵ ਸਿੰਘ ਧਾਲੀਵਾਲ ਵਰਗੇ ਉਸ ਦੇ ਵਿਦਿਆਰਥੀ ਨਹੀਂ ਸਨ ਪਰ ਉਸ ਨੂੰ ਅਧਿਆਪਕ ਦਾ ਫ਼ਰਜ਼ ਨਿਭਾਉਣ ਲਈ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਸਟਲ ਵਿਚ ਪਹੁੰਚ ਗਏ ਸਨ । ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਦੇ ਮੈਂਬਰ ਹੋਣ ਕਰਕੇ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਰੁਝੇਵੇਂ ਕਰਕੇ ਬਾਹਰ ਜਾਣਾ ਪੈਂਦਾ ਸੀ ਪਰ ਉਹ ਇਸ ਗੱਲ ਲਈ ਜਾਣਿਆ ਜਾਂਦਾ ਸੀ ਕਿ ਉਹ ਆਪਣੀ ਕਲਾਸ ਮਿਸ ਨਹੀਂ ਸੀ ਕਰਦਾ। ਵਿਦਿਆਰਥੀਆਂ 'ਚ ਮੋਹ ਨਾਲ ਵਿਚਰਨ ਤੇ ਮਿੱਠਤ ਭਰੀ ਬੋਲ- ਬਾਣੀ ਕਾਰਨ ਡਾ. ਰਵੀ ਨੂੰ ਬਹੁਤ ਸਤਿਕਾਰਿਆ ਜਾਂਦਾ ਸੀ। ਪੰਜਾਬ ਸੰਕਟ ਦੇ ਦਿਨਾਂ 'ਚ ਮੌਤ ਤੋਂ ਕੁਝ ਦੇਰ ਪਹਿਲਾਂ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੋਸਟਲਾਂ 'ਚ ਇਕ ਵਿਚਾਰਧਾਰਕ ਲੈਕਚਰ ਲੜੀ ਵੀ ਸ਼ੁਰੂ ਕੀਤੀ ਸੀ। ਉਸ ਨੇ ਆਪ ਡਾਕਟਰੇਟ ਰਾਮ ਕਾਵਿ 'ਤੇ ਖੋਜ ਕਰਦਿਆਂ ਡਾ.ਰਤਨ ਸਿੰਘ ਜੱਗੀ ਦੀ ਅਗਵਾਈ 'ਚ ਕੀਤੀ ਤੇ ਰਾਮ ਕਾਵਿ ਦੇ ਧਰਮ ਨਿਰਪੱਖ ਖਾਸੇ ਨੂੰ ਖੋਜਿਆ। ਅਜੋਕੇ ਹਾਲਾਤ 'ਚ ਇਹ ਹੋਰ ਵੀ ਵਧੇਰੇ ਪ੍ਰਸੰਗਿਕ ਹੈ। ਉਸ ਦਾ ਖੋਜ ਪ੍ਰਬੰਧ ਯੂਨੀਵਰਸਿਟੀ ਵਿਚ ਪੰਜਾਬੀ ਦਾ ਪਹਿਲਾ ਖੋਜ ਪ੍ਰਬੰਧ ਸੀ। ਉਸ ਦੀਆਂ ਚਾਰ ਅਲੋਚਨਾ ਪੁਸਤਕਾਂ 'ਪੰਜਾਬੀ ਰਾਮ ਕਾਵਿ', 'ਅਮਰੀਕਾ ਦੀਆਂ ਨਵੀਨ ਅਲੋਚਨਾ ਪ੍ਰਣਾਲੀਆਂ', 'ਵਿਰਸਾ ਤੇ ਵਰਤਮਾਨ' ਅਤੇ 'ਰਵੀ ਚੇਤਨਾ' ਛਪੀਆਂ। 'ਰਵੀ ਚੇਤਨਾ' ਉਸ ਦੀ ਮੌਤ ਤੋਂ ਬਾਅਦ ਡਾ. ਗੁਰਚਰਨ ਸਿੰਘ ਅਰਸ਼ੀ ਨੇ ਸੰਪਾਦਤ ਕੀਤੀ। ਡਾ. ਰਵੀ ਵੱਲੋਂ ਸੰਪਾਦਤ ਇਕ ਪੁਸਤਕ 'ਪ੍ਰਗਤੀਵਾਦ ਅਤੇ ਪੰਜਾਬੀ ਸਾਹਿਤ' ਵੀ ਮਿਲਦੀ ਹੈ, ਜੋ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਬਰਨਾਲਾ ਵਿਖੇ ਕਰਵਾਏ ਗਏ ਸੈਮੀਨਾਰ ਦੀ ਸੰਪਾਦਨਾ ਹੈ। ਬਰਨਾਲੇ ਦੀ ਸਾਹਿਤਕ ਲਹਿਰ ਦੀ ਵੀ ਇਹ ਗਿਣਨਯੋਗ ਪ੍ਰਾਪਤੀ ਹੈ। ਉਸ ਸਮੇਂ ਲਿਖਾਰੀ ਸਭਾ ਬਰਨਾਲਾ ਦੇ ਪ੍ਰਧਾਨ ਓਮ ਪ੍ਰਕਾਸ਼ ਗਾਸੋ ਤੇ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ ਸਨ। ਇਨ੍ਹਾਂ ਪੁਸਤਕਾਂ ਦਾ ਸਮੁੱਚਾ ਅਧਿਐਨ ਸਾਨੂੰ ਡਾ.ਰਵੀ ਦਾ ਪੰਜਾਬੀ ਅਲੋਚਨਾ 'ਚ ਸਥਾਨ ਨਿਸ਼ਚਿਤ ਕਰਨ ਵਿਚ ਸਹਾਇਤਾ ਕਰਦਾ ਹੈ।

ਉਹ ਭਾਰਤੀ ਤੇ ਪੱਛਮੀ ਚਿੰਤਨ ਨੂੰ ਸਾਡੀਆਂ ਆਪਣੀਆਂ ਵਿਸ਼ੇਸ਼ ਸਭਿਆਚਾਰਕ ਸਥਿਤੀਆਂ ਅਨੁਸਾਰ ਸਮਝਣ ਦਾ ਮੁੱਦਈ ਸੀ। ਮੱਧਕਾਲੀ ਸਾਹਿਤ ਦਾ ਅਧਿਐਨ ਕਰਦਿਆਂ ਉਸ ਨੇ ਕਿਸ਼ਨ ਸਿੰਘ ਦੀ ਤਰ੍ਹਾਂ ਇਸ ਨੂੰ ਮਹਾਨ ਤੇ ਇਨਕਲਾਬੀ ਸਾਹਿਤ ਪ੍ਰਵਾਨਿਆ। ਆਧੁਨਿਕ ਪੰਜਾਬੀ ਸਾਹਿਤ ਨੂੰ ਮਾਰਕਸਵਾਦੀ ਤਰਲਤਾ ਅਧੀਨ ਅੰਤਰ ਅਨੁਸ਼ਾਸਨੀ ਵਿਧੀ ਅਪਣਾ ਕੇ ਆਧੁਨਿਕ ਸੰਦਰਭ, ਵਿਚਾਰਧਾਰਕ ਪ੍ਰਸੰਗਾਂ, ਆਲਮੀ ਨਜ਼ਰੀਏ ਅਤੇ ਸੁਹਜ ਜੁਗਤਾਂ ਦੇ ਧਿਆਨ ਗੋਚਰੇ ਵਿਚਾਰਿਆ । ਬਹੁਚਰਚਿਤ ਪੁਸਤਕ 'ਵਿਰਸਾ ਅਤੇ ਵਰਤਮਾਨ' ਚ ਉਸ ਨੇ ਸਮੁੱਚੀ ਵਿਚਾਰਧਾਰਕ ਵਿਕਾਸ ਪ੍ਰਕਿਰਿਆ ਨੂੰ ਵਿਚਾਰਦਿਆਂ ਪੰਜਾਬੀ ਭਾਸ਼ਾ ਦੀ ਦਿਸ਼ਾ ਤੇ ਦਸ਼ਾ ਤੋਂ ਸ਼ੁਰੂ ਹੋ ਕੇ ਸਭਿਆਚਾਰ ਤੇ ਉਸ ਦੇ ਅੰਦਰਲੀ ਤਬਦੀਲੀ ਤੇ ਸਭਿਆਚਾਰ ਦੇ ਸੁਹਜ ਸ਼ਾਸਤਰ ਨੂੰ ਆਪਣੇ ਅਧਿਐਨ ਦਾ ਕੇਂਦਰ ਬਣਾਇਆ। ਪੱਛਮੀ ਚਿੰਤਕਾਂ ਤੇ ਖ਼ਾਸ ਕਰਕੇ ਰੋਲਾਂ ਬਾਰਤ ਨਾਲ ਸੰਵਾਦ ਰਚਾਉਂਦਿਆਂ ਪੰਜਾਬੀ ਚਿੰਤਨ ਦੇ ਨਵੇਂ ਨਕਸ਼ ਉਭਾਰੇ । ਇਸ ਤੋਂ ਪਹਿਲਾਂ ਉਹ ਅਮਰੀਕਾ ਦੀ ਨਵੀਨ ਅਲੋਚਨਾ ਪ੍ਰਣਾਲੀ ਤੇ ਰਾਮ ਕਾਵਿ ਦੇ ਅਧਿਐਨ ਨਾਲ ਸਾਡੀ ਭਾਰਤੀ ਤੇ ਪੱਛਮੀ ਪਹੁੰਚ ਨਾਲ ਡੂੰਘੀ ਸਾਂਝ ਪੁਆ ਚੁੱਕਾ ਸੀ। ਡਾ.ਰਵੀ ਦੀ ਮੌਤ ਤੋਂ ਬਾਅਦ ਡਾ .ਗੁਰਚਰਨ ਸਿੰਘ ਅਰਸ਼ੀ ਨੇ ਉਸ ਦੇ ਵੱਖੋ-ਵੱਖਰੇ ਵਿਸ਼ਿਆਂ ਬਾਰੇ ਲਿਖੇ 18 ਮਜ਼ਮੂਨ ਛਾਪੇ, ਜਿਨ੍ਹਾਂ 'ਚ ਉਸ ਦੇ ਵਿਚਾਰਧਾਰਕ, ਆਲੋਚਨਾਤਮਕ ਤੇ ਪੰਜਾਬੀ ਸਭਿਆਚਾਰ ਨੂੰ ਦਰਪੇਸ਼ ਵੰਗਾਰਾਂ ਸਬੰਧੀ ਵਿਚਾਰ ਮਿਲਦੇ ਹਨ। ਡਾ.ਰਵੀ ਦੀ ਸ਼ਹਾਦਤ ਤੋਂ ਬਾਅਦ ਇਕ ਕਿਤਾਬਚਾ ਲੋਕ ਗੀਤ ਪ੍ਰਕਾਸ਼ਨ ਵਾਲੇ ਹਰੀਸ਼ ਜੈਨ ਨੇ ਛਾਪਿਆ, ਜਿਸ ਦਾ ਨਾਂ ਸੀ 'ਸੂਰਜ ਕਦੇ ਮਰਦਾ ਨਹੀ'। ਇਸ ਵਿਚ ਉਸ ਦੇ ਸਮਕਾਲੀ ਚਿੰਤਕਾਂ ਤੇ ਮਿੱਤਰਾਂ ਦੇ ਵਿਚਾਰ ਅੰਕਿਤ ਸਨ। ਉੱਘੇ ਅਲੋਚਕ ਡਾ.ਹਰਭਜਨ ਸਿੰਘ ਭਾਟੀਆ ਨੇ ਵੀ ਇਕ ਪੁਸਤਕ 'ਡਾ.ਰਵਿੰਦਰ ਰਵੀ ਦਾ ਚਿੰਤਨ ਸ਼ਾਸਤਰ' 'ਚ 21 ਖੋਜ ਪੱਤਰਾਂ ਨੂੰ ਸੁਚੱਜੀ ਤਰਤੀਬ ਦੇ ਕੇ ਛਾਪਿਆ ਹੈ। ਉਸ ਦੇ ਜੀਵਨ ਸਰਗਰਮੀਆਂ ਤੇ ਅਲੋਚਨਾ ਸਬੰਧੀ ਡਾ. ਤੇਜਵੰਤ ਗਿੱਲ, ਸੁਤਿੰਦਰ ਸਿੰਘ ਨੂਰ, ਡਾ. ਸੁਰਜੀਤ ਭੱਟੀ, ਡਾ.ਹਰਭਜਨ ਸਿੰਘ ਭਾਟੀਆ, ਡਾ. ਕਰਨਜੀਤ ਸਿੰਘ , ਡਾ. ਜਗਬੀਰ ਸਿੰਘ, ਡਾ. ਸੁਰਿੰਦਰ ਦਵੇਸ਼ਵਰ ਆਦਿ ਨੇ ਵਿਸਤਾਰਤ ਪੇਪਰ ਲਿਖੇ ਹਨ।

ਡਾ.ਰਵੀ ਮੁੱਢਲੇ ਰੂਪ 'ਚ ਭਾਰਤੀ ਕਮਿਊਨਿਸਟ ਲਹਿਰ ਤੇ ਮਾਰਕਸਵਾਦ ਤੋਂ ਪ੍ਰਭਾਵਿਤ ਸੀ। ਉਹ ਅੰਤਮ ਸਮੇਂ ਤਕ ਭਾਰਤੀ ਕਮਿਊਨਿਸਟ ਪਾਰਟੀ ਦਾ ਮੈਂਬਰ ਤੇ ਆਗੂ ਰਿਹਾ। ਉਸ ਨੇ ਪੂਰੇ ਸੰਸਾਰ 'ਚ ਕਮਿਊਨਿਸਟ ਲਹਿਰ ਦਾ ਡੂੰਘਾ ਅਧਿਐਨ ਕੀਤਾ ਅਤੇ ਇਸ ਕਾਰਜ ਲਈ ਸੋਵੀਅਤ ਯੂਨੀਅਨ ਗਿਆ। ਉਸ ਨੇ ਸੰਸਾਰ ਪ੍ਰਸਿੱਧ ਅਲੋਚਕਾਂ ਨੂੰ ਨਿੱਠ ਕੇ ਵਾਚਿਆ ਤੇ ਰੋਲਾਂ ਬਾਰਤ ਵਰਗੇ ਚਿੰਤਕਾਂ ਦੇ ਗੁੰਝਲਦਾਰ ਤੇ ਬਾਰੀਕ ਸੰਕਲਪਾਂ ਨੂੰ ਸਮਝਦਿਆਂ ਉਸ ਨੂੰ ਲੋਕਪੱਖੀ ਨਜ਼ਰੀਏ ਤੋਂ ਵਾਚਿਆ। ਸਾਹਿਤ ਅਧਿਐਨ ਲਈ ਉਸ ਨੇ ਪਿਛੋਕੜ ਦੇ ਮਹੱਤਵ ਨੂੰ ਪਛਾਣਿਆ ਤੇ ਭਾਰਤ ਤੇ ਵਿਸ਼ੇਸ਼ ਕਰਕੇ ਪੰਜਾਬ ਦੇ ਸੰਦਰਭ 'ਚ ਸਭਿਆਚਾਰਕ ਵਿਕਾਸ ਤੇ ਸਮਾਜਿਕ-ਆਰਥਿਕ ਵਿਕਾਸ ਨੂੰ ਧਿਆਨ ਗੋਚਰੇ ਰੱਖਦਿਆਂ ਇਤਿਹਾਸਕ ਦਵੰਦਵਾਦੀ ਪ੍ਰਸੰਗਾਂ ਦੀ ਸਾਮਿਅਕ ਮਹੱਤਤਾ 'ਤੇ ਜ਼ੋਰ ਦਿੱਤਾ।

ਡਾ.ਰਵੀ ਦੀ ਯਾਦ 'ਚ ਟਰੱਸਟ ਕਾਰਜਸ਼ੀਲ ਹੈ। ਹਰ ਸਾਲ ਟਰੱਸਟ ਵੱਲੋਂ ਉਸ ਦੀ ਯਾਦ ਵਿਚ ਸਨਮਾਨ ਤੇ ਸਮਾਗਮ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਉਸ ਦੇ ਜੱਦੀ ਪਿੰਡ ਕਿਲਾ ਹਾਂਸ ਜ਼ਿਲ੍ਹਾ ਲੁਧਿਆਣਾ ਵਿਖੇ ਹਰ ਸਾਲ ਯਾਦਗਾਰੀ ਸਮਾਗਮ ਕਰਵਾਇਆ ਜਾਂਦਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਵੀ ਬਕਾਇਦਾ ਸਨਮਾਨ ਸਮਾਗਮ ਕੀਤੇ ਜਾਂਦੇ ਹਨ।

ਜਿਹੜੀਆਂ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਵੰਗਾਰਾਂ ਲਈ ਉਹ ਤਾਉਮਰ ਸੰਘਰਸ਼ ਕਰਦਾ ਰਿਹਾ ਤੇ ਆਪਣੀ ਜਾਨ ਦਿੱਤੀ, ਕੋਰੋਨਾ ਕਾਰਨ ਪੈਦਾ ਹੋਏ ਮੌਜੂਦਾ ਹਾਲਾਤ 'ਚ ਉਹ ਹੋਰ ਵੀ ਵਿਰਾਟ ਰੂਪ ਧਾਰ ਕੇ ਸਾਡੇ ਸਨਮੁਖ ਹਨ। ਉਸ ਦੀ ਸੰਘਰਸ਼ ਭਰਪੂਰ ਜ਼ਿੰਦਗੀ ਤੇ ਚਿੰਤਨ ਸਾਨੂੰ ਹਮੇਸ਼ਾ ਇਨ੍ਹਾਂ ਚੁਣੌਤੀਆਂ ਖਿਲਾਫ਼ ਸੰਘਰਸ਼ ਲਈ ਪ੍ਰੇਰਨਾ ਦਿੰਦਾ ਰਹੇਗਾ। ਇਸ ਸਾਲ ਅਸੀਂ ਕੋਰੋਨਾ ਮਹਾਮਾਰੀ 'ਚ ਲਾਗੂ ਹੋਏ ਲਾਕਡਾਊਨ ਕਾਰਨ ਸਮਾਗਮ ਕਰ ਕੇ ਉਸ ਨੂੰ ਸ਼ਰਧਾਂਜਲੀ ਨਹੀਂ ਦੇ ਸਕਾਂਗੇ ਪਰ ਇਨ੍ਹਾਂ ਸ਼ਬਦਾਂ ਰਾਹੀਂ ਜ਼ਰੂਰ ਯਾਦ ਕਰਨਾ ਚਾਹਾਂਗੇ।

ਡਾ. ਗੁਲਜ਼ਾਰ ਸਿੰਘ ਪੰਧੇਰ 70099-66188

Posted By: Harjinder Sodhi