ਪਿ੍ਰੰ. ਸੁਲੱਖਣ ਮੀਤ ਹੈ ਤੋਂ ਸੀ ਬਣ ਗਿਆ। ਜਦੋਂ ਵੀ ਉਹ ਮੈਨੂੰ ਮਿਲਦਾ, ਇਹ ਸ਼ੇਅਰ ਉਹ ਜ਼ਰੂਰ ਹੀ ਗੁਣਗੁਣਾਉਂਦਾ, ‘‘ਸਿਵੇ ਤੇਰੇ ਦੀ ਅੱਗ ਸੇਕ ਕੇ

ਭੁੱਲ ਜਾਵਣਗੇ ਤੈਨੂੰ,

ਐਪਰ ਤੇਰੇ ਲਿਖੇ ਬੋਲਾਂ ਨੇ

ਇੱਥੇ ਹੈ ਰਹਿ ਜਾਣਾ।’’

06 ਮਈ 2021 ਨੂੰ ਜਦੋਂ ਸੁਲੱਖਣ ਮੀਤ ਦੇ ਸਿਵੇ ਦਾ ਸੇਕ ਮੇਰੇ ਤਕ ਪੁੱਜਿਆ ਤਾਂ ਮੈਂ ਪ੍ਰਚੰਡ ਅਗਨੀ ’ਚ ਮੀਤ ਦੇ ਨਕਸ਼ ਵਿਹੰਦਿਆਂ ਮੁਖ਼ਾਤਿਬ ਸਾਂ, ‘‘ਤੇਰੀ ਕਲਮ ਨੇ ਕਹਾਣੀਆਂ, ਕਵਿਤਾਵਾਂ ਅਤੇ ਮਿੰਨੀ ਕਹਾਣੀਆਂ ਦੇ ਰੂਪ ਵਿਚ ਇਨ੍ਹਾਂ ਕੁਝ ਲਿਖਿਆ ਹੈ ਕਿ ਤੂੰ ਪਾਠਕਾਂ ਦੇ ਚੇਤਿਆਂ ਵਿੱਚੋਂ ਮਨਫ਼ੀ ਨਹੀਂ ਹੋ ਸਕਦਾ।’’ ਪਿਤਾ ਖੀਵਾ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੇ ਘਰ 15 ਮਈ 1938 ਨੂੰ ਪਾਕਿਸਤਾਨ ਵਿਖੇ ਮੀਤ ਨੇ ਜਨਮ ਲਿਆ ਅਤੇ 1947 ਦੀ ਵੰਡ ਸਮੇਂ ਬਾਲ ਸੁਲੱਖਣ ਸਿੰਘ ਆਪਣੇ ਮਾਪਿਆਂ ਨਾਲ ਸੰਗਰੂਰ ਦੇ ਲਾਗੇ ਪਿੰਡ ਕੰਮੋ ਮਾਜਰਾ ਕਲਾਂ ਵਿਖੇ ਆ ਗਿਆ। ਪਿਤਾ ਕਿਰਤੀ ਵਰਗ ਨਾਲ ਸਬੰਧਤ ਹੋਣ ਕਾਰਨ ਸੁਲੱਖਣਮੀਤ ਨੂੰ ਵੀ ਮੁੜ੍ਹਕੇ ਦੀ ਖ਼ੁਸ਼ਬੂ ਦਾ ਅਹਿਸਾਸ ਬਚਪਨ ਵਿਚ ਹੀ ਹੋ ਗਿਆ ਸੀ। ਅਸ਼ੋਕਾ ਹਾਈ ਸਕੂਲ ਸਰਹੰਦ ਤੋਂ 10ਵੀਂ ਦੀ ਪੜ੍ਹਾਈ ਕਰਨ ਉਪਰੰਤ ਉਸ ਨੇ ਉੱਚ ਵਿਦਿਆ ਮਹਿੰਦਰਾ ਕਾਲਜ ਪਟਿਆਲਾ ਤੋਂ ਪ੍ਰਾਪਤ ਕੀਤੀ। ਵੱਖ-ਵੱਖ ਕਾਲਜਾਂ ਵਿਚ ਹਿਸਟਰੀ ਦੇ ਪ੍ਰਾਅਧਿਆਪਕ ਵਜੋਂ ਸੇਵਾ ਕਰਨ ਉਪਰੰਤ ਉਸ ਨੇ ਪਿ੍ਰੰਸੀਪਲ ਵਜੋਂ ਸੇਵਾ ਕਰਦਿਆਂ ਸੰਦਲੀ ਪੈੜਾਂ ਦੇ ਨਿਸ਼ਾਨ ਛੱਡਣ ਵਿਚ ਸਫ਼ਲਤਾ ਪ੍ਰਾਪਤ ਕੀਤੀ। ਇਕ ਨੇਕ ਇਨਸਾਨ, ਸੁਹਿਰਦ ਲੇਖਕ, ਕਾਮਯਾਬ ਪ੍ਰਬੰਧਕ, ਸੁਲਝਿਆ ਹੋਇਆ ਬੁਲਾਰਾ ਅਤੇ ਯਾਰਾਂ ਦਾ ਯਾਰ ਸੁਲੱਖਣਮੀਤ ਆਪਣੇ ਸਾਹਿਤਕ ਦੋਸਤਾਂ ਨੂੰ ਕਾਲਜ ਵਿਚ ਸੱਦ ਕੇ ਉਨ੍ਹਾਂ ਦੀ ਸਾਹਿਤਕ ਪ੍ਰਤਿਭਾ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਦਿਆਂ ਖ਼ੁਸ਼ੀ ਮਹਿਸੂਸ ਕਰਦਾ ਸੀ। ਪਿ੍ਰੰਸੀਪਲ ਹੁੰਦਿਆਂ ਸ਼ਹੀਦ ਊਧਮ ਸਿੰਘ ਕਾਲਜ, ਸੁਨਾਮ ਅਤੇ ਰਣਬੀਰ ਕਾਲਜ, ਸੰਗਰੂਰ ਵਿਚ ਆਯੋਜਿਤ ਸ਼ਾਨਦਾਰ ਕਵੀ ਦਰਬਾਰ ਹੁਣ ਵੀ ਚੇਤਿਆਂ ਦੇ ਪੰਨਿਆਂ ’ਤੇ ਉੱਕਰੇ ਹੋਏ ਹਨ। ਦੂਰਦਰਸ਼ਨ ਕੇਂਦਰ, ਜਲੰਧਰ, ਰੇਡੀਓ ਸਟੇਸ਼ਨ, ਜਲੰਧਰ ਅਤੇ ਰੇਡੀਓ ਸਟੇਸ਼ਨ ਪਟਿਆਲਾ, ਤੋਂ ਸੁਲੱਖਣ ਮੀਤ ਆਪਣੇ ਸੁਨੇਹੀਆਂ ਦੇ ਰੂਬਰੂ ਹੋ ਕੇ ਪ੍ਰਸੰਸਾ ਪ੍ਰਾਪਤ ਕਰਦਾ ਰਿਹਾ। ਉਹਦੀਆਂ ਲਿਖੀਆਂ ਗ਼ਜ਼ਲਾਂ ਦੇ ਸ਼ੇਅਰ ਬਹੁਤ ਸਾਰੇ ਪਾਠਕਾਂ ਦੀ ਡਾਇਰੀ ਦਾ ਸ਼ਿੰਗਾਰ ਬਣੇ ਹੋਏ ਨੇ। ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਉਨ੍ਹਾਂ ਦੀਆਂ ਰਚਨਾਵਾਂ ਅਕਸਰ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਸਨ।

ਸੁਲੱਖਣ ਮੀਤ ਦੇ ਅੰਦਾਜ਼ਨ 50 ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। ਜਿਨ੍ਹਾਂ ਵਿਚ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ, ਮਿੰਨੀ ਕਹਾਣੀ ਸੰਗ੍ਰਹਿ, ਨਾਵਲ, ਬਾਲ ਸੰਗ੍ਰਹਿ ਅਤੇ ਵਾਰਤਕ ਦੀਆਂ ਪੁਸਤਕਾਂ ਸ਼ਾਮਿਲ ਹਨ। ‘ਇੱਜ਼ਤਾਂ ਵਾਲੇ, ਸੁਲਗਦੀ ਬਰਫ਼, ਬਾਹਾਂ ਉੱਤੇ ਖੁਣੇ ਨਾਂ, ਸੁੱਚਾ ਫੁੱਲ, ਬਗਾਨੀ ਧੁੱਪ, ਰੋਗੀ ਗੁਲਾਬ, ਬਾਬਾ ਬੋਧ ਸਿੰਘ, ਅਮਰ ਵੇਲ ਅਤੇ ਫੁੱਲਾਂ ਕੋਲੋਂ ਖਿੜਨਾ ਸਿੱਖੋ’ ਵਰਣਨਯੋਗ ਹਨ। ਪੰਜਾਬ ਅਤੇ ਪੰਜਾਬ ਤੋਂ ਬਾਹਰ ਅਨੇਕਾਂ ਮਾਣ-ਸਨਮਾਨ ਮੀਤ ਦੀ ਝੋਲੀ ਪਏ ਹਨ। ਉੱਚ ਅਹੁਦਾ ਅਤੇ ਮਾਣ-ਸਨਮਾਨਾਂ ਦੀ ਭਰੀ ਝੋਲੀ ਨਾਲ ਉਸ ਨੇ ਨਿਮਰਤਾ ਦਾ ਪੱਲਾ ਘੁੱਟ ਕੇ ਫੜੀ ਰੱਖਿਆ। ਮਜ਼ਲੂਮਾਂ, ਲੋੜਵੰਦਾਂ ਅਤੇ ਕਿਰਤੀ ਵਰਗ ਦੇ ਦੁੱਖ-ਸੁੱਖ ਉਹ ਆਪਣੇ ਮਨ ਦੇ ਪਿੰਡੇ ’ਤੇ ਹੰਢਾਉਂਦਾ ਰਿਹਾ। ਮਾਲਵੇ ਦੇ ਪ੍ਰਸਿੱਧ ਕਵੀਸ਼ਰ ਅਤੇ ਭਾਰਤ ਸਰਕਾਰ ਦੇ ਸਾਬਕਾ ਮੰਤਰੀ ਧੰਨਾ ਸਿੰਘ ਗੁਲਸ਼ਨ ਦੀ ਧੀ ਮਲਕੀਤ ਕੌਰ 1968 ਵਿਚ ਇਨ੍ਹਾਂ ਦੀ ਜੀਵਨ ਸਾਥਣ ਬਣੀ। ਸੁਲੱਖਣਮੀਤ ਦੀਆਂ ਰਚਨਾਵਾਂ ਦੇ ਪਹਿਲੇ ਪਾਠਕ ਵਜੋਂ ਉਹ ਮਲਕੀਤ ਕੌਰ ਨੂੰ ਹੀ ਰਚਨਾਵਾਂ ਸੁਣਾਉਂਦੇ ਸਨ ਅਤੇ ਉਹ ਇਕ ਸੁਹਿਰਦ ਪਾਠਕ ਵਜੋਂ ਉਸਾਰੂ ਸੁਝਾਅ ਵੀ ਦਿੰਦੇ ਸਨ। 2009 ਵਿਚ ਜੀਵਨ ਸਾਥਣ ਦੇ ਸਦੀਵੀ ਵਿਛੋੜੇ ਨਾਲ ਉਹ ਧੁਰ ਅੰਦਰ ਤਕ ਹਿੱਲ ਗਿਆ ਸੀ। ਸੁਲੱਖਣ ਮੀਤ ਆਪਣੇ ਪਿੱਛੇ ਸਪੁੱਤਰ ਕਰਮਜੀਤ ਸਿੰਘ, ਨੂੰਹ ਲਖਵਿੰਦਰ ਕੌਰ, ਧੀਆਂ ਪ੍ਰੋ. ਬੀਰਇੰਦਰ ਕੌਰ, ਰਾਵੀਇੰਦਰ ਕੌਰ (ਐਡੀਸ਼ਨਲ ਸ਼ੈਸ਼ਨ ਜੱਜ, ਬਠਿੰਡਾ) ਜਵਾਈ ਡਾ. ਰਵਿੰਦਰ ਸਿੰਘ ਬਲਿਆਲਾ (ਸਾਬਕਾ ਐਮ.ਐਲ.ਏ.), ਪਰਮਿੰਦਰ ਸਿੰਘ ਸੰਧੂ, ਪੋਤੇ-ਪੋਤੀਆਂ, ਦੋਤੇ ਅਤੇ ਦੋਤੀਆਂ ਵਾਲੇ ਭਰੇ ਪਰਿਵਾਰ ਨੂੰ ਛੱਡ ਗਏ ਹਨ। ਮੀਤ ਦਾ ਲੇਖਕ ਭਾਣਜਾ ਸ.ਸ.ਰਮਲਾ ਭਰੇ ਗੱਚ ਨਾਲ ਬੋਲ ਸਾਂਝੇ ਕਰਦਿਆਂ ਕਹਿੰਦਾ ਹੈ, ‘‘ ਮੇਰੇ ਮਾਮਾ ਜੀ ਸ਼ਬਦਾਂ ਦੇ ਦਰਿਆ ਸਨ। ਅਨੇਕਾਂ ਪਾਠਕਾਂ ਨੇ ਉਨ੍ਹਾਂ ਦੇ ਅੰਗ-ਸੰਗ ਰਹਿ ਕੇ ਆਪਣੀ ਸਾਹਿਤਕ ਪਿਆਸ ਬੁਝਾਈ ਹੈ। ਮੈਨੂੰ ਵੀ ਕਲਮ ਚਲਾਉਣ ਦੀ ਜਾਚ ਉਨ੍ਹਾਂ ਨੇ ਹੀ ਸਿਖਾਈ ਸੀ। ਮੈਂ ਹੁਣ ਅਨਾਥ ਜਿਹਾ ਮਹਿਸੂਸ ਕਰਦਾ ਹਾਂ।’’

ਸੱਚਮੁੱਚ ਉਹ ਮੀਤ ਸੀ। ਅਜਿਹੀ ਸ਼ਖ਼ਸੀਅਤ ਦਾ ਵਿਗੋਚਾ ਆਪ ਮੁਹਾਰੇ ਨੈਣਾਂ ਦੇ ਕੋਇਆਂ ’ਚੋਂ ਅੱਥਰੂਆਂ ਦਾ ਹੜ੍ਹ ਲੈ ਆਉਂਦਾ ਹੈ। ਬਸ :- ਜਾਣ ਵਾਲਾ ਤਾਂ

ਸਦਾ ਲਈ ਤੁਰ ਗਿਆ,

ਉਹਦੀਆਂ ਪੈੜਾਂ ਦੇ ਐਪਰ

ਚਿੰਨ੍ਹ ਰਹਿਣੇ ਦੇਰ ਤਕ।

ਸਿਰਜਣਾ ਦੇ ਰੰਗ

ਮੀਤ ਦੀਆਂ 50 ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਜਿਨ੍ਹਾਂ ਵਿਚ ‘ਇੱਜ਼ਤਾਂ ਵਾਲੇ, ਸੁਲਗਦੀ ਬਰਫ਼, ਬਾਹਾਂ ਉੱਤੇ ਖੁਣੇ ਨਾਂ, ਸੁੱਚਾ ਫੁੱਲ, ਬਗਾਨੀ ਧੁੱਪ, ਰੋਗੀ ਗੁਲਾਬ, ਬਾਬਾ ਬੋਧ ਸਿੰਘ, ਅਮਰ ਵੇਲ ਅਤੇ ਫੁੱਲਾਂ ਕੋਲੋਂ ਖਿੜਨਾ ਸਿੱਖੋ’ ਵਰਣਨਯੋਗ ਹਨ। ਇਨ੍ਹਾਂ ਪੁਸਤਕਾਂ ’ਚ ਸਾਹਿਤ ਦੀਆਂ ਕਰੀਬ ਸਾਰੀਆਂ ਵਿਧਾਵਾਂ ਸ਼ਾਮਲ ਹਨ।

- ਮੋਹਨ ਸ਼ਰਮਾ

Posted By: Harjinder Sodhi