ਦਲੀਪ ਸਿੰਘ ਦੀਆ ਦੋ ਪਤਨੀਆਂ ਅਤੇ ਅੱਠ ਬੱਚੇ ਸਨ। ਉਸ ਦੀ ਪਹਿਲੀ ਪਤਨੀ ਦਾ ਨਾਂ ਬੰਬਾ ਮੂਲਰ ਸੀ ਜੋ ਬੇਹੱਦ ਖ਼ੂਬਸੂਰਤ ਅਤੇ ਸੁੱਘੜ ਸਿਆਣੀ ਔਰਤ ਸੀ। ਬੰਬਾ ਇਕ ਅਰਬੀ ਸ਼ਬਦ ਹੈ ਜਿਸ ਦਾ ਅਰਥ ਗੁਲਾਬੀ ਹੁੰਦਾ ਹੈ। ਉਸ ਦੀ ਪੈਦਾਇਸ਼ ਮਿਸਰ ਦੀ ਰਾਜਧਾਨੀ ਕਾਹਿਰਾ ਦੀ ਸੀ। ਉਸ ਦਾ ਬਾਪ ਲੁਡਵਿਗ਼ ਮੂਲਰ ਜਰਮਨ ਬੈਂਕਰ ਅਤੇ ਵਪਾਰੀ ਸੀ ਅਤੇ ਉਸ ਦੀ ਮਾਂ ਸੋਫ਼ੀਆ ਐਬੀਸੀਨੀਅਨ ਈਸਾਈ ਸੀ।

ਮਹਾਰਾਜਾ ਰਣਜੀਤ ਸਿੰਘ ਨੂੰ ਨਿਰਪੱਖ ਅਤੇ ਹਰ ਸ਼ਹਿਰੀ ਨੂੰ ਬਰਾਬਰਤਾ ਵਾਲਾ ਨਿਆਂ ਦੇਣ ਵਾਲੇ ਮਹਾਰਾਜੇ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਚਲਾਣੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਮਨੁੱਖਤਾ ਲਈ ਕੰਮਾਂ ਨੂੰ ਉਸ ਦੇ ਪਰਿਵਾਰ ਨੇ ਜਾਰੀ ਰੱਖਿਆ। ਭਾਵੇਂ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਹਕੂਮਤ ਨੇ ਇੰਗਲੈਂਡ ਲਿਆ ਕੇ ਗੁੰਮਰਾਹ ਕਰਕੇ ਉਸ ਦਾ ਰਾਜ ਭਾਗ, ਧਰਮ, ਬਚਪਨਾ ਤੇ ਜਵਾਨੀ ਵੀ ਖੋਹ ਲਈ ਪਰ ਉਸ ਦੀ ਸੋਚ ਅਤੇ ਉਸ ਦੇ ਬੱਚਿਆਂ ਅੰਦਰ ਮਹਾਰਾਜਿਆਂ ਵਾਲੀ ਸੋਚ ਨੂੰ ਕੋਈ ਦਬਾਅ ਨਹੀਂ ਸਕਿਆ।

ਰਾਜਕੁਮਾਰੀ ਸੋਫ਼ੀਆ ਨੇ ਰਚਿਆ ਸੀ ਇਤਿਹਾਸ
ਰਾਜਕੁਮਾਰੀ ਬੰਬਾ ਦੀ ਗੱਲ ਕਰਨ ਤੋਂ ਪਹਿਲਾਂ ਦਲੀਪ ਸਿੰਘ ਦੀ ਇਕ ਹੋਰ ਬੇਟੀ ਸੋਫ਼ੀਆ ਦੀ ਗੱਲ ਕਰਨੀ ਵੀ ਵਾਜ਼ਬ ਹੋਵੇਗੀ। ਸੋਫ਼ੀਆ ਦਲੀਪ ਸਿੰਘ ਦਾ ਜਨਮ ਅੱਠ ਅਗਸਤ 1876 ਨੂੰ ਐਲਵੀਡਨ ਹਾਲ ਸਫਲਕ ਵਿਖੇ ਮਹਾਰਾਜਾ ਦਲੀਪ ਸਿੰਘ ਦੀ ਪਹਿਲੀ ਪਤਨੀ ਬੰਬਾ ਮੂਲਰ ਦੀ ਕੁੱਖੋਂ ਹੋਇਆ ਅਤੇ ਦੇਹਾਂਤ 22 ਅਗਸਤ, 1948 ਨੂੰ 72 ਸਾਲ ਦੀ ਉਮਰ ’ਚ ਟੇਲਰਸ ਗਰੀਨ, ਬਕਿੰਘਮਸ਼ਾਇਰ ਇੰਗਲੈਂਡ ਵਿਚ ਹੋਇਆ। ਉਨ੍ਹਾਂ ਦਾ ਪੂਰਾ ਨਾਮ ਸੋਫ਼ੀਆ ਅਲੈਗਜ਼ੈਂਡਰ ਦਲੀਪ ਸਿੰਘ ਸੀ। ਸੋਫ਼ੀਆ ਨੇ ਅਨਿਆਂ ਤੇ ਬੇਇਨਸਾਫ਼ੀ ਨਾਲ ਜੂਝ ਕੇ ਇਤਿਹਾਸ ਸਿਰਜਿਆ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਤੇ ਮਹਾਰਾਜਾ ਦਲੀਪ ਸਿੰਘ ਦੀ ਧੀ ਸੋਫ਼ੀਆ ਦਲੀਪ ਸਿੰਘ ਨੇ ਇੰਗਲੈਂਡ ਵਿਚ ਔਰਤਾਂ ਦੀ ਅਾਜ਼ਾਦੀ ਦੀ ਜੰਗ ਲੜ ਕੇ ਗੁਰੂ ਨਾਨਕ ਸਾਹਿਬ ਦੀਆਂ ਪੈੜਾਂ ’ਤੇ ਚੱਲ ਕੇ ਖ਼ਾਲਸਾ ਪੰਥ ਅਤੇ ਦੇਸ਼ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਬ੍ਰਿਟੇਨ ਦੇ ਇਤਿਹਾਸ ਵਿਚ ਔਰਤਾਂ ਨੂੰ ਵੋਟ ਪਾਉਣ ਦੇ ਅਧਿਕਾਰ ਦੇ ਸੰਘਰਸ਼ ਨੂੰ ਜਦੋਂ ਯਾਦ ਕੀਤਾ ਜਾਵੇ ਤਾਂ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਪ੍ਰਿੰਸਿਸ ਸੋਫ਼ੀਆ ਦਲੀਪ ਸਿੰਘ ਦਾ ਨਾਂਅ ਮੋਹਰਲੀ ਕਤਾਰ ਵਿਚ ਆਉਂਦਾ ਹੈ। ਸੋਫ਼ੀਆ ਦਲੀਪ ਸਿੰਘ ਨੇ 1911 ਦੀ ਮਰਦਮਸ਼ੁਮਾਰੀ ਵਿਚ ਆਪਣੇ-ਆਪ ਨੂੰ ਦਰਜ ਕਰਾਉਣ ਵਿਚ ਇਸ ਕਰਕੇ ਨਾਂਹ ਕਰ ਦਿੱਤੀ ਸੀ ਕਿ ਉਸ ਨੂੰ ਔਰਤ ਹੋਣ ਕਰ ਕੇ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਸੋਫ਼ੀਆ ਕੱਟੜ ਨਾਰੀਵਾਦੀ ਸੀ।
ਖੁਫ਼ੀਆ ਦਸਤਾਵੇਜ਼ ਉਸ ਦੀ ਪਛਾਣ ਇਕ “ਕਾਨੂੰਨ ਤੋੜਨ” ਵਾਲੀ ਗਰਮ ਸੁਭਾਅ ਦੀ ਔਰਤ ਵਜੋਂ ਕਰਾਉਂਦੇ ਹਨ। ਰਾਜ ਕੁਮਾਰੀ ਸੋਫ਼ੀਆ ਨੂੰ ਔਰਤਾਂ ਦੀ ਟੈਕਸ ਵਿਰੋਧੀ ਲੀਗ ਜਥੇਬੰਦੀ ਵਿਚ ਮੋਹਰੀ ਰੋਲ ਅਦਾ ਕਰਨ ਲਈ ਜ਼ਿਆਦਾ ਯਾਦ ਕੀਤਾ ਜਾਂਦਾ ਹੈ ਕਿ ਉਸ ਨੂੰ ਔਰਤ ਹੋਣ ਕਰ ਕੇ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਇਤਿਹਾਸਕ ਦਸਤਾਵੇਜ਼ਾਂ ਨੂੰ ਇਕੱਠੇ ਕਰਨ ਵਾਲੇ ਅਮਨਦੀਪ ਸਿੰਘ ਮਾਦਰਾ ਵੱਲੋਂ ਅਜਿਹਾ ਹੀ ਇਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਵਿਚ ਪ੍ਰਿੰਸਿਸ ਸੋਫ਼ੀਆ ਦਲੀਪ ਸਿੰਘ ਨੇ ਸਾਫ਼ ਲਿਖਿਆ ਕਿ ‘ਨੋ ਵੋਟ ਨੋ ਸੈਕਸ’ ਇਕ ਔਰਤ ਹੋਣ ਦੇ ਨਾਤੇ ਉਨ੍ਹਾਂ ਨੂੰ ਗਿਣਿਆ ਨਹੀਂ ਜਾਂਦਾ, ਉਨ੍ਹਾਂ ਨੂੰ ਗਿਣਨ ਤੋਂ ਮਨ੍ਹਾ ਕਰ ਰਹੇ ਹਨ। ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਇਸ ਫਾਰਮ ਨੂੰ ਭਰਾਂ।’ ਇਹ ਫਾਰਮ 1911 ਵਿਚ ਬ੍ਰਿਟੇਨ ਦੀ ਮਰਦਮਸ਼ੁਮਾਰੀ ਮੌਕੇ ਜਾਰੀ ਕੀਤਾ ਗਿਆ ਸੀ। ਇਸ ਉਪਰ ਇਹ ਸ਼ਬਦ ਲਿਖ ਕੇ ਪ੍ਰਿੰਸਿਸ ਸੋਫ਼ੀਆ ਦਲੀਪ ਸਿੰਘ ਨੇ ਦਸਤਖ਼ਤ ਕੀਤੇ ਹਨ।
ਵਰਨਣਯੋਗ ਹੈ ਕਿ ਔਰਤਾਂ ਦੇ ਵੋਟ ਦਾ ਅਧਿਕਾਰ ਹਾਸਲ ਕਰਨ ਲਈ ਬ੍ਰਿਟੇਨ ਵਿਚ ਲੰਮਾ ਸੰਘਰਸ਼ ਚੱਲਿਆ ਸੀ। ਸਾਲ 1918 ਵਿਚ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ। ਇਸ ਅਨੁਸਾਰ ਔਰਤ ਦੀ ਘੱਟੋ-ਘੱਟ ਉਮਰ 30 ਸਾਲ ਮਿਥੀ ਗਈ ਸੀ ਪਰ 1928 ਵਿਚ ਕਾਨੂੰਨ ਵਿਚ ਸੋਧ ਕਰਦਿਆਂ ਮਰਦਾਂ ਦੇ ਬਰਾਬਰ 21 ਸਾਲ ਦੀ ਉਮਰ ਵਾਲੀ ਹਰ ਔਰਤ ਨੂੰ ਵੋਟ ਬਣਾਉਣ ਦਾ ਅਧਿਕਾਰ ਦਿੱਤਾ ਗਿਆ।
ਖੂਬਸੂਰਤ ਤੇ ਸੁੱਘੜ ਸਿਆਣੀ ਔਰਤ ਸੀ ਬੰਬਾ ਮੂਲਰ
ਦਲੀਪ ਸਿੰਘ ਦੀਆ ਦੋ ਪਤਨੀਆਂ ਅਤੇ ਅੱਠ ਬੱਚੇ ਸਨ। ਉਸ ਦੀ ਪਹਿਲੀ ਪਤਨੀ ਦਾ ਨਾਂ ਬੰਬਾ ਮੂਲਰ ਸੀ ਜੋ ਬੇਹੱਦ ਖ਼ੂਬਸੂਰਤ ਅਤੇ ਸੁੱਘੜ ਸਿਆਣੀ ਔਰਤ ਸੀ। ਬੰਬਾ ਇਕ ਅਰਬੀ ਸ਼ਬਦ ਹੈ ਜਿਸ ਦਾ ਅਰਥ ਗੁਲਾਬੀ ਹੁੰਦਾ ਹੈ। ਉਸ ਦੀ ਪੈਦਾਇਸ਼ ਮਿਸਰ ਦੀ ਰਾਜਧਾਨੀ ਕਾਹਿਰਾ ਦੀ ਸੀ। ਉਸ ਦਾ ਬਾਪ ਲੁਡਵਿਗ਼ ਮੂਲਰ ਜਰਮਨ ਬੈਂਕਰ ਅਤੇ ਵਪਾਰੀ ਸੀ ਅਤੇ ਉਸ ਦੀ ਮਾਂ ਸੋਫ਼ੀਆ ਐਬੀਸੀਨੀਅਨ ਈਸਾਈ ਸੀ। ਉਹ ਲੁਡਵਿਗ ਮੂਲਰ ਦੀ ਰਖੇਲ ਸੀ। ਮੂਲਰ ਨੇ ਸਮਾਜਿਕ ਪ੍ਰੇਸ਼ਾਨੀਆਂ ਤੋਂ ਬਚਣ ਲਈ ਉਸਨੂੰ ਕਾਹਿਰਾ ਦੇ ਅਮਰੀਕਨ ਮਿਸ਼ਨਰੀ ਸਕੂਲ ’ਚ ਭਰਤੀ ਕਰਵਾ ਦਿੱਤਾ। ਆਪਣੀ ਮਾਤਾ ਦੀਆਂ ਅੰਤਿਮ ਰਸਮਾਂ ਕਰ ਕੇ ਦਲੀਪ ਸਿੰਘ ਬੰਬਈ ਤੋਂ ਵਾਪਸ ਮੁੜਦੇ ਸਮੇਂ ਕੁਝ ਸਮੇਂ ਲਈ ਕਾਹਿਰਾ ਰੁਕਿਆ। ਮਿਸ਼ਨਰੀ ਸਕੂਲ ਦਾ ਦੌਰਾ ਕਰਦੇ ਸਮੇਂ ਉਹ ਬੰਬਾ ਮੂਲਰ ਨੂੰ ਮਿਲਿਆ ਤੇ ਉਸ ਦੀ ਖ਼ੂਬਸੂਰਤੀ ’ਤੇ ਮਰ ਮਿਟਿਆ। 7 ਜੂਨ 1864 ਨੂੰ ਉਨ੍ਹਾਂ ਦਾ ਵਿਆਹ ਬ੍ਰਿਟਿਸ਼ ਦੂਤ ਘਰ ’ਚ ਹੋ ਗਿਆ ਅਤੇ ਉਹ ਲੰਡਨ ਪਹੁੰਚ ਗਏ।
ਸ਼ਹਿਜ਼ਾਦੀ ਬੰਬਾ ਦੀ ਵਸੀਅਤ
ਦੱਸਿਆ ਜਾਂਦਾ ਹੈ ਕਿ ਸ਼ਹਿਜ਼ਾਦੀ ਬੰਬਾ ਦੀ ਆਪਣੀ ਕੋਈ ਔਲਾਦ ਨਾ ਹੋਣ ਕਰਕੇ ਆਪਣੀ ਮੌਤ ਤੋਂ ਸਵਾ ਕੁ ਸਾਲ ਪਹਿਲਾਂ 16 ਨਵੰਬਰ 1955 ਨੂੰ ਦੋ ਗਵਾਹਾਂ ਦੀ ਹਾਜ਼ਰੀ ਵਿਚ ਆਪਣੀ ਪਹਿਲੀ ਵਸੀਅਤ ਰੱਦ ਕਰਕੇ ਨਵੀਂ ਵਸੀਅਤ ਅਨੁਸਾਰ ਆਪਣੀ ਇਹ ਸ਼ਾਹੀ ਕੋਠੀ ‘ਗੁਲਜ਼ਾਰ’, ਮਾਡਲ ਟਾਊਨ ਦਾ ਪਲਾਟ ਨੰ. 103, 104 ਅਤੇ ਇੰਗਲੈਂਡ ਦੇ ਬੈਂਕਾਂ ’ਚ ਪਈਆਂ ਸਭ ਬਹੁਮੁੱਲੀਆਂ ਵਸਤੂਆਂ ਸਮੇਤ ਸਾਰੀ ਜਾਇਦਾਦ ਕਰੀਮ ਬਖ਼ਸ਼ ਸਪਰਾ ਦੇ ਨਾਂਅ ਕਰ ਦਿੱਤੀ ਸੀ। ਇਸ ਦੇ ਬਾਅਦ ਸੰਨ 1960 ਦੇ ਆਸ-ਪਾਸ ਪਾਕਿ ਦੇ ਆਰਕੋਲਾਜੀ ਵਿਭਾਗ ਨੇ ਕਰੀਮ ਬਖ਼ਸ਼ ਨੂੰ 14 ਹਜ਼ਾਰ ਪੌਂਡ ਦੇ ਕੇ ਸ਼ਹਿਜ਼ਾਦੀ ਦੀਆਂ ਇੰਗਲੈਂਡ ਦੇ ਬੈਂਕਾਂ ’ਚ ਪਈਆਂ ਸਭ ਵਸਤਾਂ ਪਾਕਿਸਤਾਨ ਮੰਗਵਾ ਲਈਆਂ। ਇਨ੍ਹਾਂ ’ਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਗਰੇਜ਼ ਚਿੱਤਰਕਾਰਾਂ ਵੱਲੋਂ ਬਣਾਏ ਗਏ 18 ਤੇਲ ਚਿੱਤਰ, 14 ਵਾਟਰ ਕਲਰ ਪੇਂਟਿੰਗਜ਼, 22 ਹਾਥੀ ਦੰਦ ਨਾਲ ਬਣੀਆਂ ਮੂੁਰਤੀਆਂ ਅਤੇ ਤਸਵੀਰਾਂ, ਸੱਤ ਹੋਰ ਚਿੱਤਰ, 10 ਧਾਤੂ ਦੀਆਂ ਬਣੀਆਂ ਅਤੇ ਸੱਤ ਹੋਰ ਕੀਮਤੀ ਵਸਤੂਆਂ ਸ਼ਾਮਿਲ ਹਨ ।
ਸਿੱਖ ਰਾਜ ਨਾਲ ਸੰਬੰਧਤ ਕਲਾ ਕਿਰਤਾਂ ਦਾ ਬੇਸ਼ਕੀਮਤੀ ਖ਼ਜ਼ਾਨਾ
ਸ਼ਹਿਜ਼ਾਦੀ ਬੰਬਾ ਕੋਲ ਸਿੱਖ ਰਾਜ ਨਾਲ ਸੰਬੰਧਤ ਕਲਾ ਕਿਰਤਾਂ ਦਾ ਬੇਸ਼ਕੀਮਤੀ ਖ਼ਜ਼ਾਨਾ ਸੀ ਜੋ ਉਸ ਦੀ ਵਸੀਅਤ ਮੁਤਾਬਿਕ ਉਸ ਦੇ ਸੈਕਟਰੀ ਪੀਰ ਕਰੀਮ ਬਖ਼ਸ਼ ਸਪਰਾ ਨੂੰ ਮਿਲ ਗਿਆ। ਕੁਝ ਸਾਲ ਬਾਅਦ ਸਪਰਾ ਨੇ ਉਹ ਸਭ ਕੁਝ ਪਾਕਿਸਤਾਨ ਸਰਕਾਰ ਨੂੰ ਵੇਚ ਦਿੱਤਾ ਜੋ ਹੁਣ ਲਾਹੌਰ ਦੇ ਸ਼ਾਹੀ ਕਿਲ੍ਹੇ ਵਿਚ ਪ੍ਰਿੰਸਿਜ ਬੰਬਾ ਕੁਲੈਕਸ਼ਨ ਦੇ ਨਾਮ ਹੇਠ ਪ੍ਰਦਰਸ਼ਿਤ ਕੀਤਾ ਹੋਇਆ ਹੈ। ਸਾਡੇ ਮੇਜ਼ਬਾਨ ਮੁਹੰਮਦ ਰਜ਼ਾ ਵੱਟੂ ਦੇ ਦੱਸਣ ਅਨੁਸਾਰ ਸਪਰਾ ਪਰਿਵਾਰ ਹੁਣ ਪਾਕਿਸਤਾਨ ਦੇ ਵੱਡੇ ਵਪਾਰਕ ਘਰਾਣਿਆ ਵਿਚ ਸ਼ਾਮਿਲ ਹੈ। ਇਥੋਂ ਤਕ ਕੇ ਦਲੀਪ ਸਿੰਘ ਦੀ ਤੀਸਰੀ ਬੇਟੀ ਕੈਥਰੀਨ ਹਿਲਡਾ ਦੀ ਪ੍ਰਾਪਰਟੀ ਵੀ ਪੀਰ ਕਰੀਮ ਬਖ਼ਸ਼ ਸਪਰਾ ਦੇ ਪਰਿਵਾਰ ਨੂੰ ਹੀ ਮਿਲੀ ਕਿਉਂਕਿ ਹਿਲਡਾ ਨੇ ਆਪਣੀ ਵਸੀਅਤ ਆਪਣੀ ਭੈਣ ਬੰਬਾ ਦੇ ਨਾਮ ਕੀਤੀ ਸੀ। ਉਸ ਦੀ ਮੌਤ ਤੋਂ 55 ਸਾਲ ਬਾਅਦ ਉਸ ਦੇ ਨਾਂ ਦਾ ਲਾਕਰ ਸਵਿੱਸ ਬੈਂਕ ਵਿੱਚੋ ਲੱਭਾ ਸੀ ਜਿਸ ਵਿਚ 137323 ਸਵਿਸ ਫਰੈਂਕ ਮਿਲੇ ਸਨ ਇਹ ਰਕਮ ਵੀ ਦਾਅਵਾ ਕਰਨ ’ਤੇ ਬੰਬਾ ਸਦਰਲੈਂਡ ਦੇ ਸੈਕਟਰੀ ਕਰੀਮ ਬਖ਼ਸ਼ ਸਪਰਾ ਦੇ ਪਰਿਵਾਰ ਨੂੰ ਹੀ ਮਿਲੀ ਸੀ।
ਲੰਡਨ ’ਚ ਹੋਇਆ ਬੰਬਾ ਦਾ ਜਨਮ
ਬੰਬਾ ਮੂਲਰ ਦੀ ਕੁੱਖੋਂ ਤਿੰਨ ਲੜਕਿਆਂ ਅਤੇ ਤਿੰਨ ਹੀ ਲੜਕੀਆਂ ਦਾ ਜਨਮ ਹੋਇਆ। ਰਾਜਕੁਮਾਰੀ ਬੰਬਾ ਦਾ ਜਨਮ 29 ਸਤੰਬਰ 1869 ਨੂੰ ਲੰਡਨ ’ਚ ਹੋਇਆ। ਉਹ ਆਪਣੇ ਮਾਪਿਆਂ ਦੀ ਤੀਸਰੀ ਔਲਾਦ ਸੀ। ਉਸ ਨੇ ਸਮਰਵਿਲੇ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ। ਉਸ ਨੇ ਕਈ ਵਾਰ ਲਾਹੌਰ, ਦਿੱਲੀ,ਸ਼ਿਮਲਾ ਅਤੇ ਪੇਸ਼ਾਵਰ ਦੀ ਯਾਤਰਾ ਕੀਤੀ ਅਤੇ ਅਖ਼ੀਰ ਵਿਚ ਉਹ ਲਾਹੌਰ ਵਿਚ ਹੀ ਪੱਕੇ ਤੌਰ ’ਤੇ ਵੱਸ ਗਈ। ਸ਼ਹਿਜ਼ਾਦੀ ਬੰਬਾ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਜਦੋਂ ਭਾਰਤ ਆਈ ਤਾਂ ਉਸ ਨੇ ਲਾਹੌਰ ਪਹੁੰਚਣ ’ਤੇ ਸ਼ੁਰੂਆਤ ‘ਚ ਹੋਟਲ ਫਲੈਟੀਜ਼ ’ਚ ਕਿਰਾਏ ’ਤੇ ਰਹਿਣਾ ਸ਼ੁਰੂ ਕੀਤਾ ਅਤੇ ਫਿਰ ਲਾਹੌਰ ਦੀ ਮੁਜੰਗ ਚੁੰਗੀ ਦੇ ਪਾਸ ਜੇਲ੍ਹ ਰੋਡ ’ਤੇ ਇਕ ਕੋਠੀ ਕਿਰਾਏ ’ਤੇ ਲੈ ਲਈ। ਜਲਦੀ ਬਾਅਦ ਸ਼ਹਿਜ਼ਾਦੀ ਨੇ ਲਾਹੌਰ ’ਚ ਆਪਣੀ ਪੱਕੀ ਰਿਹਾਇਸ਼ ਲਈ ਮਾਡਲ ਟਾਊਨ ਦੇ ਏ-ਬਲਾਕ ’ਚ 104 ਨੰ. ਕੋਠੀ ਖ਼ਰੀਦ ਲਈ ਸੀ, ਜਿਸ ਦਾ ਨਾਂਅ ਉਸ ਨੇ ‘ਗੁਲਜ਼ਾਰ’ ਰੱਖਿਆ ਸੀ। ਕਈ ਵਾਰ ਗਵਰਨਰ ਪੰਜਾਬ ਨਾਲ ਮੁਲਾਕਾਤਾਂ ਕੀਤੀਆਂ। ਆਖਿ਼ਰਕਾਰ 1924 ’ਚ ਉਸ ਨੂੰ ਇਸ ਗੱਲ ਦੀ ਇਜਾਜ਼ਤ ਮਿਲੀ ਤੇ ਉਹ ਖ਼ੁਦ ਬੰਬਈ ਤੋਂ ਅਸਥੀਆਂ ਲਾਹੌਰ ਲੈ ਕੇ ਆਈ ਅਤੇ ਪੂਰੇ ਸਨਮਾਨਾਂ ਨਾਲ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਨਾਲ ਦਫ਼ਨਾਇਆ। ਡਾਕਟਰ ਸਦਰਲੈਂਡ ਦੀ ਮੌਤ 1939 ’ਚ ਅਤੇ ਬੰਬਾਂ ਦੀ 10 ਮਾਰਚ 1957 ਨੂੰ 88 ਸਾਲ ਦੀ ਉਮਰ ’ਚ ਬਿਨਾਂ ਕਿਸੇ ਵਾਰਸ ਦੀ ਮੌਤ ਹੋਈ। ਉਸ ਨੂੰ ਗੋਰਿਆਂ ਦੇ ਕਬਰਸਤਾਨ ਵਿਚ ਦਫ਼ਨਾ ਦਿੱਤਾ ਗਿਆ ਜਿੱਥੇ ਅਸੀਂ ਪਹੁੰਚ ਕੇ ਸ਼ਹਿਜ਼ਾਦੀ ਬੰਬਾ ਨੂੰ ਸ਼ਰਧਾ ਸੁਮਨ ਭੇਟ ਕੀਤੇ।
ਤੀਸਰੀ ਬੇਟੀ ਕੈਥਰੀਨ ਹਿਲਡਾ
ਦਲੀਪ ਸਿੰਘ ਦੀ ਤੀਸਰੀ ਬੇਟੀ ਕੈਥਰੀਨ ਹਿਲਡਾ 27 ਅਕਤੂਬਰ 1871 ਨੂੰ ਜਨਮੀ ਸੀ ਜਿਸ ਨੂੰ ਘੁੰਮਣ ਫਿਰਨ ਵਾਇਲਨ ਵਜਾਉਣ ਅਤੇ ਸੰਗੀਤ ਵਿਚ ਵਧੇਰੇ ਰੁਚੀ ਸੀ। ਉਹ ਵੀ ਬਾਗ਼ੀ ਤਬੀਅਤ ਵਾਲੀ ਦਲੇਰ ਔਰਤ ਸੀ। ਉਸ ਨੇ ਵਿਆਹ ਨਹੀਂ ਸੀ ਕਰਵਾਇਆ ਉਹ ਆਪਣੀ ਭੈਣ ਸੋਫ਼ੀਆ ਦੀ ਤਰ੍ਹਾਂ ਹੀ ਔਰਤਾਂ ਦੇ ਹੱਕਾਂ ਖ਼ਾਤਰ ਲੜਾਈਆਂ ਲੜਦੀ ਰਹੀ। ਪਹਿਲੇ ਿਵਸ਼ਵ ਯੁੱਧ ਦੇ ਦੌਰਾਨ ਉਹ ਆਪਣੀ ਸਹੇਲੀ ਸ਼ੈਫਰ, ਜਿਸ ਨੂੰ ਉਹ ਬਹੁਤ ਪਿਆਰ ਕਰਦੀ ਸੀ, ਉਸ ਦੇ ਨਾਲ ਜਰਮਨ ਵਿਚ ਹੀ ਰਹੀ ਜਦਕਿ ਦੇਸ਼ ਦੀ ਗ਼ੱਦਾਰ ਹੋਣ ਦਾ ਖ਼ਤਰਾ ਵੀ ਸੀ। 1938 ਵਿਚ ਸ਼ੈਫਰ ਦੀ ਮੌਤ ਹੋਣ ਬਾਅਦ ਉਹ ਇੰਗਲੈਂਡ ਵਾਪਸ ਆਈ ਸੀ। 8 ਨਵੰਬਰ 1942 ਨੂੰ ਹਾਰਟ ਅਟੈਕ ਨਾਲ ਉਸ ਦੀ ਮੌਤ ਹੋਈ। ਉਸ ਸਮੇਂ ਉਹ ਆਪਣੀ ਭੈਣ ਸੋਫ਼ੀਆ ਕੋਲ ਹੀ ਰਹਿੰਦੀ ਸੀ।
• ਹਰਜੀਤ ਸਿੰਘ ਗਿੱਲ