‘ਮੇਰੀਆਂ ਚੋਣਵੀਆਂ ਕਹਾਣੀਆਂ’ ਕਹਾਣੀਕਾਰ ਮੁਖਤਿਆਰ ਸਿੰਘ ਦੀ ਨਵੀਂ ਪੁਸਤਕ ਕਹਾਣੀ ਸੰਗ੍ਰਹਿ ਦੇ ਰੂਪ ਵਿਚ ਪਾਠਕਾਂ ਦੇ ਸਨਮੁੱਖ ਹੋਈ ਹੈ। 1982 ਵਿਚ ਉਸ ਦੀ ਪਹਿਲੀ ਪੁਸਤਕ ‘ਲੁਕ ਵਿਚ ਫਸੇ ਪੈਰ’ ਦੇ ਰੂਪ ਵਿਚ ਸਾਹਮਣੇ ਆਈ ਸੀ। ਉਸ ਸਮੇਂ ਤੋਂ ਲੈ ਕੇ ਮੁਖਤਿਆਰ ਸਿੰਘ ਭਾਵੇਂ ਸਹਿਜ ਨਾਲ ਰਚਨਾਕਾਰੀ ਕਰਦਾ ਰਿਹਾ ਪਰ ਹੁਣ ਤਕ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਉਸ ਦੀਆਂ ਲਿਖੀਆਂ ਰਚਨਾਵਾਂ ਦੇ ਰੂਪ ਵਿਚ ਗਿਆਰਾਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਵਿਚਾਰਧੀਨ ਪੁਸਤਕ ਜਿਵੇਂ ਨਾਮ ਤੋਂ ਹੀ ਸਪਸ਼ਟ ਹੈ ਕਿ ਕਹਾਣੀ ਸੰਗ੍ਰਹਿ ਹੀ ਹੈ ਪਰ ਇਸ ਵੱਡ-ਆਕਾਰੀ ਕਹਾਣੀ ਸੰਗ੍ਰਹਿ ਵਿਚ ਮੁਖਤਿਆਰ ਸਿੰਘ ਚੋਣਵੀਆਂ 44 ਕਹਾਣੀਆਂ ਸ਼ਾਮਿਲ ਹਨ। ਜਦੋਂ ਅਸੀਂ ਮੁਖਤਿਆਰ ਸਿੰਘ ਦੇ ਕਹਾਣੀ ਸੰਗ੍ਰਹਿ ਦੇ ਆਧਾਰ ’ਤੇ ਕਹਾਣੀ ਰਚਨਾ ਬਾਰੇ ਚਰਚਾ ਕਰਦੇ ਹਾਂ ਤਾਂ ਇਕ ਗੱਲ ਸਾਹਮਣੇ ਆਉਂਦੀ ਹੈ ਕਿ ਮੁਖਤਿਆਰ ਸਿੰਘ ਕਹਾਣੀਆਂ ਦੇ ਵਿਸ਼ੇ ਜੀਵਨ-ਯਥਾਰਥ ਦੀਆਂ ਵਿਸੰਗਤੀਆਂ ਵਿਚੋਂ ਚੁਣਦਾ ਹੈ ਫਿਰ ਕਹਾਣੀ ਬੁਣਦਾ ਹੈ ਇਸੇ ਕਰਕੇ ਉਸ ਦੀਆਂ ਕਹਾਣੀਆਂ ਸਾਡੀ ਰਹਿਤਲ ਨਾਲ ਜੁੜੀਆਂ ਹੋਈਆਂ ਤਲਖ਼ ਹਕੀਕਤਾਂ ਵਿੱਚੋਂ ਆਕਾਰ ਗ੍ਰਹਿਣ ਕਰਦੀਆਂ ਹਨ।

ਉਸ ਦੀਆਂ ਕਹਾਣੀਆਂ ਤੰਗੀਆਂ ਤੁਰਸ਼ੀਆਂ ਝਲਦੇ ਜੂਝਦੇ ਮਨੁੱਖਾਂ ਦੀਆਂ ਜੀਵਨ-ਗਥਾਵਾਂ ਹਨ। ਇਹ ਮਨੁੱਖ ਜ਼ਿੰਦਾਦਿਲੀ ਨਾਲ ਆਪਣੀ ਹਯਾਤੀ ਭੋਗਦੇ ਜ਼ਿੰਦਗੀ ਨਾਲ ਖਹਿ ਕੇ ਆਪਣੀ ਪਛਾਣ ਬਣਾਉਂਦੇ ਹਨ। ਭਾਵੇਂ ਕਿ ਵਕਤ ਦੇ ਥਪੇੜੇ ਸਹਿੰਦੇ ਇਹ ਮਨੁੱਖ ਆਪਣੀ ਹੋਂਦ ਦੀ ਲੜਾਈ ਲੜਦੇ ਹਨ ਪਰ ਇਨ੍ਹਾਂ ਦੀ ਜ਼ਿੰਦਾਦਿਲੀ ਹੀ ਇਨ੍ਹਾਂ ਦੀ ਪਛਾਣ ਬਣਦੀ ਹੈ। ਕਹਾਣੀਆਂ ਦੇ ਵਿਸ਼ੇ ਜ਼ਿਆਦਾਤਰ ਛੋਟੀ ਕਿਸਾਨੀ ਦੀਆਂ ਆਰਥਿਕ ਥੁੜਾਂ ਅਤੇ ਪੀੜ੍ਹੀ ਦਰ ਪੀੜ੍ਹੀ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਸਾਧਨਹੀਣ ਲੋਕਾਂ ਦੇ ਜੀਵਨ ਯਥਾਰਥ ਦੀ ਪੇਸ਼ਕਾਰੀ ਕਰਦੇ ਹਨ ਜਿੱਥੇ ਇਨ੍ਹਾਂ ਲਈ ਜ਼ਿੰਦਗੀ ਦਾ ਤੋਰਾ ਤੋਰਨ ਲਈ ਮੁਸ਼ਕਤ ਕਰਨ ਦੇ ਬਾਵਜੂਦ ਵੀ ਕੁਝ ਹੱਥ ਪੱਲੇ ਨਹੀਂ ਪੈਂਦਾ। ਮਿਸਾਲ ਵਜੋਂ ਸੰਗ੍ਰਹਿ ਦੀ ਪਹਿਲੀ ਕਹਾਣੀ ‘ਤੀਜਾ ਪਹਿਰ’ ਹੀ ਦੇਖੀ ਜਾ ਸਕਦੀ ਹੈ ਜਿੱਥੇ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਬਣਦੇ ਸਾਧਨਹੀਣ ਕਿਸਾਨ ਅਤੇ ਦੂਜੇ ਪਾਸੇ ਥਰੈਸ਼ਰਾਂ ਨਾਲ ਗਹਾਈ ਕਰਦੇ ਸਾਧਨ ਸੰਪੰਨ ਵਿਅਕਤੀਆਂ ਦਾ ਤੁਲਨਾਤਮਕ ਬਿਰਤਾਂਤ ਪੇਸ਼ ਹੋਇਆ ਹੈ। ਇਸੇ ਤਰ੍ਹਾਂ ਜਦੋਂ ਅਸੀਂ ਪਰਿਵਾਰਕ ਰਿਸ਼ਤਿਆਂ ਦੀ ਕਸ਼ਮਕਸ਼ ਦੀ ਗੱਲ ਕਰਦੇ ਹਾਂ ਤਾਂ ‘ਖੂਹ ਦੀ ਮੌਣ’ ਕਹਾਣੀ ਦੇਖੀ ਜਾ ਸਕਦੀ ਹੈ ਜਿੱਥੇ ਧਾਰਮਿਕ ਸਥਾਨ ਦੀ ਯਾਤਰਾ ’ਤੇ ਜਾ ਰਿਹਾ ਪਰਿਵਾਰ, ਪਰਿਵਾਰਕ ਮੁਖੀ ਨੂੰ ਅਣਗੌਲੇ ਕਰ ਕੇ ਆਪਣੀ ਧੁਨ ਵਿਚ ਮਸਤ ਹਨ। ਮੁਖਤਿਆਰ ਸਿੰਘ ਦੀਆਂ ਕਹਾਣੀਆਂ ਜਿੱਥੇ ਸਮਾਜਕ ਅਸਾਵੇਂਪਣ ਦੀ ਗੱਲ ਕਰਦੀਆਂ ਹਨ ਉੱਥੇ ਸਮਾਜ ਦੇ ਉਨ੍ਹਾਂ ਵਿਸ਼ਿਆਂ ਬਾਰੇ ਸਰਬਪੱਖੀ ਵਿਸ਼ਲੇਸ਼ਣ ਕਰਦੀਆਂ ਹਨ ਜਿਹੜੇ ਬਹੁਤੀ ਵਾਰੀ ਅਣਗੌਲੇ ਹੀ ਰਹਿ ਜਾਂਦੇ ਹਨ ਮਿਸਾਲ ਵਜੋਂ ਸਾਡਾ ਵਿਦਿਅਕ ਢਾਂਚਾ ਵੀ ਭਿ੍ਰਸ਼ਟਾਚਾਰੀ ਤਾਕਤਾਂ ਦੀ ਭੇਟ ਚੜ੍ਹ ਚੁੱਕਾ ਹੈ ਇਸ ਸਬੰਧ ਵਿਚ ਮੁਖਤਿਆਰ ਸਿੰਘ ਦੀ ਕਹਾਣੀ ‘ਨੀਂਹ’ ਦੇਖੀ ਜਾ ਸਕਦੀ ਹੈ ਇਸ ਵਿਚ ਜਿੱਥੇ ਵਿਦਿਅਕ ਖੇਤਰ ਵਿਚ ਆ ਰਹੇ ਨਿਘਾਰ ਦੀ ਗੱਲ ਕੀਤੀ ਗਈ ਹੈ ਉੱਥੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਕਾਮਨਾ ਕਰਦੇ ਵਿਦਿਅਕ ਸੰਸਥਾ ਵਿਚਲੇ ਲੋਕਾਂ ਦਾ ਚਿੱਤਰ ਵੀ ਵਿਵੇਕ ਸਹਿਤ ਪੇਸ਼ ਕੀਤਾ ਗਿਆ ਹੈ ਜੋ ਬੜਾ ਕੁਝ ਸੋਚਣ ਲਈ ਮਜਬੂਰ ਕਰ ਦਿੰਦਾ ਹੈ।

ਮੁਖਤਿਆਰ ਸਿੰਘ ਦੀਆਂ ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਨੂੰ ਜੇਕਰ ਸਮੁੱਚੇ ਰੂਪ ਵਿਚ ਦੇਖਿਆ ਜਾਵੇ ਤਾਂ ਇਨ੍ਹਾਂ ਦੀ ਮੂਲ ਸੁਰ ਸਾਧਨਹੀਣ ਵਰਗ ਅਤੇ ਨਿਮਨ ਕਿਸਾਨੀ ਦੀਆਂ ਮੁਸ਼ਕਿਲਾਂ ਔਕੜਾਂ ਬਾਰੇ ਹੀ ਬਿਰਤਾਂਤਕ ਆਪਾ ਗ੍ਰਹਿਣ ਕਰਦੀ ਹੈ ਪਰ ਜੇਕਰ ਕੋਈ ਹੋਰ ਵਿਸ਼ਾ ਉਭਰਕੇ ਸਾਹਮਣੇ ਆਉਂਦਾ ਹੈ ਤਾਂ ਉਹ ਪੰਜਾਬ ਦੇ ਸੰਕਟ ਅਤੇ ਕਾਲੇ ਦੌਰ ਨਾਲ ਸਬੰਧਤ ਕਰ ਕੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਕਹਾਣੀਆਂ ਵਿਚ ਪੰਜਾਬ ਦੇ ਕਾਲੇ ਦੌਰ ਵਿਚ ਹਕੂਮਤੀ ਜਾਬਰਾਂ ਦੇ ਦਾਬੇ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ‘ਸੂਲਾਂ’ ਅਤੇ ‘ਚੜ੍ਹਦੇ ਸੂਰਜ ਦੀ ਲਾਲੀ’ ਇਸੇ ਦੌਰ ਦੀਆਂ ਕਹਾਣੀਆਂ ਹਨ। ਜਦੋਂ ਅਸੀਂ ਮੁਖਤਿਆਰ ਸਿੰਘ ਦੀਆਂ ਕਹਾਣੀਆਂ ਦੇ ਰੂਪਕ ਪੱਖ ਦੀ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਅਜੋਕੀ ਪੰਜਾਬੀ ਕਹਾਣੀ ਲਿਖਣ ਦੀ ਪ੍ਰਵਿਰਤੀ ਲੰਮੀ ਕਹਾਣੀ ਲਿਖਣ ਦੀ ਹੈ ਭਾਵ ਆਕਾਰ ਪੱਖੋਂ ਲੰਬੀ ਕਹਾਣੀ ਲਿਖੀ ਜਾ ਰਹੀ ਹੈ ਭਾਵੇਂ ਵਿਧਾ ਪੱਖੋਂ ਇਸ ਨੂੰ ਨਿੱਕੀ ਕਹਾਣੀ ਹੀ ਕਿਹਾ ਜਾਂਦਾ ਹੈ। ਇਸ ਪੁਸਤਕ ਵਿਚ ਦੋਵੇਂ ਵੰਨਗੀ ਦੀਆਂ ਕਹਾਣੀਆਂ ਸ਼ਾਮਿਲ ਹਨ। ਇਹ ਕਹਾਣੀਆਂ ਤਿੰਨ ਸਾਢੇ ਤਿੰਨ ਸਫ਼ਿਆਂ ’ਤੇ ਵੀ ਫੈਲੀਆਂ ਹੋਈਆਂ ਹਨ ਅਤੇ ‘ਚੜ੍ਹਦੇ ਸੂਰਜ ਦੀ ਲਾਲੀ’ ਅਠਾਰਾਂ ਸਫ਼ਿਆਂ ’ਤੇ ‘ਇਕ ਮੁੱਠੀ ਚੁੱਕ ਲੈ...’ ਵਰਗੀ ਕਹਾਣੀ 23 ਸਫਿਆਂ ’ਤੇ ਫੈਲੀ ਹੋਈ ਹੈ। ਕਹਾਣੀਆਂ ਜਿੱਥੇ ਵਿਸ਼ਿਆਂ ਦੀ ਗੰਭੀਰਤਾ ਨੂੰ ਪੇਸ਼ ਕਰਦੀਆਂ ਪਾਤਰਾਂ ਦੀ ਸੀਮਤ ਗਿਣਤੀ ਨਾਲ ਬਿਰਤਾਂਤਕ ਤੋਰ ਗ੍ਰਹਿਣ ਕਰਦੀਆਂ ਹਨ ਉੱਥੇ ਕਥਾ ਰਸ ਨਾਲ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦੀਆਂ ਹਨ। ਕਹਾਣੀਆਂ ਵਿਚ ਨਾਟਕੀ ਸ਼ੈਲੀ, ਚੇਤਨਾ ਪ੍ਰਵਾਹ ਅਤੇ ਟਕਰਾਓ ਦੀਆਂ ਸਥਿਤੀਆਂ ਪੈਦਾ ਕਰ ਕੇ ਪ੍ਰਤੀਕਾਤਮਕ ਅਰਥ ਵੀ ਉਜਾਗਰ ਕੀਤੇ ਗਏ ਹਨ।

ਇਸ ਸੰਗ੍ਰਹਿ ਵਿਚਲੀਆਂ ਕਈ ਕਹਾਣੀਆਂ ਦੇ ਸਿਰਲੇਖ ਹੀ ਪ੍ਰਤੀਕਾਤਮਕ ਹਨ। ਜ਼ਿਆਦਾਤਰ ਕਹਾਣੀਆਂ ਪੇਂਡੂ ਰਹਿਤਲ ਵਿਚ ਸਿਰਜਣਾਤਮਕ ਧਰਾਤਲ ਗ੍ਰਹਿਣ ਕਰਦੀਆਂ ਹਨ। ਅਸਲ ਵਿਚ ਇਹ ਕਹਾਣੀਆਂ ਕਹਾਣੀ ਦੀ ਵਿਧਾ ਮੁਤਾਬਕ ਸਧਾਰਨ ਵਿਅਕਤੀ ਦੀ ਸਧਾਰਨਤਾ ਨੂੰ ਪੇਸ਼ ਕਰਦੀਆਂ ਹਨ ਜੋ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਜੂਝਦਾ ਵੀ ਹੈ। ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ਗ਼ਮੀਆਂ ’ਤੇ ਰੀਝਦਾ ਪਤੀਜਦਾ ਵੀ ਹੈ। ਇਸ ਮਨੁੱਖ ਨੂੰ ਜਿੱਥੇ ਦੇਸ਼ ਵੰਡ ਨੇ ਝੰਜੋੜਿਆ ਤੇ ਤੋੜਿਆ ਉੱਥੇ ਆਧੁਨਿਕ ਸ਼ੈਲੀ ਨੇ ਵੀ ਉਸ ਦੀ ਮਾਨਸਿਕਤਾ ਨੂੰ ਨਵੇਂ ਜੀਵਨ ਮੁੱਲਾਂ ਦੇ ਰੂਬਰੂ ਕਰਦਿਆਂ ਚੁਣੌਤੀਆਂ ਦਾ ਚਿਹਰਾ ਦਿਖਾਇਆ ਹੈ।

- ਡਾ. ਸਰਦੂਲ ਸਿੰਘ ਔਜਲਾ

Posted By: Harjinder Sodhi