ਮਲਵਿੰਦਰ - ਕੈਨੇਡਾ ਵਿਚ ਰਹਿੰਦਾ ਪੰਜਾਬੀ ਬੰਦਾ ਇੱਥੋਂ ਦੀ ਭੱਜ-ਦੌੜ 'ਚ ਖਪਤ ਹੁੰਦਾ ਰਹਿੰਦਾ ਹੈ। ਭੱਜ-ਦੌੜ ਉਹ ਇੱਥੋਂ ਦੀ ਜ਼ਿੰਦਗੀ ਦੇ ਪ੍ਰਸੰਸਾਮਈ ਵਰਤਾਰਿਆਂ ਨੂੰ ਆਪਣੇ ਹਾਣ ਦਾ ਬਣਾਉਣ ਲਈ ਕਰਦਾ ਹੈ। ਪਰ ਪੰਜਾਬ 'ਚ ਰਹਿ ਗਿਆ ਬਹੁਤ ਕੁਝ ਉਸ ਨੂੰ ਸੌਖਿਆਂ ਹਜ਼ਮ ਨਹੀਂ ਹੁੰਦਾ। ਉਹ ਉੱਥੇ ਰਹਿ ਗਿਆ ਉਸ ਦੀ ਮਾਨਸਿਕਤਾ ਦਾ ਹਾਣੀ ਸੀ। ਇਥੇ ਮਾਨਸਿਕਤਾ ਬਦਲਦੀ ਹੈ। ਕਰੰਸੀ ਜਰਬ ਤਕਸੀਮ ਹੁੰਦੀ ਹੈ। ਰਿਸ਼ਤਿਆਂ ਦੀ ਲੋੜ ਪੈਦਾ ਹੁੰਦੀ ਹੈ। ਨਵੇਂ ਰਿਸ਼ਤੇ ਸ਼ਬਦ-ਸਾਂਝ 'ਚੋਂ ਨਿਕਲਦੇ ਹਨ। ਇਥੇ ਟੋਰਾਂਟੋ ਅਤੇ ਗਵਾਂਢ ਵੱਸੇ ਸ਼ਹਿਰ ਬਰੈਂਪਟਨ, ਮਿਸੀਸਾਗਾ ਆਦਿ ਵਿਚ ਰੇਡੀਓ ਸਟੇਸ਼ਨ ਹਨ, ਟੀ.ਵੀ. ਚੈਨਲ ਹਨ, ਅਖ਼ਬਾਰਾਂ ਹਨ, ਸਾਹਿਤ ਸਭਾਵਾਂ ਹਨ। ਕਵਿਤਾਵਾਂ ਸੰਗ ਸੰਵਾਦ ਹੁੰਦਾ ਹੈ। ਬੰਦਾ ਭੱਜ-ਦੌੜ ਤੋਂ ਦੂਰ ਆਪਣੇ ਆਪ ਕੋਲ ਪਰਤਦਾ ਹੈ। ਰੇਡੀਓ, ਟੀ.ਵੀ. ਤੇ ਲੋਕਾਂ ਦੇ ਰੂਬਰੂ ਹੁੰਦਾ ਹੈ। ਸਾਹਿਤ-ਸਭਾਵਾਂ ਵਿਚ ਕਵਿਤਾਵਾਂ ਪੜ੍ਹਦਾ ਹੈ।

ਅਖ਼ਬਾਰਾਂ ਵਿਚ ਆਪਣੀਆਂ ਤਸਵੀਰਾਂ ਵੇਖਦਾ ਹੈ, ਖ਼ਬਰਾਂ 'ਚ ਆਪਣਾ ਨਾਂ ਪੜ੍ਹਦਾ ਹੈ। ਇਨ੍ਹਾਂ ਸਾਰੀਆਂ ਸਰਗਰਮੀਆਂ ਵਿਚ ਜਿਹੜੇ ਲੋਕ ਮੋਹਰੀ ਭੂਮਿਕਾ ਨਿਭਾਉਂਦੇ ਹਨ, ਉਨ੍ਹਾਂ 'ਚ ਇਕ ਨਾਂ ਹੈ ਦਿਓਲ ਪਰਮਜੀਤ। ਪਰਮਜੀਤ ਕਵਿਤਰੀ ਹੈ, ਤਿੰਨ ਕਿਤਾਬਾਂ ਛਪ ਚੁੱਕੀਆਂ ਹਨ। ਨਾਟਕਾਂ 'ਚ ਅਦਾਕਾਰੀ ਕਰਦੀ ਹੈ। ਚੈਨਲਾਂ 'ਤੇ ਲੇਖਕਾਂ, ਕਲਾਕਾਰਾਂ, ਕਵੀਆਂ ਨਾਲ ਸੰਵਾਦ ਰਚਾਉਂਦੀ ਹੈ। ਬਹੁਤ ਸਾਰੇ ਰੁਝੇਵਿਆਂ ਦੇ ਬਾਵਜੂਦ ਕਵਿਤਾ ਹਰ ਵੇਲੇ ਉਸਦੇ ਅੰਗ-ਸੰਗ ਰਹਿੰਦੀ ਹੈ। ਉਸ ਨੂੰ ਆਪਣੀ ਬਹੁਤ ਸਾਰੀ ਕਵਿਤਾ ਜ਼ਬਾਨੀ ਯਾਦ ਹੈ। ਆਪਣੀ ਕਵਿਤਾ ਬਾਰੇ, ਆਪਣੇ ਬਾਰੇ ਗੱਲਾਂ ਕਰਦਿਆਂ ਉਹ ਸੰਖੇਪ ਰਹਿੰਦੀ ਹੈ। ਕਵਿਤਾ ਲਿਖਦਿਆਂ ਵੀ ਵਾਧੂ ਸ਼ਬਦਾਂ ਦਾ ਖਿਲਾਰਾ ਨਹੀਂ ਪਾਉਂਦੀ। ਲੰਮੀਆਂ ਵਾਟਾਂ ਦੀ ਪਾਂਧੀ ਉਸ ਹੌਸਲੇ ਵਾਲੀ ਕੁੜੀ ਨਾਲ ਕੀਤੀਆਂ ਗੱਲਾਂ ਨੂੰ ਤੁਸੀਂ ਵੀ ਪੜ੍ਹੋ :

ਤੁਹਾਡੀ ਕਾਲਜ ਵੇਲੇ ਦੀ ਸਟੇਜ ਤੋਂ ਕਵਿਤਾ ਪੜ੍ਹਦਿਆਂ ਦੀ ਇਕ ਫੋਟੋ ਵੇਖੀ ਸੀ। ਕਵਿਤਾ ਨਾਲ ਪੁਰਾਣਾ ਰਿਸ਼ਤਾ ਲੱਗਦਾ ਹੈ?

ਹਾਂ, ਮਲਵਿੰਦਰ ਜੀ ਸਕੂਲ ਟਾਈਮ ਤੋਂ ਹੀ ਕਵਿਤਾ ਨਾਲ ਮੇਰਾ ਰਿਸ਼ਤਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਹ ਕਾਵਿ-ਅੰਸ਼ ਮੇਰੇ ਮਾਂ-ਪਿਉ ਵੱਲੋਂ ਹੀ ਮੇਰੇ ਕੋਲ ਆਏ ਹਨ। ਮੇਰੀ ਮਾਂ ਦੀਆਂ ਜ਼ੁਬਾਨੀ ਜੋੜੀਆਂ ਤੁਕਾਂ ਜੋ ਅੱਜ ਵੀ ਉਸ ਨੂੰ ਯਾਦ ਨੇ, ਸੁਣਾਉਂਦੀ ਰਹਿੰਦੀ ਹੈ ਤੇ ਬਾਪ ਦੀ ਕਵਿਤਾ ਵਾਲੀ ਕਾਪੀ ਮੈਂ ਚੋਰੀ ਪੜ੍ਹਦੀ ਰਹਿੰਦੀ ਸੀ, ਜੋ ਉਨ੍ਹਾਂ ਫ਼ੌਜ ਵਿਚ ਰਹਿੰਦਿਆਂ ਲਿਖੀਆਂ ਸਨ।

ਆਪਣੇ ਬਚਪਨ ਅਤੇ ਮੁੱਢਲੀ ਪੜ੍ਹਾਈ ਬਾਰੇ ਦੱਸੋ?

ਮੇਰਾ ਜਨਮ ਫ਼ਿਰੋਜ਼ਪੁਰ ਕੈਂਟ ਵਿਚ ਹੋਇਆ। ਮੇਰਾ ਜੱਦੀ ਪਿੰਡ ਟਾਹਲੀ ਜਲੰਧਰ ਜ਼ਿਲ੍ਹੇ ਵਿਚ ਪੈਂਦਾ। ਬਚਪਨ ਪਿੰਡ ਵਿਚ ਬੀਤਿਆ। ਬਚਪਨ ਦੇ ਤਿੰਨ ਸਾਲ ਬਿਹਾਰ ਵਿਚ ਵੀ ਬੀਤੇ। ਪਿੰਡ ਟਾਹਲੀ ਵਿਚ ਹੀ ਮੇਰੀ ਮੁੱਢਲੀ ਪੜ੍ਹਾਈ ਹੋਈ ਤੇ ਹਾਇਰ ਸੈਕੰਡਰੀ ਨਾਲ ਲੱਗਦੇ ਪਿੰਡ ਸ਼ੰਕਰ ਵਿੱਚੋਂ ਤੇ ਉਚੇਰੀ ਪੜ੍ਹਾਈ ਲਈ ਅਸੀਂ ਪਿੰਡ ਛੱਡ ਨਕੋਦਰ ਸ਼ਿਫਟ ਹੋ ਗਏ ਸੀ।

ਇਹ ਅਹਿਸਾਸ ਕਦੋਂ ਤੇ ਕਿਵੇਂ ਹੋਇਆ ਕਿ ਮੈਂ ਕਵਿਤਾ ਲਿਖ ਸਕਦੀ ਹਾਂ?

ਜਦੋਂ ਗੀਤ ਕਵਿਤਾਵਾਂ ਨੂੰ ਵਰਕਿਆਂ 'ਤੇ ਉਤਾਰਨ ਲੱਗੀ ਤਾਂ ਓਦੋਂ ਮੇਰੇ ਕੋਲ ਪਿਆਰ ਸ਼ਿਆਰ ਦੀਆਂ ਕਵਿਤਾਵਾਂ ਨਹੀਂ ਸਨ। ਮੇਰੇ ਕੋਲ ਤਾਂ ਰੱਬ ਨੂੰ ਰੋਸੇ ਹੀ ਰੋਸੇ ਸਨ। ਜਦੋਂ ਮੈਂ ਉਚੇਰੀ ਪੜ੍ਹਾਈ ਲਈ ਗੁਰੂ ਨਾਨਕ ਨੈਸ਼ਨਲ ਕਾਲਜ ਵਿਚ ਦਾਖ਼ਲ ਹੋਈ ਤਾਂ ਮੇਰੀਆਂ ਲਿਖਤਾਂ ਕਾਲਜ ਮੈਗਜ਼ੀਨ ਵਿਚ ਛਪਣ ਲੱਗ ਪਈਆਂ। ਉਸ ਵਕਤ ਕਾਵਿ-ਗੀਤ ਜ਼ਿਆਦਾ ਲਿਖੇ। ਓਦੋਂ ਦੇ ਲਿਖੇ ਕਾਵਿ-ਗੀਤਾਂ ਦੀ ਕਾਪੀ ਮੈਂ ਅੱਜ ਵੀ ਸਾਂਭੀ ਹੋਈ ਹੈ।

ਕਵਿਤਾ ਤੋਂ ਬਿਨਾਂ ਕਿਸੇ ਹੋਰ ਵਿਧਾ ਵਿਚ ਵੀ ਲਿਖਿਆ?

ਹਾਂ, ਮੈਂ ਕਵਿਤਾ ਤੋਂ ਬਿਨਾਂ ਕਹਾਣੀਆਂ ਤੇ ਨਿਬੰਧ ਲਿਖੇ ਹਨ। ਪਰ ਕਿਤਾਬੀ ਰੂਪ 'ਚ ਸਿਰਫ਼ ਕਵਿਤਾ ਹੀ ਛਪੀ ਹੈ। ਅੱਜ ਵੀ ਨਿਰੰਤਰ ਲਿਖ ਰਹੀ ਹਾਂ।

ਮੈਂ ਇਕ ਰਿਸ਼ਮ ਹਾਂ' ਬੜਾ ਪਿਆਰਾ ਅਹਿਸਾਸ ਹੈ। ਇਸ ਅਹਿਸਾਸ ਦਾ ਸਬੱਬ ਕਿਵੇਂ ਬਣਿਆ?

ਇਥੇ ਰਿਸ਼ਮ ਉਸ ਔਰਤ ਦਾ ਬਿੰਬ ਹੈ, ਜੋ ਜ਼ਿੰਦਗੀ ਦੀਆਂ ਮੁਸ਼ਕਲਾਂ, ਸਮਾਜਿਕ ਦੁਸ਼ਵਾਰੀਆਂ ਤੇ ਆਲੇ-ਦੁਆਲੇ ਮਨੁੱਖੀ ਕੋਹਝ ਨਾਲ ਲੜਦਿਆਂ ਜ਼ਿੰਦਗੀ ਦੇ ਮੱਥੇ ਦਾ ਸੂਹਾ ਸੂਰਜ ਬਣਦੀ ਹੈ। ਰਿਸ਼ਮ ਦੇ ਅਨੁਭਵ 'ਚੋਂ ਗੁਜ਼ਰਦਿਆਂ, ਮੇਰੀ ਸੰਵੇਦਨਾ ਨੇ ਵਿਸਮਾਦ ਅਤੇ ਬੋਧ ਬਿਰਤੀ ਨਾਲ ਜੁੜ ਕੇ ਮਨ ਵਿਚ ਇਕ ਅਜੀਬ ਤਰ੍ਹਾਂ ਦੀ ਕਾਵਿ-ਤੜਪ ਪੈਦਾ ਕੀਤੀ ਹੈ। ਸ਼ਬਦਾਂ ਨੂੰ ਅਹਿਸਾਸ ਦੀ ਜਾਗ਼ ਲਾ ਕੇ ਚੇਤਨਾ ਦੇ ਪਾਰਦਰਸ਼ੀ ਸ਼ੀਸ਼ੇ 'ਚੋਂ ਲੰਘਾਉਣ ਦਾ ਯਤਨ ਕੀਤਾ ਹੈ ਮੈਂ ਇਸ ਪੁਸਤਕ ਵਿਚ :

ਢਲਦੇ ਸੂਰਜ ਨੂੰ ਸਿਰ ਨਿਵਾਇਆ

ਉਸ ਚੜ੍ਹਦੇ ਸੂਰਜ ਵਰਗੀ

ਅਸੀਸ ਦਿੱਤੀ

ਕੰਬਦੇ ਹੱਥਾਂ ਨਾਲ ਸਿਰ

ਪਲੋਸਿਆ ਤੇ ਕਿਹਾ

'ਬੁਝਣ ਲਈ ਵੀ ਪਹਿਲਾਂ

ਮਘਣਾ ਪੈਂਦਾ'

ਇਸ ਪੁਸਤਕ ਵਿਚਲੀਆਂ ਛੋਟੀਆਂ-ਛੋਟੀਆਂ ਕਵਿਤਾਵਾਂ ਵਿਚ ਵਿਚਾਰ ਬੜੀ ਪੁਖ਼ਤਗੀ ਨਾਲ ਪੇਸ਼ ਹੋਏ ਹਨ। ਇਨ੍ਹਾਂ ਕਵਿਤਾਵਾਂ ਦੇ ਸਿਰਜਣ ਅਨੁਭਵ ਸਾਂਝੇ ਕਰੋ?

'ਮੈਂ ਇਕ ਰਿਸ਼ਮ ਹਾਂ' ਦਾ ਅਨੁਭਵ ਬਾਕੀ ਕਵਿਤਾਵਾਂ ਨਾਲੋਂ ਵੱਖਰਾ ਹੀ ਰਿਹਾ। ਤੁਹਾਡੇ ਬਿਨਾਂ ਹੋਰਨਾਂ ਨੇ ਵੀ ਪੁੱਛਿਆ। ਬਸ ਮੁਸਕਰਾ ਛੱਡਿਆ। ਇਹ ਸੋਚ ਕੇ ਕਿ ਮੁਹੱਬਤ ਨੂੰ ਬਿਆਨ ਕਿਵੇਂ ਕਰਾਂ? ਉਹ ਮੁਹੱਬਤ ਜੋ ਕਿਸੇ ਚੀਜ਼, ਵਸਤੂ, ਜਗ੍ਹਾ ਜਾਂ ਤਸਵੀਰਾਂ ਨਾਲ ਹੋ ਸਕਦੀ ਹੈ। ਬਸ ਇਹ ਮੁਹੱਬਤ ਤਸਵੀਰਾਂ ਨਾਲ ਹੀ ਹੋਈ ਤੇ ਤਸਵੀਰਾਂ ਦੇ ਨਕਸ਼ ਨਿਹਾਰਨ ਲੱਗੀ, ਉਨ੍ਹਾਂ ਨਾਲ ਗੱਲਾਂ ਕਰਨ ਲੱਗੀ। ਉਨ੍ਹਾਂ ਨਾਲ ਕੀਤੀ ਗ਼ੁਫ਼ਤਗੂ ਦਾ ਨਾਂ ਹੈ, 'ਮੈਂ ਇਕ ਰਿਸ਼ਮ' ਰਿਸ਼ਮ ਕੋਲ ਹਨੇਰਿਆਂ ਨਾਲ ਲੜਨ ਦੀ ਤਾਕਤ ਹੁੰਦੀ ਹੈ। ਇਸ ਲੜਾਈ ਵਿਚ ਕਈ ਮਿੱਠੇ ਖੱਟੇ ਅਹਿਸਾਸ ਵੀ ਹੁੰਦੇ ਹਨ। ਮੇਰੀ ਇਹ ਰਿਸ਼ਮ ਧੰਤੂਰੇ ਦੇ ਫੁੱਲਾਂ 'ਚੋਂ ਮਹਿਕ ਅਤੇ ਖ਼ੂਬਸੂਰਤੀ ਦੀ ਤਲਾਸ਼ ਹੈ :

ਬੂਹੇ ਆਪਣੇ ਆਪ ਨਹੀਂ ਖੁੱਲ੍ਹਦੇ

ਦਸਤਕ ਦੀ ਉਡੀਕ ਕਰਦੇ

ਜਾਂ ਫਿਰ ਅਲਖ਼ ਜਗਾਉਣੀ ਪੈਂਦੀ

J ਬਿਰਹਾ ਕੱਤਣ ਦਾ ਸ਼ੌਕ ਕਦੋਂ ਜਾਗਿਆ?

ਮੁਸਕਰਾ ਕੇ , ਬਿਰਹਾ ਕਿਹੜਾ ਸੌਖਿਆਂ ਕੱਤਿਆ ਜਾਂਦਾ। ਰੀਝਾਂ ਦੀ ਬੋਲੀ ਲਾਈ ਜਾਂਦੀ, ਚਾਵਾਂ ਨੂੰ ਗਹਿਣੇ ਧਰਿਆ ਜਾਂਦਾ। ਬਸ ਕੱਤ ਲਿਆ ਖ਼ੁਸ਼ੀ-ਖ਼ੁਸ਼ੀ, ਹੱਸਦੇ ਹੱਸਦੇ। ਇਹ ਕਵਿਤਾ ਰੂਪੀ ਕੱਤਣਾ ਮੈਨੂੰ ਚੰਗਾ ਲੱਗਦਾ :

ਲਾਹ ਲਾਹ ਗਲੋਟੇ ਪੱਛੀ ਧਰ ਲੈ

ਗੁੱਛੇ ਕਰਕੇ ਸੰਦੂਕੀਂ ਭਰ ਲੈ

ਹੁਣ ਆਵੇ ਨਾ ਸੰਦੂਕੜੀ ਨੂੰ ਸਾਹ

ਨੀ ਤੂੰ ਕੱਤ ਬਿਰਹਾ, ਤੈਨੂੰ ਬਿਰਹਾ ਕੱਤਣ ਦਾ ਚਾਅ।

'ਮੈਂ ਇਕ ਰਿਸ਼ਮ' ਵਿਚਲੀਆਂ ਖੁੱਲ੍ਹੀਆਂ ਕਵਿਤਾਵਾਂ ਤੋਂ ਬਾਅਦ, 'ਤੂੰ ਕੱਤ ਬਿਰਹਾ' ਵਿਚ ਛੰਦਬੰਦੀ ਵੱਲ ਝੁਕਾਅ ਕਿੰਝ ਹੋ ਗਿਆ?

ਕਵਿਤਾ ਆਵੇਸ਼ ਹੈ। ਇਸ ਵਿਚਲੇ ਵਿਚਾਰ ਕਦੀ ਛੰਦ-ਮੁਕਤ ਹੋ ਕੇ ਖੁੱਲ੍ਹੇ ਅੰਬਰੀਂ ਉਡਾਣ ਭਰਦੇ ਹਨ ਤੇ ਕਦੀ ਛੰਦ ਦੀ ਸਹਿਜ ਲੈਆਤਮਕਤਾ 'ਚ ਢਲ ਜਾਂਦੇ ਹਨ। ਗੱਲ ਤਾਂ ਵਿਚਾਰ ਦੀ ਹੈ। ਜੇ ਵਿਚਾਰ ਗ਼ੈਰਹਾਜ਼ਰ ਹੈ ਤਾਂ ਛੰਦਬੰਦੀ ਵੀ ਤੁਕਬੰਦੀ ਤੋਂ ਵੱਧ ਕੁਝ ਨਹੀਂ ਹੁੰਦੀ। ਹਰ ਵਿਧਾ ਦੀ ਕਵਿਤਾ ਦਾ ਆਪਣਾ-ਆਪਣਾ ਪ੍ਰਭਾਵ ਹੁੰਦਾ ਹੈ। ਪਾਠਕ ਕਵਿਤਾ ਦੇ ਹਰ ਰੂਪ ਨੂੰ ਵੱਖੋ-ਵੱਖਰੇ ਅੰਦਾਜ਼ ਵਿਚ ਮਾਣਦਾ ਹੈ। ਇਸ ਲਈ ਛੰਦ-ਬੰਦ ਜਾਂ ਛੰਦ-ਮੁਕਤ ਕਵਿਤਾ, ਖ਼ਿਆਲ, ਅਹਿਸਾਸ, ਅਨੁਭਵ ਅਤੇ ਮਨੁੱਖੀ ਸਰੋਕਾਰਾਂ ਨਾਲ ਸੰਵਾਦ ਰਚਾਉਂਦੀ ਹੈ। ਹਰ ਵਿਧਾ ਪਾਠਕ ਦੀ ਸੋਚ ਦਾ ਹਿੱਸਾ ਬਣ ਜਾਂਦੀ ਹੈ।

ਕੈਨੇਡਾ ਵਿਚ ਆ ਕੇ ਕਵਿਤਾ ਦਾ ਮੁਹਾਂਦਰਾ ਬਦਲਿਆ ਕਿ ਨਹੀਂ?

ਜਦੋਂ ਇਕ ਸਮਾਜਿਕ ਮਾਹੌਲ ਤੋਂ ਦੂਜੇ ਸਮਾਜਿਕ ਮਾਹੌਲ ਵਿਚ ਵਿਚਰਦੇ ਹਾਂ ਤਾਂ ਤੁਹਾਡੀ ਕਾਵਿ-ਉਡਾਨ ਦਾ ਅੰਬਰ ਫੈਲਦਾ ਹੈ। ਅਜਿਹਾ ਮੇਰੀ ਕਵਿਤਾ ਨਾਲ ਵੀ ਹੋਇਆ।

ਕੈਨੇਡਾ ਦੀ ਜ਼ਿੰਦਗੀ ਵਿਚ ਸੰਘਰਸ਼ ਬੜਾ ਹੈ। ਇਥੇ ਰਹਿਕੇ ਕਵਿਤਾ ਨਾਲ ਜੁੜੇ ਰਹਿਣਾ ਵੱਡੀ ਗੱਲ ਹੈ। ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

ਜਦੋਂ ਕਵੀ ਤੇ ਕਵਿਤਾ ਇਕਮਿਕ ਹੁੰਦੇ ਹਨ, ਕਵਿਤਾ ਕਵੀ ਤੋਂ ਕਦੀ ਦੂਰ ਨਹੀਂ ਜਾਂਦੀ। ਤੁਸੀਂ ਘਰ, ਕੰਮ, ਜਾਂ ਪਰਿਵਾਰਕ ਰੁਝੇਵਿਆਂ ਵਿਚ ਵਿਚਰਦੇ ਵੀ ਕਵਿਤਾ ਜਿਊਂਦੇ ਹੋ, ਜੋ ਹਰਫ਼ਾਂ ਦਾ ਰੂਪ ਧਾਰ ਕੇ ਵਰਕਿਆਂ 'ਤੇ ਫੈਲਦੀ ਰਹਿੰਦੀ ਹੈ। ਸਿਰਫ਼ ਲੋੜ ਇਹ ਹੈ ਕਿ ਕਵਿਤਾ ਨੂੰ ਆਪਣੇ ਤੋਂ ਦੂਰ ਨਾ ਜਾਣ ਦੇਵੋ।

ਇਥੇ ਕੈਨੇਡਾ ਵਿਚ ਔਰਤ ਨੂੰ ਕਾਫ਼ੀ ਆਜ਼ਾਦੀ ਹੈ। ਕਾਨੂੰਨ ਵੀ ਔਰਤ ਦੀ ਮਦਦ ਕਰਦਾ ਹੈ। ਇਸ ਆਜ਼ਾਦੀ ਦਾ ਪਰਿਵਾਰਾਂ Àੁੱਪਰ ਮਾੜਾ ਪ੍ਰਭਾਵ ਵੀ ਪੈਂਦਾ ਹੈ? ਥੋੜਾ ਵਿਸਥਾਰ 'ਚ ਦੱਸੋ।

ਪਹਿਲੀ ਗੱਲ ਕਿ ਕੈਨੇਡਾ ਵਰਗੇ ਦੇਸ਼ ਵਿਚ ਆਜ਼ਾਦੀ ਮੂਲ ਰੂਪ ਵਿਚ ਇਕੱਲੀ ਔਰਤ ਨੂੰ ਨਹੀਂ ਸਗੋਂ ਸਮੁੱਚੇ ਹਰ ਇਕ ਮਨੁੱਖ ਨੂੰ ਹੈ। ਜਦੋਂ ਪਰਿਵਾਰਾਂ ਵਿਚ ਵਿਚਾਰਾਂ ਦਾ ਮੱਤਭੇਦ ਜਾਂ ਆਪਸੀ ਤਣਾਉ ਪੈਦਾ ਹੁੰਦਾ ਹੈ ਤਾਂ ਉੱਥੇ ਗੰਭੀਰ ਸਥਿਤੀਆਂ ਪੈਦਾ ਹੁੰਦੀਆਂ ਹਨ। ਜਦੋਂ ਸੁਸਾਇਟੀ ਵਿਚ ਰਹਿੰਦੀ ਔਰਤ ਸਮਾਜਿਕ ਕਦਰਾਂ ਕੀਮਤਾਂ ਤੋਂ ਦੂਰ ਹੁੰਦੀ ਹੈ ਤਾਂ ਉੱਥੇ ਉਲਝਣ ਪੈਦਾ ਹੁੰਦੀ ਹੈ। ਸੁਸਾਇਟੀ ਵਿਚ ਰਹਿੰਦਿਆਂ ਨਿੱਜੀ ਆਜ਼ਾਦੀ ਨੂੰ ਮਾਣਨਾ ਹੁੰਦਾ ਹੈ। ਜਦੋਂ ਆਜ਼ਾਦੀ ਕਦਰਾਂ ਕੀਮਤਾਂ ਤੋੜਨ ਲਈ ਵਰਤਦੇ ਹਾਂ ਤਾਂ ਇਹ ਰਿਸ਼ਤਿਆਂ ਵਿਚ ਪੈਦਾ ਹੁੰਦੀਆਂ ਉਲਝਣਾਂ ਦਾ ਕਾਰਨ ਬਣਦੇ ਹਨ। ਲੋੜ ਹੈ ਕਿ ਦਾਇਰਿਆਂ ਵਿਚ ਰਹਿਕੇ ਹੀ ਆਜ਼ਾਦੀ ਨੂੰ ਮਾਣਿਆ ਜਾਵੇ। ਉਹ ਔਰਤ ਹੀ ਆਜ਼ਾਦੀ ਨੂੰ ਗ਼ਲਤ ਤਰੀਕੇ ਨਾਲ ਵਰਤਦੀਆਂ ਨੇ ਜਿਨ੍ਹਾਂ ਨੂੰ ਆਜ਼ਾਦੀ ਦੇ ਬਹੁ-ਮੰਤਵੀ ਤੇ ਉਸਾਰੂ ਪ੍ਰਭਾਵਾਂ ਦੀ ਕੋਈ ਚੇਤਨਾ ਨਹੀਂ ਹੁੰਦੀ।

ਜਿਵੇਂ ਆਪਾਂ ਔਰਤ ਬਾਰੇ ਗੱਲ ਕੀਤੀ ਹੈ, ਬੱਚਿਆਂ ਨੂੰ ਵੀ ਬਹੁਤ ਖੁੱਲ੍ਹ ਹੈ। ਇਸ ਖੁੱਲ੍ਹ ਦੇ ਮਾੜੇ ਪ੍ਰਭਾਵ ਕੀ ਹਨ?

ਜਦੋਂ ਬੱਚੇ ਆਪਣੇ ਕਰੀਅਰ ਬਾਰੇ ਨਹੀਂ ਸੋਚਦੇ, ਜਦੋਂ ਇਹ ਸੋਚਦੇ ਨੇ ਕਿ ਪੱਛਮੀ ਮਾਹੌਲ ਸਿਰਫ਼ ਐਸ਼ਪ੍ਰਸਤੀ ਦਾ ਹੀ ਨਾਂ ਹੈ, ਇਹ ਮਾੜੇ ਪ੍ਰਭਾਵ ਹਨ। ਜਿਹੜੇ ਬੱਚੇ ਵਧੀਆ ਮਾਹੌਲ 'ਚ ਪਲਦੇ ਨੇ, ਉਹ ਆਜ਼ਾਦੀ ਨੂੰ ਬਹੁਪੱਖੀ ਵਿਅਕਤਿਤਵ ਦੀ ਉਸਾਰੀ ਲਈ ਵਰਤਦੇ ਹਨ। ਬਹੁਤ ਸਾਰਾ ਕੁਝ ਪਰਿਵਾਰਕ ਮਾਹੌਲ 'ਤੇ ਨਿਰਭਰ ਕਰਦਾ ਹੈ। ਪਰਿਵਾਰਕ ਰਿਸ਼ਤਿਆਂ ਦੀ ਕਦਰ ਕਰਨੀ ਵੀ ਬੱਚਾ ਘਰ ਵਿੱਚੋਂ ਹੀ ਸਿੱਖਦਾ ਹੈ।

ਡਰਗਜ਼ ਇਥੇ ਕੈਨੇਡਾ ਵਿਚ ਵੀ ਇਕ ਵੱਡੀ ਚੁਣੌਤੀ ਹੈ। ਇਸ ਲਈ ਜ਼ਿੰਮੇਵਾਰ ਕੌਣ ਲੋਕ ਨੇ?

ਜਿਹੜੇ ਲੋਕ ਰਾਤੋ-ਰਾਤ ਅਮੀਰ ਹੋਣਾ ਚਾਹੁੰਦੇ ਹਨ, ਪੈਸਾ ਜਲਦੀ ਕਮਾਉਣ ਦੀ ਲਾਲਸਾ ਰੱਖਣ ਵਾਲੇ ਲੋਕ ਡਰਗਜ਼ ਦਾ ਧੰਦਾ ਕਰਦੇ ਹਨ। ਇਹ ਲੋਕ ਮੁਸ਼ਕਲਾਂ ਨੂੰ ਫੇਸ ਕਰਨ ਤੋਂ ਭੱਜਦੇ ਹਨ। ਮਾਨਸਿਕ ਸੋਚ ਇਹੀ ਹੈ ਕਿ ਸੌਖੇ ਤਰੀਕੇ ਨਾਲ ਪੈਸਾ ਕਮਾਇਆ ਜਾਵੇ।

ਕਿਨ੍ਹਾਂ ਗੱਲਾਂ ਕਰਕੇ ਕੈਨੇਡਾ ਭਾਰਤ ਤੋਂ ਬਿਹਤਰ ਹੈ?

ਕੈਨੇਡਾ ਵਿਚ ਕਾਨੂੰਨ ਦਾ ਰਾਜ ਹੈ। ਕਾਨੂੰਨ ਤੋਂ Àੁੱਪਰ ਕੁਝ ਵੀ ਨਹੀਂ। ਸਿੱਖਿਆ, ਸਿਹਤ, ਸਮਾਜਿਕ ਸੁਵਿਧਾਵਾਂ ਸਾਰਿਆਂ ਦੀ ਬਿਹਤਰੀ ਲਈ ਹੁੰਦੀਆਂ ਨੇ ਤੇ ਸਾਰਿਆਂ ਨੂੰ ਇਕਸਾਰ ਉਪਲੱਬਧ ਨੇ। ਹਰ ਇਕ ਨੂੰ ਆਪਣੇ ਕਿੱਤੇ ਵਿਚ ਮੁਹਾਰਤ ਹਾਸਲ ਕਰਨ, ਨੌਕਰੀ ਲੈਣ, ਉਚੇਰੀਆਂ ਬੁਲੰਦੀਆਂ ਪ੍ਰਾਪਤ ਕਰਨ ਦੇ ਮੌਕੇ ਮਿਲਦੇ ਹਨ।

ਤੁਸੀਂ ਨਾਟਕਾਂ ਵਿਚ ਵੀ ਕੰਮ ਕਰਦੇ ਹੋ। ਇਹ ਸ਼ੌਕ ਕਦੋਂ ਪਿਆ?

ਕਾਲਜ ਦੇ ਦਿਨਾਂ ਤੋਂ ਹੀ ਮੈਂ ਸੱਭਿਆਚਾਰਕ ਗਤੀਵਿਧੀਆਂ ਨਾਲ ਜੁੜੀ ਰਹੀ ਹਾਂ। ਇਹ ਸ਼ੌਕ ਹੀ ਮੇਰੀ ਐਕਟਿੰਗ ਦਾ ਸਬੱਬ ਬਣਿਆ।

ਤੁਹਾਡੇ ਬੱਚੇ ਵੀ ਸਾਹਿਤ ਵਿਚ ਰੁਚੀ ਰੱਖਦੇ ਹਨ?

ਮੇਰੇ ਤਿੰਨੋਂ ਬੱਚੇ ਨਾਟਕਾਂ ਵਿਚ ਅਦਾਕਾਰੀ ਕਰਦੇ ਹਨ ਅਤੇ ਸਾਹਿਤ ਦੀ ਰਚਨਾਕਾਰੀ ਵਿਚ ਵੀ ਮੁਹਾਰਤ ਰੱਖਦੇ ਹਨ।

ਹੁਣੇ ਜਿਹੇ ਚਰਚਾ 'ਚ ਆਈ ਇਕ ਫਿਲਮ ਵਿਚ ਤੁਹਾਡੀ ਬੇਟੀ ਦਾ ਵੀ ਰੋਲ ਹੈ। ਉਸ ਫਿਲਮ ਅਤੇ ਰੋਲ ਬਾਰੇ ਦੱਸੋ?

ਮੇਰੀ ਬੇਟੀ ਨੇ ਵਰਿਆਮ ਸਿੰਘ ਸੰਧੂ ਦੀ ਕਹਾਣੀ 'ਤੇ ਨਵਤੇਜ ਸੰਧੂ ਦੀ ਨਿਰਦੇਸ਼ਨਾ ਹੇਠ ਬਣੀ ਫਿਲਮ 'ਜਮਰੌਦ' ਵਿਚ ਅਦਾਕਾਰੀ ਕੀਤੀ ਹੈ ਜੋ ਆਉਣ ਵਾਲੇ ਸਮੇਂ ਵਿਚ ਰਿਲੀਜ਼ ਹੋਵੇਗੀ।

ਪਰਵਾਸ ਨੂੰ ਮਾਣ ਰਹੇ ਹੋ ਜਾਂ ਪਰਵਾਸ ਦਾ ਸੰਤਾਪ ਹੰਢਾ ਰਹੇ ਹੋ?

ਮੈਂਂ ਪਰਵਾਸ ਨੂੰ ਮਾਣ ਰਹੀ ਹਾਂ ਤੇ ਜ਼ਿੰਦਗੀ ਦੇ ਹਰ ਰੰਗ ਨੂੰ ਪੂਰਨ ਸਮੁੱਚਤਾ ਨਾਲ, ਸੁੰਦਰਤਾ ਤੇ ਸੰਪੂਰਨਤਾ ਨਾਲ ਜੀ ਰਹੀ ਹਾਂ ਜੋ ਮੇਰੀ ਕਵਿਤਾ ਵਿਚ ਬਾਖ਼ੂਬੀ ਝਲਕਦਾ ਹੈ।

ਤੁਹਾਡੀਆਂ ਹੁਣ ਤਕ ਤਿੰਨ ਪੁਸਤਕਾਂ, 'ਸਾਹਾਂ ਦੀ ਪੱਤਰੀ', 'ਮੈਂ ਇਕ ਰਿਸ਼ਮ', ਤੇ 'ਤੂੰ ਕੱਤ ਬਿਰਹਾ' ਛਪ ਚੁੱਕੀਆਂ ਹਨ। ਅਗਲੀ ਕਿਤਾਬ ਦੀ ਉਡੀਕ ਕਦੋਂ ਕਰੀਏ?

ਮੇਰਾ ਕਾਵਿ-ਸਫ਼ਰ ਜਾਰੀ ਹੈ। ਮੈਂ ਪੁਸਤਕਾਂ ਦੀ ਗਿਣਤੀ ਵਿਚ ਵਿਸ਼ਵਾਸ ਨਹੀਂ ਰੱਖਦੀ। ਪਰ ਮੈਂ ਕਵਿਤਾ ਰੂਹ ਦੀ ਤ੍ਰਿਪਤੀ ਲਈ ਲਿਖਦੀ ਹਾਂ। ਨਿਰੰਤਰ ਲਿਖਦੀ ਰਹਾਂਗੀ ਤੇ ਕਾਵਿ-ਪੁਸਤਕਾਂ ਪਾਠਕਾਂ ਦੀ ਝੋਲੀ ਪਾਉਂਦੀ ਰਹਾਂਗੀ। ਸੋ ਇਸ ਦੀ ਸਮਾਂ-ਸੀਮਾ ਮਿਥੀ ਨਹੀਂ ਜਾ ਸਕਦੀ।

97795-91344

Posted By: Harjinder Sodhi