ਪੁਸਤਕ : ਚੜ੍ਹਦੇ ਸੂਰਜ ਦੀ ਲਾਲੀ (ਕਾਵਿ ਸੰਗ੍ਰਹਿ)

ਸੰਪਾਦਕ : ਬਲਵੀਰ ਕੌਰ ਰੀਹਲ

ਮੋਬਾਈਲ : 94643-30803

ਪੰਨੇ : 88 ਮੁੱਲ : 200/-

ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ।

ਬਲਵੀਰ ਕੌਰ ਰੀਹਲ ਪੰਜਾਬੀ ਸਾਹਿਤ ਖੇਤਰ ’ਚ ਚਰਚਿਤ ਨਾਂ ਹੈ। ਉਸ ਦਾ ਬਹੁਤਾ ਸਾਹਿਤਕ ਕਾਰਜ ਵਾਰਤਕ ਵਿਚ ਹੀ ਹੈ ਇਸ ਦੇ ਬਾਵਜੂਦ ਉਹ ਕਵਿਤਾ ਤੋਂ ਵੀ ਅਛੂਤੀ ਨਹੀਂ। ਰੀਹਲ ਜਿੰਨੀ ਵਾਰਤਕ ’ਚ ਪਰਿਪੱਕ ਹੈ ਓਨੀ ਹੀ ਕਵਿਤਾ ਵਿਚ ਵੀ। ‘ਚੜ੍ਹਦੇ ਸੂਰਜ ਦੀ ਲਾਲੀ’ ਉਸ ਦੁਆਰਾ ਸੰਪਾਦਤ ਕੀਤਾ ਕਾਵਿ ਸੰਗ੍ਰਹਿ ਹੈ। ਇਸ ਸੰਗ੍ਰਹਿ ’ਚ ਉਸ ਨੇ ਦਸ ਮੂਲੋਂ ਨਵੇਂ ਕਵੀ/ਕਵਿਤਰੀਆਂ ਦੇ ਨਾਲ ਇਕ ਸਥਾਪਿਤ ਕਵੀ ਮੁਹੱਬਤ ਮੀਤ (ਜਗਜੀਵਨ ਮੀਤ) ਨੂੰ ਸ਼ਾਮਿਲ ਕੀਤਾ ਹੈ। ਮੀਤ ਨਾਲ ਨਵੇਂ ਕਵੀਆਂ ਦੀਆਂ ਰਚਨਾਵਾਂ ਛਾਪਕੇ ਇਨ੍ਹਾਂ ਕਵੀਆਂ ਦੀਆਂ ਕਵਿਤਾਵਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਸਥਾਪਨਾ ਦੇ ਰਾਹ ਵੱਲ ਤੋਰਨ ਦਾ ਕਾਰਜ ਕੀਤਾ ਹੈ ਜੋ ਪ੍ਰਸ਼ੰਸਾਯੋਗ ਹੈ।

ਹੱਥਲੀ ਪੁਸਤਕ ਵਿਚ ਮੁਹੱਬਤ ਮੀਤ, ਅਨੁਰਾਧਾ, ਐਵੀਨੀਤ, ਸੁਖਮਨ ਸਿੰਘ, ਮਨਦੀਪ ਗੌਤਮ, ਮਨਵੀਰ ਕੌਰ, ਹਰਕੰਵਲ ਸਿੰਘ, ਰਜਮੀਤ ਕੌਰ, ਦੀਪਿਕਾ, ਮਨਦੀਪ ਸਿੰਘ ਤੇ ਗੁਰਿੰਦਰ ਮਹਿਮੀ ਦੀਆਂ ਕਵਿਤਾਵਾਂ ਸ਼ਾਮਲ ਹਨ। ਇਨ੍ਹਾਂ ਸਾਰੇ ਕਵੀਆਂ ਦੀਆਂ ਕਵਿਤਾਵਾਂ ਦੇ ਅਧਿਅਨ ਕਰਨ ਤੇ ਚੰਗੇ ਕਵੀ ਬਣਨ ਦੀਆਂ ਸੰਭਾਵਨਾਵਾਂ ਦਿਖਾਈ ਦਿੱਤੀਆਂ ਹਨ। ਉਮੀਦ ਕਰ ਸਕਦੇ ਹਾਂ ਕਿ ਇਕ ਨਾ ਇਕ ਦਿਨ ਸੰਗ੍ਰਹਿ ਵਿਚ ਸ਼ਾਮਿਲ ਸਾਰੇ ਕਵੀ/ਕਵਿਤਰੀਆਂ ਜ਼ਰੂਰ ‘ਚੜਦੇ ਸੂਰਜ ਦੀ ਲਾਲੀ’ ਵਾਗੂੰ ਚਮਕਣਗੇ ਤੇ ਇਨ੍ਹਾਂ ਨਵੇਂ ਚੜ੍ਹ ਰਹੇ ਸੂਰਜਾਂ ਦੀ ਕਾਵਿ ਸਿਰਜਣਾ ਇਕ ਨਾ ਇਕ ਦਿਨ ਆਪਣਾ ਰੰਗ ਜ਼ਰੂਰ ਬਿਖੇਰੇਗੀ। ਇਸ ਦੇ ਨਾਲ ਹੀ ਦੇਖੋ ਪੁਸਤਕ ਵਿਚ ਸ਼ਾਮਲ ਇਕ ਪਰਿਪੱਕ ਕਵਿਤਾ...

ਬੰਦੇ ਅੰਦਰ ਖਿੱਲਰਦੀਆਂ ਨੇ

ਛੋਟੀਆਂ-ਵੱਡੀਆਂ ਹਜ਼ਾਰ ਸੂਈਆਂ।

ਦਿਮਾਗ਼ ਦੀ ਮਸ਼ੀਨ ’ਚ

ਫੁੱਲ ਜਾਂਦੇ ਨੇ ਜੰਗ ਲੱਗੇ ਸੈੱਲ।

ਆਪੋ ਵਿਚ ਉਲਝ ਜਾਂਦੇ ਨੇ

ਇਕ ਤੋਂ ਬਾਰ੍ਹਾਂ ਤਕ ਅੱਖਰ

ਇਹ ਸਾਰਾ ਕੁੱਝ ਮਿਲ ਕੇ ਦੱਸਦੈ

ਸਮਾਂ ਖ਼ਰਾਬ ਏ।

- ਜਸਵਿੰਦਰ ਦੂਹੜਾ

Posted By: Harjinder Sodhi