ਅਰਤਿੰਦਰ ਸੰਧੂ ਪੰਜਾਬੀ ਸਾਹਿਤ ਨੂੰ ਸਮਰਪਿਤ ਇਕ ਹਰਮਨ ਪਿਆਰੀ ਕਵਿੱਤਰੀ ਹੈ। ਚਰਚਾ ਅਧੀਨ ਪੁਸਤਕ ‘ਖ਼ਾਮੋਸ਼ ਸਦੀ ਦੀ ਦਾਸਤਾਨ’ ਉਸ ਦੀ ਚੋਣਵੀਂ ਕਵਿਤਾ ਹੈ ਜਿਸ ਦਾ ਸੰਪਾਦਨ ਡਾ. ਮੋਹਨ ਸਿੰਘ ਤਿਆਗੀ ਵੱਲੋਂ ਕੀਤਾ ਗਿਆ ਹੈ।

ਪੁਸਤਕ ਅੰਦਰ ਅਰਤਿੰਦਰ ਸੰਧੂ (98153 02081) ਦੇ ਵੱਖ- ਵੱਖ ਸਮੇਂ ਪ੍ਰਕਾਸ਼ਿਤ ਹੋਏ ਕਾਵਿ ਸੰਗ੍ਰਹਿ ‘ਸਿਜਦੇ ਜੁਗਨੂੰਆਂ ਨੂੰ’, ‘ਇੱਕ ਟੋਟਾ ਵਰੇਸ’, ‘ਏਕਮ ਦੀ ਫਾਂਕ’, ‘ਕਿਣ ਮਿਣ ਅੱਖਰ’, ‘ਸ਼ੀਸ਼ੇ ਦੀ ਜੂਨ’, ‘ਕਿੱਥੋਂ ਆਉਂਦੀ ਕਵਿਤਾ’, ‘ਕਦੇ ਕਦਾਈਂ’, ‘ਆਪਣੇ ਤੋਂ ਆਪਣੇ ਤੱਕ’, ‘ਕਦੇ ਤਾਂ ਮਿਲ ਜ਼ਿੰਦਗੀ’, ‘ ਵਿਚਲਾ ਮੌਸਮ’, ‘ਘਰ ਘਰ ਤੇ ਘਰ’ ਵਿੱਚੋਂ ਚੋਣਵੀਆਂ ਕਵਿਤਾਵਾਂ ਲਈਆਂ ਗਈਆਂ ਹਨ। ਇਸ ਤਰ੍ਹਾਂ ਕਵਿੱਤਰੀ ਦੇ ਲਗਭਗ ਪੰਜਾਹ ਸਾਲਾਂ ਦੀ ਸਿਰਜਣ ਪ੍ਰਕਿਰਿਆ ਨੂੰ ਇਕ ਜਿਲਦ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਰਤਿੰਦਰ ਸੰਧੂ ਦੇ ਕਾਵਿਕ ਸਫ਼ਰ ਨੂੰ ਜਦ ਨੀਝ ਨਾਲ ਤੱਕਦੇ ਹਾਂ ਤਾਂ ਉਸ ਦੀ ਕਵਿਤਾ ਦਾ ਨਿਰੰਤਰ ਸਫ਼ਰ ਚੌਮੁਖੀਏ ਦੀਵੇ ਵਰਗਾ ਜਾਪਦਾ ਹੈ। ਕਵਿੱਤਰੀ ਦੀ ਕਲਪਨਾ ਕਿਸੇ ਉੱਡਦੇ ਪਰਿੰਦੇ ਵਾਂਗ ਖੁੱਲ੍ਹੇ ਅੰਬਰੀਂ ਉਡਾਰੀਆਂ ਮਾਰਦੀ ਵਿਖਾਈ ਦਿੰਦੀ ਹੈ।

ਅਰਤਿੰਦਰ ਸੰਧੂ ਦੀ ਸੋਚ ਦਾ ਵਸੀਹ ਘੇਰਾ ਜਦ ਕਵਿਤਾ ਦਾ ਰੂਪ ਲੈ ਕੇ ਪੰਨਿਆਂ ’ਤੇ ਉਤਰਦਾ ਹੈ ਤਾਂ ਜੀਵਨ ਦੇ ਸੈਆਂ ਰੰਗ ਇਸ ਵਿਚ ਸ਼ੁਮਾਰ ਹੋ ਜਾਂਦੇ ਹਨ, ਜਿਸ ਵਿਚ ਸੁਪਨੇ, ਸੱਧਰਾਂ, ਖ਼ਾਹਿਸ਼ਾਂ, ਸੰਘਰਸ਼, ਕਰੁਣਾ, ਪੀੜਾ, ਬੇਵਸੀ, ਬਦਲਦੀਆਂ ਪ੍ਰਸਥਿਤੀਆਂ, ਸਮਾਜਿਕ ਮਸਲੇ ਆਦਿ ਸਹਿਜ ਰੂਪ ਕਵਿਤਾ ਵਿਚ ਸ਼ਾਮਿਲ ਹੁੰਦੇ ਹਨ।

ਕਵਿੱਤਰੀ ਦੀ ਸ਼ਖ਼ਸੀਅਤ ਦਾ ਇਹ ਖਾਸਾ ਹੈ ਕਿ ਜਿੱਥੇ ਉਸ ਦੀ ਸਮੁੱਚੀ ਕਵਿਤਾ ਕੁੱਲ ਕਾਇਨਾਤ ਨੂੰ ਆਪਣੇ ਕਲਾਵੇ ਵਿਚ ਭਰਦੀ ਹੈ। ਉੱਥੇ ਉਸ ਕੋਲ ਕਿਸੇ ਇੱਕ ਵਿਸ਼ੇ ਨੂੰ ਲੈ ਕੇ ਅਨੇਕਾਂ ਕਵਿਤਾਵਾਂ ਰਚਣ ਦਾ ਹੁਨਰ ਵੀ ਬੜੇ ਕਮਾਲ ਦਾ ਹੈ। ‘ਏਕੁਏਰੀਅਮ’, ‘ਯਾਦਾਂ’, ‘ਘਰ ਤੇ ਉਦਾਸੀ’, ‘ਅਣਬੋਲੇ ਸ਼ਬਦ’ ਅਤੇ ਘਰ ਨੂੰ ਸੰਬੋਧਿਤ ਰਚੀਆਂ ਅਨੇਕਾਂ ਕਵਿਤਾਵਾਂ ਦੇ ਨਾਂ ਜ਼ਿਕਰਯੋਗ ਹਨ। ਅਰਤਿੰਦਰ ਸੰਧੂ ਹਰ ਛੋਟੀ-ਵੱਡੀ ਘਟਨਾ ਨੂੰ ਬੜੀ ਸੂਖ਼ਮ ਦਿ੍ਸ਼ਟੀ ਨਾਲ ਵੇਖਦੀ ਹੈ।

ਕਵਿੱਤਰੀ ਮੂਲ ਰੂਪ ਵਿਚ ਜ਼ਿੰਦਗੀ ਨੂੰ ਜੀਅ ਕੇ ਕਵਿਤਾ ਲਿਖਦੀ ਹੈ। ਜਿਸ ਕਰਕੇ ਉਸਦੀ ਕਵਿਤਾ ਅੰਦਰ ਕਿਤੇ ਵੀ ਖ਼ਿਆਲੀ ਪਕਾਓ ਨਹੀਂ ਪੱਕਦੇ, ਸਗੋਂ ਇਸ ਦੇ ਉਲਟ ਉਸ ਦੀਆਂ ਕਵਿਤਾਵਾਂ ਅੰਦਰ ਜੀਵਨ ਦੀ ਸੱਚਾਈ ਦਾ ਫਲਸਫਾ ਛੁਪਿਆ ਹੋਇਆ ਹੈ। ਵੇਖਣਾ ਇਕ ਰੰਗ। ਅਰਤਿੰਦਰ ਸੰਧੂ ਦੀ ‘ਘਰ’ ਕਵਿਤਾ ਕਿੰਨੇ ਸਹਿਜ ਰੂਪ ਵਿੱਚ ਮਨੁੱਖ ਦਾ ਮਾਰਗਦਰਸ਼ਨ ਕਰਦੀ ਘਰ ਦਾ ਰਸਤਾ ਵਿਖਾਉਂਦੀ ਹੈ :

ਮਨੁੱਖ ਬੇਜਾਨ ਕੰਧਾਂ ਨੂੰ

ਅਪਣੱਤ ਦਾ ਅਹਿਸਾਸ ਦੇ ਕੇ

ਹੋਂਦ ਦਾ ਸਨਮਾਨ ਦੇਂਦਾ

ਤੇ ਘਰ... ਮਨੁੱਖ ਨੂੰ

ਜ਼ਿੰਮੇਵਾਰ ਹੋਣ ਦਾ

ਅਹਿਸਾਸ ਦੇ ਕੇ ਉਸ ਦੀ ਹੋਂਦ ਨੂੰ

ਸਨਮਾਨ ਨਾਲ ਜੋੜਦਾ

ਇਹ ਸੰਭਵ ਹੈ ਕਿ ਪਾਠਕ ਨੂੰ ਅਰਤਿੰਦਰ ਸੰਧੂ ਦੀ ਕਵਿਤਾ ਸਮਝਣ ਲਈ,ਉਸਦੀ ਆਤਮਾ ਤੱਕ ਪਹੁੰਚਣ ਲਈ ਉਸ ਵਿੱਚੋਂ ਦੁਬਾਰਾ ਲੰਘਣਾ ਪਵੇ , ਕਿਉਂਕਿ ਕਵਿਤਾਵਾਂ ਵਿੱਚ ਲੁਕੇ ਅਰਥ ਅਤੇ ਥੋੜੇ ਸਬਦਾਂ ਵਿੱਚ ਬਹੁਤ ਕੁਝ ਹੋਣ ਤੋਂ ਇਲਾਵਾ ਕਿਸੇ ਵੀ ਕਵੀ ਦੀ ਅੰਦਰਲੀ ਆਵਾਜ਼ ਨੂੰ ਸਮਝਣ ਦੀ ਹਰ ਪਾਠਕ ਦੀ ਆਪਣੀ ਸਮਰੱਥਾ ਹੁੰਦੀ ਹੈ,ਆਪਣਾ ਨਜਰੀਆ ਹੁੰਦਾ ਹੈ। ਇਹ ਪੁਸਤਕ ਸਾਹਿਤਕਾਰਾਂ, ਪਾਠਕਾਂ ਤੇ ਖੋਜਾਰਥੀਆਂ ਲਈ ਬੜੀ ਲਾਹੇਵੰਦ ਸਾਬਤ ਹੋਵੇਗੀ। ਇਸ ਸੋਹਣੀ ਦਿੱਖ ਵਾਲੀ ਵੱਡ ਆਕਾਰੀ ਵਾਹਗਾ ਬੁਕਸ ਅੰਮਿ੍ਰਤਸਰ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦੇ 516 ਪੰਨੇ ਹਨ ਤੇ ਮੁੱਲ 450-/ ਰੁਪਏ ਹੈ।

- ਕੁਲਦੀਪ ਸਿੰਘ ਬੰਗੀ

Posted By: Harjinder Sodhi