ਜਸਵਿੰਦਰ ਦੂਹੜਾ - ਕਵਿਤਾ ਵਰਗੇ ਕੋਮਲ ਸੁਭਾਅ ਪਰ ਅਤਿ ਦੇ ਗਹਿਰ-ਗੰਭੀਰ ਵਿਚਾਰਾਂ ਦਾ ਮਾਲਕ ਜਗਜੀਤ ਸਿੰਘ ਨੂਰ, ਜ਼ਿੰਦਗੀ ਦੇ ਸਫ਼ਰ ਦੇ 82 ਪੜਾਅ ਤਹਿ ਕਰਕੇ 31 ਜਨਵਰੀ ਨੂੰ ਇਸ ਫ਼ਾਨੀ ਜਹਾਨ ਦੇ ਦਿਸਹੱਦਿਆਂ ਤੋਂ ਪਾਰ ਕਿਸੇ ਅਣ-ਡਿੱਠੇ ਉਸ ਜਹਾਨ ਵੱਲ ਕੂਚ ਕਰ ਗਿਆ, ਜਿੱਥੋਂ ਕੋਈ ਵਾਪਸ ਨਹੀਂ ਆਉਂਦਾ। 24 ਮਾਰਚ 1936 ਫਤਿਆਬਾਦ, ਜ਼ਿਲ੍ਹਾ ਤਰਨ ਤਾਰਨ ਦੇ ਜੰਮਪਲ ਜਗਜੀਤ ਸਿੰਘ ਨੂਰ ਸੰਵੇਦਨਸ਼ੀਲ ਸ਼ਾਇਰ ਹੋਣ ਦੇ ਨਾਲ-ਨਾਲ ਕਾਬਿਲ ਹੋਮਿਓਪੈਥਿਕ ਡਾਕਟਰ ਵੀ ਸੀ।

ਦਿਆਲ ਸਿੰਘ ਤੇ ਸੁਰਜੀਤ ਕੌਰ ਦੇ ਘਰ ਤਿੰਨ ਬੇਟੀਆਂ ਤੇ ਅੱਠ ਬੇਟੇ ਪੈਦਾ ਹੋਏ ਜਿਨ੍ਹਾਂ ਵਿੱਚੋਂ ਨੂਰ ਤੀਜੀ ਥਾਂ 'ਤੇ ਸੀ। ਮਨੋਭਾਵਾਂ ਦੇ ਪ੍ਰਗਟਾਵੇ ਲਈ ਉਸ ਨੇ ਕਵਿਤਾ ਜਿਹੀ ਕੋਮਲ ਵਿਧਾ ਨੂੰ ਚੁਣਿਆ ਤੇ ਇਸ ਨਾਲ ਪਾਈ ਯਾਰੀ ਅੰਤਮ ਸਾਹਾਂ ਤਕ ਨਿਭਾਈ। ਪੰਜਾਬ ਸਰਕਾਰ ਦੇ 'ਸਿਹਤ ਤੇ ਪਰਿਵਾਰ ਭਲਾਈ ਮਹਿਕਮੇ ਦੇ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਦੇ ਹੋਏ ਸਟੇਟ ਇੰਸਟੀਚਿਊਟ ਐਂਡ ਫੈਮਲੀ ਵੈਲਫੇਅਰ ਪੰਜਾਬ ਤੋਂ ਬਤੌਰ ਸਮਾਜਿਕ ਵਿਗਿਆਨ ਸਿੱਖਿਆਕਾਰ ਸੇਵਾ ਨਵਿਰਤੀ ਪਾਈ।

ਸਿਹਤ ਵਿਭਾਗ ਵਿਚ ਬੇਦਾਗ਼ ਨੌਕਰੀ ਕਰਦਿਆਂ ਉਸ ਨੇ ਬਹੁਤ ਸਾਰੀਆਂ ਕਵਿਤਾਵਾਂ ਪਰਿਵਾਰ ਨਿਯੋਜਨ ਤੇ ਬੱਚਾ-ਜੱਚਾ ਦੀ ਸਾਂਭ-ਸੰਭਾਲ ਬਾਰੇ ਰਚੀਆਂ। ਇਨ੍ਹਾਂ ਵਿਸ਼ਿਆਂ ਤੋਂ ਇਲਾਵਾ ਨੂਰ ਦੀ ਕਵਿਤਾ ਵਿੱਚੋਂ, ਗੁਰੂ-ਅਰਾਧਨਾ, ਸਮਾਜਿਕ ਕੁਰੀਤੀਆਂ, ਰਾਜਨੀਤਕ ਮਸਲੇ, ਸਿਆਸਤ ਵਿਚ ਆ ਰਹੀ ਦਿਨ ਪ੍ਰਤੀ ਦਿਨ ਗਿਰਾਵਟ, ਮਨੁੱਖੀ ਦੁਖਾਂਤ, ਬੱਚਿਆਂ ਅਤੇ ਔਰਤਾਂ 'ਤੇ ਹੋ ਰਹੇ ਜ਼ੁਲਮ, ਬਜ਼ੁਰਗਾਂ ਦੀ ਦੁਰਦਸ਼ਾ ਅਤੇ ਅਣਦੇਖੀ, ਨੌਜਵਾਨਾਂ ਦਾ ਨਸ਼ੇੜੀ ਹੋਣਾ, ਪੰਜਾਬ ਦੇ ਪੌਣ-ਪਾਣੀਆਂ ਦਾ ਹੋ ਰਿਹਾ ਨਿਘਾਰ, ਕੱਟੜਵਾਦ ਦਾ ਵਿਰੋਧ, ਧਰਮ ਨਿਰਪੱਖਤਾ ਆਦਿ ਵਿਸ਼ੇ ਉਘੜ ਦੇ ਹਨ।

ਕਾਵਿ ਰਚਨਾ ਦਾ ਕਾਰਜ ਬੇਸ਼ੱਕ ਨੂਰ ਦੀ ਅੱਲੜ ਉਮਰੇ ਸ਼ੁਰੂ ਹੋ ਗਿਆ ਸੀ ਪਰ ਪਲੇਠਾ ਕਾਵਿ ਸੰਗ੍ਰਹਿ 'ਦਰਦ ਦਿਲਾਂ ਦੇ' 2014 ਵਿਚ ਪਾਠਕਾਂ ਹੱਥਾਂ ਤਕ ਪੁਹੰਚਿਆ। ਇਸ ਤੋਂ ਬਾਅਦ 2018 ਵਿਚ 'ਦਰਦਾਂ ਦੀ ਦਾਸਤਾਂ' (ਕਾਵਿ-ਸੰਗ੍ਰਹਿ) ਪ੍ਰਕਾਸ਼ਤ ਹੋਇਆ। ਇਨ੍ਹਾਂ ਤੋਂ ਇਲਾਵਾ ਨੂਰ ਦੇ ਚਾਰ ਸਾਂਝੇ ਕਾਵਿ ਸੰਗ੍ਰਹਿ, 'ਨੀਲਾ ਅੰਬਰ', 'ਅਰਸ਼ਦੀਪ' 2015, ਅਤੇ 'ਬਹੁਰੰਗ', 'ਕੈਨਵਸ' 2018 ਅਤੇ ਦੋ ਸਾਂਝੇ ਗ਼ਜ਼ਲ ਸੰਗ੍ਰਹਿ 'ਗ਼ਜ਼ਲ ਉਦਾਸ ਹੈ' 2016, 'ਉਦਾਸ ਨਾ ਹੋ' 2017 ਵਿਚ ਪਾਠਕਾਂ ਦੇ ਦ੍ਰਿਸ਼ਟੀਗੋਚਰ ਹੋਈਆਂ।

ਜਗਜੀਤ ਸਿੰਘ ਨੂਰ ਮਿਹਨਤੀ, ਸਿਰੜੀ ਅਤੇ ਕਦਮ ਦਰ ਕਦਮ ਸਿੱਖਣ ਦੀ ਇੱਛਾ ਰੱਖਣ ਵਾਲੀ ਸ਼ਖ਼ਸੀਅਤ ਸੀ, ਇਸ ਕਥਨ ਦੀ ਗਵਾਹੀ ਉਸ ਦਾ ਗ਼ਜ਼ਲ ਨਾਲ ਮੋਹ ਭਰਦਾ ਹੈ, ਜਿਸ ਸਦਕਾ ਉਹ 2014 ਵਿਚ ਬਾਕਾਇਦਾ 'ਸੰਧੂ ਗ਼ਜ਼ਲ ਸਕੂਲ' ਦਾ ਵਿਦਿਆਰਥੀ ਅਤੇ ਉਸਤਾਦ ਗ਼ਜ਼ਲਗੋ ਅਮਰਜੀਤ ਸਿੰਘ ਸੰਧੂ ਦਾ ਸ਼ਾਗਿਰਦ ਬਣਿਆ। ਉਨ੍ਹਾਂ ਨੇ ਗ਼ਜ਼ਲ ਦੀਆਂ ਬਾਰੀਕੀਆਂ ਨੂੰ ਨਿੱਠ ਕੇ ਸਿੱਖਿਆ ਅਤੇ ਉੱਚ ਪਾਏ ਦੀ ਗ਼ਜ਼ਲ ਦੀ ਰਚਨਾ ਕੀਤੀ। ਉਮਰ ਦੇ ਆਖ਼ਰੀ ਪੜਾਅ 'ਤੇ ਆ ਕੇ ਸਿੱਖਣਾ ਸਿਰੜ ਨਹੀਂ ਤਾਂ ਹੋਰ ਕੀ ਸੀ।

ਗ਼ਜ਼ਲਗੋ ਉਸਤਾਦਾਂ ਅਤੇ ਅਮਰਜੀਤ ਸਿੰਘ ਸੰਧੂ ਦੀ ਸੰਗਤ ਨੇ ਉਸ ਦੀ ਗ਼ਜ਼ਲ ਲੇਖਣੀ ਵਿਚ ਅੰਤਾਂ ਦਾ ਨਿਖਾਰ ਲਿਆਂਦਾ। ਨੂਰ ਨੇ ਅਣ-ਗਿਣਤ ਗ਼ਜ਼ਲਾਂ ਦੀ ਰਚਨਾ ਕੀਤੀ ਜਿਨ੍ਹਾਂ ਨੇ ਉਸ ਨੂੰ ਪ੍ਰਪੱਕ ਗ਼ਜ਼ਲਗੋ ਬਣਾ ਦਿੱਤਾ। ਨੂਰ ਦੀਆਂ ਗ਼ਜ਼ਲਾਂ ਦੇ ਕੁਝ ਸ਼ਿਅਰ ਪੇਸ਼ ਨੇ :

ਤੇਰੇ ਉੱਤੇ ਇਸ ਕਦਰ ਵਿਸ਼ਵਾਸ ਹੈ।

ਸੱਜਣਾ ਮੈਨੂੰ ਤੇਰੀ ਹੀ ਆਸ ਹੈ।


ਸਾਰੇ ਆ-ਆ ਕੇ ਨੇ ਮੁੜ-ਮੁੜ ਪੁੱਛਦੇ,

ਦੱਸਾਂ ਕੀ ਮੈਂ, ਮੈਨੂੰ ਕਿਸ ਦੀ ਪਿਆਸ ਹੈ।

ਰਲ ਕੇ ਦਰਦ ਵੰਡਾਈ ਚੱਲੋ।

ਰਲ ਕੇ ਖ਼ੁਸ਼ੀ ਮਨਾਈ ਚੱਲੋ।

ਰੱਬ ਦੀ ਰਹਿਮਤ ਰਹੇ ਹਮੇਸ਼ਾ,

ਐਸਾ 'ਨੂਰ' ਖਿੰਡਾਈ ਚੱਲੋ।


-ਫ਼ਿਰਕਾ-ਪ੍ਰਸਤੀ ਨਾ ਚੰਨ ਚੜ੍ਹਾ ਦੇਵੇ,

ਭੁੱਲੀ ਨਹੀਂ ਸੰਤਾਲੀ ਦੀ ਮਾਰ ਮੀਆਂ।

ਨੂਰ ਮਨੁੱਖਤਾ ਦਾ ਸ਼ੁੱਭਚਿੰਤਕ ਸੀ। ਉਸ ਦੀ ਸਮੁੱਚੀ ਕਵਿਤਾ ਮਨੁੱਖੀ ਕਲਿਆਣ ਦੀ ਬਾਤ ਪਾਉਂਦੀ ਨਜ਼ਰ ਆਉਂਦੀ ਹੈ ਜਾਂ ਕਹਿ ਲਓ, 'ਸਰਬੱਤ ਦਾ ਭਲਾ ਚਾਹੁੰਣ ਵਾਲਾ ਮਾਨਵਵਾਦੀ ਕਵੀ ਸੀ ਜਗਜੀਤ ਸਿੰਘ ਨੂਰ।' ਉਸ ਦੀ ਕਵਿਤਾ ਦੇ ਵਧੇਰੇ ਵਿਸ਼ੇ ਮਨੁੱਖ ਲਈ ਕਲਿਆਣਕਾਰੀ ਅਤੇ ਸੁਖਦ ਜੀਵਨ ਦੀ ਕਾਮਨਾ ਕਰਨ ਵਾਲੇ ਹਨ। ਦੇਖੋ ਸਮਾਜ ਦੀ ਤਸਵੀਰ ਪੇਸ਼ ਕਰਦੇ ਉਨ੍ਹਾਂ ਦੀ ਗ਼ਜ਼ਲ ਦੇ ਕੁਝ ਸ਼ਿਅਰ :

ਮੇਰੇ ਘਰ ਵਿਚ ਹੀ ਬਨਵਾਸ ਹੈ।

ਫੇਰ ਵੀ ਮਨ ਨੂੰ ਬੜਾ ਧਰਵਾਸ ਹੈ।


ਵਿਆਹੇ ਜਾਂਦੇ ਜਦੋਂ ਬਾਲ ਆਪਣੇ,

ਹੁੰਦਾ ਆਪਣੇ ਘਰ ਦਾ ਤਦ ਅਹਿਸਾਸ ਹੈ।

ਘਰ ਦੇ ਵੀ ਜਦ ਚਾਲਾਂ ਚੱਲਣ ਲੱਗ ਜਾਣ,

ਟੁੱਟ ਜਾਂਦਾ ਸਭ ਦਾ ਫਿਰ ਵਿਸ਼ਵਾਸ ਹੈ।

ਜੀਵਨ ਸਾਥੀ ਜੇ ਜ਼ਿੱਦੀ ਮਿਲ ਜਾਏ ਤਾਂ,

ਮਿਟ ਹੀ ਜਾਂਦੀ ਸੁਖ ਮਿਲਣੇ ਦੀ ਆਸ ਹੈ।


ਸੁਖ ਦਾ ਸਾਗਰ ਹੁੰਦੀਆਂ ਨੇ ਧੀਆਂ ਤਾਂ,

ਪਰ ਉਨ੍ਹਾਂ ਦਾ ਹੁੰਦਾ ਪਰ-ਘਰ-ਵਾਸ ਹੈ।

'ਕੱਲੇ ਰਹਿ ਕੇ ਕੱਟੀਏ ਬਨਵਾਸ ਤਾਂ,

ਹੁੰਦਾ ਰੱਬੀ 'ਨੂਰ' ਦਾ ਅਹਿਸਾਸ ਹੈ।

ਨੂਰ ਦੀ ਪੁਸਤਕ 'ਦਰਦਾਂ ਦੀ ਦਾਸਤਾਂ' ਵਿਚ ਉਸ ਦੀ ਕਵਿਤਾ ਬਾਰੇ ਡਾ. ਸੁਰਿੰਦਰ ਗਿੱਲ ਲਿਖਦੇ ਹਨ, 'ਨੂਰ ਸਾਹਿਬ ਰਚਿਤ ਗ਼ਜ਼ਲਾਂ ਕੁਝ ਇਸ ਭਾਂਤ ਦੀਆਂ ਹਨ ਜਿਵੇਂ ਪਹਾੜ ਦੀ ਕਿਸੇ ਵਾਦੀ ਵਿਖੇ ਕੁਝ ਸੁੰਦਰ ਮੁਟਿਆਰਾਂ, ਸਾਧਾਰਨ ਅਤੇ ਸਾਦ-ਮੁਰਾਦੇ ਪਹਿਰਾਵੇ ਵਿਚ ਵਿਚਰ ਰਹੀਆਂ ਹੋਣ। ਨੂਰ ਰਚਿਤ ਗ਼ਜ਼ਲਾਂ ਆਪਣੇ ਰੂਪ ਨੂੰ ਕਿਸੇ ਵੀ ਭਾਂਤ ਸ਼ਿੰਗਾਰ ਕੇ ਪੇਸ਼ ਨਹੀਂ ਕਰਦੀਆਂ ਅਤੇ ਨਾ ਹੀ ਰੂਪਕਾਂ ਅਤੇ ਅਲੰਕਾਰ ਦੇ ਗਹਿਣੇ ਪਹਿਨਦੀਆਂ ਹਨ। ਨੂਰ ਰਚਿਤ ਗ਼ਜ਼ਲਾਂ ਦੀ ਸਰੀਰਕ ਅਤੇ ਮਾਨਸਿਕ ਸੁੰਦਰਤਾ ਹੀ ਇਨ੍ਹਾਂ ਗ਼ਜ਼ਲਾਂ ਨੂੰ ਅਨੂਠਾ ਰੂਪ ਪ੍ਰਦਾਨ ਕਰਦੀ ਹੈ।' ਇਹ ਕਥਨ ਨੂਰ ਦੀਆਂ ਗ਼ਜ਼ਲਾਂ 'ਤੇ ਹੀ ਨਹੀਂ ਬਲਕਿ ਸਮੁੱਚੀ ਕਾਵਿਤਾ 'ਤੇ ਵੀ ਲਾਗੂ ਹੁੰਦਾ ਹੈ।

ਬਹੁਤੀ ਵਾਰ ਵੇਖਣ ਵਿਚ ਆਉਂਦਾ ਹੈ ਕਿ ਕੋਈ ਵਿਅਕਤੀ ਉੱਚ ਪਾਏ ਦਾ ਕਵੀ ਤਾਂ ਹੁੰਦਾ ਹੈ ਪਰ ਜਦੋਂ ਇਨਸਾਨੀਅਤ ਦੀ ਗੱਲ ਚਲਦੀ ਹੈ ਤਾਂ ਉਹ ਬੰਦਾ ਹੀਣਾ ਜਿਹਾ ਹੋ ਜਾਂਦਾ ਹੈ ਪਰ ਨੂਰ ਦਾ ਜੀਵਨ ਅਜਿਹਾ ਨਹੀਂ ਸੀ। ਉਹ ਜਿੰਨਾ ਵਧੀਆ ਸਾਹਿਤਕਾਰ ਸੀ ਉਸ ਤੋਂ ਵੀ ਕਿਤੇ ਚੰਗਾ ਇਨਸਾਨ। ਇਹ ਗੱਲ ਮੈਂ ਨਹੀਂ ਕਹਿੰਦਾ ਉਸ ਕੋਲ ਦਵਾਈ ਲੈਣ ਲਈ ਆਉਂਦੇ ਲੋਕ ਦੱਸਦੇ ਹਨ ਕਿਉਂਕਿ ਜਗਜੀਤ ਸਿੰਘ ਸਰਕਾਰੀ ਨੌਕਰੀ ਤੋਂ ਬਾਅਦ ਹੋਮਿਓਪੈਥਿਕ ਦੀ ਕਲੀਨਿਕ ਚਲਾ ਰਿਹਾ ਸੀ। ਉਸ ਕੋਲ ਦਵਾਈ ਲੈਣ ਚਾਹੇ ਕੋਈ ਅਮੀਰ ਆਵੇ ਜਾਂ ਗ਼ਰੀਬ, ਉਹ ਕਿਸੇ ਕੋਲੋਂ ਵੀ ਕੋਈ ਪੈਸਾ ਨਹੀਂ ਸੀ ਲੈਂਦਾ। ਜੇ ਕੋਈ ਬਹੁਤਾ ਜ਼ਿੱਦੀ ਸੌ-ਪਜਾਹ ਦੇ ਜਾਂਦਾ ਤਾਂ, ਗੁਰਮਤਿ ਸਿਧਾਂਤਾਂ 'ਤੇ ਚੱਲਣ ਵਾਲਾ ਨੇਕ ਦਿਲ ਨੂਰ ਦੁਗਣੇ ਕਰ ਕੇ, ਭਾਵ ਓਨੇ ਹੀ ਪੱਲਿਓਂ ਰੁਪਏ ਪਾ ਕੇ ਗੁਰੂ ਘਰ ਦੀ ਗੋਲਕ ਵਿਚ ਪਾ ਆਉਂਦਾ।

ਇਨ੍ਹਾਂ ਰੁਝੇਵਿਆਂ ਦੇ ਨਾਲ-ਨਾਲ ਉਹ ਨਿਰੰਤਰ ਸਾਹਿਤਕ ਸਭਾਵਾਂ ਵਿਚ ਆਪਣੀ ਹਾਜ਼ਰੀ ਲਗਵਾਉਂਦਾ। ਪੰਜਾਬ ਦੀਆਂ ਕਈ ਸਾਹਿਤਕ ਸੰਸਥਾਵਾਂ ਦੇ ਅਹੁਦਿਆਂ ਤੋਂ ਇਲਾਵਾ 'ਪੰਜਾਬੀ ਗ਼ਜ਼ਲ ਅਕਾਦਮੀ' ਦਾ ਪੜਤਾਲ ਸਕੱਤਰ ਵੀ ਸੀ ਤੇ ਉਹ ਅਕਾਦਮੀ ਦੇ ਹਰ ਸਮਾਗਮ ਦੀ ਜ਼ਿੰਮੇਵਾਰੀ ਬੜੇ ਚਾਅ ਨਾਲ ਨਿਭਾਉਂਦਾ।

ਜਗਜੀਤ ਸਿੰਘ ਨੂਰ ਦੇ ਇਸ ਜਹਾਨੋਂ ਤੁਰ ਜਾਣ ਕਾਰਨ ਪੰਜਾਬੀ ਸਾਹਿਤਕ ਖੇਤਰ ਵਿਚ ਕਦੇ ਨਾ ਪੂਰ ਹੋਣ ਵਾਲਾ ਖ਼ਲਾਅ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਅਸੀਂ ਇਹ ਵੀ ਜਾਣਦੇ ਹਾਂ ਕਿ ਜੋ ਜੀਅ ਆਇਆ ਉਸ ਨੇ ਇਕ ਨਾ ਇਕ ਦਿਨ, ਦੇਰ-ਸਵੇਰ ਜਾਣਾ ਵੀ ਹੈ, ਸੋ ਜਗਜੀਤ ਸਿੰਘ ਨੂਰ ਵੀ ਆਪਣੀ ਵਾਰੀ ਤੁਰ ਗਿਆ। ਹੁਣ ਉਹ ਸਾਡੇ ਵਿਚ ਜਿਸਮਾਨੀ ਤੌਰ 'ਤੇ ਤਾਂ ਨਹੀਂ ਵਿਚਰੇਗਾ ਪਰ ਉਸ ਦੁਆਰਾ ਰਚੇ ਸਾਹਿਤ ਦਾ ਨੂਰ ਸਾਨੂੰ ਰਹਿੰਦੀ ਦੁਨੀਆ ਤਕ ਪੁਰਨੂਰ ਕਰਦਾ ਰਹੇਗਾ। ਅੰਤ ਵਿਚ ਨੂਰ ਦੀ ਹੀ ਇਸ

ਫ਼ਾਨੀ ਸੰਸਾਰ ਬਾਰੇ ਲਿਖੀ ਕਵਿਤਾ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ :

ਲਹਿਰਾਂ ਬਣਦੀਆਂ ਤੇ ਮਿੱਟ ਜਾਂਦੀਆਂ।

ਹੋਏ ਬੀਤੇ ਦਾ ਹਾਲ ਸੁਣਾਦੀਆਂ।


ਗੱਲਾਂ ਹੁੰਦੀਆਂ ਤੇ ਵਿਸਰ ਜਾਂਦੀਆਂ

ਯਾਦਾਂ ਦਿਲ ਦੇ ਟੋਟੇ ਦੀਆਂ

ਸਦਾ ਸਤਾਂਦੀਆਂ।

ਹਰ ਪਲ ਛਿਣ ਜੋ ਦਿਲ ਧੜਕਦਾ ਏ,

ਯਾਦਾਂ ਛਣਕ-ਛਣਕ ਮਨ

ਛਲਕਾ ਜਾਂਦੀਆਂ।

ਜਾਣ ਵੇਲੇ ਦੀਆਂ ਯਾਦਾਂ ਨਾ ਕਦੇ ਭੁੱਲਣ,

ਲੱਗਣ ਕੋਲ ਪਰ ਹਨ੍ਹੇਰੀਆਂ

ਉਡਾ ਲੈ ਜਾਂਦੀਆਂ।

ਉਮਰ ਭੋਗ ਕੇ ਸਭ ਨੇ ਤੁਰ ਜਾਂਦੇ,

ਜਵਾਨ ਤੁਰੇ ਕੋਈ, ਸੱਲਾਂ

ਨਾ ਸਹੀਆਂ ਜਾਂਦੀਆਂ।


ਮਣਕਾ-ਮਣਕਾ ਪਰੋ ਕੇ ਨੇ ਹਾਰ ਬਣਦੇ,

ਤੰਦਾਂ ਤੋੜ 'ਹੋਣੀਆਂ' ਦਿਲ ਤੋੜ ਜਾਂਦੀਆਂ।

ਸਾਹਾਂ ਦੇ ਧਾਗੇ 'ਚ ਜੋੜ ਦਿਲ ਨੂੰ,

ਯਾਦਾਂ ਮਣਕੇ ਦੀਆਂ ਪਰੋ ਜਾਂਦੀਆਂ।

'ਨੂਰ' ਰੱਬ ਦੇ ਰੰਗ ਹੁੰਦੇ ਨਿਆਰੇ,

ਰਮਜ਼ਾਂ ਉਹਦੀਆਂ ਨਾ ਸਮਝ ਆਂਦੀਆਂ।

Posted By: Harjinder Sodhi