ਅੰਮਿ੍ਰਤਸਰ ਵਿਖੇ ਪਿਤਾ ਗੁਲਜ਼ਾਰ ਸਿੰਘ ਤੇ ਮਾਤਾ ਜਗਦੀਸ਼ ਕੌਰ ਦੇ ਘਰ ਜਨਮੀ ਜਸਵਿੰਦਰ ਐਸੀ ਖ਼ੁਸ਼ਨਸੀਬ ਰੂਹ ਹੈ, ਜਿਸ ਨੇ ਸੱਤਵੀਂ ਅੱਠਵੀਂ ਜਮਾਤ ਵਿਚ ਸਕੂਲ ਵੱਲੋਂ ਜ਼ਿਲ੍ਹਾ ਪੱਧਰੀ ਕਵਿਤਾ ਲੇਖਣ ਮੁਕਾਬਲਿਆਂ ’ਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। ਬਾਰ੍ਹਵੀਂ ਜਮਾਤ ਵਿਚ ਪੜ੍ਹਦਿਆਂ ਪੰਜਾਬੀ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਰਾਜ ਪੱਧਰ ’ਤੇ ਕਵਿਤਾ ਲੇਖਣ ’ਚ ਉਸ ਪਹਿਲਾ ਇਨਾਮ ਹਾਸਿਲ ਕੀਤਾ। ਸਰੂਪ ਰਾਣੀ ਗੌਰਮਿੰਟ ਕਾਲਜ, ਅੰਮਿ੍ਰਤਸਰ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਉਪਰੰਤ ਜਸਵਿੰਦਰ ਦਾ ਅੰਮਿ੍ਰਤਸਰ ਵਿਚ ਹੀ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਰਾਜਨੀਤੀ ਸ਼ਾਸਤਰ ਵਿਚ ਐਮ. ਏ ਕੀਤੀ ਤੇ ਫਿਰ ਜਲੰਧਰ ਗੌਰਮਿੰਟ ਕਾਲਜ ਤੋਂ ਬੀ. ਐੱਡ ਕੀਤੀ। ਕੇਂਦਰੀ ਇਮਤਿਹਾਨ ਸੀ. ਨੈੱਟ ਵੀ ਪਾਸ ਕੀਤਾ। ਪੜ੍ਹਾਈ ਦੇ ਨਾਲ-ਨਾਲ ਪੰਜਾਬੀ ਅਧਿਆਪਕਾ ਦੀ ਸੇਵਾ ਦੌਰਾਨ ਹੀ ਉਸ ਦੀ ਜ਼ਿੰਦਗੀ ਦੇ ਬਾਗ਼ ਵਿਚ ਪਰਮਾਤਮਾ ਨੇ ਬੇਟਾ-ਬੇਟੀ ਦੇ ਰੂਪ ਵਿਚ ਦੋ ਫੁੱਲ ਵੀ ਖਿੜਾ ਦਿੱਤੇ। ਸਵੈ ਪ੍ਰੇਰਨਾ ਨਾਲ ਸੰਘਰਸ਼ ਕਰਦਿਆਂ ਜ਼ਿੰਦਗੀ ਦਾ ਹਰ ਮੁਕਾਮ ਹਾਸਲ ਕਰਦੇ ਹੋਏ ਉਹ ਅੱਗੇ ਵਧਦੀ ਗਈ ਜਿਸ ਵਿਚ ਪਤੀ ਦਾ ਪੂਰਾ ਸਾਥ ਰਿਹਾ। ਏਨੇ ਸੰਘਰਸ਼ਸ਼ੀਲ ਸਫ਼ਰ ’ਚੋਂ ਲੰਘਦਿਆਂ ਹੋਇਆਂ ਵੀ ਆਪਣੇ ਅੰਦਰ ਦੀ ਕਵਿੱਤਰੀ ਨੂੰ ਉਸ ਨੇ ਕਦੇ ਨਹੀਂ ਮਰਨ ਦਿੱਤਾ, ਬਲਕਿ ਜ਼ਿੰਦਗੀ ਦੇ ਹਰ ਪੜਾਅ ’ਤੇ ਉਹ ਆਪਣੀਆਂ ਭਾਵਨਾਵਾਂ ਨੂੰ ਲਗਾਤਾਰ ਹਰਫ਼ਾਂ ਦਾ ਰੂਪ ਦਿੰਦੀ ਰਹੀ। 2019 ’ਚ ‘‘ਸੁਹਾਵੀਆਂ ਰੁੱਤਾਂ ਦਿਨ ਸੁਹੇਲੜੇ’’ ਦੇ ਨਾਂ ਹੇਠ ਲਿਖਤਾਂ ਨੂੰ ਪੁਸਤਕ ਦਾ ਰੂਪ ਦਿੰਦਿਆਂ ਪਦਮਸ੍ਰੀ ਡਾ. ਸੁਰਜੀਤ ਪਾਤਰ ਵੱਲੋਂ ਉਸ ਨੇ ਪੁਸਤਕ ਰਿਲੀਜ਼ ਕਰਵਾਈ, ਜੋ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਦੀ ਲਾਇਬਰੇਰੀ ਦੀ ਸ਼ੋਭਾ ਬਣੀ। ਹੁਣ ਉਸ ਦੀ ਦੂਸਰੀ ਪੁਸਤਕ, ‘‘ਕਲਾਮ ਨੂੰ ਸਲਾਮ’’ ਵੀ ਜਲਦੀ ਹੀ ਰਿਲੀਜ਼ ਹੋਣ ਜਾ ਰਹੀ ਹੈ।

ਇਸ ਵੇਲੇ ਅੰਮਿ੍ਰਤਸਰ ਦੇ ਪ੍ਰਸਿੱਧ ਸਕੂਲ ਡੀ. ਏ. ਵੀ. ਇੰਟਰਨੈਸ਼ਨਲ ਵਿਚ ਪੰਜਾਬੀ ਅਧਿਆਪਕਾ ਦੇ ਤੌਰ ’ਤੇ ਪੜ੍ਹਾ ਰਹੀ ਜਸਵਿੰਦਰ ਜਿੱਥੇ ਆਲ ਇੰਡੀਆ ਪੱਧਰ ਦੀ ਰਜਿਸਟਰਡ ਸੰਸਥਾ ਰਾਸ਼ਟਰੀ ਮਹਿਲਾ ਕਾਵਿ ਮੰਚ ਦੀ ਜ਼ਿਲ੍ਹਾ ਅੰਮਿ੍ਰਤਸਰ ਇਕਾਈ ਵਿਚ ਜਨਰਲ ਸਕੱਤਰ ਦੀ ਭੂਮਿਕਾ ਨਿਭਾ ਰਹੀ ਹੈ, ੳੱੁਥੇ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੀ ਮੈਂਬਰ ਵਜੋਂ, ਰਾਸ਼ਟਰੀ ਪੱਧਰ ਦੀ ਸੰਸਥਾ ਪ੍ਰਗਤੀਸ਼ੀਲ ਲੇਖਕ ਸੰਘ ਤੇ ਫੋਕਲੋਰ ਰਿਸਰਚ ਅਕਾਦਮੀ ਦੀ ਵੀ ਕਿਰਿਆਸ਼ੀਲ ਮੈਂਬਰ ਹੈ, ਉਹ। ਇਸੇ ਕਰਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਵੀ ਦਰਬਾਰਾਂ ਵਿਚ ਲਗਾਤਾਰ ਸ਼ਮੂਲੀਅਤ ਰਹਿੰਦੀ ਹੈ, ਉਸਦੀ। ਪੰਜਾਬੀ ਟਿ੍ਰਬਿਊਨ, ਅਜੀਤ, ਸੱਤ ਸਮੁੰਦਰੋਂ ਪਾਰ, ਅਣਖੀ ਯੋਧੇ, ਪੰਜ ਪਾਣੀ, ਆਦਿ ਦੇਸ਼-ਵਿਦੇਸ਼ ਦੇ ਪੇਪਰਾਂ ਵਿਚ ਛਪਣ ਤੋਂ ਇਲਾਵਾ ਅੰਤਰਰਾਸ਼ਟਰੀ ਸਾਂਝੇ ਅਲਫਾਜ਼, ਨਵੀਂਆਂ ਪੈੜਾਂ, ਜਗਦੇ ਦੀਵੇ, ਸੋ ਕਿਉਂ ਮੰਦਾ ਆਖੀਐ, ਬੀਂਗ ਐਮਬੀਸ਼ੀਐਸ’ ਵਿਚ ਵੀ ਉਸਦੀਆਂ ਰਚਨਾਵਾਂ ਨੂੰ ਸ਼ਾਮਲ ਹੋਣ ਦਾ ਮਾਣ ਮਿਲਿਆ। ਸਾਂਝੀ ਆਵਾਜ਼ ਰੇਡੀਓ-ਆਸਟ੍ਰੇਲੀਆ ਮੈਲਬੌਰਨ, ਆਲ ਇੰਡੀਆ ਰੇਡੀਓ, ਗਗਨ ਰੇਡੀਓ ਅਤੇ ਅਵਤਾਰ ਰੇਡੀਓ ਸੀਚੇਵਾਲ ਤਕ ਵੀ ਉਸ ਦੀ ਕਲਮ ਤੇ ਆਵਾਜ਼ ਪਹੁੰਚੀ। ਆਲ ਇੰਡੀਆ ਰੇਡੀਓ ਤੇ ਨਿਊਜ਼ 47 ਮੀਡੀਆ ਰਾਹੀਂ ਇੰਟਰਵਿਊ ਤੇ ਐਕਸਪਰਟ ਦੇ ਤੌਰ ’ਤੇ ਅਤੇ ਸੌ ਚੋਣਵੀਆਂ ਭਾਰਤੀ ਉੱਚ ਸ਼ਖ਼ਸੀਅਤਾਂ ਦੀ ਪ੍ਰਕਾਸ਼ਿਤ ਹੋ ਰਹੀ ਪੁਸਤਕ ਵਿਚ ਸ਼ਾਮਲ ਹੋਣ ਦਾ ਮਾਣ ਵੀ ਉਸਦੇ ਹਿੱਸੇ ਆਇਆ।

ਜਸਵਿੰਦਰ ਦੇ ਮਾਣ-ਸਨਮਾਨ ਦਾ ਪੱਖ ਛੂਹਿਆਂ ਪਤਾ ਲੱਗਦਾ ਹੈ ਕਿ ਉਹ ਸੌ ਤੋਂ ਵੱਧ ਸਟੇਜਾਂ ਉਤੇ ਸਨਮਾਨਿਤ ਹੋ ਚੁੱਕੀ ਹੈ, ਜਿਨਾਂ ਵਿਚੋਂ ਵਿਸ਼ਵ ਰਿਕਾਰਡ ਹੋਲਡਰ ਦੇ ਤੌਰ ਤੇ ਨਾਈਜੀਰੀਆ ਵੱਲੋਂ ਸਨਮਾਨ ਪੱਤਰ, ਗਲੋਬਲ ਰੋਲ ਮਾਡਲ ਟੀਚਰ ਐਵਾਰਡ ਮੁੰਬਈ ਵੱਲੋਂ, ਡਾਇਨੈਮਿਕ ਟੀਚਰ ਐਵਾਰਡ, (ਚੰਡੀਗੜ), ਇਨੋਵੇਟਿਵ ਐਜੂਕੇਟਰ ਐਕਸੀਲੈਂਸ ਐਵਾਰਡ (ਸੰਗਰੂਰ), ਇਨੋਵੇਟਿਵ ਟੀਚਰ ਐਵਾਰਡ (ਲਖਨਊ) ਟੀਚਰ ਆਫ ਦੀ ਸਕੂਲ ਐਵਾਰਡ (ਅੰਮਿ੍ਰਤਸਰ), ਨਾਰੀ ਸ਼ਕਤੀ ਸਨਮਾਨ (ਚੰਡੀਗੜ), ਗੌਰਵ ਸਨਮਾਨ (ਨੋਇਡਾ), ਅੰਤਰਰਾਸ਼ਟਰੀ ਪ੍ਰਸ਼ੰਸਾ ਪੱਤਰ (ਮਹਾਂਰਾਸ਼ਟਰ) ਆਦਿ ਨੂੰ ਅਭੁੱਲ ਸਨਮਾਨ ਦੱਸਦੀ ਹੈ, ਉਹ। ਜਸਵਿੰਦਰ ਕਹਿੰਦੀ ਹੈ:-

‘‘ਜ਼ਿੰਦਗੀ ਦੇ ਰੰਗੀਨ ਗੁਬਾਰੇ,

ਉੱਦਮੀ ਹਵਾਵਾਂ ਨਾਲ

ਉਡਾਏ ਜਾਂਦੇ,

ਫਰਸ਼ਾਂ ਤੋਂ ਅਰਸ਼ਾਂ

’ਤੇ ਜਾਣ ਲਈ

ਖੰਭ ਹੌਂਸਲਿਆਂ ਦੇ

ਲਗਾਏ ਜਾਂਦੇ।’’

ਜਸਵਿੰਦਰ ਆਪਣੀ ਸ਼ਾਇਰੀ ਵਿਚ ਸਮਾਜਿਕ ਸਰੋਕਾਰਾਂ ਨੂੰ ਮੁਖਾਤਬ ਹੁੰਦੀ ਹੈ। ਉਸ ਦੀਆਂ ਰਚਨਾਵਾਂ ਵਿਚ ਜ਼ਿੰਦਗੀ ਧੜਕਦੀ ਹੈ। ਉਹ ਆਸ ਦਾ ਪੱਲਾ ਕਦੇ ਨਹੀਂ ਛੱਡੀਦੀ। ਉਸ ਜ਼ਿੰਦਗੀਦੇ ਰੰਗੀਨ ਗੁਬਾਰਿਆਂ ਨੂੰ ਸੰਘਰਸ਼ੀ ਤੇ ਉੱਦਮੀ ਹਵਾਵਾਂ ਨਾਲ ਉਡਾਉਂਦਿਆਂ, ਹੌਂਸਲਿਆਂ ਦੇ ਖੰਭਾਂ ਉਤੇ ਉਡਾਣਾਂ ਭਰਕੇ ਫ਼ਰਸ਼ਾਂ ਤੋਂ ਅਰਸ਼ਾਂ ਤਕ ਪਹੁੰਚਣ ਦਾ ਦਮ ਰੱਖਣ ਵਾਲੀ ਜਸਵਿੰਦਰ ਕੌਰ ਦੀ ਉਸਾਰੂ ਸੋਚ ਨੂੰ ਸਲਾਮ! ਰੱਬ ਕਰੇ! ਸਾਹਿਤ ਤੇ ਵਿੱਦਿਅਕ ਖੇਤਰ ਲਈ ਮਾਰਗ-ਦਰਸ਼ਕ ਬਣੀ ਇਸ ਸ਼ਖ਼ਸੀਅਤ ਦਾ ਹਰ ਸੁਪਨਾ ਸਾਕਾਰ ਹੋਵੇ!

- ਪ੍ਰੀਤਮ ਲੁਧਿਆਣਵੀ

Posted By: Harjinder Sodhi