ਹਰਪ੍ਰੀਤ ਕੌਰ ਧੂਤ ਦੀ ਪਹਿਲੀ ਕਾਵਿ-ਪੁਸਤਕ ‘ਦਹਿਲੀਜ਼ ਦੇ ਆਰ-ਪਾਰ’ ’ਚੋਂ ‘ਰਿਸ਼ਤਿਆਂ ਦੀ ਦੌੜ’ ਨਾਮੀ ਕਵਿਤਾ ਸਾਂਝੀ ਕਰਕੇ ਗੱਲ ਅੱਗੇ ਕਰਦੇ ਹਾਂ। ਕਵਿਤਾ ਹੈ :-

ਰਿਸ਼ਤਿਆਂ ਦੀ ਦੌੜ ਵਿਚ

ਆਦਮੀ ਦਾ ਰੋਲ

ਇਕ ਸੱਪ ਵਰਗਾ

ਕਈ ਵਾਰ ਤਾਂ ਇਹ

ਆਹਟ ਸੁਣ ਕੇ ਹੀ

ਘਬਰਾ ਜਾਂਦਾ ਏ

ਤੇ ਕਈ ਵਾਰ

ਆਹਟ ’ਤੇ ਫ਼ਨ ਉਠਾ ਲੈਂਦਾ ਏ

ਬਹੁਤ ਵਾਰ

ਇਹ ਹੌਲੀ-ਹੌਲੀ ਤੁਰਦਾ

ਲੰਬੇ ਪੈਂਡੇ ਤੈਅ ਕਰਦਾ ਏ

ਤੇ ਕਈ ਵਾਰ ਰਾਹਾਂ ਵਿਚ ਹੀ

ਲੜਖੜਾ ਜਾਂਦਾ ਏ

ਕਈ ਵਾਰ

ਆਪਣਿਆਂ ਲਈ ਮਰ ਜਾਂਦਾ ਏ

ਤੇ ਕਈ ਵਾਰ

ਆਪਣਿਆਂ ਦੇ ਹੀ ਲੜ ਜਾਂਦਾ ਏ। (ਪੰਨਾ-29)

ਹਰਪ੍ਰੀਤ ਕੌਰ ਧੂਤ ਦੀ ਇਸ ਕਵਿਤਾ ਵਾਲੇ ਕਾਵਿ-ਸੰਗ੍ਰਹਿ ਦੀ ਭੂਮਿਕਾ ਲਿਖਦਿਆਂ ਡਾ. ਮੋਹਨ ਤਿਆਗੀ ਨੇ ਹਰਪ੍ਰੀਤ ਕੌਰ ਧੂਤ ਨੂੰ ਇਕ ਅਤਿ ਸੰਵੇਦਨਸ਼ੀਲ ਸ਼ਾਇਰਾ ਕਿਹਾ ਹੈ। ਨਿਰਸੰਦੇਹ ਕਿਸੇ ਕਵੀ/ਸ਼ਾਇਰ/ਸਾਹਿਤਕਾਰ ਦਾ ਸੰਵੇਦਨਸ਼ੀਲ ਹੋਣਾ ਸੁਭਾਵਿਕ ਹੈ ਕਿਉਕਿ ਸੰਵੇਦਨਾ ਤੋਂ ਬਿਨਾਂ ਤਾਂ ਸਿਰਜਣਾ ਹੋ ਹੀ ਨਹੀਂ ਸਕਦੀ। ਪਰ ਅਤਿ ਸੰਵੇਦਨਸ਼ੀਲ ਹੋਣਾ ਹੋਰ ਵੀ ਸੂਖਮਤਾ ਦਾ, ਡੂੰਘੀ ਅੰਤਰਦਿ੍ਰਸ਼ਟੀ ਦਾ ਲਖਾਇਕ ਹੈ। ਸੰਵੇਦਨਸ਼ੀਲਤਾ ਤੇ ਸੂਖਮਤਾ ਦੀ, ਅਹਿਸਾਸਪੱਧਰਤਾ ਤੇ ਬਰੀਕਬੀਨੀ ਦੀ ਇਕ ਆਪਸੀ ਅੰਤਰੀਵੀ ਪੀਢੀ ਗੰਢ ਜਿਹੀ ਸਾਂਝ ਹੁੰਦੀ ਹੈ ਜਿਹੜੀ ਸੰਯੋਗੀ-ਵਿਯੋਗੀ ਸਥਿਤੀਆਂ ਤੇ ਮਨੋਸਥਿਤੀਆਂ ’ਚੋਂ ਸਾਰਥਕਤਾ ਤੇ ਨਿਰਾਰਥਕਤਾ ਦਾ ਨਖੇੜ ਕਰਕੇ ਪ੍ਰਾਪਤ ਅਨੁਭਵ ਨੂੰ ਅਭਿਵਿਅਕਤ ਕਰਨ ਲਈ ਸਿਰਜਣਾ ਦਾ ਸੁਭਾਵਕ ਸਹਾਰਾ ਲੈਂਦੀ ਹੈ।

ਉਪਰੋਕਤ ਪ੍ਰਥਾਇ ਡਾ. ਮੋਹਨ ਤਿਆਗੀ ਦਾ ਪੂਰਾ ਕਥਨ ਹੈ ਕਿ ਇਸ ਕਵਿਤਾ ਦੇ ਸਮੁੱਚੇ ਪਾਠ ਵਿੱਚੋਂ ਗੁਜ਼ਰਦਿਆਂ ਇਹ ਗੱਲ ਉੱਭਰਕੇ ਸਾਹਮਣੇ ਆਉਦੀ ਹੈ ਕਿ ਹਰਪ੍ਰੀਤ ਇਕ ਅਤਿ ਸੰਵੇਦਨਸ਼ੀਲ ਸ਼ਾਇਰਾ ਹੈ ਜਿਹੜੀ ਕਿ ਆਪਣੇ ਆਲੇ-ਦੁਆਲੇ ਨੂੰ ਬਹੁਤ ਹੀ ਸੂਖਮ ਅੱਖ ਨਾਲ ਵੇਖਦੀ ਨਿਹਾਰਦੀ ਆਪਣੀ ਕਵਿਤਾ ਵਿਚ ਉਤਾਰਨ ਦਾ ਯਤਨ ਕਰਦੀ ਹੈ। ਉਸ ਦੀ ਕਵਿਤਾ ਵਿਚ ਜਿੱਥੇ ਮਾਨਵੀ ਮੁਹੱਬਤ, ਮੋਹ-ਤੇਹ ਅਤੇ ਮਨੁੱਖੀ ਸ਼ਖ਼ਸੀਅਤ ਦੇ ਵਿਰਾਟ ਪਾਸਾਰਾਂ ਨੂੰ ਭਰਵੀਂ ਅਭਿਵਿਅਕਤੀ ਮਿਲੀ ਹੈ, ਉਸ ਦੇ ਨਾਲ ਹੀ ਵੱਖ-ਵੱਖ ਸਮਾਜਿਕ ਸਰੋਕਾਰਾਂ ਦਾ ਵੀ ਭਰਵਾਂ ਕਾਵਿ-ਚਿਤਰਣ ਹੋਇਆ ਹੈ। ਹਰਪ੍ਰੀਤ ਕੌਰ ਧੂਤ ਦੀ ਕਾਵਿਕ-ਮਹੀਨਤਾ ਉਸ ਦੀਆਂ ਬਹੁਤੀਆਂ ਕਵਿਤਾਵਾਂ ਵਿੱਚੋਂ ਮੂੰਹੋਂ ਬੋਲਦੀ ਹੈ। ਉਸ ਦੀ ਅਨੁਭਵੀ ਦਿ੍ਰਸ਼ਟੀ ਅਤੇ ਵਿਗਿਆਨਕ ਦਿ੍ਰਸ਼ਟੀਕੋਣ ਇਸ ਨੂੰ ਚਾਰ ਚੰਨ ਲਾਉਦੇ ਹਨ ਤੇ ਸ਼ਾਇਰਾ ਦੀ ਕਲਮ ਤੋਂ ਉਹ ਗੱਲਾਂ ਲਿਖਵਾਉਦੇ ਹਨ ਜਿਹੜੀਆਂ ਅੱਗੋਂ ਪੜ੍ਹਨ-ਸੁਣਨ ਵਾਲਿਆਂ ਦੇ ਮਨ ਨੂੰ ਭਾਉਦੀਆਂ ਹਨ। ਹਰਪ੍ਰੀਤ ਦੀ ‘ਸ਼ਾਇਰੀ’ ਨਾਂ ਦੀ ਕਾਵਿ-ਰਚਨਾ ’ਚੋਂ ਵੀ ਇੱਥੇ ਕੁਝ ਅੰਸ਼ ਗੌਰ ਦੇ ਕਾਬਲ ਹਨ :-

ਸ਼ਾਇਰੀ ਤਾਂ ਹੁੰਦੀ ਹੈ

ਸ਼ਾਇਰ ਦਾ ਗਹਿਣਾ

ਸ਼ਬਦਾਂ ਦੀ ਦਰਗਾਹ ’ਤੇ

ਸਿਰ ਨੂੰ ਝੁਕਾਉਣਾ

ਅੱਖਰਾਂ ਦੇ ਮੋਤੀਆਂ ਨੂੰ

ਮਾਲਾ ’ਚ ਪਰੋਣਾ

ਆਪੇ ਹੀ ਹੱਸਣਾ ਤੇ ਆਪੇ ਹੀ ਰੋਣਾ

ਹਰਪ੍ਰੀਤ ਕੌਰ ਧੂਤ ਦੀਆਂ ਹੁਣ ਤਕ ਤਿੰਨ ਪੁਸਤਕਾਂ ਪਾਠਕਾਂ ਦੇ ਹੱਥਾਂ ’ਚ ਪੁੱਜੀਆਂ ਹਨ। ‘ਦਹਿਲੀਜ਼ ਦੇ ਆਰ-ਪਾਰ’ ਤੋਂ ਬਾਅਦ ‘ਉਹ ਹੁਣ ਚੱੁਪ ਨਹੀਂ’ ਤੇ ‘ਪਾਸ਼, ਪ੍ਰੀਤ ਤੇ ਸੁਪਨੇ’ ਪਾਠਕਾਂ ਦੇ ਅਧਿਐਨ ਦਾ ਹਿੱਸਾ ਬਣੀਆਂ ਹਨ। ‘ਉਹ ਹੁਣ ਚੱੁਪ ਨਹੀਂ’ 192 ਪੰਨਿਆਂ ਦੀ ਕਾਵਿ-ਪੁਸਤਕ ਹੈ। ਇਹ ਉਨ੍ਹਾਂ ਔਰਤਾਂ ਨੂੰ ਸਮਰਪਿਤ ਹੈ ਜਿਹੜੀਆਂ ਸਦੀਆਂ ਤੋਂ ਰਸਮਾਂ-ਰਿਵਾਜ਼ਾਂ ਤੇ ਧਰਮਾਂ ਦੇ ਨਾਂ ’ਤੇ ਲਤਾੜੀਆਂ ਗਈਆਂ ਹਨ, ਜੋ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਹੱਕ-ਸੱਚ ਦੀ ਲੜਾਈ ਲੜ ਰਹੀਆਂ ਹਨ। ਇਸ ਪੁਸਤਕ ਵਿਚ ਇਕ ਨਿਵੇਕਲੀ ਕਿਸਮ ਦਾ ਅਰਥ ਭਰਪੂਰ ਨਾਰੀ ਪ੍ਰਵਚਨ ਉਸਰਿਆ ਨਜ਼ਰ ਆਉਦਾ ਹੈ। ਔੌਰਤ ਦੀ ਜਥੇਬੰਦਕ ਚੇਤਨਾ ਦਾ ਚਿਤਰਣ ਵੀ ਭਾਵਪੂਰਤ ਅੰਦਾਜ਼ ’ਚ ਹੋਇਆ ਹੈ। ਆਵਾਸ-ਪਰਵਾਸ ਦਾ ਇਕ ਵਿਸ਼ਾਲ ਕੈਨਵਸ ਵੀ ਕਿਸੇ ਹੱਦ ਤਕ ਆਧਾਰਸ਼ਿਲਾ ਦਾ ਕਾਰਜ ਕਰਦਾ ਹੈ। ਉਂਜ ਹਰਪ੍ਰੀਤ ਕੌਰ ਧੂਤ ਦੀ ਸਮੁੱਚੀ ਕਵਿਤਾ ਬਾਰੇ ਵੀ ਵਿਦਵਾਨ ਸੱਜਣ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ‘ਇਹ ਕਵਿਤਾ ਮਾਨਵੀ ਜੀਵਨ ਦੇ ਬਹੁਪੱਖੀ ਪਾਸਾਰਾਂ ਨਾਲ ਜੁੜੀ ਹੋਈ ਹੈ। ਉਹ ਆਪਣੀ ਕਵਿਤਾ ਵਿਚ ਜਿੱਥੇ ਪਿਆਰ ਮੁਹੱਬਤ ਦਾ ਸੁਪਨਈ ਤੇ ਆਦਰਸ਼ ਸੰਸਾਰ ਸਿਰਜਣ ਲਈ ਚਾਹਵਾਨ ਹੈ, ਉਸ ਦੇ ਨਾਲ ਹੀ ਜ਼ਿੰਦਗੀ ਦੀਆਂ ਠੋਸ ਹਕੀਕਤਾਂ ਦੇ ਰੂਬਰੂ ਵੀ ਹੁੰਦੀ ਹੈ। ਇਹੀ ਕਾਰਨ ਹੈ ਕਿ ਉਹ ਕਵਿਤਾ ਦੇ ਸ਼ਹਿਰ ਵਿਚ ਸੁਪਨੇ ਖ਼ਰੀਦਣ ਲਈ ਨਹੀਂ ਨਿਕਲਦੀ ਸਗੋਂ ਸਵੈ ਦੀ ਤਲਾਸ਼ ਲਈ ਜੱਦੋਜਹਿਦ ਕਰਦੀ ਨਜ਼ਰ ਆਉਦੀ ਹੈ। ਇਸ ਕਾਰਜ ਲਈ ਉਸ ਦੀ ਕਵਿਤਾ ਸੰਵਾਦ ਦੀ ਸ਼ਕਤੀਸ਼ਾਲੀ ਜੁਗਤ ਅਪਣਾਉਂਦੀ ਹੈ।

ਹਰਪ੍ਰੀਤ ਕੌਰ ਧੂਤ ਦਾ ਜਨਮ ਮਾਤਾ ਗਿਆਨ ਸੁਰਜੀਤ ਕੌਰ ਧਾਮੀ ਤੇ ਪਿਤਾ ਮਾਸਟਰ ਦੀਦਾਰ ਸਿੰਘ ਧਾਮੀ ਦੇ ਘਰ ਹੁਸ਼ਿਆਰਪੁਰ ਵਿਖੇ ਹੋਇਆ। ਹਰਪ੍ਰੀਤ ਕੌਰ ਧੂਤ ਦਾ ਹੁਣ ਵਾਸਾ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਵਿਚਲੇ ਸ਼ਹਿਰ ਸਟਾਕਟਨ ਵਿਚ ਹੈ। ਹਰਪ੍ਰੀਤ ਕੌਰ ਧੂਤ ਨਾਲ ਹੋਏ ਵਿਚਾਰ ਵਟਾਂਦਰੇ ’ਚੋਂ ਉਸ ਵੱਲੋਂ ਕੁਝ ਅੰਸ਼ ਵੀ ਇਥੇ ਹਾਜ਼ਰ ਹਨ:-

ਮੇਰੇ ਲਈ ਤਾਂ ਪੰਜਾਬੀ ਸਾਹਿਤ ਜਿਸ ਵਿਚ ਬੁੱਲੇ ਸ਼ਾਹ, ਬਾਬਾ ਫ਼ਰੀਦ ਨੇ ਲਿਖਿਆ ਹੋਵੇ, ਉਹ ਦੁਨੀਆ ਦਾ ਸਭ ਤੋਂ ਅਮੀਰ ਸਾਹਿਤ ਹੈ।

ਮੈਂ ਪਿਛਲੇ 24 ਸਾਲ ਤੋਂ ਅਮਰੀਕਾ ਵਿਚ ਰਹਿ ਰਹੀ ਹਾਂ। ਮੈਂ ਸਭ ਤੋਂ ਪਹਿਲਾਂ 2002 ਦੇ ਵਿਚ ਪੰਜਾਬੀ ਮੰਚ ਸਿਆਟਲ ਨਾਲ ਜੁੜੀ ਸੀ ਜਿਸ ਦੇ ਫਾਊਂਡਰ ਅਮਰੀਕ ਸਿੰਘ ਕੰਗ ਨੇ ਤੇ ਅੱਜ ਵੀ ਉਹੀ ਬਹੁਤ ਸਫ਼ਲਤਾ ਨਾਲ ਚਲਾ ਰਹੇ ਹਨ। 2004 ਦੇ ਵਿਚ ਕੈਲੇਫੋਰਨੀਆ ਮੂਵ ਹੋ ਗਈ ਤੇ 2010 ਦੇ ਵਿਚ ਸਟਾਕਟਨ ਸਾਹਿਤ ਸਭਾ ਜਿਸ ਦੇ ਪ੍ਰਧਾਨ ਹਰਜਿੰਦਰ ਪੰਧੇਰ ਸਨ ਤੇ ਪ੍ਰੋ. ਹਰਭਜਨ ਰਹਿਨੁਮਾਈ ਕਰਦੇ ਸਨ, ਦੇ ਨਾਲ ਜੁੜ ਗਈ ਸੀ।

ਬੇਅ ਏਰੀਆ ਦੀ ਸਾਹਿਤ ਸਭਾ ਵਿਪਸਾ ਜੋ ਕਿ ਸੁਖਵਿੰਦਰ ਕੰਬੋਜ ਤੇ ਗ਼ਜ਼ਲਗੋ ਕੁਲਵਿੰਦਰ ਦੀ ਰਹਿਨੁਮਾਈ ਹੇਠ ਚੱਲ ਰਹੀ ਹੈ, ਦੀ ਵੀ ਮੈਂ ਮੈਂਬਰ ਹਾਂ। 2017 ਤੋਂ 2019 ਦੇ ਵਿਚ ਹੋਂਦ ਵਿਚ ਆਈ ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ ਆਫ਼ ਕੈਲੇਫੋਰਨੀਆ ਜੋ ਕਿ ਗੀਤਕਾਰ ਤੇ ਕਵੀ ਕੁਲਵੰਤ ਸਿੰਘ ਸੇਖੋਂ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ, ਦੀ ਮੈਂ ਸਹਾਇਕ ਸਕੱਤਰ ਹਾਂ।

ਸਾਹਿਤ ਸਿਰਜਣਾ ਵਾਲੇ ਪਾਸੇ ਨੌਜਵਾਨਾਂ ਦਾ ਘੱਟ ਜੁੜਨ ਦਾ ਕਾਰਨ ਮੈਨੂੰ ਲਗਦਾ ਹੈ ਕਿ ਸਮੇਂ ਦੀ ਘਾਟ ਦਾ ਹੋਣਾ ਹੈ ਜੋ ਕਿ ਉਨ੍ਹਾਂ ਦੀ ਮਜਬੂਰੀ ਬਣ ਜਾਂਦਾ ਹੈ ਕਿਉਕਿ ਇਨ੍ਹਾਂ ਦੇਸ਼ਾਂ ਵਿਚ ਆ ਕੇ ਹੋਰ ਬਹੁਤ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਨ।

ਪੰਜਾਬੀ ਵਿਚ ਹਰ ਲਿਖਣ ਤੇ ਪੜ੍ਹਨ ਵਾਲੇ ਨੂੰ ਸ਼ੁੱਭ ਇੱਛਾਵਾਂ ਨੇ ਮੇਰੇ ਵੱਲੋਂ।

ਨਿਰਸੰਦੇਹ ਇਕ ਅਤਿ ਸੰਵੇਦਨਸ਼ੀਲ ਸ਼ਾਇਰਾ ਹਰਪ੍ਰੀਤ ਕੌਰ ਧੂਤ ਦੀ ਕਲਮ ਨਿਰੰਤਰ ਕਾਵਿ-ਕੀਰਤੀ ਪ੍ਰਾਪਤ ਕਰ ਰਹੀ ਹੈ। ਆਉਦੇ ਸਮੇਂ ਵਿਚ ਇਸ ਕਲਮ ਤੋਂ ਦੇਸ਼-ਪ੍ਰਦੇਸ ਦੇ ਪੰਜਾਬੀ ਕਾਵਿ-ਜਗਤ ਨੂੰ ਹੋਰ ਵੀ ਚੰਗੀਆਂ ਉਮੀਦਾਂ ਹਨ।

- ਹਰਮੀਤ ਸਿੰਘ ਅਟਵਾਲ

Posted By: Harjinder Sodhi