ਮੈਂ ਕੌਣ ਹਾਂ / ਅਫ਼ਜ਼ਲ ਤੌਸੀਫ਼


ਮੈਂ ਕੌਣ ਹਾਂ?

ਸੱਚ ਪੁੱਛੋ ਤਾਂ ਉਹੀ ਹਾਂ

ਜਿਹਨੇ ਤਾਰੀਖ ਆਬਾਦ ਕੀਤੀ

ਤੇ ਜ਼ਬਾਨ ਨੂੰ ਆਬਾਦ ਕੀਤਾ...

ਬੋਲਣਾ ਸਮਝਣਾ ਮੇਰਾ ਹੁਕਮ ਹੋਇਆ

ਤਾਂ ਮੈ ਪੱਤੇ-ਪੱਤੇ ਨੂੰ ਜ਼ਬਾਨ ਬਣਾ ਦਿੱਤਾ...

ਮੁਸ਼ੱਕਤ ਮੇਰੀ ਜ਼ਰੂਰਤ ਬਣੀ

ਤਾਂ ਮੈਂ ਜ਼ਮੀਨ ਦੀ ਤਲੀ ਉੱਤੇ

ਮਿਹਨਤ ਦੀਆਂ ਲੀਕਾਂ ਵਾਹ ਦਿੱਤੀਆਂ

ਮੇਰੀਆਂ ਅੱਖਾਂ ਵਿਚ ਸੂਰਜ ਵੇਖਣ ਦੀ ਤਾਬ ਆਈ

ਤਾਂ ਮੈਂ ਅਸਮਾਨ ਦੇ ਤਾਰੇ-ਤਾਰੇ ਉੱਤੇ ਕਮੰਦ ਪਾ ਦਿੱਤੀ

ਤੇ ਮੁਹੱਬਤ ਮੇਰੇ ਦਿਲ ਦੀ ਸ਼ੈਅ ਬਣੀ

ਤਾਂ ਮੈਂ ਮਹਿਕ ਵੰਡੀ, ਕਿਸ-ਕਿਸ ਨੂੰ -

ਪੱਥਰ ਨੂੰ, ਜ਼ੱਰੇ ਨੂੰ ਤੇ ਫੁੱਲ ਨੂੰ -

ਮੇਰਾ ਹਾਸਿਲ ਜ਼ਮੀਨ ਨੂੰ ਆਬਾਦ ਕਰਨਾ ਹੀ ਸੀ

ਇਸ ਲਈ ਜੁਗ-ਜੁਗ ਵਿਚ

ਮੇਰੀਆਂ ਨਸਲਾਂ ਆਬਾਦ ਹੋਈਆਂ

ਅੱਜ ਪਿਛਾਂਹ ਪਲਟ ਕੇ ਵੇਖਾਂ

ਤਾਂ ਵੇਖ ਸਕਦੀ ਹਾਂ

ਸਭ ਨੂੰ ਪਹਿਚਾਣ ਸਕਦੀ ਹਾਂ

ਮਸ਼ਰਕ, ਮਗਰਬ ਦੀਆਂ ਦਿਸ਼ਾਆਂ

ਇਹ ਪਹਿਚਾਣ ਵੀ ਮੈਂ ਦਿੱਤੀ ਸੀ

ਪਰ ਅੱਜ ਮੈਂ

ਖ਼ੁਦ ਆਪਣੀ ਪਹਿਚਾਣ ਲਈ ਬੇ-ਵਸੀਲਾ ਹਾਂ...

ਅਮਾਨਤ ਦਾ ਜ਼ੋਰੀਂ ਰੱਖਿਆ ਹੋਇਆ ਮਾਲ ਹਾਂ...

ਮੇਰੀ ਜ਼ਮੀਨ ਉੱਤੇ ਬਾਰੂਦ ਦੇ ਢੇਰ ਹਨ

ਗੋਲ ਗਰਨੇਡ ਤੇ ਬੰਦੂਕਾਂ

ਮੇਰੇ ਗਿਰਦ ਘੇਰਾ ਪਾਈ ਤਣੇ ਹਨ

ਮੈਨੂੰ ਡਰ ਹੈ -

ਕਿ ਅਮਨ ਦੀ ਤਸਵੀਰ ਟੁੱਟ ਚੁੱਕੀ ਹੈ

ਤੇ ਹੁਣ ਤਕ ਆਜ਼ਾਦੀ ਦਾ ਇਕ ਲਫ਼ਜ਼ ਵੀ

ਮੇਰੇ ਨਾਂ ਨਹੀਂ ਲਿਖਿਆ ਗਿਆ...


(ਨਾਗਮਣੀ, ਅੰਕ 286, ਫਰਵਰੀ 1990)

Posted By: Harjinder Sodhi