ਅੰਮ੍ਰਿਤਾ ਪ੍ਰੀਤਮ ਦੇ ਸਾਹਿਤਕ ਰਸਾਲੇ 'ਨਾਗਮਣੀ' 'ਚ ਪ੍ਰਕਾਸ਼ਿਤ ਬਹੁਤ ਸਾਰੀਆਂ ਰਚਨਾਵਾਂ ਅਜਿਹੀਆਂ ਹਨ ਜੋ ਕਾਲ ਤੋਂ ਪਰ੍ਹੇ ਹਨ ਤੇ ਅੱਜ ਵੀ ਉਨ੍ਹਾਂ ਵਿਚਲਾ ਯਥਾਰਥ ਸਮਾਜ ਸਾਹਮਣੇ ਅਨੇਕਾਂ ਸਵਾਲ ਖੜ੍ਹੇ ਕਰਦਾ ਹੈ...

ਲਾਸ਼ / ਰਾਹੀ ਮਾਸੂਮ ਰਜ਼ਾ

ਲਾਸ਼ !

ਇਹ ਲਫ਼ਜ਼ ਕਿੰਨਾ ਘਿਨਾਉਣਾ ਹੈ!

ਆਦਮੀ ਆਪਣੀ ਮੌਤ ਨਾਲ

ਆਪਣੇ ਘਰ ਵਿਚ

ਆਪਣੇ ਬਾਲ ਬੱਚਿਆਂ ਦੇ ਸਾਹਮਣੇ ਮਰਦਾ ਹੈ

ਤਾਂ ਵੀ ਉਸ ਆਤਮਾ-ਹੀਣ ਸਰੀਰ ਨੂੰ ਲਾਸ਼ ਕਹਿੰਦੇ ਹਨ।

ਤੇ ਆਦਮੀ ਜਦੋਂ ਸੜਕ ਉੱਤੇ

ਫਸਾਦੀਆਂ ਦੇ ਹੱਥੋਂ ਮਾਰਿਆ ਜਾਂਦਾ ਹੈ -

ਉਦੋਂ ਵੀ ਉਸ ਆਤਮਾ-ਹੀਣ ਸਰੀਰ ਨੂੰ

ਲਾਸ਼ ਹੀ ਕਹਿੰਦੇ ਹਨ।

ਭਾਸ਼ਾ ਕਿੰਨੀ ਗ਼ਰੀਬ ਹੁੰਦੀ ਹੈ !

ਲਫ਼ਜ਼ਾਂ ਦਾ ਕਿਹਾ ਜ਼ਬਰਦਸਤ ਕਾਲ ਹੈ !

ਕਿੱਡੀ ਸ਼ਰਮ ਦੀ ਗੱਲ ਹੈ ਕਿ

ਅਸੀਂ ਘਰ ਵਿਚ ਮਰਨ ਵਾਲੇ

ਤੇ ਫਸਾਦਾਂ ਵਿਚ ਮਾਰੇ ਜਾਣ ਵਾਲੇ ਵਿਚ

ਫ਼ਰਕ ਨਹੀਂ ਕਰ ਸਕਦੇ

ਜਦੋਂਕਿ ਘਰ ਵਿਚ ਸਿਰਫ਼ ਇਕ ਵਿਅਕਤੀ ਮਰਦਾ ਹੈ

ਤੇ ਫਸਾਦੀਆਂ ਦੇ ਹੱਥੋਂ -

ਪਰੰਪਰਾ ਮਰਦੀ ਹੈ, ਸੱਭਿਅਤਾ ਮਰਦੀ ਹੈ,

ਇਤਿਹਾਸ ਮਰਦਾ ਹੈ

ਕਬੀਰ ਦੇ ਰਾਮ ਦੀ ਬਹੁਰੀਆ ਮਰਦੀ ਹੈ

ਜਾਯਸੀ ਦੀ ਪਦਮਾਵਤੀ ਮਰਦੀ ਹੈ

ਕੁਤਬਨ ਦੀ ਮ੍ਰਿਗਾਵਤੀ ਮਰਦੀ ਹੈ

ਸੂਰ ਦੀ ਰਾਧਾ ਮਰਦੀ ਹੈ

ਵਾਰਿਸ ਦੀ ਹੀਰ ਮਰਦੀ ਹੈ...

(ਨਾਗਮਣੀ, ਅੰਕ 226, ਫਰਵਰੀ 1985)

Posted By: Harjinder Sodhi