ਬਲਦੇਵ ਸਿੰਘ 'ਬੱਦਨ' - ਸੁਲੱਖਣ ਸਰਹੱਦੀ ਸਾਡੇ ਸਮਿਆਂ ਦਾ ਸੁਹਿਰਦ, ਸਮਰੱਥਾਵਾਨ ਅਤੇ ਵੱਡੇ ਕੱਦ ਬੁੱਤ ਦਾ ਸਾਹਿਤਕਾਰ ਅਤੇ ਪ੍ਰਸਿੱਧ ਉਸਤਾਦ ਸ਼ਾਇਰ ਹੈ। ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਉਸ ਨੇ ਨਵੀਆਂ ਲੀਹਾਂ ਪਾਈਆਂ ਹਨ। ਗ਼ਜ਼ਲ ਨੂੰ ਜਿਨ੍ਹਾਂ ਗ਼ਜ਼ਲ-ਚਿੰਤਕਾਂ ਨੇ ਉਰਦੂ-ਫ਼ਾਰਸੀ ਦੀ ਘੇਰਾਬੰਦੀ ਅਤੇ ਲਖਨਵੀ-ਦਿਹਲਵੀ ਹਵੇਲੀਆਂ 'ਚੋਂ ਮੁਕਤ ਕਰਵਾ ਕੇ ਪੰਜਾਬ ਦੇ ਜਨ ਜਨ ਤਕ ਪਹੁੰਚਾਇਆ, ਉਨ੍ਹਾਂ ਵਿਦਵਾਨਾਂ ਵਿਚ ਸਰਹੱਦੀ ਦਾ ਨਾਂ ਸਰੇ ਫਰਿਸਤ ਹੈ। ਪੰਜਾਬੀ ਗ਼ਜ਼ਲ ਨੂੰ ਸਰਹੱਦੀ ਨੇ ਉਸਦੀ ਆਪਣੀ ਅਤੇ ਪੰਜਾਬੀ ਲਹਿਜੇ ਦੀ ਵਿਆਕਰਨ ਦਿੱਤੀ। ਗ਼ਜ਼ਲ ਨਾਲੋਂ ਉਸ ਨੇ ਅਨੇਕਾਂ ਫਾਲਤੂ ਰੂੜ੍ਹੀਆਂ ਝਾੜ ਕੇ ਪੰਜਾਬੀ ਕਾਵਿ-ਮੁਖੀ ਪਰਿਭਾਸ਼ਾ ਦਿੱਤੀ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਰਹੱਦੀ ਦਾ ਲਿਖਿਆ ਗ੍ਰੰਥ 'ਪਿੰਗਲ ਅਤੇ ਅਰੂਜ ਸੰਦਰਭ ਕੋਸ਼' ਆਪ ਪ੍ਰਕਾਸ਼ਿਤ ਕੀਤਾ। ਇਸ ਦੋ-ਧਰੁਵੀ ਕਾਵਿ ਗਿਆਨ ਨੂੰ ਸੰਸਾਰ ਭਰ ਵਿਚ ਪਹਿਲੀ ਵੇਰ ਸਰਹੱਦੀ ਦੇ ਗ੍ਰੰਥ ਨਾਲ ਹੀ ਭਾਸ਼ਾਈ ਮਜ਼੍ਹਬੀ ਹੱਦਾਂ-ਸਰਹੱਦਾਂ ਤੋਂ ਨਿਜ਼ਾਤ ਮਿਲੀ। 850 ਸਫ਼ੇ ਦੇ ਇਸ ਗ੍ਰੰਥ ਨੇ ਪੰਜਾਬੀ ਨੂੰ ਉਰਦੂ-ਫ਼ਾਰਸੀ ਦੀ ਮੁਥਾਜੀ 'ਚੋਂ ਕੱਢ ਦਿੱਤਾ। ਸਰਹੱਦੀ ਨੇ ਗ਼ਜ਼ਲ ਤਕਨੀਕ ਉੱਤੇ ਦਰਜਨ ਭਰ ਵੱਡੀਆਂ ਪੁਸਤਕਾਂ ਪ੍ਰਕਾਸ਼ਿਤ ਕਰਵਾ ਕੇ ਗੁਰਮੁਖੀ ਪੰਜਾਬੀ ਜਾਣਦੇ ਗ਼ਜ਼ਲ ਚਿੰਤਕਾਂ ਨੂੰ ਦੇਸੀ ਗਿਆਨ ਭੰਡਾਰ ਦਿੱਤਾ।

ਸਾਡੇ ਇਸ ਸਾਹਿਤਕਾਰ ਨੇ 50 ਤੋਂ ਵਧੇਰੇ ਗ੍ਰੰਥਾਂ ਵਰਗੀਆਂ ਪੁਸਤਕਾਂ ਲਿਖ ਕੇ ਸਾਬਤ ਕੀਤਾ ਕਿ ਤੁਹਾਡੇ ਕੋਲ ਇੱਛਿਆ ਸ਼ਕਤੀ ਹੋਵੇ ਤਾਂ ਸਫਲਤਾ ਦੇ ਦਰਿਆ ਤੁਹਾਡੀ ਪਿਆਸ ਮਿਟਾਣ ਲਈ ਖ਼ੁਦ ਚਲ ਕੇ ਆਉਂਦੇ ਨੇ। ਉਸ ਨੇ ਸਾਹਿਤ ਵਿਚ ਇਕ ਨਹੀਂ ਕਈ ਸਾਰੇ ਅਟੁੱਟ ਕੀਰਤੀਮਾਨ ਸਥਾਪਤ ਕਰ ਕੇ ਵੀ ਆਪਣੀ ਨਿਰਮਾਣਤਾ ਨੂੰ ਜਰਬ ਨਹੀਂ ਆਉਣ ਦਿੱਤੀ। ਉਸ ਸੰਸਥਾ ਵਰਗੇ ਅਤੇ ਕਿਸੇ ਮੈਦਾਨੀ ਦਰਿਆ ਵਾਂਗ ਚੁੱਪ-ਚਾਪ ਵਹਿੰਦੇ ਦਰਿਆ ਨੂੰ ਮੈਂ ਕੁਝ ਪ੍ਰਸ਼ਨ ਕੀਤੇ ਸਨ ਜਿਨ੍ਹਾਂ ਦੇ ਉੱਤਰ ਇਨ੍ਹਾਂ ਕਾਲਮਾਂ ਵਿਚ ਹਾਜ਼ਰ ਹਨ :

ਸਰਹੱਦੀ ਜੀ ਆਪਣੇ ਜੀਵਨ ਦੀਆਂ ਉਹ ਘਟਨਾਵਾਂ ਪਾਠਕਾਂ ਨਾਲ ਸਾਂਝੀਆਂ ਕਰੋ ਜਿਨ੍ਹਾਂ ਨੇ ਤੁਹਾਨੂੰ ਸਾਹਿਤਕ ਜੀਵਨ ਪ੍ਰਦਾਨ ਕੀਤਾ?

ਬੱਦਨ ਜੀ ਮੈਂ ਪਿੰਡ ਕੁਹਾੜ, ਜ਼ਿਲ੍ਹਾ ਗੁਰਦਾਸਪੁਰ ਵਿਖੇ ਨਿੱਕੇ ਤੇ ਗ਼ਰੀਬ ਕਿਸਾਨ ਦੇ ਘਰ ਵਿਚ ਪੰਜਵਾਂ ਵਾਧੂ ਜਿਹਾ ਨੰਗ ਧੜੰਗਾ ਬਾਲਕ ਸਾਂ। ਰਾਤ ਦਿਨੇ ਆਵਾਰਾ। ਮੇਰਾ ਜਨਮ ਪਾਕਿਸਤਾਨ ਬਣਨ ਦੇ ਨੇੜੇ-ਤੇੜੇ ਹੋਇਆ। ਵੰਡ ਸਮੇਂ ਸਾਡੇ ਪਿੰਡੀਂ ਵੱਡੇ ਦੁਖਾਂਤ ਭਰੇ ਫਿਰਕੂ ਦੰਗੇ ਹੋਏ। ਤਹਿਸੀਲ ਗੁਰਦਾਸਪੁਰ ਬਾਰੇ ਸਪੱਸ਼ਟ ਨਹੀਂ ਸੀ ਕਿ ਇਹ ਪਾਕਿਸਤਾਨ ਵਿਚ ਜਾਵੇਗੀ ਜਾਂ ਭਾਰਤ ਵਿਚ ਰਹੇਗੀ। ਸਾਡੇ ਲਾਗੇ ਹੀ ਕਸਬਾ ਕਾਦੀਆਂ ਵਿਖੇ ਅਹਿਮਦੀ ਮੁਸਲਮਾਨਾਂ ਦਾ ਪੈਗੰਬਰ ਸੀ। ਸਾਡੇ ਲਾਗੇ-ਲਾਗੇ ਪਿੰਡਾਂ ਵਿਚ ਅੱਧੇ-ਅੱਧੇ ਜੱਟ ਮੁਸਲਮਾਨ ਹੋ ਗਏ ਸਨ। ਸਾਡੇ ਲਾਗੇ ਲਾਗੇ ਹਜ਼ਾਰਾਂ ਕਤਲ ਹੋਏ। ਮੁਸਲਮਾਨ ਕੁੜੀਆਂ ਲੁੱਟ ਲਈਆਂ। ਅਪਰ ਬਾਰੀ ਦੁਆਬ (ਕਸੂਰ ਬ੍ਰਾਂਚ) ਲਾਸ਼ਾਂ ਨਾਲ ਭਰ ਗਈ। ਮਾਂ ਦੀਆਂ ਕਈ ਸਹੇਲੀਆਂ ਅਤੇ ਮੇਰੇ ਬਾਪ ਦੇ ਭਰਾਵਾਂ ਵਰਗੇ ਯਾਰ ਵੱਢੇ/ਵਿੱਛੜ ਗਏ। ਮੇਰੀ ਮਾਂ ਸਾਨੂੰ ਇਹ ਕਹਾਣੀਆਂ ਸੁਣਾਉਂਦੀ ਤਾਂ ਮੈਨੂੰ ਧਰਮਾਂ-ਮਜ਼ਹਬਾਂ ਨਾਲ ਨਫ਼ਰਤ ਹੋਣ ਲਗਦੀ। ਸਾਡਾ ਪਿੰਡ ਬਹੁਤ ਪੱਛੜਿਆ ਹੋਇਆ ਸੀ। ਨਾ ਸੜਕ, ਨਾ ਬਿਜਲੀ, ਨਾ ਹਸਪਤਾਲ ਅਤੇ ਨਾ ਸਕੂਲ। 1954 ਵਿਚ ਜਦ ਮੈਂ 8 ਸਾਲ ਦਾ ਸਾਂ ਤਦ ਸਰਕਾਰ ਨੇ ਸਾਡੇ ਪਿੰਡ ਵੀ ਇਕ ਸਰਕਾਰੀ ਅਧਿਆਪਕ ਭੇਜ ਦਿੱਤਾ। ਜਿਸ ਦਾ ਭਲਾ ਹੋਵੇ ਕਿ ਉਸ ਨੇ ਇਕ ਖੋਲ਼ੇ ਵਿਚ ਸਕੂਲ ਖੋਲ੍ਹ ਦਿੱਤਾ। ਮੈਨੂੰ ਮਾਂ ਨੇ ਸਭ ਤੋਂ ਪਹਿਲਾਂ ਓਥੇ ਦਾਖ਼ਲ ਕਰਵਾਇਆ। ਜੇ ਸਾਲ ਕੁ ਹੋਰ ਸਕੂਲ ਨਾ ਖੁਲ੍ਹਦਾ ਤਾਂ ਬਾਪ ਨੇ ਜੰਘੀ ਲਾ ਲੈਣਾ ਸੀ। ਫਿਰ ਮੈਂ 'ਸਾਹਿਤਕਾਰ ਸਰਹੱਦੀ' ਨਹੀਂ ਸੀ ਹੋਣਾ, 'ਸੂਬੇਦਾਰ ਸਰਹੱਦੀ' ਹੋਣਾ ਸੀ ਜਾਂ ਫਿਰ ਸ਼ਹੀਦ..। ਗ਼ਰੀਬੀ ਕਾਰਨ ਮੈਨੂੰ ਨੌਵੀਂ ਪਾਸ ਕਰਦਿਆਂ, ਜਦੋਂ ਕਿ ਮੈਂ ਅਜੇ ਸਾਢੇ 17 ਸਾਲ ਦਾ ਸਾਂ, ਭਰਤੀ ਹੋਣਾ ਪਿਆ। ਮੈਂ ਨੰਗੇ ਪੈਰੀਂ ਗਿਆਰਾਂ ਕਿਲੋਮੀਟਰ ਦੂਰ ਵਾਲੇ ਸਰਕਾਰੀ ਸਕੂਲ ਪੜ੍ਹਦਾ ਸਾਂ ਤੇ ਮੇਰੇ ਕੋਲ ਇਕ ਪਜਾਮਾ ਤੇ ਇਕ ਹੀ ਕੁੜਤਾ ਸੀ। ਦਸਤਾਰ ਮੈਂ ਨਾਨਕੇ ਜਾਂਦਿਆਂ ਬਟਾਲੇ ਤੋਂ ਰੈਗ਼ਜ਼ ਤੋਂ ਇਕ ਪੁਰਾਣੀ ਸਾੜ੍ਹੀ ਖ੍ਰੀਦ ਕੇ ਬਣਾਈ ਸੀ। ਮੇਰਾ ਮਾਮਾ ਪੁਰਾਣੀ ਮੈਟ੍ਰਿਕ ਪਾਸ ਸੀ ਉਹ ਪਟਵਾਰ ਇਸ ਲਈ ਛੱਡ ਆਇਆ ਕਿਉਂਕਿ ਉਹ ਵੱਢੀ ਦੇ ਖ਼ਿਲਾਫ਼ ਸੀ। ਉਹ ਕਵੀ ਸੀ। ਮਾਂ ਉਸ ਦੀਆਂ ਜਦ ਕਵਿਤਾਵਾਂ ਸੁਣਾਉਂਦੀ ਤਾਂ ਮੈਨੂੰ ਵੀ ਕਵੀ ਬਣਨ ਦੀ ਰੀਝ ਉਪਜਦੀ। ਫ਼ੌਜ ਵਿਚ ਮੈਂ 10 ਸਾਲ ਸੀਮਾ ਉੱਤੇ ਬੰਦੂਕ ਨਾਲ ਸੇਵਾ ਕੀਤੀ। ਸਾਢੇ ਅਠਾਰਾਂ ਸਾਲ ਦੀ ਉਮਰੇ ਮੇਰਾ ਵਿਆਹ ਹੋ ਗਿਆ। ਮੈਨੂੰ ਘਰ ਵਾਲੀ ਬੜੀ ਯਾਦ ਆਇਆ ਕਰੇ। ਮੈਂ ਉਸ ਦੇ ਪਿਆਰ ਦੇ ਗੀਤ ਲਿਖਦਾ, ਮੁੰਡੇ ਗਾਉਂਦੇ। ਮੈਂ ਸੰਨ 1965 ਤੇ 1971 ਦੀਆਂ ਲੜਾਈਆਂ ਲੜੀਆਂ। ਹਜ਼ਾਰਾਂ ਸਾਥੀ ਮਰਦੇ ਵੇਖੇ। ਜੰਗ ਤੋਂ ਘੋਰ ਨਫ਼ਰਤ ਹੋਈ। ਮੈਂ ਚਾਹੁੰਦਾ ਸਾਂ ਕਿ ਮੈਂ ਆਪਣੀ ਘਰ ਵਾਲੀ ਕੋਲ ਰਹਾਂ। ਉਸ ਦੇ ਪਿਆਰ ਨੇ ਪ੍ਰਾਈਵੇਟ ਪੜ੍ਹਨ ਲਈ ਪ੍ਰੇਰਿਆ ਤੇ ਮੈਂ 1972 ਵਿਚ ਪੰਜਾਬੀ ਮਾਸਟਰ ਬਣ ਕੇ ਕਾਦੀਆਂ ਦੇ ਮੁਸਲਮਾਨਾਂ ਦੇ ਸਕੂਲੇ ਪੰਜਾਬੀ ਪੜ੍ਹਾਉਣ ਲੱਗਾ।

ਉਰਦੂ ਮੈਂ ਓਸੇ ਸਕੂਲ ਤੋਂ ਸਿੱਖੀ। ਮੈਂ ਹੀ ਉਸ ਸਕੂਲੇ ਸਾਰੀਆਂ ਜਮਾਤਾਂ ਨੂੰ ਪੰਜਾਬੀ ਸਿਖਾਈ। ਪੰਜਾਬ ਸਕੂਲ ਬੋਰਡ ਨੇ ਦਸਵੀਂ ਵਿਚ ਪੰਜਾਬੀ ਲਾਜ਼ਮੀ ਕਰ ਦਿੱਤੀ ਸੀ। ਫੇਰ ਮੈਂ ਸਰਕਾਰੀ ਅਧਿਆਪਕ/ਮਾਸਟਰ ਬਣ ਕੇ 31 ਸਾਲ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦਾ ਰਿਹਾ।

ਲੇਖਕ ਕਦੋਂ ਤੇ ਕਿਵੇਂ ਬਣ ਗਏ?

ਮੇਰਾ ਸਾਹਿਤਕ ਪੰਧ ਬੜਾ ਬਿਖੜੇ ਰਾਹਾਂ ਵਾਲਾ ਹੈ। ਪਹਿਲਾਂ ਮੈਂ ਸਟੇਜੀ ਗੀਤ ਲਿਖਦਾ ਸਾਂ। ਆਲ ਇੰਡੀਆ ਰੇਡੀਉ ਹੀ ਬਾਰਡਰ 'ਤੇ ਮੇਰਾ ਸਹਾਇਕ ਸੀ। ਗ਼ਜ਼ਲਾਂ ਦਾ ਸਿਲਸਿਲਾ ਮੈਨੂੰ ਚੰਗਾ ਲਗਦਾ ਸੀ। ਕਈ ਬਹਿਰ ਰੇਡੀਉ ਤੋਂ ਹੀ ਸਿੱਖੇ। ਮੈਨੂੰ ਪੁਸਤਕਾਂ ਪੜ੍ਹਨ ਦਾ ਬੜਾ ਸ਼ੌਕ ਸੀ। ਜਿੱਥੋਂ ਵੀ ਕੋਈ ਕਿਤਾਬ ਮਿਲਦੀ ਮੈਂ ਉਸ ਨੂੰ ਪੜ੍ਹ ਕੇ ਹੀ ਛੱਡਦਾ। ਮੇਰੀ ਫ਼ੌਜੀ ਬਟਾਲੀਅਨ ਦਾ ਲੈਫਨੀਨੈਂਟ ਕਰਨਲ ਸਰਦਾਰ ਗੁਰਬਖ਼ਸ਼ ਸਿੰਘ ਵੀ ਸਾਹਿਤਕ ਮੱਸ ਵਾਲਾ ਅਫ਼ਸਰ ਸੀ। ਉਸ ਦੀ ਬੇਟੀ ਨੂੰ ਵੀ ਮੇਰੇ ਵਾਂਗ ਪੁਸਤਕਾਂ ਪੜ੍ਹਨ ਦਾ ਸ਼ੌਕ ਸੀ। ਇਸ ਯੂਨਿਟ ਵਿਚ ਸਰਕਾਰੀ ਲਾਇਬ੍ਰੇਰੀ ਸੀ ਪਰ ਉਹ ਲਾਇਬ੍ਰੇਰੀ ਨਾਂ ਦੀ ਹੀ ਸੀ। ਕਿਤਾਬਾਂ ਰੁਲ ਰਹੀਆਂ ਸਨ। ਮੈਂ ਉਨ੍ਹਾਂ ਵਿੱਚੋਂ ਕਿਤਾਬਾਂ ਸੀਮਾ ਉੱਤੇ ਲੈ ਜਾਇਆ ਕਰਦਾ ਸਾਂ ਤੇ ਬੈਂਕਰ ਵਿਚ ਪੜ੍ਹਿਆ ਕਰਦਾ ਸਾਂ। ਕੁਝ ਦਿਨਾਂ ਪਿੱਛੋਂ ਮੈਂ ਫੇਰ ਤੋਂ ਕਿਤਾਬਾਂ ਵਟਾ ਕੇ ਲੈ ਜਾਇਆ ਕਰਦਾ। ਪੁਸਤਕਾਂ ਪੜ੍ਹਨ ਦਾ ਜਿਵੇਂ ਮੈਨੂੰ ਅਮਲ ਜਿਹਾ ਹੋ ਗਿਆ ਸੀ। ਵੱਡੇ ਸਾਹਿਬ ਦੀ ਬੇਟੀ ਨੇ ਮੈਨੂੰ ਨੋਟ ਕੀਤਾ ਅਤੇ ਸਾਹਿਬ ਨੂੰ ਕਹਿ ਕੇ ਮੈਨੂੰ ਲਾਇਬ੍ਰੇਰੀ ਦਾ ਇੰਚਾਰਜ ਬਣਾ ਕੇ ਇਕ ਵੱਡਾ ਕਮਰਾ ਅਤੇ ਹੋਰ ਸਾਜੋ ਸਮਾਨ ਮੁਹੱਈਆ ਕਰਵਾ ਦਿੱਤਾ। ਮੈਂ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਦੀਆਂ ਕਿਤਾਬਾਂ ਥਾਉਂ ਥਾਈਂ ਲਾਈਆਂ। ਪੰਜਾਬੀ ਦੀਆਂ 70 ਕਿਤਾਬਾਂ ਨਵੀਆਂ ਮੰਗਵਾਈਆਂ। 'ਅਜੀਤ' ਅਖ਼ਬਾਰ ਲਗਵਾਈ ਅਤੇ ਹੋਰ ਵੀ ਦਰਜਨ ਭਰ ਅਖ਼ਬਾਰਾਂ ਤੇ ਰਿਸਾਲੇ ਆਉਣ ਲਗ ਪਏ। ਮੈਂ ਰਾਤ ਦਿਨ ਪੁਸਤਕਾਂ ਵਿਚ ਹੀ ਰਹਿੰਦਾ। ਸਾਹਿਬ ਦੀ ਬੇਟੀ ਤੇ ਮੈਂ ਪੁਸਤਕਾਂ ਪੜ੍ਹਦੇ ਤੇ ਉਨ੍ਹਾਂ ਉੱਤੇ ਚਰਚਾ ਕਰਦੇ। ਮੈਂ ਅਨੇਕਾਂ ਲਿਖਾਰੀਆਂ ਨੂੰ ਪੜ੍ਹਿਆ। ਸੈਂਕੜੇ ਕਵੀਆਂ ਦੀਆਂ ਰਸ ਪ੍ਰਭਾਵੀ ਕਵਿਤਾਵਾਂ ਪੜ੍ਹੀਆਂ। ਮੈਂ ਕਵਿਤਾ ਲਿਖਣ ਲੱਗਾ ਪਰ ਸਾਰੀਆਂ ਲੁਕਾਈ ਜਾਣ ਲੱਗਾ। ਸਾਹਿਬ ਦੀ ਬੇਟੀ ਹੱਲਾਸ਼ੇਰੀ ਦੇਂਦੀ। ਕੁਝ ਸਮੇਂ ਬਾਦ ਉਹ ਆਪਣੇ ਸ਼ਹਿਰ ਚੰਡੀਗੜ੍ਹ ਚਲੀ ਗਈ ਤੇ ਮੁੜ ਕਦੇ ਵੀ ਨਾ ਮਿਲੀ। ਪਰ ਮੈਂ ਕਵਿਤਾ ਲਿਖਣ ਲੱਗਾ ਸਾਂ। ਅਜੀਤ ਅਖ਼ਬਾਰ ਦੀ ਗ਼ਜ਼ਲ ਫੁਲਵਾੜੀ ਵਿਚ ਮੇਰਾ ਪਹਿਲੀ ਵੇਰ ਨਾਂ ਛਪਿਆ ਤਾਂ ਸਾਰੀ ਫ਼ੌਜੀ ਯੂਨਿਟ ਵਿਚ ਚਰਚਾ ਹੋਈ। ਮੈਂ ਨਾਲ-ਨਾਲ ਪ੍ਰਾਈਵੇਟ ਇਮਤਿਹਾਨ ਵੀ ਦੇ ਰਿਹਾ ਸਾਂ। ਬੁੱਧੀਮਾਨ ਅਤੇ ਗਿਆਨੀ ਵਿਚੋਂ ਮੈਂ ਉਸ ਸਾਲ ਸਾਰੇ ਪੰਜਾਬ ਵਿੱਚੋਂ ਅੱਵਲ ਰਿਹਾ। ਦਿਲ ਵਧਿਆ। ਮੈਂ ਚਾਹੁੰਦਾ ਸਾਂ ਕਿ ਮਾਸਟਰ ਬਣਾਂ। ਹੁਣ ਮੈਂ ਮਾਸਟਰੀ ਦਾ ਕੋਰਸ ਕਰਨਾ ਚਾਹੁੰਦਾ ਸਾਂ ਪਰ ਅਜੇ ਸੰਨ 1971 ਵਾਲੀ ਲੜਾਈ ਦਾ ਅਸਰ ਸੀ। ਅਸਤੀਫ਼ਾ ਮਨਜ਼ੂਰ ਨਾ ਹੋਇਆ ਤਾਂ ਮੈਂ ਚੋਰੀ ਭਗੌੜਾ ਹੋ ਕੇ ਰਾਊ ਵਰਿੰਦਰ ਸਿੰਘ ਕਾਲਜ ਰਿਵਾੜੀ ਆਫ਼ ਐਜ਼ੂਕੇਸ਼ਨ ਵਿਖੇ ਓਰੀਐਂਟਲ ਲੈਗਏਜ਼ਜ਼ ਟੀਚਿੰਗ ਕੋਰਸ ਵਿਚ ਦਾਖ਼ਲ ਹੋ ਗਿਆ। ਪਿੱਛੋਂ ਮੈਨੂੰ ਤਰਸ ਦੇ ਆਧਾਰ ਉੱਤੇ ਫੋਰਸ ਵਿੱਚੋਂ ਨਾਂ ਖਾਰਜੀ ਮਿਲ ਗਈ ਅਤੇ ਮੈਂ ਪੰਜਾਬੀ ਅਧਿਆਪਕ ਬਣ ਗਿਆ। ਏਸੇ ਕੋਰਸ ਦੌਰਾਨ ਹੋਰ ਵੀ ਕਈ ਆਪਣੇ ਵਰਗੇ ਕਵੀਆਂ ਸ਼ਿਅਰਕਾਰਾਂ ਨਾਲ ਮੇਲ ਹੋਇਆ। ਆਪਣੇ ਇਕ ਦੋਸਤ ਦੀ ਫ਼ਰਮਾਇਸ਼ ਉੱਤੇ ਮੈਂ ਦੀਪਕ ਜੈਤੋਈ ਜੀ ਦੇ ਪਿੰਡ ਜੈਤੋ ਜਾ ਕੇ ਉਨ੍ਹਾਂ ਨੂੰ ਗ਼ਜ਼ਲ-ਗੁਰੂ ਧਾਰ ਲਿਆ।

ਤੁਹਾਡਾ ਵਾਕਵੀ ਪੈਂਡਾ ਬਿਖੜਾ ਹੈ ਪਰ ਤੁਸੀਂ ਹਜ਼ਾਰਾਂ ਕਵੀਆਂ ਤੇ ਲੇਖਕਾਂ ਦੇ ਮੇਲੇ ਵਿੱਚੋਂ ਵਿਕਲੋਤਰਾਪਨ ਕਿਵੇਂ ਅਖਤਿਆਰ ਕੀਤਾ?

ਅਸਲ ਵਿਚ ਮੈਂ ਕਾਲਜ ਵਿਚ ਨਹੀਂ ਸਾਂ ਪੜ੍ਹ ਸਕਿਆ। ਇਸ ਕਰਕੇ ਮੈਨੂੰ ਹਮੇਸ਼ਾ ਆਤਮਹੀਣਤਾ ਨੇ ਘੇਰੀ ਰੱਖਿਆ। ਮੈਂ ਹੋਰਨਾਂ ਨਾਲੋਂ ਵੱਧ ਮਿਹਨਤ ਕਰਦਾ ਸਾਂ ਅਤੇ ਸ਼ਾਇਰ/ਕਵੀ ਬਣਨ ਲਈ ਰਾਤ ਦਿਨ ਚਿੰਤਤ ਰਹਿੰਦਾ ਸਾਂ। ਮੈਂ ਜੋ ਵੀ ਹਾਂ ਉਹ ਆਪਣੀ ਮਿਹਨਤ ਕਰਕੇ ਹਾਂ। ਮੈਨੂੰ ਵਹਿਮ ਸੀ ਕਿ ਵੱਡੇ ਕਵੀਆਂ ਨੂੰ ਧੁਰੋਂ ਹੀ ਕਵਿਤਾ ਦਾ ਵਰਦਾਨ ਹੁੰਦਾ ਹੈ। ਫੇਰ ਮੈਂ ਕਈ ਕਵੀਆਂ ਦੀਆਂ ਜੀਵਨੀਆਂ ਪੜ੍ਹੀਆਂ ਤਾਂ ਪਤਾ ਲੱਗਾ ਕਿ ਕਾਵਿ ਪ੍ਰਤਿਭਾ ਮਾਂ ਦੀ ਕੁੱਖ ਵਿੱਚੋਂ ਨਾਲ ਨਹੀਂ ਆਉਂਦੀ ਸਗੋਂ ਇਹ ਸਮਾਜ ਵਿੱਚੋਂ ਪ੍ਰਾਪਤ ਕਰਨੀ ਪੈਂਦੀ ਹੈ।

ਤੁਹਾਡੀਆਂ ਗ਼ਜ਼ਲਾਂ ਅਤੇ ਹੋਰ ਰਚਨਾਵਾਂ ਵਿਚ ਹਮੇਸ਼ਾ ਅਗਰਗਾਮੀ ਰੰਗ ਹੁੰਦਾ ਹੈ ਇਹ ਤੁਸਾਂ ਕਿੱਥੋਂ ਪ੍ਰਾਪਤ ਕੀਤਾ?

ਸੰਨ 1975 ਦੀ ਗੱਲ ਹੈ। ਇੰਦਰਾ ਗਾਂਧੀ ਨੇ ਅਕਾਰਨ ਹੀ 19 ਮਹੀਨੇ ਵਾਲੀ ਰਾਜਨੀਤਕ ਐਮਰਜੈਂਸੀ ਲਾ ਦਿੱਤੀ ਸੀ। ਮੈਂ ਕਮਿਊਨਿਸਟਾਂ ਦੀ ਰਾਜਨੀਤੀ ਨੂੰ ਬਹੁਤ ਪਿਆਰ ਕਰਦਾ ਸਾਂ ਪਰ ਸੀ.ਪੀ.ਆਈ. ਨੇ ਜਦ ਇਸ ਐਮਰਜੈਂਸੀ ਦਾ ਸਮਰਥਨ ਕਰ ਦਿੱਤਾ ਤਾਂ ਮੇਰਾ ਇਸ ਪਾਰਟੀ ਤੋਂ ਮੋਹ ਭੰਗ ਹੋ ਗਿਆ ਅਤੇ ਮੈਂ ਕਾਮਰੇਡ ਸੁਰਜੀਤ ਸਿੰਘ ਵਾਲੀ ਪਾਰਟੀ ਵਿਚ ਬਾਕਾਇਦਾ ਸ਼ਾਮਿਲ ਹੋ ਗਿਆ। ਮੈਂ ਚੰਦਾਧਾਰੀ ਕਾਰਡਧਾਰੀ ਕਾਮਰੇਡ ਹੋ ਗਿਆ। ਪਰ ਮੈਂ ਮੁਲਾਜ਼ਮ ਸਾਂ ਤੇ ਸਿੱਧਾ ਰਾਜਨੀਤੀ ਵਿਚ ਨਹੀਂ ਸਾਂ ਜਾ ਸਕਦਾ। ਮੇਰੇ ਕਈ ਸਾਥੀ ਐਸਮਾ ਤੇ ਟਾਡਾ ਵਰਗੇ ਕਨੂੰਨਾਂ ਤਹਿਤ ਗ੍ਰਿਫ਼ਤਾਰ ਕਰ ਲਏ ਗਏ। ਮੈਂ ਅਜੇ ਕੱਚਾ ਅਧਿਆਪਕ ਸਾਂ ਇਸ ਲਈ ਕਲਮ ਨਾਲ ਹੀ ਪਾਰਟੀ ਦੀ ਸੇਵਾ ਕਰਨ ਲੱਗਾ। ਮੈਂ ਰਾਜਨੀਤੀ ਦੇ ਸਰੋਕਾਰਾਂ ਨੂੰ ਸ਼ਿਅਰਾਂ ਵਿਚ ਢਾਲਣ ਦਾ ਗੁਰ ਇਨ੍ਹਾਂ ਹੀ ਦਿਨਾਂ ਵਿਚ ਸਿੱਖਿਆ।

ਮੈਂ ਵੇਖਦਾ ਹਾਂ ਕਿ ਤੁਹਾਨੂੰ ਪੰਜਾਬੀ ਗ਼ਜ਼ਲ ਦੀ ਧਾਰਾ ਵਿਚ ਕਾਫ਼ੀ ਚਿਰ ਤਕ ਸ਼ਾਮਿਲ ਨਹੀਂ ਸੀ ਕੀਤਾ ਗਿਆ। ਐਸਾ ਕਿਉਂ?

ਪੰਜਾਬੀ ਸਾਹਿਤਕਾਰੀ ਵਿਚ ਗੁੱਟਬੰਦੀ ਹਮੇਸ਼ਾ ਜਲੌਅ ਵਿਚ ਰਹੀ ਹੈ। ਗ਼ਜ਼ਲ ਵਿਚ ਵੀ ਇਕ ਮਾਫੀਆ ਸਰਗਰਮ ਸੀ। ਦੀਪਕ ਸਕੂਲ ਵਿਚ ਤਾਂ ਮੇਰਾ ਨਾਮ ਸੀ ਪਰ ਦੀਪਕ ਦਾ ਵਿਰੋਧ ਹੀ ਸਾਡਾ/ਮੇਰਾ ਵਿਰੋਧ ਸੀ। ਦੂਜੀ ਗੱਲ ਹੋਰ ਸੀ ਕਿ ਕਾਮਰੇਡ ਸ਼ਿਅਰਕਾਰਾਂ ਨੂੰ ਅਕਾਦਮਿਕ ਹਲਕੇ 'ਤੁਕਬੰਦ-ਸ਼ਾਇਰ' ਹੀ ਗਿਣਦੇ ਸਨ। ਮੈਂ ਕਾਮਰੇਡ ਗ਼ਜ਼ਲਕਾਰ ਸਾਂ। ਅਗਰਗਾਮਤਾ, ਸਰਕਾਰੀ ਨੀਤੀਆਂ ਦਾ ਵਿਰੋਧ, ਧਰਮਅੰਧਤਾ ਅਤੇ ਆਰਥਿਕ ਆਸਾਵੀਂ ਵੰਡ, ਬੇਰੁਜ਼ਗਾਰੀ ਵਰਗੇ ਮੁੱਦੇ ਹੀ ਮੇਰੇ ਸ਼ਿਅਰਾਂ ਦੇ ਵਿਸ਼ੇ ਸਨ। ਇਸ ਲਈ ਅਕਾਦਮਿਕ ਖੜਪੈਂਚ ਮੈਨੂੰ ਵੀ ਕਾਮਰੇਡ ਤੁਕਬੰਦ ਕਹਿ ਛੱਡ ਗਏ ਪਰ ਮੈਂ ਸਦਾ ਗ਼ਜ਼ਲ ਸਿਰਜੀ ਵੀ ਅਤੇ ਗ਼ਜ਼ਲ ਸੰਸਾਰ ਬਾਰੇ ਦਰਜਨ ਭਰ ਕਿਤਾਬਾਂ ਵੀ ਲਿਖੀਆਂ। ਮੈਂ ਪੰਜਾਬੀ ਗ਼ਜ਼ਲ ਦਾ ਮੁੜ ਤੋਂ ਇਤਿਹਾਸ/ਪਰਿਪੇਖ ਲਿਖਿਆ। ਗ਼ਜ਼ਲ ਦੇ ਵਿਧੀ ਵਿਧਾਨ ਉੱਤੇ ਲਿਖਿਆ।

ਸੈਂਕੜੇ ਗ਼ਜ਼ਲ ਬਹਿਸਾਂ ਅਤੇ ਸੈਮੀਨਾਰਾਂ ਵਿਚ ਇਹ ਪੱਖ ਰੱਖਿਆ ਕਿ ਗ਼ਜ਼ਲ ਵਿਚ ਜੇਕਰ ਲੋਕ ਜਾਂ ਸਮਾਜਿਕ ਸਰੋਕਾਰ ਨਹੀਂ ਅਤੇ ਇਸ ਵਿਚ ਜਮਾਤੀ ਰੁਦਨ ਦੀ ਥਾਂ ਜਾਤੀ ਰੁਦਨ ਹੀ ਪ੍ਰਮੁੱਖਤਾ ਨਾਲ ਪੇਸ਼ ਹੋ ਰਿਹਾ ਹੈ ਤਾਂ ਉਹ ਗ਼ਜ਼ਲ ਕਿਸੇ ਕੰਮ ਦੀ ਨਹੀਂ। ਗ਼ਜ਼ਲ ਓਹੀ ਗ਼ਜ਼ਲ ਹੈ ਜੋ ਕਿ ਪੰਜਾਬੀ ਕਵਿਤਾ ਦੀ ਬੇਟੀ ਅਤੇ ਜਿਸ ਵਿਚ ਪੰਜਾਬੀ ਕਵਿਤਾ ਦੇ ਵਿਸ਼ਵ ਭਲਾਈ ਦੇ ਸਰੋਕਾਰ ਨੇ। ਪੰਜਾਬੀ ਕਵਿਤਾ ਜਨਮਾਨਸ ਦੀ ਹਰ ਖ਼ੁਸ਼ੀ ਗ਼ਮੀ, ਆਫ਼ਤ ਅਤੇ ਜੰਗਾਂ-ਜੂਹਾਂ ਵਿਚ ਸਦਾ ਸੰਗਨੀ ਬਣ ਕੇ ਰਹੀ ਹੈ। ਐਸਾ ਨਹੀਂ ਕਿ ਪੰਜਾਬੀ ਕਾਵਿ ਪ੍ਰੇਮ ਮੁਹੱਬਤ ਦੀ ਹੇਕ ਨਹੀਂ ਲਾਉਂਦੀ ਪਰ ਇਹ ਹੇਕ ਸੁਖਮਈ ਅਤੇ ਤੰਦਰੁਸਤ ਸੰਘ ਵਿੱਚੋਂ ਹੀ ਉੱਭਰ ਸਕਦੀ ਹੈ। ਬਿਮਾਰ ਦਾ ਪਹਿਲਾਂ ਇਲਾਜ ਜ਼ਰੂਰੀ ਹੈ। ਸਾਡਾ ਸਮਾਜ ਜੇ ਬਿਮਾਰ ਹੈ ਤਾਂ ਸਾਨੂੰ ਪਹਿਲਾਂ ਉਸ ਦੀ ਬਿਮਾਰੀ ਬਾਰੇ ਸੋਚਣਾ ਪਵੇਗਾ।

ਤੁਸੀਂ ਪੰਜਾਬੀ ਗ਼ਜ਼ਲ ਨੂੰ ਕੀ ਅਹਿਸਾਨ ਕੀਤੇ ਨੇ ਜਿਨ੍ਹਾਂ ਦਾ ਜ਼ਿਕਰ ਹੋ ਸਕਦਾ ਹੈ?

ਮੈਂ ਪੰਜਾਬੀ ਗ਼ਜ਼ਲ ਉੱਤੇ ਕੁਝ ਵਧੀਆ ਰੰਗ ਬਖੇਰੇ ਨੇ ਜੋ ਪੰਜਾਬੀ ਲੋਕਾਂ ਨੂੰ ਸੁਹਣੇ ਲੱਗੇ ਨੇ। ਗ਼ਜ਼ਲ ਸਿਰਜਣਾ ਅਤੇ ਗ਼ਜ਼ਲ ਤਕਨੀਕ ਉੱਤੇ ਮੈਂ ਹੋਰ ਵਿਦਵਾਨਾਂ ਨਾਲੋਂ ਵਧੇਰੇ ਕਾਰਜ ਕੀਤਾ ਹੈ। ਗ਼ਜ਼ਲ ਨੂੰ ਮੈਂ ਆਪਣੀ ਵਿਆਕਰਣ ਦਿੱਤੀ ਹੈ। ਉਰਦੂ ਪੜ੍ਹੀ ਲਿਖੀ ਪੀੜ੍ਹੀ ਦੀ ਧੌਂਸ ਮੁਕਾਈ ਹੈ। ਫੇਲੁਨੀ ਤੱਤ ਬਾਬੇ ਨਾਨਕ ਜੀ ਨੇ ਬਾਖੂਬੀ ਵਰਤਿਆ। ਪਰ ਸਾਡੇ ਯੂਨੀਵਰਸਿਟੀਆਂ ਵਿਚ ਬੈਠੇ ਕਾਗ਼ਜ਼ੀ ਵਿਦਵਾਨਾਂ ਨੇ ਕਦੇ ਏਧਰ ਧਿਆਨ ਹੀ ਨਹੀਂ ਦਿੱਤਾ। ਬੜਾ ਕੁਝ ਮੈਂ ਪੰਜਾਬੀ ਗ਼ਜ਼ਲ ਨਾਲੋਂ ਝਾੜ ਦਿੱਤਾ ਜੋ ਵਾਧੂ ਸੀ। ਗ਼ਜ਼ਲ ਦਾ ਧੁੰਦਲਕਾ ਖ਼ਤਮ ਕੀਤਾ। ਤਿੰਨ ਅੱਖਰੀ ਸ਼ਬਦਾਂ ਦਾ ਮੈਂ ਹੀ ਰੇੜਕਾ ਖ਼ਤਮ ਕੀਤਾ। ਪਿੰਗਲ ਅਤੇ ਅਰੂਜ਼ ਦਾ ਸਮਨਵੈ ਕੀਤਾ।

ਪਿੰਗਲ ਅਤੇ ਅਰੂਜ਼ ਵੱਖ-ਵੱਖ ਭਾਸ਼ਾਵਾਂ ਅਤੇ ਦਿਸ਼ਾਵਾਂ ਦਾ ਕਾਵਿ ਤਕਨੀਕ ਗਿਆਨ ਹੈ। ਤੁਸੀਂ ਦੋਹਾਂ ਗਿਆਨਾਂ ਵਿਚ ਇਕ ਸਥਾਨ 'ਤੇ ਕਿਵੇਂ ਪੇਸ਼ ਕਰਦੇ ਹੋ?

ਵੇਖੋ ਸੰਸਾਰ ਦੀਆਂ ਭਾਸ਼ਾਵਾਂ ਵਿਚ ਬਹੁਤ ਕੁਝ ਸਾਂਝਾ ਹੈ। ਆਖਰ ਇਹ ਭਾਸ਼ਾਵਾਂ ਵਿਅਕਤੀ ਦੇ ਵਿਅਕਤ ਬੋਧ ਦਾ ਹੀ ਸੰਦ ਹਨ। ਕੁੱਲ ਸੰਸਾਰ ਦੀ ਕਵਿਤਾ ਵਿਚ ਵੀ ਬੜਾ ਕੁਝ ਸਾਂਝਾ ਹੈ। ਅਰੂਜ਼ ਅਰਬੀ-ਫ਼ਾਰਸੀ ਦਾ ਕਾਵਿ ਗਿਆਨ ਹੈ ਪਰ ਪਿੰਗਲ ਸੰਸਕ੍ਰਿਤਕ ਭਾਸ਼ਾ ਗਰੁੱਪਾਂ ਦਾ ਕਾਵਿ ਵਿਗਿਆਨ ਹੈ। ਦੋਹਾਂ ਗਿਆਨਾਂ ਵਿਚ ਫਲਸਫੀਆਈ ਅੰਤਰ ਹੈ ਪਰ ਵਿਹਾਰਕ ਨਹੀਂ ਰਿਹਾ। ਸਾਡਾ ਛੰਦ (ਪਿੰਗਲ) ਸੰਸਾਰ ਭਰ ਤੋਂ ਪੁਰਾਣਾ ਤੇ ਸਨਾਤਨ ਕਾਵਿ-ਗਿਆਨ ਹੈ ਪਰ ਬਾਕੀ ਵਸਤੂਗਤ। ਮਸ਼ੀਨੀ ਨਵੀਨ ਤਕਨੀਕਾਂ ਵਾਂਗ ਇਨ੍ਹਾਂ ਗਿਆਨਾਂ ਵਿਚ ਵੀ ਲੋੜ ਮੂਲਕ ਤੇ ਮਜਬੂਰਨ ਏਕਤਾ ਆਈ। ਦੀਵੇ ਤੋਂ ਬਲਬ ਦਾ ਸਫ਼ਰ ਹਰ ਥਾਂ ਪਹੁੰਚਾ। ਏਸੇ ਤਰ੍ਹਾਂ ਸੰਸਕ੍ਰਿਤ ਦੇ ਛੰਦਾਂ ਤੇ ਕਾਵਿ ਅੰਗਾਂ ਵਿਚਲੀ ਪੁਰਾਤਨਤਾ ਨੇ ਨਵੀਨਤਾ ਦੀ ਭਾਲ ਕੀਤੀ। ਤੁਹਾਨੂੰ ਦੱਸ ਦਿਆਂ ਕਿ ਅੱਜ ਤਕ ਪੰਜ ਹਜ਼ਾਰ ਛੰਦ ਬਣੇ ਤੇ ਬਿਣਸੇ ਹਨ। ਅਨੇਕਾਂ ਛੰਦ ਆਪਣਾ ਪੁਰਾਤਨ ਸਰੂਪ ਗੁਆ ਕੇ ਫੇਲੁਨੀ ਤੱਤ ਵਿਚ ਸ਼ਾਮਿਲ ਹੋ ਚੁੱਕੇ ਹਨ। ਪਰ ਭਾਰਤ ਵਿਚ ਮਜ਼੍ਹਬੀ ਕੱਟੜਤਾ ਨੇ ਬਥੇਰਾ ਚਿਰ ਅਰੂਜ ਨੂੰ ਮੁਸਲਮਾਨ ਹੀ ਸਮਝਿਆ ਅਤੇ ਮੁਸਲਮਾਨਾਂ ਨੇ ਪਿੰਗਲ ਨੂੰ ਕਾਫ਼ਿਰ। ਮੈਂ ਜਦ ਆਪਣਾ ਥੀਸਿਸ ਪੇਸ਼ ਕੀਤਾ ਕਿ ਇਹ ਦੋਵੇਂ ਗਿਆਨ ਬਾਬੇ ਨਾਨਕ ਨੇ ਸਹਿਜ ਨਾਲ ਅਪਣਾ ਲਏ ਸਨ ਅਤੇ ਦਸਮੇਸ਼ ਪਿਤਾ ਨੇ ਤਾਂ ਆਪਣਾ ਸੰਸਾਰ ਪ੍ਰਸਿੱਧ ਜਫ਼ਰਨਾਮਾ ਲਿਖਿਆ ਹੀ ਅਰੂਜ਼ ਦੇ ਬਹਿਰ ਖਫ਼ੀਫ਼ ਵਿਚ ਸੀ ਤਾਂ ਪੰਜਾਬੀ ਯੂਨੀਵਰਸਿਟੀ ਨੇ ਮੇਰਾ ਇਤਿਹਾਸਕ ਗ੍ਰੰਥ 'ਪਿੰਗਲ ਤੇ ਅਰੂਜ਼' ਸੰਦਰਭ ਮੈਨੂੰ ਰਾਇਲਟੀ ਦੇ ਕੇ ਪ੍ਰਕਾਸ਼ਿਤ ਕੀਤਾ ਜਿਸ ਨੇ ਇਸ ਖੇਤਰ ਵਿਚ ਖੋਜ ਕਾਰਜਾਂ ਨੂੰ ਇਨਕਲਾਬੀ ਤੱਤ ਪ੍ਰਦਾਨ ਕੀਤੇ। ਇਹ ਦੋਵੇਂ ਗਿਆਨ ਦੋ ਦੀਵੇ ਹਨ ਜਿਨ੍ਹਾਂ ਦੀ ਲੋਅ ਨਹੀਂ ਵੰਡੀ ਜਾ ਸਕਦੀ। ਇਹ ਆਪ ਮੁਹਾਰਤਾ ਨਾਲ ਪੰਜਾਬੀ ਕਾਵਿ ਵਿਚ ਸ਼ਾਮਿਲ ਤੇ ਪ੍ਰਵਾਹਿਤ ਹੋ ਚੁੱਕੇ ਹਨ। ਸੰਗਮ ਮਗਰੋਂ ਦਰਿਆਵਾਂ ਦਾ ਪਾਣੀ ਕਿਵੇਂ ਵੱਖ-ਵੱਖ ਕੀਤਾ ਜਾ ਸਕਦਾ ਹੈ? ਧਰਮਾਂ ਮਜਹਬਾਂ ਤੋਂ ਪਰੇ ਇਹ ਗਿਆਨ 'ਪੋਰਸੀ ਪੰਜਾਬੀ' ਹੈ।

ਤੁਸਾਂ ਹੁਣ ਤਕ ਕਿੰਨੀਆਂ ਪੁਸਤਕਾਂ ਲਿਖੀਆਂ?

ਮੈਂ ਹੁਣ ਤਕ 50 ਤੋਂ ਉਪਰ ਐਸੀਆਂ ਪੁਸਤਕਾਂ ਆਪਣੇ ਯਤਨਾਂ ਨਾਲ ਲਿਖੀਆਂ ਤੇ ਪ੍ਰਕਾਸ਼ਿਤ ਕੀਤੀਆਂ ਹਨ ਜਿਨ੍ਹਾਂ ਦਾ ਸ਼ੁਮਾਰ ਲੋਕ ਮਨਾਂ ਤੋਂ ਲੈ ਕੇ ਵਿਦਵਤਾ ਦ੍ਰਿਸ਼ਟੀ ਤੀਕ ਹੈ। ਨੈਸ਼ਨਲ ਬੁਕ ਟਰੱਸਟ, ਇੰਡੀਆ ਨੇ ਮੈਥੋਂ ਪਿੰਡਾਂ ਦੇ ਬਦਲਦੇ ਸੰਦਰਭਾਂ ਉੱਤੇ ਦੋ ਵੱਡੀਆਂ ਪੁਸਤਕਾਂ ਲਿਖਵਾਈਆਂ। ਜਿਨ੍ਹਾਂ ਦੀ ਵੱਡੀ ਲੋੜ ਬਣੀ। ਪੰਜਾਬ ਦਾ 1699 ਤੋਂ 1799 ਤਕ ਦਾ ਇਤਿਹਾਸ ਲਿਖਿਆ। ਸੂਫ਼ੀਇਜ਼ਮ ਬਾਰੇ ਪੰਜ ਕਿਤਾਬਾਂ ਲਿਖੀਆਂ। ਗ਼ਜ਼ਲ ਦੀ ਗਲੋਬਲੀ ਸਥਿਤੀਆਂ ਇਸਦਾ ਸੁਹਜ ਸ਼ਾਸਤਰ ਲਿਖਿਆ। ਪੰਜ ਐਸੇ ਸਫ਼ਰਨਾਮੇ ਲਿਖੇ ਜੋ ਸਫ਼ਰਨਾਮੇ ਨਾ ਹੋ ਕੇ ਟੈਕਸਟ ਬੁੱਕਾਂ ਹਨ। ਨੀਤੀ ਪੁਸਤਕਾਂ ਲਿਖੀਆਂ। ਸੁਚੱਜੇ ਸ਼ਿਅਰ ਲਿਖੇ। ਮੈਂ 10 (ਦਸ ਹਜ਼ਾਰ) ਤੋਂ ਵਧੇਰੇ ਲੋਕ ਮੁਖੀ ਅਤੇ ਲੋਕ ਸਰੋਕਾਰਾਂ ਵਾਲੇ ਸ਼ਿਅਰ ਲਿਖੇ।

ਤੁਸੀਂ ਆਪਣੇ ਮਾਨਾਂ ਸਨਮਾਨਾਂ ਬਾਰੇ ਦੱਸੋ। ਭਾਸ਼ਾ ਵਿਭਾਗ ਪੰਜਾਬ ਨੇ ਵੀ ਤੁਹਾਨੂੰ ਕਦੇ ਯਾਦ ਕੀਤਾ?

ਲੇਖਕਾਂ ਦਾ ਸਨਮਾਨ ਉਨ੍ਹਾਂ ਦੀਆਂ ਰਚਨਾਵਾਂ ਵੱਲ ਫੋਕਸੀਕਰਨ ਹੁੰਦਾ ਹੈ। ਮੈਨੂੰ ਆਪ ਮੁਹਾਰਤਾ ਨਾਲ ਪੰਜਾਬ ਦੀਆਂ ਲੋਕ ਸਾਹਿਤ ਸੰਸਥਾਵਾਂ ਨੇ 60 ਵੇਰ ਸਨਮਾਨਿਤ ਕੀਤਾ। ਗ਼ਜ਼ਲ ਦੇ ਨਾਮ ਉੱਤੇ ਰੱਖਿਆ ਹਰ ਸਨਮਾਨ ਮੇਰੀ ਝੋਲੀ ਪਿਆ। ਲੋਕ ਸੰਸਥਾਵਾਂ ਨੇ ਪੰਜਾਬੀ ਗ਼ਜ਼ਲ ਦੇ ਨਾਮ ਉੱਤੇ ਰੱਖਿਆ ਹਰ ਸਨਮਾਨ ਮੇਰੀ ਝੋਲੀ ਪਾਇਆ। ਲੋਕ ਸੰਸਥਾਵਾਂ ਨੇ ਮੈਨੂੰ 'ਪੰਜਾਬੀ ਗ਼ਜ਼ਲ ਦਾ ਬਾਬਾ ਬੋਹੜ' ਸਨਮਾਨ ਵੀ ਦਿੱਤਾ। 'ਗ਼ਜ਼ਲ ਦਾ ਸ਼ਹਿਨਸ਼ਾਹ' 'ਗ਼ਜ਼ਲ ਦਾ ਬਾਦਸ਼ਾਹ' ਆਦਿ ਲਕਬ ਵੀ ਲੋਕਾਂ ਦਿੱਤੇ। ਸਾਹਿਤ ਦੇ ਖੇਤਰ ਵਿਚ ਲੋਕ ਸਨਮਾਨ ਕੀਮਤੀ ਵੀ ਹੁੰਦੇ ਹਨ। ਪਰ ਭਾਸ਼ਾ ਵਿਭਾਗ ਨੇ ਕਦੇ ਵੀ ਮੈਨੂੰ ਮੇਰੀ ਸ਼ਾਇਰੀ ਜਾਂ ਪੰਜਾਬੀ ਗ਼ਜ਼ਲ ਸਬੰਧੀ ਖੋਜ ਕਾਰਜਾਂ ਕਰਕੇ ਯਾਦ ਤਕ ਵੀ ਨਹੀਂ ਕੀਤਾ।

ਮੈਨੂੰ ਖ਼ੁਸ਼ੀ ਹੈ ਕਿ ਮੈਨੂੰ ਕਦੇ ਵੀ 26 ਜਨਵਰੀ ਜਾਂ 15 ਅਗਸਤ ਦੇ ਸਰਕਾਰੀ ਕਵੀ ਦਰਬਾਰਾਂ ਵਿਚ ਵੀ ਨਹੀਂ ਸੱਦਿਆ ਗਿਆ। ਆਖਰ ਕੁਝ ਤਾਂ ਹੈ ਮੇਰੇ ਸ਼ਿਅਰਾਂ ਵਿਚ ਕਿ ਪੰਜਾਬ ਸਰਕਾਰ ਮੇਰੇ ਪ੍ਰਤੀ ਉਦਾਸੀਨਤਾ ਬਣਾਈ ਰੱਖ ਰਹੀ ਹੈ। ਮੈਂ ਸਨਮਾਨਾਂ ਦਾ ਅਦਬ ਕਰਦਾ ਹਾਂ ਜੁਗਾੜ ਨਹੀਂ ਕਰਦਾ। ਪਰ ਬੱਦਨ ਜੀ! ਜੋ ਸਾਹਿਤਕਾਰ ਸਰਕਾਰੀ ਸਨਮਾਨਾਂ ਉੱਤੇ ਲਾਲ੍ਹਾਂ ਕੇਰਨ ਲੱਗ ਜਾਂਦੇ ਹਨ ਉਹ ਗੂੰਗੇ ਹੋ ਜਾਂਦੇ ਹਨ। ਮੇਰੇ ਸਾਹਮਣੇ ਹੀ ਬਹੁਤ ਸਾਰੇ ਉਮਦਾ ਸ਼ਾਇਰ ਸਰਕਾਰੀ ਮਾਫੀਏ ਦੇ ਮਾਣਯੋਗ ਮੈਂਬਰ ਬਣ ਗਏ। ਮੈਂ ਅਜੇ ਤਕ ਆਪਣੇ ਦਿਲ ਦੀਆਂ ਗੱਲਾਂ ਸ਼ਿਅਰਾਂ ਵਿਚ ਕਹਿ ਸਕਦਾ ਹਾਂ। ਕਿਉਂਕਿ ਮੈਨੂੰ ਪਤਾ ਹੈ ਕਿ ਹਰ ਰਾਜਾ ਹੌਲੀ-ਹੌਲੀ ਔਰੰਗਜ਼ੇਬੀ ਵੱਲ ਹੀ ਵਧਦਾ ਜਾਂਦਾ ਹੈ ਜਿਸ ਨੂੰ ਚੈੱਕ ਕਰਨਾ ਸ਼ਾਇਰਾਂ ਦਾ ਕਾਰਜ ਹੈ।

Posted By: Harjinder Sodhi