ਪਵਨ ਰੰਗਾਂ ਨਾਲ ਮਨੁੱਖੀ ਮਨ ਦੀਆਂ ਪਰਤਾਂ ਨੂੰ ਪ੍ਰਮੁੱਖਤਾ ਨਾਲ ਉਭਾਰਦਾ ਹੈ। ਪੇਂਟਿੰਗ ਵਿਚ ਉਸ ਨੇ ਆਪਣੀ ਵੱਖਰੀ ਸ਼ੈਲੀ ਵਿਕਸਿਤ ਕੀਤੀ ਹੈ। ਉਹ ਮਨੁੱਖ ਖ਼ਾਸ ਕਰਕੇ ਨਾਰੀ ਦੇਹ ਦੇ ਬਾਹਰੀ ਸਰੂਪ ਨੂੰ ਪੇਂਟ ਨਹੀਂ ਕਰਦਾ ਬਲਕਿ ਉਹਦੀ ਮਾਨਸਿਕਤਾ ਨੂੰ ਰੰਗਾਂ ਨਾਲ ਪੇਂਟ ਕਰਦਾ ਹੈ। ਰੰਗਾਂ ਰਾਹੀਂ ਉਹ ਮਨੁੱਖ ਦੇ ਮਨ ਅੰਦਰ ਉਤਰ ਜਾਂਦਾ ਹੈ। ਮਨ ਦੇ ਪ੍ਰਭਾਵ, ਹਰਕਤਾਂ ਉਹ ਚਿਹਨਾਂ ਰਾਹੀਂ ਪ੍ਰਗਟ ਕਰਦਾ ਹੈ। ਉਹਦੀ ਪੇਂਟਿੰਗ ਸਪਾਟ ਅਤੇ ਲਕੀਰੀ ਸ਼ੈਲੀ ਦੀ ਨਹੀਂ ਬਲਕਿ ਉਹਦੇ ਵਿਚ ਉਹ ਰੰਗਾਂ ਤੇ ਬਿੰਦੂਆਂ ਰਾਹੀਆਂ ਕਈ ਗੁੰਝਲਾਂ ਪਾ ਦਿੰਦਾ ਹੈ।

ਪਿੱਛੇ ਜਿਹੇ ਉਸ ਨੇ ਕੋਰੋਨਾ ਕਾਲ ਦੌਰਾਨ ਮਨੁੱਖੀ ਮਨ ਉੱਤੇ ਪਏ ਪ੍ਰਭਾਵ ਨੂੰ ਆਪਣੇ ਸਕੈੱਚਾਂ ਵਿਚ ਪੇਸ਼ ਕੀਤਾ। ਉਹਦੀ ਪੇਂਟਿੰਗ ਦਿਸਦਾ ਯਥਾਰਥ ਨਹੀਂ ਬਲਕਿ ਲੁਕੇ ਹੋਏ ਯਥਾਰਥ ਨੂੰ ਪੇਸ਼ ਕਰਦੀ ਹੈ। ਪਿੱਛੇ ਜਿਹੇ ਉਸਨੇ ਨਾਰੀ ਸੀਰੀਜ਼ ਵਿਚ ਕੁਝ ਪੇਂਟਿੰਗ ਤਿਆਰ ਕੀਤੀਆਂ। ਹਰ ਦਰਸ਼ਕ ਇਨ੍ਹਾਂ ਨੂੰ ਵੇਖ ਕੇ ਆਪਣੀ ਆਪਣੀ ਸਮਰੱਥਾ ਨਾਲ ਅਰਥ ਸੰਚਾਰ ਕਰ ਸਕਦਾ ਹੈ। ਉਸ ਦੀਆਂ ਇਨ੍ਹਾਂ ਪੇਟਿੰਗਜ਼ ਵਿਚ ਨਾਰੀ ਆਪਣੇ ਖ਼ਿਆਲਾਂ ਵਿਚ ਉਡਾਰੀ ਮਾਰਦੀ ਹੈ। ਕਿਸੇ ਪੇਂਟਿੰਗ ਵਿਚ ਮੱਛੀ ਦਾ ਚਿਹਨ ਉਭਰਦਾ ਹੈ। ਕੋਈ ਨਾਰੀ ਚਿੜੀ ਅਤੇ ਪਤੰਗ ਦੇ ਚਿਹਨ ਰਾਹੀਂ ਅਸਮਾਨ ਵਿਚ ਉਡਾਰੀ ਭਰਨੀ ਚਾਹੁੰਦੀ ਹੈ। ਹਰ ਪੇਂਟਿੰਗ ਵਿਚ ਲੋਹੇ ਵਰਗੀ ਠੋਸ ਰਾਡ ਜਾਂ ਬੰਧਨ ਦਾ ਚਿਹਨ ਉਭਰਦਾ ਹੈ ਜਿਨ੍ਹਾਂ ਵਿੱਚੋਂ ਨਿਕਲਦੀਆਂ ਬੰਧਨ ਰੂਪੀ ਤਾਰਾਂ ਨਾਲ ਔਰਤ ਨੂੰ ਬੰਨ੍ਹੀਂ ਰੱਖਦੀਆਂ ਹਨ। ਇਹ ਰੇਸ਼ੇ ਜਾਂ ਰੱਸੀਆਂ ਜਾਂ ਕਹਿ ਲਓ ਸਮਾਜਿਕ ਜਕੜ ਚਿਹਨਾਂ ਰਾਹੀਂ ਖ਼ੂਬਸੂਰਤੀ ਨਾਲ ਪੇਸ਼ ਹੋਏ ਹਨ। ਇਕ ਪੇਂਟਿੰਗ ਵਿਚ ਉਸ ਨੇ ਪੰਜ ਨਾਰੀਆਂ ਦੇ ਪੰਜ ਪ੍ਰਭਾਵ ਚਿੱਤਰੇ ਹਨ। ਉਨ੍ਹਾਂ ਦੇ ਹੱਥਾਂ ਵਿਚ ਕਿਤਾਬਾਂ ਹਨ ਤੇ ਮਨ ਵਿਚ ਕੁਝ ਹੋਰ ਚੱਲ ਰਿਹਾ ਹੈ। ਇਹ ਇਕੋ ਨਾਰੀ ਦੇ ਅਨੇਕਾਂ ਰੂਪ ਹਨ।

ਇਕ ਚਿੱਤਰਕਾਰ ਵਜੋਂ ਉਸ ਨੂੰ ਸਟੇਟ ਐਵਾਰਡ, ਲਲਿਤ ਕਲਾ ਅਕੈਡਮੀ ਐਵਾਰਡ, ਹਰਿਆਣਾ ਸਰਕਾਰ ਦਾ ਬੈਸਟ ਅਚੀਵਮੈਂਟ ਐਵਾਰਡ ਅਤੇ ਹੋਰ ਅਨੇਕਾਂ ਸਨਮਾਨ ਮਿਲ ਚੁੱਕੇ ਹਨ। ਬਚਪਨ ਵਿਚ ਦੀਵਾਰਾਂ ਉੱਤੇ ਕੋਇਲੇ ਨਾਲ ਚਿੱਤਰ ਬਣਾਉਂਦਾ ਬਣਾਉਂਦਾ ਪਵਨ ਕੈਨਵਸ ਉੱਤੇ ਰੰਗਾਂ ਨਾਲ ਚਿੱਤਰ ਬਣਾਉਣ ਲੱਗ ਪਿਆ। ਉਹਨੇ ਹੁਣ ਤਕ ਪੰਜ ਹਜ਼ਾਰ ਤੋਂ ਉਪਰ ਪੇਂਟਿੰਗਜ਼ ਬਣਾਈਆਂ ਹਨ। ਉਸ ਦੀਆਂ ਸੈਕੜੇ ਪੇਂਟਿੰਗਜ਼ ਦਰਸ਼ਕਾਂ ਦੇ ਘਰਾਂ ਦਾ ਸ਼ਿੰਗਾਰ ਹਨ। ਉਹਦੀ ਧਾਰਨਾ ਹੈ ਜਦੋਂ ਪੇਂਟਿੰਗ ਬਣ ਜਾਂਦੀ ਹੈ ਉਹ ਦਰਸ਼ਕ ਦੀ ਹੋ ਜਾਂਦੀ ਹੈ। ਏਸੇ ਲਈ ਉਹਦੇ ਕੋਲ ਆਪਣੀਆਂ ਤਿਆਰ ਕੀਤੀਆਂ ਪੇਂਟਿੰਗਜ਼ ਦਾ ਕੋਈ ਡਿਜੀਟਲ ਰਿਕਾਰਡ ਨਹੀਂ ਹੈ।

ਜਦੋਂ ਉਹ ਜੰਮੂ ਯੂਨੀਵਰਸਿਟੀ ਵਿਚ ਫਾਇਨ ਆਰਟ ਦੀ ਡਿਗਰੀ ਕਰ ਕੇ ਹਟਿਆ ਤਾਂ ਉਥੋਂ ਦੇ ਘੱਟ ਗਿਣਤੀ ਲੋਕਾਂ ਦੇ ਮਨਾਂ ਅੰਦਰ ਪੈਦਾ ਹੋ ਰਹੀ ਦਹਿਸ਼ਤ ਦੀ ਮਾਰ ਨੂੰ ਲੈ ਕੇ ਪਵਨ ਨੇ ਅਨੇਕਾਂ ਪਂੇਟਿੰਗਜ਼ ਤਿਆਰ ਕੀਤੀਆਂ। ਇਹ ਪੇਂਟਿੰਗ ਦਹਿਸ਼ਤ ਦਾ ਸੰਤਾਪ ਭੋਗ ਰਹੇ ਘਟ ਗਿਣਤੀ ਲੋਕਾਂ ਦੇ ਮਨ ਦੀ ਬਾਤ ਪਾਉਂਦੀਆਂ ਸਨ। ਉਸ ਸਮੇਂ ਇਨ੍ਹਾਂ ਪੇਂਟਿੰਗ ਦੀਆਂ ਜੰਮੂ ਵਿਖੇ ਅਨੇਕਾਂ ਪ੍ਰਦਰਸ਼ਨੀਆਂ ਲੱਗੀਆਂ ਤੇ ਲੋਕਾਂ ਨੇ ਧੜਾ ਧੜ ਖ਼ਰੀਦ ਕੇ ਆਪਣੇ ਘਰਾਂ ਦਾ ਸ਼ਿੰਗਾਰ ਬਣਾ ਲਈਆਂ। ਅੱਜ ਵੀ ਉਸ ਦੀਆਂ ਪੇਂਟਿੰਗਜ਼ ਉਥੋਂ ਦੇ ਘੱਟ ਗਿਣਤੀ ਲੋਕਾਂ ਦੇ ਘਰਾਂ ਵਿਚ ਟੰਗੀਆਂ ਮਿਲ ਜਾਣਗੀਆਂ।

ਉਸ ਦੀ ਪੇਂਟਿੰਗ ਵਿਚ ਨਾਰੀ ਦੇ ਬਹੁਤ ਸਾਰੇ ਰੂਪ ਆਉਂਦੇ ਹਨ। ਜਿਹਦੇ ’ਚ ਨਾਰੀ ਦੀ ਗਰਦਨ ਲੰਮੀ ਹੁੰਦੀ ਹੈ। ਉਹ ਪੇਂਟਿੰਗ ’ਤੇ ਉਦੋਂ ਤਕ ਕੰਮ ਕਰਦਾ ਰਹਿੰਦਾ ਹੈ ਜਦੋਂ ਤਕ ਪੇਂਟਿੰਗ ਉਹਦੇ ਨਾਲ ਗੱਲਾਂ ਨਾ ਕਰਨ ਲੱਗ ਜਾਵੇ।

ਪਵਨ ਦਾ ਜਨਮ ਹਰਿਆਣਵੀ ਜਾਟ ਪਰਿਵਾਰ ਵਿਚ ਹੋਇਆ। ਉਹਦਾ ਪਿਤਾ ਫ਼ੌਜ ਵਿਚ ਸੀ ਜੋ ਘਰ ਵਿਚ ਸਖ਼ਤ ਡਸਿਪਲਿਨ ਰੱਖਦਾ ਸੀ। ਉਹ ਪਵਨ ਦੇ ਪੇਂਟਿੰਗ ਦੀ ਪੜ੍ਹਾਈ ਕਰਨ ਦੇ ਖ਼ਿਲਾਫ਼ ਸੀ ਪਰ ਪਵਨ ਦੇ ਅੰਦਰ ਤਾਂ ਚਿੱਤਰਕਾਰ ਬੈਠਾ ਹੋਇਆ ਸੀ। ਉਸ ਦਾ ਜਨਮ ਸੋਨੀਪਤ ਦੇ ਪਿੰਡ ਸ਼ੇਖਪੁਰ ਵਿਖੇ ਮਾਤਾ ਕਿਤਾਬੋ ਦੇਵੀ ਅਤੇ ਪਿਤਾ ਜੱਤੀ ਰਾਮ ਦੇ ਘਰ ਹੋਇਆ। ਪਿਤਾ ਉਸ ਦੇ ਚਿੱਤਰਕਾਰ ਦੇ ਸ਼ੌਕ ਦੇ ਖਿਲਾਫ਼ ਸੀ ਪਰ ਮਾਤਾ ਨੇ ਉਸ ਦੇ ਸ਼ੌਕ ਦੀ ਕਦਰ ਕਰਦਿਆਂ ਉਹਨੂੰ ਜੰਮੂ ਯੂਨੀਵਰਸਿਟੀ ਵਿਖੇ ਆਰਟ ਦੀ ਡਿਗਰੀ ਕਰਨ ਤੋਰ ਦਿੱਤਾ। ਫਿਰ ਪਵਨ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਆਰਟ ਵਿਚ ਆਪਣੀ ਕਲਾ ਨਾਲ ਮੰਜ਼ਿਲਾਂ ਸਰ ਕਰਦਾ ਉਹ ਏ. ਪੀ. ਜੇ. ਸਕੂਲ, ਜਲੰਧਰ ਵਿਚ ਆਰਟ ਵਿਭਾਗ ਦੇ ਮੁਖੀ ਤਕ ਪਹੁੰਚ ਗਿਆ। ਉਸ ਦੀ ਕਲਾਕਾਰ ਪਤਨੀ ਅਨੁਰਾਧਾ ਠਾਕੁਰ ਵੀ ਜਲੰਧਰ ਕੈਂਟ ਦੇ ਸਕੂਲ ਵਿਚ ਆਰਟ ਦੀ ਅਧਿਆਪਕਾ ਹੈ। ਅੱਜ-ਕੱਲ ਉਹ ਜਲੰਧਰੀਆ ਬਣ ਕੇ ਪੇਂਟਿੰਗ ਕਰ ਰਿਹਾ ਹੈ।

ਜਦੋਂ 2001, 2002 ਤੇ 2003 ਵਿਚ ਰਾਜ ਪੱਧਰ ਉੱਤੇ ਜੰਮੂ ਤੇ ਕਸ਼ਮੀਰ ਦੇ ਕਲਾ ਮੇਲੇ ’ਚ ਉਹਦੀਆਂ ਪਂੇਟਿੰਗਜ਼ ਦੀਆਂ ਪ੍ਰਦਰਸ਼ਨੀਆਂ ਲੱਗੀਆਂ ਤਾਂ ਉਹ ਬਤੌਰ ਚਿੱਤਰਕਾਰ ਪ੍ਰਸਿੱਧ ਹੋ ਗਿਆ। ਜੰਮੂ ਕਸ਼ਮੀਰ ਕਲਚਰਲ ਅਕੈਡਮੀ ਨੇ 2003 ਵਿਚ ਉਸ ਨੂੰ ‘ਬਰਾਊਡ ਵੇਅ’ ਐਵਾਰਡ ਦਿੱਤਾ ਸੀ। ਉਹਦੀ ਜੀਵਨ ਸਾਥਣ ਅਨੁਰਾਧਾ ਠਾਕੁਰ ਸਕੱਲਪਚਰ ’ਤੇ ਕੰਮ ਕਰਦੀ ਹੈ।

ਪਵਨ ਆਪਣੇ ਬੇਟੇ ਵਿਚ ਵੀ ਕਲਾਕਾਰ ਦੇ ਗੁਣ ਵੇਖਦਾ ਹੈ। ਪਵਨ ਦੀ ਧਾਰਨਾ ਹੈ ਕਿ ਉਸ ਨੂੰ ਓਨੀ ਤਸੱਲੀ ਕਮਰਸ਼ੀਅਲ ਆਰਟ ਕਰ ਕੇ ਨਹੀਂ ਹੁੰਦੀ ਜਿੰਨੀ ਸੰਤੁਸ਼ਟੀ ਮਨ ਪਸੰਦ ਪੇਂਟਿੰਗ ਬਣਾ ਕੇ ਹੁੰਦੀ ਹੈ। ਪਵਨ ਦੀਆਂ ਪੇਂਟਿੰਗ ‘ਕਹਾਣੀ ਧਾਰਾ’ ਮੈਗਜ਼ੀਨ ਦੇ ਟਾਇਟਲ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਨਵੇਂ ਅੰਕ ਵਿਚ ਵੀ ਉਸ ਦੀ ਨਵੀਂ ਪਂੇਟਿੰਗ ਛਪ ਰਹੀ ਹੈ।

- ਭਗਵੰਤ ਰਸੂਲਪੁਰੀ

Posted By: Harjinder Sodhi