ਸਾਹਿਤ ਦਾ ਅਸਲ ਮਨੋਰਥ ਸਾ+ਹਿਤ ਭਾਵ ਦੂਜਿਆਂ ਦੇ ਹਿੱਤ ਲਈ ਲਿਖਣਾ ਹੀ ਹੈ। ਸਾਹਿਤਕਾਰ ਆਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਇਕ ਨਵੀਂ ਸੇਧ, ਨਵੀਂ ਦਿਸ਼ਾ ਜਾਂ ਕੋਈ ਨਵਾਂ ਸੁਨੇਹਾ ਦੇਣ ਦਾ ਯਤਨ ਕਰਦਾ ਹੈ। ਇਨਾਮਾਂ ਸਨਮਾਨਾਂ ਦੀ ਦੌੜ ਅੰਦਰ ਬਹੁਤੇ ਲੇਖਕ ਇਸ ਮਨੋਰਥ ਤੋਂ ਲਾਂਭੇ ਹੋ ਜਾਂਦੇ ਹਨ। ਬਹੁਤ ਘੱਟ ਅਜਿਹੇ ਸਿਰੜੀ ਲੇਖਕ ਹੁੰਦੇ ਹਨ ਜੋ ਸਮਾਜ ਅੰਦਰ ਫੈਲੇ ਕੂੜੇ ਨੂੰ ਹੂੰਝ ਕੇ ਪਾਠਕਾਂ ਦੀ ਸੋਚ ਨੂੰ ਹਲੂਣਾ ਦਿੰਦੇ ਹਨ।

ਪੰਜਾਬ ਦਾ ਮਾਲਵਾ ਖਿੱਤਾ ਪੰਜਾਬੀ ਦੇ ਉੱਚ-ਕੋਟੀ ਦੇ ਸਾਹਿਤਕਾਰਾਂ ਦਾ ਗੜ੍ਹ ਰਿਹਾ ਹੈ। ਜਸਵੰਤ ਸਿੰਘ ਕੰਵਲ , ਗੁਰਦਿਆਲ ਸਿੰਘ , ਦੀਪਕ ਜੈਤੋਈ, ਬਿਸਮਿਲ ਫਰੀਦਕੋਟੀ ਆਦਿ ਸਾਹਿਤਕਾਰਾਂ ਨੇ ਇਸ ਧਰਤੀ ਦਾ ਮਣਾਮੂੰਹੀਂ ਮਾਣ ਵਧਾਇਆ ਹੈ। ਸਿਰੜ ਤੇ ਸਾਧਨਾ ਸੰਗ ਇਨ੍ਹਾਂ ਅਦੀਬਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਇਕ ਉੱਚਾ ਮੁਕਾਮ ਹਾਸਿਲ ਕੀਤਾ। ਅਜਿਹਾ ਹੀ ਸਿਰੜੀ ਲੇਖਕ ਹੈ ਜੀਤ ਸਿੰਘ ਸੰਧੂ।

ਕੋਟਕਪੂਰੇ ਦੀ ਵੱਖੀ ਵਿਚ ਵਸਦਾ ਪਿੰਡ ਸਿੱਖਾਂ ਵਾਲਾ... ਤੇ ਸਿੱਖਾਂ ਵਾਲੇ ਦਾ ਦੇਸੀ ਜਿਹਾ ਬੰਦਾ ਜੀਤ ਸਿੰਘ ਸੰਧੂ। ਉਮਰਾਂ ਦੀ ਪੌੜੀ ਦੇ 68ਵੇਂ ਟੰਬੇ ’ਤੇ ਪੈਰ ਧਰ ਚੁੱਕਾ ਨਾਵਲਕਾਰ ਜੀਤ ਸਿੰਘ ਸੰਧੂ ਸਵੇਰੇ ਠੀਕ ਤਿੰਨ ਵੱਜ ਕੇ ਚਾਲੀ ਮਿੰਟ ’ਤੇ ਉੱਠ ਕੇ ਤਰੋਤਾਜ਼ਾ ਹੋ ਲਿਖਣ/ਪੜ੍ਹਨ ਬੈਠ ਜਾਂਦਾ ਹੈ। ਮੀਂਹ ਆਵੇ, ਹਨੇਰੀ ਆਵੇ, ਉਸ ਦਾ ਇਹ ਨਾਗਾ ਕਦੇ ਟੁੱਟਿਆ ਨਹੀਂ। ਸੰਧੂ ਲਿਖਣੋਂ ਕਦੇ ਥੱਕਿਆ ਨਹੀਂ, ਰੁਕਿਆ ਨਹੀਂ।

ਇਸ ਗੱਲ ਦੀ ਗਵਾਹੀ ਉਸ ਦੇ ਛਪ ਚੁੱਕੇ ਕਰੀਬ ਸੋਲਾਂ ਨਾਵਲ ਭਰਦੇ ਹਨ, ਜਿਨ੍ਹਾਂ ’ਚ ‘ਪਿੱਪਲ ਵਾਲਾ ਮੋੜ, ਡਾਂਗਾਂ ਖੜਕ ਪਈਆਂ, ਲੰਕਾ ਦਾਹ, ਬੁੱਕਲ ਦੇ ਸੱਪ, ਤੇਜਾ ਨਗੌਰੀ, ਦਿਨ ਚੜ੍ਹਨ ਤਕ, ਹੋਰ ਕੋਈ ਚਾਰਾ ਨਹੀਂ, ਸੂਲਾਂ ਦੀ ਨੋਕ ’ਤੇ, ਚੱਕਰਵਿਊ ਦਰ ਚੱਕਰਵਿਊ, ਯੂ-ਟਰਨ, ਕਿੱਤਾ ਭਵਨ, ਓਦੋਂ ਤੇ ਹੁਣ’ ਆਦਿ ਪ੍ਰਮੁੱਖ ਹਨ।

ਇਨ੍ਹਾਂ ਨਾਵਲਾਂ ਰਾਹੀਂ ਜੀਤ ਸਿੰਘ ਸੰਧੂ ਨੇ ਜਿੱਥੇ ਮਾਲਵਾ ਖੇਤਰ ’ਚ ਵਗਦੇ ਨਸ਼ਿਆਂ ਦੇ ਦਰਿਆ ’ਚ ਰੁਲਦੀ ਜਵਾਨੀ, ਜ਼ਮੀਨਾਂ ਦੇ ਝਗੜੇ, ਸੁੱਚੇ ਇਸ਼ਕ ਤੇ ਚੌਧਰ ਦੇ ਭੁੱਖੇ ਆਗੂਆਂ ਦੀ ਬਾਤ ਛੋਹੀ ਹੈ, ਉਥੇ ਹੀ ਉਸ ਨੇ ਕਈ ਥਾਈਂ ਪੁਲਿਸ ਤੇ ਸਿਆਸਤ ਦੇ ਕਿਰਦਾਰ ਨੂੰ ਵੀ ਉਜਾਗਰ ਕੀਤਾ ਹੈ। ਉਸ ਦੇ ਨਾਵਲਾਂ ਵਿਚ ਜਿੱਥੇ ਟਿੱਬਿਆਂ ਦੇ ਕੱਕੇ ਰੇਤ ਵਿਚ ਉੱਗੇ ਹਰੇ ਛੋਲਿਆਂ ਦੀ ਮਹਿਕ ਆਉਂਦੀ ਹੈ, ਉੱਥੇ ਹੀ ਸ਼ਹਿਰੀਕਰਨ ਦੀਆਂ ਕਈ ਸਮੱਸਿਆਵਾਂ ਵੀ ਨਸ਼ਰ ਹੁੰਦੀਆਂ ਹਨ ।

ਪੇਂਡੂ ਧਰਾਤਲ ਨਾਲ ਜੁੜਿਆ ਹੋਣ ਕਰਕੇ ਜੀਤ ਸਿੰਘ ਸੰਧੂ ਦੇ ਨਾਵਲਾਂ ਵਿਚ ਪਿੰਡਾਂ ਦੇ ਸੱਭਿਆਚਾਰ, ਕਿਰਸਾਨੀ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਸ਼ਰੀਕੇਬਾਜ਼ੀ ਵੀ ਪ੍ਰਤੱਖ ਰੂਪ ਵਿਚ ਨਜ਼ਰ ਆਉਂਦੀ ਹੈ। ਗੁਰਦਿਆਲ ਸਿੰਘ ਤੋਂ ਬਾਅਦ ਪਿੰਡਾਂ ਦੀ ਜ਼ਿੰਦਗੀ ਨੂੰ ਬਾਰੀਕੀ ਨਾਲ ਆਪਣੇ ਨਾਵਲਾਂ ਵਿਚ ਸੰਧੂ ਨੇ ਬਾਖੂਬੀ ਪੇਸ਼ ਕੀਤਾ ਹੈ। ਇਕ ਮੁਲਾਕਾਤ ਵਿਚ ਜੀਤ ਸਿੰਘ ਸੰਧੂ ਦਾ ਕਹਿਣਾ ਸੀ ਕਿ ਉਹ ਪਹਿਲਾਂ ਕਦੇ ਆਪਣੇ ਕਿਸੇ ਵੀ ਨਾਵਲ ਦਾ ਪਲਾਟ ਨਹੀਂ ਸੋਚਦਾ। ਬੇਸ਼ੱਕ ਅਲੋਚਕਾਂ/ਲੇਖਕਾਂ ਨੂੰ ਇਹ ਗੱਲ ਹਜ਼ਮ ਨਾ ਹੋਵੇ, ਪਰ ਇਹ ਹੈ ਬਿਲਕੁੱਲ ਸੱਚ।

ਉਸਨੂੰ ਪਤਾ ਨਹੀਂ ਹੁੰਦਾ ਕਿ ਸਵੇਰੇ ਉੱਠ ਕੇ ਛੋਹਿਆ ਹੋਇਆ ਨਾਵਲ ਕਿੱਧਰ ਮੁੜੇਗਾ। ਪਰ ਜਦ ਉਸ ਦਾ ਕੋਈ ਨਾਵਲ ਛਪ ਕੇ ਪਾਠਕਾਂ ਦੇ ਹੱਥਾਂ ’ਚ ਪਹੁੰਚਦਾ ਹੈ ਤਾਂ ਕੋਈ ਇਹ ਨਹੀਂ ਕਹਿ ਸਕਦਾ ਕਿ ਨਾਵਲ ਦਾ ਪਲਾਟ ਸੰਧੂ ਨੇ ਪਹਿਲਾਂ ਨਹੀਂ ਸੋਚਿਆ ਹੋਵੇਗਾ।

ਇੱਥੇ ਇਹ ਗੱਲ ਖ਼ਾਸ ਤੌਰ ’ਤੇ ਕਰਨੀ ਬਣਦੀ ਹੈ ਕਿ ਜੇ ਜੀਤ ਸਿੰਘ ਸੰਧੂ ਸਿਰਫ਼ ਆਪਣੀ ਲਿਖਣ ਸਾਧਨਾਂ ਨੂੰ ਸਮਰਪਿਤ ਨਾ ਹੋ ਕੇ ਜੁਗਾੜੂ ਕਿਸਮ ਦਾ ਲੇਖਕ ਹੁੰਦਾ ਤਾਂ ਉਸ ਦੇ ਕਈ ਨਾਵਲਾਂ ਨੇ ਯੂਨੀਵਰਸਿਟੀਆਂ ਦੇ ਕੋਰਸਾਂ ਵਿਚ ਲੱਗ ਜਾਣਾ ਸੀ। ਸਾਹਿਤ ਅਕਾਦਮੀ ਸਮੇਤ ਕਈ ਵੱਡੇ ਸਨਮਾਨ ਉਸ ਦੀ ਕੰਧੋਲੀ ’ਤੇ ਵੀ ਪਏ ਹੋਣੇ ਸਨ। ਪਰ ਉਸ ਨੂੰ ਆਪਣੀ ਲਿਖਣ-ਸਾਧਨਾ ਤੋਂ ਫੁਰਸਤ ਮਿਲੇ ਤਾਂ ਹੀ ਉਹ ਕਿਧਰੇ ਭੱਜੇ। ਇਸ ਫੱਕਰ ਲੇਖਕ ਨੂੰ ਸਬਦ-ਸਾਂਝ, ਕਰਤਾਰ ਸਿੰਘ ਯਾਦਗਾਰੀ ਮੰਚ, ਕੇਹਰ ਸਿੰਘ ਰੂਪਾ ਫਾਉਂਡੇਸ਼ਨ, ਲੋਕ ਸਾਹਿਤ ਅਕਾਦਮੀ ਮੋਗਾ, ਅਦਾਰਾ ਲੋਹਮਣੀ, ਮੁਮਤਾਜ ਸ਼੍ਰੋਮਣੀ ਨਾਵਲਕਾਰ ਤੋਂ ਇਲਾਵਾ ਕਈ ਹੋਰ ਸਾਹਿਤਕ ਸੰਸਥਾਵਾਂ ਸਨਮਾਨਿਤ ਕਰ ਕੇ ਖ਼ੁਦ ਨੂੰ ਸਨਮਾਨਿਤ ਮਹਿਸੂਸ ਕਰ ਚੁੱਕੀਆਂ ਹਨ। ਕਲਾ ਤੇ ਸਾਹਿਤ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਉਹਦੇ ਦਰ ਢੁੱਕੀਆਂ ਹਨ। ਸੁਭਾਅ ਪੱਖੋਂ ਬੇਹੱਦ ਸਾਊ ਤੇ ਚੁੱਪਚਾਪ ਲਿਖਦੇ ਰਹਿਣ ਵਾਲੇ ਜੀਤ ਸਿੰਘ ਸੰਧੂ ਜਿਹੇ ਨਾਵਲਕਾਰ ਮਾਲਵੇ ਸਮੇਤ ਸਮੁੱਚੇ ਪੰਜਾਬੀ ਸਾਹਿਤ ਦਾ ਮਾਣ ਹਨ।

ਨਾਵਲ ’ਤੇ ਬਣਿਆ ਲੜੀਵਾਰ ਨਾਟਕ

ਜੀਤ ਸਿੰਘ ਸੰਧੂ ਦੇ ਨਾਵਲ ‘ਤੇਜਾ ਨਗੌਰੀ’ ਦੀ ਕਹਾਣੀ ਉੱਤੇ ਇਕ ਲੜੀਵਾਰ ਨਾਟਕ ਬਣ ਕੇ ਲਗਪਗ ਤਿਆਰ ਹੋ ਚੁੱਕਾ ਹੈ। ਉਸਦੇ ਨਾਵਲਾਂ ’ਤੇ ਪੀ ਐੱਚ ਡੀ ਕਰ ਰਹੇ ਵਿਦਿਆਰਥੀ ਅਕਸਰ ਸੰਧੂ ਤੋਂ ਸੇਧ ਲੈਂਦੇ ਰਹਿੰਦੇ ਨੇ। ਏਨਾ ਕੁਝ ਲਿਖਣ ਦੇ ਬਾਵਜੂਦ ਵੀ ਜੀਤ ਸਿੰਘ ਸੰਧੂ ਨਾ ਕਦੇ ਇਨਾਮਾਂ, ਸਨਮਾਨਾਂ ਮਗਰ ਦੌੜਿਆ ਹੈ ਤੇ ਨਾ ਕਦੇ ਵੱਡੇ ਆਲੋਚਕਾਂ,ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਕੋਲ ਨਾਵਲਾਂ ਨੂੰ ਚੁੱਕ ਕੇ ਤੁਰਿਆ ਫਿਰਦਾ ਰਿਹਾ ਹੈ। ਇਹੋ ਕਾਰਨ ਹੈ ਕਿ ਆਲੋਚਕ,ਪ੍ਰੋਫੈਸਰ, ਲੇਖਕ, ਫਿਲਮਸਾਜ ਹੁਣ ਖ਼ੁਦ ਉਸ ਦੇ ਨਾਵਲਾਂ ਦਾ ਨੋਟਿਸ ਲੈਣ ਲੱਗੇ ਹਨ। ਵੱਡੇ-ਵੱਡੇ ਅਦਾਰੇ ਉਸ ਨੂੰ ਸਨਮਾਨ ਦੇਣ ਦੀ ਗੱਲ ਕਹਿਣ ਲੱਗੇ ਹਨ।

- ਕੁਲਵਿੰਦਰ ਵਿਰਕ

Posted By: Harjinder Sodhi