'ਪੰਜਾਬੀ ਜਾਗਰਣ' ਹਮੇਸ਼ਾ ਹੀ ਨਾਰੀ ਸਸ਼ਕਤੀਕਰਨ 'ਤੇ ਜ਼ੋਰ ਦਿੰਦਾ ਆਇਆ ਹੈ। ਅਸੀਂ ਵੱਖ-ਵੱਖ ਖੇਤਰਾਂ 'ਚ ਮੀਲ ਪੱਥਰ ਗੱਡਣ ਵਾਲੀਆਂ ਔਰਤਾਂ ਨੂੰ ਸਾਹਮਣੇ ਲਿਆਉਂਦੇ ਹਾਂ। 18 ਜੂਨ ਨੂੰ 'ਪੰਜਾਬੀ ਜਾਗਰਣ' ਨੇ ਆਪਣੇ ਨੌਂ ਸਾਲ ਪੂਰੇ ਕਰ ਕੇ ਦਸਵੇਂ ਵਰ੍ਹੇ 'ਚ ਕਦਮ ਰੱਖਿਆ ਹੈ। ਇਸ ਮੌਕੇ ਪੇਸ਼ ਹੈ ਪ੍ਰਿੰਸੀਪਲ ਬਣ ਕੇ ਕੁੜੀਆਂ ਦੀ ਸਿੱਖਿਆ ਤੇ ਸਮਾਜ ਸੇਵਾ ਲਈ ਵਚਨਬੱਧ ਹੋ ਕੇ ਤਨਦੇਹੀ ਨਾਲ ਕੰਮ ਕਰਨ ਵਾਲੀਆਂ 9 ਔਰਤਾਂ ਦੀ ਸਿਦਕਦਿਲੀ ਤੇ ਸਖ਼ਤ ਮੁਸ਼ੱਕਤ ਦੀ ਕਹਾਣੀ...

ਔਰਤ ਜੱਗ ਜਣਨੀ ਹੈ। ਦੁਨੀਆ ਦੇ ਸਭ ਰਿਸ਼ਤਿਆਂ ਦਾ ਆਧਾਰ ਔਰਤ ਹੀ ਹੈ। ਅਜੋਕੀ ਔਰਤ ਕਿਸੇ ਵੀ ਖੇਤਰ 'ਚ ਪਿੱਛੇ ਨਹੀਂ ਰਹੀ ਸਗੋਂ ਮਰਦਾਂ ਨਾਲੋਂ ਵੀ ਚਾਰ ਕਦਮ ਅੱਗੇ ਵੱਧ ਰਹੀ ਹੈ। ਉਹ ਅੱਜ ਘਰ ਦੀ ਚਾਰਦੀਵਾਰੀ 'ਚੋਂ ਬਾਹਰ ਨਿੱਕਲ ਕੇ ਕਾਮਯਾਬੀ ਦੀ ਨਵੀਂ ਦਾਸਤਾਨ ਲਿਖ ਰਹੀ ਹੈ। ਕਦੇ ਸਮਾਂ ਸੀ ਜਦੋਂ ਕੁੜੀਆਂ ਉੱਚ ਵਿੱਦਿਆ ਹਾਸਲ ਕਰਨ ਬਾਰੇ ਸੋਚ ਵੀ ਨਹੀਂ ਸੀ ਸਕਦੀਆਂ ਪਰ ਹੁਣ ਕਈ ਔਰਤਾਂ ਜਿੱਥੇ ਖ਼ੁਦ ਐੱਮਫਿਲ, ਪੀਐੱਚਡੀ ਜਿਹੀ ਉੱਚ ਵਿੱਦਿਆ ਪ੍ਰਾਪਤ ਕਰ ਰਹੀਆਂ ਹਨ, ਉੱਥੇ ਹੀ ਸਮਾਜ ਨੂੰ ਵੀ ਸਾਖਰ ਕਰਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾ ਰਹੀਆਂ ਹਨ।

ਸਨਮਾਨ ਸਿਰਜਣਾ ਸ਼ਕਤੀ

ਤਿੰਨੋਂ ਕੋਲ ਮੇਰੇ

ਬਰਾਬਰਤਾ ਤੂੰ ਖੋਹੀ ਮੇਰੀ

ਲੈ ਤਾਂ ਲਵਾਂਗੀ ਮੈਂ

ਮਾਣ ਤੇਰਾ ਰੱਖਣ ਲਈ

ਪਰ ਅਜੇ ਖ਼ਾਮੋਸ਼ ਹਾਂ...

ਔਰਤ ਅਤੇ ਪ੍ਰਕਿਰਤੀ ਚੱਤੋ ਪਹਿਰ ਸਿਰਜਣਾ ਦੇ ਆਹਰੇ ਲੱਗੀਆਂ ਰਹਿੰਦੀਆਂ ਹਨ। ਘਰ ਹੋਵੇ, ਖੇਤ, ਬਗੀਚੀ ਹੋਵੇ ਜਾਂ ਫਿਰ ਕੰਮ ਵਾਲੀਆਂ ਥਾਵਾਂ, ਔਰਤ ਆਪਣੀ ਪ੍ਰਤਿਭਾ, ਸ਼ਾਲੀਨਤਾ, ਬੁੱਧੀਮਤਾ ਨਾਲ ਵਿਲੱਖਣ ਪੈੜਾਂ ਸਿਰਜਣ ਦੀ ਸਮਰੱਥਾ ਰੱਖਦੀ ਹੈ। ਅੱਜ ਅਸੀਂ ਪੰਜਾਬ ਦੀਆਂ -ਵੱਖ ਮਾਣਮੱਤੀਆਂ ਪ੍ਰਿੰਸੀਪਲ ਬਾਰੇ ਗੱਲ ਕਰਾਂਗੇ, ਜਿਨ੍ਹਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਨਾ ਸਿਰਫ਼ ਪੰਜਾਬ 'ਚ ਮਨਵਾਇਆ ਹੈ ਸਗੋਂ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਵੀ ਇਨ੍ਹਾਂ ਦੀ ਪ੍ਰਤਿਭਾ ਲੁਕੀ ਨਹੀਂ ਰਹੀ। ਪੰਜਾਬ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਜ਼ਿਆਦਾਤਰ ਪ੍ਰਿੰਸੀਪਲ ਸਾਹਿਤ ਨਾਲ ਜੁੜੀਆਂ ਹੋਈਆਂ ਹਨ, ਜਿਸ ਕਰਕੇ ਉਹ ਆਪਣੇ ਵਿਦਿਆਰਥੀਆਂ 'ਚ ਵੀ ਸਾਹਿਤਕ ਰੁਚੀਆਂ ਪੈਦਾ ਕਰਨ 'ਚ ਕਾਫ਼ੀ ਹੱਦ ਤਕ ਕਾਮਯਾਬ ਹੋਈਆਂ ਹਨ। ਪੰਜਾਬ ਦੀਆਂ ਕਈ ਪ੍ਰਿੰਸੀਪਲਾਂ ਦੇ ਖੋਜ ਪੱਤਰ ਦੇਸ਼-ਦੁਨੀਆ ਦੇ ਨਾਮੀ ਰਸਾਲਿਆਂ 'ਚ ਛਪਦੇ ਰਹਿੰਦੇ ਹਨ, ਜਿਸ ਤੋਂ ਉਨ੍ਹਾਂ ਦੀ ਵਿਦਵਤਾ ਦਾ ਭਲੀਭਾਂਤ ਅਹਿਸਾਸ ਹੁੰਦਾ ਹੈ। ਇਨ੍ਹਾਂ ਦੀ ਸਮਰਪਣ ਭਾਵਨਾ ਦੀ ਬਦੌਲਤ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਸੂਬਾ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਮਾਣ-ਸਨਮਾਨ ਮਿਲਦੇ ਰਹਿੰਦੇ ਹਨ।

ਇਹ ਔਰਤਾਂ ਬਹੁਪੱਖੀ ਸ਼ਖ਼ਸੀਅਤ ਦੀ ਮਾਲਕ ਹਨ, ਜਿਨ੍ਹਾਂ ਦਾ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਅੱਜ ਜੇ ਲੋਕ ਆਪਣੀਆਂ ਧੀਆਂ ਨੂੰ ਪੜ੍ਹਾਉਣ-ਲਿਖਾਉਣ ਲਈ ਤਿਆਰ ਹੋਏ ਹਨ ਤਾਂ ਅਜਿਹੀਆਂ ਕਾਬਲ ਤੇ ਮਿਹਨਤੀ ਪ੍ਰਿੰਸੀਪਲਾਂ ਕਰਕੇ। ਸਮਾਜ 'ਚ ਗਿਆਨ ਦਾ ਚਾਨਣ ਫੈਲਾਉਣ ਲਈ ਅਜਿਹੀਆਂ ਹਸਤੀਆਂ ਦਾ ਯੋਗਦਾਨ ਕਾਬਲੇ ਤਾਰੀਫ਼ ਹੈ। ਆਓ ਅੱਜ ਜਾਣਦੇ ਹਾਂ ਇਨ੍ਹਾਂ ਔਰਤਾਂ ਦੇ ਸੰਘਰਸ਼ ਤੇ ਮਿਹਨਤ ਤੇ ਲੰਬੇ ਸਫ਼ਰ ਦੀ ਕਹਾਣੀ।

ਮਾਂ-ਬੋਲੀ ਨੂੰ ਸਮਰਪਿਤ ਡਾ. ਨਵਜੋਤ ਕੌਰ

ਡਾ.ਨਵਜੋਤ ਕੌਰ ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ, ਜਲੰਧਰ ਵਿਖੇ ਪਿਛਲੇ ਚਾਰ ਸਾਲਾਂ ਤੋਂ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ 28 ਸਾਲ ਕੰਨਿਆ ਮਹਾ ਵਿਦਿਆਲਾ ਜਲੰਧਰ 'ਚ ਅਧਿਆਪਨ ਦੌਰਾਨ ਜਿੱਥੇ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਈਆਂ, ਉੱਥੇ ਹੀ ਖੋਜ ਕਾਰਜ ਵੀ ਜਾਰੀ ਰੱਖਿਆ। ਉਨ੍ਹਾਂ ਦੀਆਂ ਹੁਣ ਤਕ ਅੱਠ ਕਿਤਾਬਾਂ ਛਪ ਚੁੱਕੀਆਂ ਹਨ। ਇਸ ਤੋਂ ਇਲਾਵਾ ਸਮਾਜਿਕ ਵਿਸ਼ਿਆਂ ਬਾਰੇ ਉਸ ਦੀਆਂ ਕਵਿਤਾਵਾਂ ਤੇ ਲੇਖ ਅਕਸਰ ਹੀ ਅਖ਼ਬਾਰਾਂ 'ਚ ਛਪਦੇ ਰਹਿੰਦੇ ਹਨ। ਡਾ. ਨਵਜੋਤ ਜਿੱਥੇ ਇਕ ਕੁਸ਼ਲ ਪ੍ਰਬੰਧਕ ਹੈ, ਉੱਥੇ ਹੀ ਆਪਣੀ ਗਤੀਸ਼ੀਲਤਾ ਕਰਕੇ ਵੀ ਜਾਣੇ ਜਾਂਦੇ ਹਨ। ਜਲੰਧਰ ਵਿੱਦਿਅਕ ਅਦਾਰਿਆਂ ਦਾ ਗੜ੍ਹ ਹੈ। ਮੁਕਾਬਲੇ ਦੀ ਹੌੜ 'ਚ ਸ਼ਾਮਲ ਇਹ ਅਦਾਰੇ ਇਕ ਦੂਜੇ ਤੋਂ ਅੱਗੇ ਲੰਘਣ, ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਤਤਪਰ ਰਹਿੰਦੇ ਹਨ। ਅਜਿਹੇ ਮੁਕਾਬਲੇਬਾਜ਼ੀ ਦੇ ਦੌਰ 'ਚ ਡਾ. ਨਵਜੋਤ ਬੜੇ ਸਹਿਜ, ਸੁਹਜ ਤੇ ਠਰੰਮੇ ਨਾਲ ਕਾਲਜ ਦੀ ਤਰੱਕੀ ਤੇ ਵਿਦਿਆਰਥਣਾਂ ਦੀ ਸਰਵਪੱਖੀ ਸ਼ਖ਼ਸੀਅਤ ਦੀ ਉਸਾਰੀ 'ਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।

ਸਾਹਿਤ ਤੇ ਸਮਾਜ ਦੇ ਆਪਸੀ ਤਾਲਮੇਲ ਨਾਲ ਡਾ. ਨਵਜੋਤ ਦੀ ਸ਼ਖ਼ਸੀਅਤ 'ਚ ਨਿਖਾਰ ਆਇਆ ਹੈ। ਦੇਸ਼ ਭਗਤ ਯਾਦਗਾਰੀ ਹਾਲ ਦੇ ਕਲਚਰਲ ਵਿੰਗ ਦੇ ਮੈਂਬਰ, ਸਮਾਜ ਸੇਵੀ ਸੰਸਥਾ 'ਪਹਿਲ' 'ਚ ਸੇਵਾ ਯਾਫ਼ਤਾ, ਟੀਵੀ ਤੇ ਰੇਡੀਓ 'ਤੇ ਪ੍ਰਸਾਰਤ ਸਮਾਜਿਕ/ਸਾਹਿਤਕ ਵਿਸ਼ਿਆਂ ਉੱਪਰ ਵਿਸ਼ਾ ਮਾਹਰ ਵਜੋਂ ਹਿੱਸੇਦਾਰੀ ਦੇ ਨਾਲ ਹੀ ਸਮਾਜ 'ਚ ਚੇਤਨਤਾ ਲਿਆਉਣ ਲਈ ਨੁੱਕੜ ਨਾਟਕਾਂ ਨੂੰ ਲਿਖਣਾ ਤੇ ਨਿਰਦੇਸ਼ਤ ਕਰਨਾ ਵੀ ਉਨ੍ਹਾਂ ਦੀ ਵਿਸ਼ੇਸ਼ ਪ੍ਰਾਪਤੀ ਹੈ ਅਤੇ ਸਮਾਜ ਨੂੰ ਵਡਮੁੱਲੀ ਦੇਣ ਵੀ। ਉਨ੍ਹਾ ਨੂੰ ਮਿਲੇ ਇਨਾਮਾਂ-ਸਨਮਾਨਾਂ ਦੀ ਗੱਲ ਕਰੀਏ ਤਾਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਕਲਪਨਾ ਚਾਵਲਾ ਐਵਾਰਡ, 'ਸੈਲਫੀ ਵਿਦ ਡਾਟਰ ਕੰਮਪੇਨ' ਐਵਾਰਡ, ਸਾਬਕਾ ਰਾਸ਼ਟਰਪਤੀ ਵੱਲੋਂ ਐਵਾਰਡ ਤੇ ਹੋਰ ਵੀ ਕਈ ਮਾਣ-ਸਨਮਾਨ ਮਿਲ ਚੁੱਕੇ ਹਨ।

ਬੁਲੰਦ ਹੌਸਲੇ ਦੀ ਮਿਸਾਲ ਡਾ. ਅਜੇ ਸਰੀਨ

ਡਾ. ਅਜੇ ਸਰੀਨ, ਪ੍ਰਿੰਸੀਪਲ ਹੰਸ ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ਬਾਰੇ ਜੇ ਕੋਈ ਗੱਲ ਕਰਨੀ ਹੋਵੇ ਤਾਂ ਸ਼ਬਦਾਂ ਦੀ ਘਾਟ ਮਹਿਸੂਸ ਹੁੰਦੀ ਹੈ। ਉਨ੍ਹਾਂ ਨਾਲ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਕਰਵਾਏ ਪ੍ਰੋਗਰਾਮਾਂ ਦੌਰਾਨ ਅਕਸਰ ਮੁਲਾਕਾਤ ਹੁੰਦੀ ਰਹੀ ਹੈ। ਮਿਕਨਾਤੀਸੀ ਸ਼ਖ਼ਸੀਅਤ ਦੇ ਮਾਲਕ ਡਾ. ਸਰੀਨ ਕਾਲਜ ਦੇ ਪ੍ਰੋਗਰਾਮਾਂ 'ਚ ਭਾਵੇਂ ਹਿੰਦੀ ਜਾਂ ਅੰਗਰੇਜ਼ੀ ਦੀ ਵਰਤੋਂ ਕਰਦੇ ਹੋਣ ਪਰ ਪੰਜਾਬ ਸਾਹਿਤ ਅਕਾਦਮੀ ਦੇ ਪ੍ਰੋਗਰਾਮਾਂ ਦੌਰਾਨ ਖ਼ੂਬਸੂਰਤ ਅੰਦਾਜ਼ ਵਿਚ ਪੰਜਾਬੀ ਬੋਲ ਕੇ ਸਭਨਾਂ ਦਾ ਮਨ ਮੋਹ ਲੈਂਦੇ ਹਨ। ਐੱਮਏ, ਐੱਮ ਫਿਲ, ਪੀਐੱਚਡੀ (ਅੰਗਰੇਜ਼ੀ) ਤਕ ਦੀ ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਲੀ ਡਾ. ਸਰੀਨ ਦਾ ਵਿੱਦਿਅਕ ਖੇਤਰ 'ਚ ਤੀਹ ਸਾਲਾਂ ਦਾ ਤਜਰਬਾ ਹੈ। ਹੰਸ ਰਾਜ ਮਹਿਲਾ ਮਹਾ ਵਿਦਿਆਲਾ 'ਚ ਪ੍ਰਿੰਸੀਪਲ ਵਜੋਂ ਅਪ੍ਰੈਲ 2016 'ਚ ਕਾਇਮਮੁਕਾਮੀ ਤੋਂ ਪਹਿਲਾਂ ਉਹ ਆਰਆਰ ਬਾਵਾ ਡੀਏਵੀ ਕਾਲਜ ਬਟਾਲਾ ਵਿਖੇ ਅਗਸਸ 2008 ਤੋਂ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦੀਆਂ ਚਾਰ ਕਿਤਾਬਾਂ ਛਪ ਚੁੱਕੀਆਂ ਹਨ। ਉਨ੍ਹਾਂ ਦੇ 43 ਖੋਜ ਪੱਤਰ ਵੱਖ-ਵੱਖ ਕੌਮੀ ਤੇ ਆਲਮੀ ਰਸਾਲਿਆਂ 'ਚ ਛਪੇ ਹਨ। ਉਹ ਆਰੀਆ ਸਮਾਜ ਡੀਏਵੀ ਕਾਲਜ ਟਰੱਸਟ ਤੇ ਮੈਨੇਜਮੈਂਟ ਦੇ ਲਾਈਫ ਮੈਂਬਰ ਹਨ।

ਬਹੁਤ ਸਾਰੀਆਂ ਵਿੱਦਿਅਕ, ਸਮਾਜਿਕ ਅਤੇ ਉੱਚ ਸਿੱਖਿਆ ਨਾਲ ਸਬੰਧਤ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਹਾਸਲ ਹੋਏ ਹਨ। ਉਹ ਆਪਣੇ ਕਾਲਜ ਨੂੰ ਵੀ ਬੁਲੰਦੀਆਂ 'ਤੇ ਲੈ ਕੇ ਗਏ ਹਨ। ਜਲੰਧਰ ਦੀ ਇਸ ਮਾਣਮੱਤੀ ਸੰਸਥਾ ਨੂੰ ਨੈਕ ਤੋਂ 'ਏ' ਗਰੇਡ ਦਿਵਾਉਣਾ ਉਨ੍ਹਾਂ ਦੀ ਮਾਣਮੱਤੀ ਪ੍ਰਾਪਤੀ ਹੈ। ਬਹੁਤ ਸਾਰੇ ਨਵੇਂ ਕੋਰਸਾਂ ਦੀ ਸ਼ੁਰੂਆਤ ਤੇ ਵਿਦਿਆਰਥਣਾਂ ਲਈ ਨੌਕਰੀ ਯੋਗਤਾ ਦੇ ਟੀਚਿਆਂ ਨੂੰ ਪ੍ਰਾਪਤ ਕਰਨਾ ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਦਾ ਹਾਸਲ ਹੈ। ਔਰਤ ਦੀ ਕਾਰਜ ਕੁਸ਼ਲਤਾ ਵੇਖਣੀ ਹੋਵੇ ਤਾਂ ਇਕ ਦਿਨ ਉਨ੍ਹਾਂ ਦੇ ਦਫ਼ਤਰ 'ਚ ਗੁਜ਼ਾਰਨਾ ਬਣਦਾ ਹੈ, ਆਏ ਗਏ ਦੀ ਸੇਵਾ, ਟਹਿਲ, ਅਪਣੱਤ, ਨਿੱਘ ਦਾ ਅਹਿਸਾਸ ਤਾਂ ਮਿਲਦਾ ਹੀ ਹੈ, ਨਾਲ ਹੀ ਕਾਲਜ 'ਚ ਇੱਕੋ ਸਮੇਂ ਵੱਖ-ਵੱਖ ਵਿਭਾਗਾਂ ਦੇ ਦਸ-ਦਸ ਪ੍ਰੋਗਰਾਮ ਹੁੰਦੇ ਦੇਖੇ ਜਾ ਸਕਦੇ ਹਨ। ਉਨ੍ਹਾਂ ਨੂੰ ਮਿਲੇ ਮਾਣ-ਸਨਮਾਨਾਂ ਦੀ ਗੱਲ ਕਰੀਏ ਤਾਂ 'ਆਇਰਨ ਲੇਡੀ', 'ਮਹਾਤਮਾ ਗਾਂਧੀ ਐਵਾਰਡ ਫਾਰ ਗਲੋਬਲ ਪੀਸ', ਨਾਦੀਆ ਮੁਰਾਦ ਐਕਸੀਲੈਂਸੀ ਐਵਾਰਡ, ਮਹਾਤਮਾ ਹੰਸ ਰਾਜ ਬੈਸਟ ਪ੍ਰਿੰਸੀਪਲ ਐਵਾਰਡ, ਐਮੀਨੈਂਟ ਐਜੂਕੇਸ਼ਨਿਸਟ ਐਵਾਰਡ ਦੇ ਨਾਲ-ਨਾਲ ਹੋਰ ਬਹੁਤ ਸਾਰੇ ਮਾਣ-ਸਨਮਾਨ ਮਿਲੇ ਹਨ। ਡਾ. ਸਰੀਨ ਸਿਦਕਦਿਲੀ, ਬੁਲੰਦ ਹੌਸਲੇ ਤੇ ਔਰਤ ਦੇ ਸਵੈ-ਮਾਣ ਦੀ ਮੂਰਤ ਹਨ।

ਦਿਆਨਤਦਾਰ ਸ਼ਖ਼ਸੀਅਤ ਦੇ ਮਾਲਕ ਡਾ. ਇੰਦਰਜੀਤ ਦਿਉਲ

ਡਾ. ਇੰਦਰਜੀਤ ਕੌਰ ਦਿਉਲ ਯੂਨੀਵਰਸਿਟੀ ਕਾਲਜ ਜੈਤੋ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਿੰਸੀਪਲ ਹਨ। ਉਹ ਫਿਲਾਸਫੀ ਵਿਸ਼ੇ 'ਚ ਐੱਮਏ ਤੇ ਪੀਐੱਚਡੀ ਹਨ। ਮਿੱਠਬੋਲੜੇ, ਦਿਆਨਤਦਾਰ ਸ਼ਖ਼ਸੀਅਤ ਦੇ ਮਾਲਕ ਡਾ. ਦਿਓਲ ਬਹੁਤ ਨਿਮਰ ਸੁਭਾਅ ਦੇ ਹਨ, ਜੋ ਕਿਸੇ ਨੂੰ ਰਾਜੇ, ਬੇਟੇ ਤੋਂ ਬਿਨਾਂ ਸੰਬੋਧਿਤ ਨਹੀਂ ਹੁੰਦੇ। ਪਹਿਲੀ ਮੁਲਾਕਾਤ 'ਚ ਹੀ ਤੁਸੀਂ ਉਨ੍ਹਾਂ ਦੇ ਤੇ ਉਹ ਤੁਹਾਡੇ ਹੋ ਜਾਂਦੇ ਹਨ। ਉਨ੍ਹਾਂ ਨੇ ਜਲੰਧਰ ਤੋਂ 1986 'ਚ ਅਧਿਆਪਨ ਕਾਰਜ ਸ਼ੁਰੂ ਕਰ ਕੇ 2006 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਚਾਲਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦਮਦਮਾ ਸਾਹਿਬ ਵਿਖੇ ਰੈਗੂਲਰ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ।

ਉਪਰੰਤ 2013 'ਚ ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ, ਮਾਨਸਾ ਦੇ ਪਲੇਠੇ ਪ੍ਰਿੰਸੀਪਲ ਵਜੋਂ ਆਪਣੀ ਮਿਹਨਤ ਦਾ ਸਿੱਕਾ ਮਨਵਾਇਆ। 2014 ਤੋਂਂ ਉਹ ਜੈਤੋ ਵਿਖੇ ਪ੍ਰਿੰਸੀਪਲ ਵਜੋਂ ਕਾਰਜਸ਼ੀਲ ਹਨ। ਇਨ੍ਹਾਂ ਦੇ ਕਾਰਜਕਾਲ 'ਚ ਕਾਲਜ ਨੇ ਵਿੱਦਿਅਕ ਤੇ ਸੱਭਿਆਚਾਰਕ ਗਤੀਵਿਧੀਆਂ 'ਚ ਖ਼ੂਬ ਨਾਮਣਾ ਖੱਟਿਆ ਹੈ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬੋਰਡ ਆਫ ਪੋਸਟ ਗ੍ਰੇਜੂਏਸ਼ਨ ਸਟੱਡੀਜ਼ ਤੇ ਫੈਕਲਟੀ ਆਫ ਲੈਂਗੂਏਂਜਿਜ ਦੇ ਮੈਂਬਰ ਵੀ ਰਹਿ ਚੁੱਕੇ ਹਨ। ਇਸ ਦੇ ਨਾਲ-ਨਾਲ ਸਮਾਜ ਸੇਵਾ ਤਹਿਤ ਤਲਵੰਡੀ ਸਾਬੋ ਦੀ ਲੋਕ ਅਦਾਲਤ 'ਚ ਵੀ ਲੋਕਾਈ ਦੀ ਰਹਿਨੁਮਾਈ ਕਰਦੇ ਆਏ ਹਨ।

ਸ਼ਬਦਾਂ ਦੀ ਜਾਦੂਗਰੀ 'ਚ ਮਾਹਰ ਡਾ. ਬਰਿੰਦਰ ਕੌਰ

ਡਾ. ਬਰਿੰਦਰ ਕੌਰ, ਪ੍ਰਿੰਸੀਪਲ ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ ਮਾਨਸਾ ਵਿਖੇ ਕਾਇਮ ਮੁਕਾਮ ਹਨ। ਉਨ੍ਹਾਂ ਦੀ ਵਿੱਦਿਅਕ ਯੋਗਤਾ ਐੱਮਏ, ਐੱਮਫਿਲ, ਪੀਐੱਚਡੀ ਤਕ ਹੈ। ਉਨ੍ਹਾਂ ਨੇ ਤਕਰੀਬਨ ਦੋ ਦਹਾਕਿਆਂ ਤਕ ਜਲੰਧਰ ਦੂਰਦਰਸ਼ਨ ਤੋਂ 'ਖ਼ਾਸ ਖ਼ਬਰ ਇਕ ਨਜ਼ਰ' ਤੇ 'ਰੂਬਰੂ' ਪ੍ਰੋਗਰਾਮਾਂ 'ਚ ਐਂਕਰ ਵਜੋਂ ਸੇਵਾਵਾਂ ਨਿਭਾਈਆਂ ਹਨ। ਸੁਰੀਲੀ ਆਵਾਜ਼ ਦੀ ਮਲਿਕਾ ਡਾ. ਬਰਿੰਦਰ ਸ਼ਬਦਾਂ ਦੀ ਜਾਦੂਗਰੀ ਵੀ ਜਾਣਦੇ ਹਨ। ਕਾਲਜ ਦੀ ਪੜ੍ਹਾਈ ਦੌਰਾਨ ਹੀ ਮੈਗਜ਼ੀਨ ਦੀ ਸੰਪਾਦਕ ਬਣੇ। ਅਧਿਆਪਨ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਬਹੁਤ ਸਾਰੇ ਖੋਜ ਪੱਤਰ ਤੇ ਖੋਜ ਕਾਰਜ ਵੀ ਪ੍ਰਕਾਸ਼ਿਤ ਹੋਏ। ਯੂਜੀਸੀ ਦੇ ਮੇਜਰ ਤੇ ਮਾਈਨਰ ਖੋਜ ਪ੍ਰਾਜੈਕਟ ਕਰਨ ਦੇ ਨਾਲ-ਨਾਲ ਪੀਐੱਚਡੀ ਵਾਲੇ ਵਿਦਿਆਰਥੀਆਂ ਦੀ ਅਗਵਾਈ ਵੀ ਕਰਦੇ ਹਨ।

ਕਾਲਜ 'ਚ ਵਿਦਿਆਰਥੀਆਂ ਦੀ ਗਿਣਤੀ 'ਚ ਵਾਧਾ, ਨਵੇਂ ਕਿੱਤਾਮੁੱਖੀ ਕੋਰਸਾਂ ਦੀ ਸ਼ੁਰੂਆਤ, ਯੁਵਕ ਮੇਲਿਆਂ 'ਚ ਵਿਦਿਆਰਥਣਾਂ ਦੀ ਭਾਗੀਦਾਰੀ ਤੇ ਪ੍ਰਾਪਤੀਆਂ, ਸ਼ਿੱਦਤ ਨਾਲ ਕੰਮ ਕਰਨ ਵਾਲੀ ਪ੍ਰਵਿਰਤੀ ਤੇ ਸਾਹਿਤਕ ਮੱਸ ਨੂੰ ਵੇਖਦਿਆਂ ਦਾਦ ਦੇਣ ਨੂੰ ਜੀਅ ਕਰ ਆਉਂਦਾ ਹੈ। ਉਨ੍ਹਾਂ ਦੀਆਂ ਚਾਰ ਕਿਤਾਬਾਂ ਛਪੀਆਂ ਹਨ ਤੇ ਦੋ ਕਿਤਾਬਾਂ ਦਾ ਸੰਪਾਦਨ ਵੀ ਕੀਤਾ ਹੈ।

ਇਕ ਵਿਦਿਆਰਥਣ ਵਜੋਂ ਗਿੱਧਾ, ਡਰਾਮਾ ਟੀਮਾਂ 'ਚ ਕੰਮ ਕਰਨਾ, ਮੰਚ ਸੰਚਾਲਨ ਕਰਨਾ ਤੇ ਖੇਡਾਂ 'ਚ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ ਦੀ ਕਪਤਾਨੀ ਕਰਨਾ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਹਿੱਸਾ ਹਨ। ਬੈਸਟ ਪ੍ਰਿੰਸੀਪਲ ਐਵਾਰਡ-2011, ਰੂਰਲ ਸਿਟੀਜ਼ਨ ਆਫ ਇੰਡੀਆ ਐਵਾਰਡ-2010, ਸਮਿਸ ਐਵਾਰਡ 2010 ਤੋਂ ਇਲਾਵਾ ਹੋਰ ਕਈ ਮਾਣ-ਸਨਮਾਨ ਹਾਸਲ ਕਰਨ ਵਾਲੇ ਡਾ. ਬਰਿੰਦਰ ਬਹੁਤ ਸਾਰੀਆਂ ਵਿੱਦਿਅਕ ਤੇ ਸਾਹਿਤਕ ਸੰਸਥਾਵਾਂ ਦੇ ਮੈਂਬਰ ਵਜੋਂ ਕਾਰਜਸ਼ੀਲ ਹਨ। ਉਹ ਸਿਰਫ਼ ਸਿੱਖਿਆ ਦੇ ਖੇਤਰ 'ਚ ਹੀ ਨਹੀਂ ਸਗੋਂ ਅਦਬੀ ਸੰਸਥਾਵਾਂ 'ਚ ਵੀ ਅਹਿਮ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ।

ਔਰਤਾਂ ਲਈ ਨਜ਼ੀਰ ਬਣ ਉੱਭਰੇ ਸੁਖਵਿੰਦਰ ਕੌਰ ਧਾਲੀਵਾਲ

ਸੁਖਵਿੰਦਰ ਕੌਰ ਧਾਲੀਵਾਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਮੁਹਾਲੀ ਦੇ ਪ੍ਰਿੰਸੀਪਲ ਹਨ। ਉਨ੍ਹਾਂ ਦੀ ਵਿੱਦਿਅਕ ਯੋਗਤਾ ਐੱਮਏ, ਬੀਐੱਡ ਹੈ। ਉਸ ਨੇ ਮਾਰਚ 1996 'ਚ ਸਿੱਧੀ ਭਰਤੀ ਤਹਿਤ ਸਕੂਲ ਲੈਕਚਰਾਰ ਵਜੋਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ 'ਚ ਅਹੁਦਾ ਸੰਭਾਲਿਆ। ਹੁਣ ਉਹ ਪੰਜਾਬ ਦੇ ਸਰਵੋਤਮ ਸਕੂਲਾਂ 'ਚ ਗਿਣੇ ਜਾਣ ਵਾਲੇ ਮੋਹਾਲੀ ਦੇ ਸਕੂਲ 'ਚ ਸੇਵਾਵਾਂ ਨਿਭਾ ਰਹੇ ਹਨ। ਮੁਹਾਲੀ 'ਚ ਤਾਇਨਾਤੀ ਤੋਂ ਪਹਿਲਾਂ ਉਨ੍ਹਾਂ ਨੇ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਰੁਪਾਲ ਹੇੜੀ ਦੇ ਸਕੂਲ 'ਚ ਵੀ ਪ੍ਰਿੰਸੀਪਲ ਵਜੋਂ ਕੰਮ ਕੀਤਾ।

ਬੱਚਿਆਂ ਦੀ ਸਰਵਪੱਖੀ ਸ਼ਖ਼ਸੀਅਤ ਤੇ ਵਿਗਿਆਨਕ ਸੋਚ ਦੇ ਧਾਰਨੀ ਬਣਾਉਦ ਲਈ ਉਨ੍ਹਾਂ ਨੇ ਵਿੱਦਿਅਕ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ਦੀ ਪ੍ਰਫੁੱਲਤਾ ਦੇ ਨਾਲ-ਨਾਲ ਸਕੂਲ ਦੀ ਦਿੱਖ ਸੁਧਾਰਨ 'ਚ ਵਿਸ਼ੇਸ਼ ਯੋਗਦਾਨ ਪਾਇਆ ਹੈ।

ਭਾਵੇਂ ਸਰਕਾਰੀ ਸਕੂਲਾਂ ਦੇ ਰੱਖ-ਰਖਾਅ ਜਾਂ ਵਿਕਾਸ ਲਈ ਸਰਕਾਰੀ ਫੰਡਾਂ ਦੀ ਅਣਹੋਂਦ ਹੀ ਹੁੰਦੀ ਹੈ ਪਰ ਅਜੋਕੇ ਦੌਰ 'ਚ ਉਨ੍ਹਾਂ ਨੇ ਆਪਣੇ ਸਮਾਜਿਕ ਰਸੂਖ਼ ਤੇ ਵਸੀਲਿਆਂ ਨਾਲ ਸਕੂਲਾਂ 'ਚ ਇਮਾਰਤ ਦੀ ਮੁਰੰਮਤ, ਪੌਦੇ ਲਾਉਣ, ਐੱਨਐੱਸਐੱਸ ਕੈਂਪ ਗਤੀਵਿਧੀਆਂ ਤੇ ਟੂਰ ਪ੍ਰੋਗਰਾਮਾਂ ਰਾਹੀਂ ਨਵੀਂ ਸੁਹਜਾਤਮਕ ਅਕਾਦਮਿਕਤਾ ਦੇ ਪਸਾਰ ਵਿਚ ਵੱਡਮੁਲਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਆਪਣੇ ਬਲਬੂਤੇ ਸਰਕਾਰੀ ਸਹੂਲਤ ਦੀ ਨੁਹਾਰ ਬਦਲੀ ਹੈ, ਜਿਸ ਨਾਲ ਉਹ ਸਮੂਹ ਅਧਿਆਪਕ ਵਰਗ ਲਈ ਨਜ਼ੀਰ ਬਣ ਕੇ ਉੱਭਰੇ ਹਨ। ਉਨ੍ਹਾਂ ਤੋਂ ਸਭ ਨੂੰ ਪ੍ਰੇਰਨਾ ਲੈਣ ਦੀ ਲੋੜ ਹੈ।

ਹਿੰਮਤ ਦੀ ਮਿਸਾਲ ਡਾ. ਤਜਿੰਦਰ ਕੌਰ

ਡਾ. ਤਜਿੰਦਰ ਕੌਰ ਪ੍ਰਿੰਸੀਪਲ ਪੀਟੀਐੱਮ ਆਰੀਆ ਕਾਲਜ ਨੂਰਮਹਿਲ ਨੇ ਪੰਜਾਬੀ ਵਿਸ਼ੇ 'ਚ ਐੱਮਏ, ਐੱਮ ਫਿਲ ਤੇ ਪੀਐੱਚਡੀ ਕੀਤੀ ਹੈ। ਉਨ੍ਹਾਂ ਨੇ ਆਲੋਚਨਾ ਦੀਆਂ ਸੱਤ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਇਸ ਤੋਂ ਇਲਾਵਾਂ ਉਨ੍ਹਾਂ ਦੇ 30 ਦੇ ਕਰੀਬ ਖੋਜ ਪੱਤਰ ਛਪ ਚੁੱਕੇ ਹਨ। ਉਨ੍ਹਾਂ ਨੇ ਜ਼ਿੰਦਗੀ ਦੀਆਂ ਮੰਜ਼ਿਲਾਂ ਸਰ ਕਰਨ ਲਈ ਬੜੇ ਜਫ਼ਰ ਜਾਲੇ ਹਨ। ਬੱਤੀ ਸਾਲ ਦੀ ਉਮਰੇ ਤਿੰਨ ਪਿਤਾ ਵਿਹੂਣੇ ਬੱਚਿਆਂ ਨੂੰ ਸਿੰਗਲ ਮਦਰ ਵਜੋਂ ਪਾਲਣਾ ਤੇ ਨਾਲ ਹੀ ਨੌਕਰੀ ਦੌਰਾਨ ਵੱਡੀਆਂ ਪ੍ਰਾਪਤੀਆਂ ਨਾਲ ਉਹ ਸਮੁੱਚੀਆਂ ਔਰਤਾਂ ਲਈ ਪ੍ਰੇਰਨਾ ਸ੍ਰੋਤ ਬਣ ਕੇ ਉੱਭਰੀ ਹੈ।

1992 'ਚ ਖ਼ਾਲਸਾ ਕਾਲਜ ਫਾਰ ਵੂਮੈਨ ਜਲੰਧਰ ਤੋਂ ਅਸਿਸਟੈਂਟ ਪ੍ਰੋਫੈਸਰ ਵਜੋਂ ਨੌਕਰੀ ਦੀ ਸ਼ੁਰੂਆਤ ਕਰ ਕੇ, ਫਿਰ 1994 ਤੋਂ 2015 ਤਕ ਐੱਸਡੀ ਕਾਲਜ ਜਲੰਧਰ ਵਿਖੇ ਸੇਵਾਵਾਂ ਨਿਭਾਉਣ ਉਪਰੰਤ ਹੁਣ ਪੀਟੀਐੱਮ ਆਰੀਆ ਕਾਲਜ ਨੂਰਮਹਿਲ 'ਚ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੀ ਅਣਥੱਕ ਘਾਲਣਾ ਸਦਕਾ ਉਨ੍ਹਾਂ ਨੂੰ 'ਉੱਤਮ ਪ੍ਰਿੰਸੀਪਲ' ਤੇ ਹੋਰ ਵੀ ਬਹੁਤ ਸਾਰੇ ਸਨਮਾਨ ਪ੍ਰਾਪਤ ਹੋਏ ਹਨ। ਉਹ ਸਮੁੱਚੇ ਨਾਰੀ ਵਰਗ ਲਈ ਹਿੰਮਤ ਦੀ ਮਿਸਾਲ ਬਣ ਕੇ ਉੱਭਰੇ ਹਨ। ਉਨ੍ਹਾਂ ਦੀ ਸੰਘਰਸ਼ ਭਰੀ ਜ਼ਿੰਦਗੀ ਇਹ ਸੰਦੇਸ਼ ਦਿੰਦੀ ਹੈ ਕਿ ਸਮੱਸਿਆਵਾਂ ਤੋਂ ਘਬਰਾਓ ਨਾ ਸਗੋਂ ਇਨ੍ਹਾਂ ਦਾ ਬਹਾਦਰੀ ਨਾਲ ਸਾਹਮਣਾ ਕਰੋ।

ਸੱਭਿਆਚਾਰਕ ਚੇਟਕ ਲਾਉਣ ਵਾਲੇ ਡਾ. ਗੁਰਵਿੰਦਰ ਕੌਰ

ਡਾ. ਗੁਰਵਿੰਦਰ ਕੌਰ ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਪ੍ਰਿੰਸੀਪਲ ਵਜੋਂ ਤਕਰੀਬਨ ਡੇਢ ਸਾਲ ਤੋਂ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੀ ਵਿੱਦਿਅਕ ਯੋਗਤਾ ਐੱਮ ਕਾਮ, ਐੱਮਬੀਏ, ਐੱਮ ਫਿਲ ਤੇ ਯੂਜੀਸੀ ਨੈੱਟ ਹੈ। ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਦੀ ਅਕਾਦਮਿਕ ਤੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਸ਼ਮੂਲੀਅਤ ਨੂੰ ਯਕੀਨੀ ਬਣਾਉਂਦਿਆਂ ਵਿਸ਼ੇਸ਼ ਨਾਮਣਾ ਖੱਟਿਆ। ਇਨ੍ਹਾਂ ਦੀ ਅਗਵਾਈ 'ਚ ਵਿਦਿਆਰਥੀਆਂ ਨੇ ਲੋਕ ਕਲਾਵਾਂ 'ਚ ਨਿਪੁੰਨਤਾ ਹਾਸਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਵਿਰਾਸਤੀ ਸ਼ਿਲਪ ਮੇਲੇ ਦੌਰਾਨ ਇਨਾਮ ਹਾਸਲ ਕੀਤੇ। ਨਹਿਰੂ ਯੁਵਾ ਕੇਂਦਰ, ਦਮਦਮੀ ਟਕਸਾਲ ਜਥਾ ਰਾਜਪੁਰਾ, ਆਸਰਾ ਫਾਊਂਡੇਸ਼ਨ ਵੱਲੋਂ ਵੀ ਇਨ੍ਹਾਂ ਨੂੰ ਸਨਮਾਨ ਹਾਸਲ ਹੋਏ ਹਨ।

ਸਮਾਜ ਸੇਵਾ ਲਈ ਵਚਨਬੱਧ ਡਾ. ਹਰਪ੍ਰੀਤ ਕੌਰ

ਡਾ. ਹਰਪ੍ਰੀਤ ਕੌਰ ਮਾਤਾ ਸੁੰਦਰੀ ਕਾਲਜ (ਲੜਕੀਆਂ), ਦਿੱਲੀ ਦੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੀ ਅਕਾਦਮਿਕ ਯੋਗਤਾ ਐੱਮਏ, ਐੱਮ ਫਿਲ ਤੇ ਪੀਐੱਚਡੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 'ਸਭ ਕਿਛ ਘਰ ਮਹਿ ਬਾਹਰ ਨਾਹੀ' ਜਾਂ 'ਖੋਜੀ ਉਪਜੈ ਬਾਕੀ ਬਿਨਸੇ' ਦੇ ਕਥਨ ਅਨੁਸਾਰ ਖੋਜ ਬਿਰਤੀ ਰਾਹੀਂ ਸਮਾਜ ਦੇ ਸੱਭਿਆਚਾਰਕ ਨੇਮਾਂ ਦੀ ਪਾਲਣਾ ਕਰ ਕੇ ਅਸੀਂ ਇਸ ਸੰਕਟ ਦੇ ਦੌਰ 'ਚੋਂ ਲੰਘ ਸਕਦੇ ਹਾਂ। ਪੜ੍ਹਨਾ-ਲਿਖਣਾ ਅਤੇ ਸਮੁੱਚੇ ਸਮਾਜ ਦੀ ਭਲਾਈ ਲਈ ਕਾਰਜ ਕਰਨਾ ਇਨ੍ਹਾਂ ਦੇ ਸੌਂਕ ਹਨ। ਉਹ ਹੁਣ ਤਕ ਤਕਰੀਬਨ 22 ਕਿਤਾਬਾਂ ਲਿਖ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ 32 ਖੋਜ ਪੱਤਰ ਤੇ 21 ਪੁਸਤਕਾ ਦੇ ਰੀਵਿਊ ਛਪੇ ਹਨ। ਮਾਣ ਵਾਲੀ ਗੱਲ ਇਹ ਵੀ ਹੈ ਕਿ ਉਨ੍ਹਾਂ ਨੇ ਬਹੁਤ ਸਾਰੇ ਕੌਮੀ ਤੇ ਕੌਮਾਂਤਰੀ ਸੈਮੀਨਾਰਾਂ/ਕਾਨਫਰੰਸਾਂ 'ਚ ਸ਼ਮੂਲੀਅਤ ਕੀਤੀ ਹੈ। ਕਾਲਜ 'ਚ ਸਾਹਿਤਕ ਗਤੀਵਿਧੀਆਂ ਵਜੋਂ ਪੰਜਾਬ ਸਾਹਿਤ ਅਕਾਦਮੀ ਵੱਲੋਂ ਇਨ੍ਹਾਂ ਦੇ ਸਹਿਯੋਗ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਅਨੁਵਾਦ : ਇਕ ਸੰਵਾਦ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਇਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਅਣਗੌਲੇ ਮੌਖਿਕ-ਇਤਿਹਾਸਕ ਸਥਾਨਾਂ ਦੀ ਖੋਜ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।

ਉਕਤ ਪ੍ਰਿੰਸੀਪਲ ਸਾਹਿਬਾਨ ਸਬੰਧੀ ਸਾਂਝੀਆਂ ਧਾਰਨਾਵਾਂ ਵੀ ਸਾਹਮਣੇ ਆਈਆਂ ਹਨ। ਨਾਰੀ ਪ੍ਰਿੰਸੀਪਲਾਂ ਨੇ ਸਖ਼ਤ ਮਿਹਨਤ ਕਰਦਿਆਂ ਇਹ ਮੁਕਾਮ ਹਾਸਲ ਕੀਤਾ ਹੈ। ਸਾਨੂੰ ਅਹੁਦੇ ਤਾਂ ਦਿਸਦੇ ਹਨ ਪਰ ਇਨ੍ਹਾਂ ਤੀਕ ਪਹੁੰਚਣ ਲਈ ਕੀਤੇ ਗਏ ਸੰਘਰਸ਼, ਘਰ-ਪਰਿਵਾਰ, ਸਮਾਜ ਤੇ ਅਹੁਦੇ ਦੀ ਗਰਿਮਾ 'ਚ ਸੰਤੁਲਨ ਬਣਾਈ ਰੱਖਣਾ, ਸਹਿਣਸ਼ੀਲਤਾ, ਠਰੰਮਾ, ਸੁਹਜਾਤਮਕਤਾ (ਕੈਂਪਸ ਵਿਚਲੇ ਰੱਖ-ਰਖਾਅ, ਪ੍ਰਾਹੁਣਾਚਾਰੀ, ਸੁੰਦਰਤਾ, ਹਰਿਆਵਲ) ਆਦਿ ਸਾਂਝੇ ਗੁਣ ਵਜੋਂ ਸਾਹਮਣੇ ਆਏ ਹਨ। ਇਕ ਗੱਲ ਹੋਰ ਕਿ ਇਨ੍ਹਾਂ ਸਭਨਾਂ ਦੀ ਕਾਰਜਸ਼ੀਲਤਾ ਤੇ ਸੁਭਾਅ ਵਿਚਲੀ ਪਰਿਪੱਕਤਾ ਅਤੇ ਵਿਸ਼ੇਸ਼ ਤੌਰ 'ਤੇ ਪ੍ਰਸ਼ਾਸਕੀ ਅਗਵਾਈ ਕਰਨ ਵਾਲੀ ਵਿਸ਼ੇਸ਼ਤਾ ਨੂੰ ਮੈਂ ਅੱਖੀਂ ਵੇਖਿਆ ਹੈ।

ਕੋਰੋਨਾ ਮਹਾਮਾਰੀ ਦੇ ਅਜੋਕੇ ਸੰਕਟਕਾਲੀਨ ਦੌਰ 'ਚ ਵੀ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ, ਅਸਾਈਨਮੈਂਟਸ, ਟੈਸਟ ਆਦਿ ਲੈ ਕੇ ਉਨ੍ਹਾਂ ਦੇ ਮਨੋਬਲ ਨੂੰ ਬਣਾਈ ਰੱਖਿਆ ਹੈ। ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦਿਆਂ ਆਨਲਾਈਨ ਮੀਟਿੰਗਾਂ ਰਾਹੀਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਪੋਸਟਰ ਮੇਕਿੰਗ, ਸਲੋਗਨ ਲੇਖਨ, ਲੇਖ ਲਿਖਣ, ਧਰਤੀ ਦਿਵਸ, ਵਾਤਾਵਰਨ ਦਿਵਸ ਆਦਿ ਨੂੰ ਵੀ ਮਨਾਉਣ ਦੇ ਉਪਰਾਲੇ ਕੀਤੇ ਹਨ। ਮਹਾਮਾਰੀ ਦੇ ਇਸ ਦੌਰ 'ਚ ਆਪਣੇ ਪਰਿਵਾਰ ਤੇ ਸਮਾਜ ਦੇ ਨਾਲ-ਨਾਲ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਚੜ੍ਹਦੀ ਕਲਾ 'ਚ ਰਹਿਣ ਲਈ ਪ੍ਰੇਰਿਤ ਕਰਨ 'ਚ ਇਨ੍ਹਾਂ ਮਹਾਨ ਹਸਤੀਆਂ ਦਾ ਵਿਸ਼ੇਸ਼ ਯੋਗਦਾਨ ਹੈ।

ਸਮਰਪਣ ਦੇ ਜਜ਼ਬੇ ਨੂੰ ਸਲਾਮ

ਇਨ੍ਹਾਂ ਮਿਹਨਤੀ ਪ੍ਰਿੰਸੀਪਲਾਂ ਦੇ ਜਜ਼ਬੇ ਨੂੰ ਸਾਡਾ ਸਲਾਮ ਹੈ, ਜੋ ਦੇਸ਼ ਦੇ ਭਵਿੱਖ ਲਈ ਬਿਹਤਰੀਨ ਨਾਗਰਿਕ ਪੈਦਾ ਕਰਨ ਦੇ ਮਿਸ਼ਨ ਨੂੰ ਬਾਖ਼ੂਬੀ ਚਲਾ ਰਹੀਆਂ ਹਨ। ਕਦੇ ਸਮਾਂ ਸੀ ਜਦੋਂ ਕੁੜੀਆਂ ਉਚੇਰੀ ਸਿੱਖਿਆ ਹਾਸਲ ਕਰਨ ਬਾਰੇ ਸੋਚ ਵੀ ਨਹੀਂ ਸੀ ਸਕਦੀਆਂ। ਅਜਿਹੀਆਂ ਮਿਹਨਤੀ ਪ੍ਰਿੰਸੀਪਲ ਸਦਕਾ ਹੀ ਲੋਕ ਹੁਣ ਆਪਣੀਆਂ ਧੀਆਂ ਨੂੰ ਉੱਚ ਵਿੱਦਿਆ ਦਿਵਾਉਣ ਲੱਗੇ ਹਨ। ਔਰਤਾਂ 'ਚ ਸਿੱਖਿਆ ਦਾ ਪਸਾਰ ਹੋਣ ਕਾਰਨ ਜਿੱਥੇ ਉਨ੍ਹਾਂ 'ਚ ਆਤਮ ਵਿਸ਼ਵਾਸ ਵਧਿਆ ਹੈ, ਉੱਥੇ ਹੀ ਉਨ੍ਹਾਂ ਦੇ ਪਰਿਵਾਰ ਵੀ ਸਿੱਖਿਅਤ ਹੋ ਗਏ ਹਨ ਤੇ ਹੋ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਅੱਜ ਦੀ ਔਰਤ ਪ੍ਰਸ਼ਾਸਕੀ ਕੰਮਾਂ ਨੂੰ ਬਹੁਤ ਹੀ ਤਨਦੇਹੀ ਤੇ ਜ਼ਿੰਮੇਵਾਰੀ ਨਾਲ ਨਿਭਾ ਰਹੀ ਹੈ।

Posted By: Harjinder Sodhi