ਮਾਨਸਾ ਜ਼ਿਲ੍ਹਾ ਕਵੀਆਂ ਦਾ ਬਾਗ਼ ਹੈ। ਜਿਸ ਬਾਗ਼ ਵਿਚ ਦੇਵਨੀਤ, ਗੁਰਪ੍ਰੀਤ ਤੇ ਮਹਾਦੇਵ ਵਰਗੇ ਬੂਟੇ ਮਹਿਕਦੇ ਨੇ ਉਸ ਬਾਗ਼ ਦਾ ਹੀ ਇਕ ਪਿਆਰਾ ਬੂਟਾ ਜਗਦੀਪ ਸਿੱਧੂ ਵੀ ਹੈ। ਜਗਦੀਪ ਜੋ ਜਿਉਂਦਾ ਹੈ ਉਹ ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਹੋ ਨਿਬੜਦੇ ਨੇ।

ਉਸ ਦੀਆਂ ਗ਼ਰੀਬ ਬੱਚਿਆਂ ਅਤੇ ਉਸ ਦੀ ਆਪਣੀ ਬੇਟੀ ਬਾਰੇ ਲਿਖੀਆਂ ਕਵਿਤਾਵਾਂ ਉਸ ਦੇ ਕੋਮਲ ਮਨ ਦੀ ਮਿਸਾਲ ਹਨ। ਚੰਡੀਗੜ੍ਹ ਵਰਗੇ ਵਿਕਸਤ ਸ਼ਹਿਰ ਦੀ ਬੁੱਕਲ ਵਿਚ ਰਹਿ ਕੇ ਉਸ ਦਾ ਆਪਣੇ ਮਾਨਸੇ ਜ਼ਿਲ੍ਹੇ ਨਾਲ ਅਥਾਹ ਪਿਆਰ ਹੈ। ਆਪਣੇ ਸੰਘਰਸ਼ ਦੇ ਦੌਰ ਵਿਚ ਜਿਵੇਂ ਉਸ ਨੇ ਫੁੱਟਬਾਲ ਦੀ ਆਪਣੀ ਖੇਡ ਨਿਯਮਾਂ ਅਤੇ ਅਨੁਸ਼ਾਸਨ ਵਿਚ ਰਹਿਕੇ ਖੇਡੀ ਉਵੇਂ ਹੀ ਉਹ ਕਵਿਤਾ ਨਾਲ ਵੀ ਇਕਮਿਕ ਹੋ ਨਿਆਂ ਕਰ ਰਿਹਾ ਹੈ। ਉਸ ਨੂੰ ਪੰਜਾਬੀ ਵਿਚ ਲਿਖੀ ਜਾ ਰਹੀ ਕਵਿਤਾ ਦਾ ਫ਼ਿਕਰ ਹੈ।

ਹੁਣ ਤਕ ਉਸ ਦੀਆਂ ਸਵੈ ਦੀਆਂ ਦੋ ਕਿਤਾਬਾਂ 'ਮੈਨੂੰ ਜਾਣ ਲੈ', 'ਇਉਂ ਵੀ ਦੇਖਣਾ ਹੈ' ਅਤੇ ਕਲਾਸੀਕਲ ਕਵਿਤਾਵਾਂ ਦਾ ਪੰਜਾਬੀ ਵਿਚ ਕੀਤੇ ਤਰਜੁਮੇ ਦੀਆਂ ਦੋ ਕਿਤਾਬਾਂ 'ਆਸਮਾਨ ਨੂੰ ਸੂਰਜ ਯਾਦ ਨਹੀਂ ', 'ਸਮੁੰਦਰ 'ਤੇ ਹੋ ਰਹੀ ਬਾਰਿਸ਼' ਆ ਚੁੱਕੀਆਂ ਨੇ। ਉਸ ਦੀ ਕਵਿਤਾ ਨੂੰ ਦੇਖਦਿਆਂ ਪੰਜਾਬੀ ਕਵਿਤਾ ਵਿਚ ਇਕ ਆਸ ਬੱਝਦੀ ਹੈ। ਆਓ ਕੁਝ ਗੱਲਾਂ ਜ਼ਰੀਏ ਜਗਦੀਪ ਸਿੱਧੂ ਨੂੰ ਅਤੇ ਉਸ ਦੀ ਕਵਿਤਾ ਨੂੰ ਜਾਣਦੇ ਹਾਂ।

- ਫੁੱਟਬਾਲ ਖੇਡਦੇ ਜਗਦੀਪ ਨੂੰ ਕਿਹੜੇ ਹਾਲਾਤ ਨੇ ਠੇਢਾ ਮਾਰਿਆ ਕਿ ਉਹ ਕਵੀ ਹੋ ਗਿਆ?

ਨਹੀਂ ਗੁਰਪ੍ਰੀਤ, ਇਸ ਤਰ੍ਹਾਂ ਨਹੀਂ ਹੈ। ਮੈਂ ਫੁੱਟਬਾਲ ਨੂੰ ਖ਼ੂਬ ਮਾਣਿਆ। ਇਕ ਵਧੀਆ ਪੱਧਰ ਤਕ ਖੇਡਿਆ। ਕੁਝ ਸਾਲ ਇਸ ਤੋਂ ਪ੍ਰਾਪਤ ਨੌਕਰੀ ਕੀਤੀ। ਬਹੁਤ ਕੁਝ ਸਿੱਖਿਆ, ਬਹੁਤ ਕੁਝ ਪਾਇਆ। ਪੜ੍ਹਨ ਦਾ ਸ਼ੌਕ ਸ਼ੁਰੂ ਤੋਂ ਹੀ ਸੀ। ਸਾਡੇ ਮੁਹੱਲੇ ਵਿਚ ਪੰਜਾਬੀ ਦੇ ਤਿੰਨ ਵਧੀਆ ਕਵੀ ਰਹਿੰਦੇ ਸਨ, ਰਾਮ ਸਿੰਘ ਚਾਹਲ, ਦੇਵਨੀਤ, ਗੁਰਪ੍ਰੀਤ। ਉਨ੍ਹਾਂ ਨੂੰ ਮਿਲਦੀ ਮਾਨਤਾ ਦੇਖ ਕੇ ਮੇਰੇ ਮਨ ਵਿਚ ਸੀ ਕਿ ਕੋਈ ਮੇਰੇ ਬਾਰੇ ਵੀ ਕੁਝ ਕਹੇ। ਖੇਡ ਛੱਡਣ ਤੋਂ ਬਾਅਦ ਮੈਨੂੰ ਕੋਈ ਸਥਾਨ ਖੁੱਸ ਗਿਆ ਲੱਗਿਆ। ਗੱਲ ਆਪਣੀ ਹੋਂਦ ਦੀ ਵੀ ਹੁੰਦੀ ਹੈ। ਕਵਿਤਾ ਦਾ ਕੁਦਰਤੀ ਗੁਣ ਜਾਂ ਉਸ ਪੱਧਰ ਦੀ ਕੋਈ ਗੱਲ ਵੀ ਅੰਦਰ ਜ਼ਰੂਰ ਪਈ ਹੋਵੇਗੀ। ਇਹ ਸਭ ਕੁਝ ਮਿਲਾ ਕੇ ਹੀ ਕਵਿਤਾ ਦਾ ਸਬੱਬ ਬਣਿਆ ਹੋਵੇਗਾ। ਇਕੱਲੀ-ਇਕਹਿਰੀ ਗੱਲ ਕਦੇ ਵੀ ਇਸ ਤਰ੍ਹਾਂ ਦਾ ਕਾਰਨ ਨਹੀਂ ਬਣਦੀ।

- ਬਹੁਤੇ ਕਵੀ ਕਹਿੰਦੇ ਨੇ ਕਿ ਕਵਿਤਾ ਦੀ ਆਮਦ ਹੁੰਦੀ ਹੈ। ਤੁਸੀਂ ਕੀ ਕਹੋਗੇ?

ਮੇਰੇ ਜਵਾਬ ਦਾ ਕੁਝ ਹਿੱਸਾ ਪਹਿਲੇ ਪ੍ਰਸ਼ਨ ਦੇ ਉੱਤਰ ਵਿਚ ਵੀ ਪਿਆ ਹੈ। ਕੋਈ ਵੀ ਗੱਲ ਏਨੀ ਇਕਹਿਰੀ ਨਹੀਂ ਹੁੰਦੀ। ਕਵਿਤਾ ਲਈ ਤੁਹਾਡੀ ਨਜ਼ਰ, ਨਜ਼ਰੀਆ, ਸੰਘਰਸ਼, ਅਨੁਭਵ, ਪੜ੍ਹਤ, ਅਭਿਆਸ ਆਦਿ ਜ਼ਰੂਰੀ ਹੈ।ਤੇ ਸਭ ਤੋਂ ਜ਼ਰੂਰੀ ਗੱਲ ਮੌਕਾ, ਸਮਾਂ, ਸਥਾਨ। ਤੈਨੂੰ ਇਕ ਉਦਾਹਰਨ ਦਿੰਦਾ ਹਾਂ। ਪੰਚਕੂਲੇ ਦੀ ਘਟਨਾ ਹੈ। ਸਿਰਸੇ ਵਾਲੇ ਬਾਬੇ ਨੂੰ ਸਜ਼ਾ ਹੋਣੀ ਸੀ। ਮੈਂ ਉਸ ਵਕਤ ਪੰਚਕੂਲੇ ਕਿਸੇ ਦੇ ਘਰ ਮਹਿਮਾਨ ਸਾਂ। ਬਾਬੇ ਨੂੰ ਮੰਨਣ ਵਾਲੇ ਏਧਰ-ਓਧਰ ਦੌੜ ਰਹੇ ਸਨ। ਕੁਝ ਲੋਕਾਂ ਦੇ ਹੱਥਾਂ ਵਿਚ ਸਰੀਏ, ਨੁਕੀਲੇ ਸ਼ੀਸ਼ੇ, ਪੱਥਰ ਆਦਿ ਸਨ। ਮੇਰੇ ਮਨ ਵਿਚ ਇਹ ਗੱਲ ਕਲਿੱਕ ਕਰ ਗਈ-

(ਹੈਂਅ) ਭੀੜ/ਹੱਥਾਂ ਵਿਚ/ਇੱਟਾਂ ਰੋੜੇ/ਕੱਚ ਦੇ ਟੁਕੜੇ/ਸਰੀਏ/ਲੈ/ਹੁੜਦੰਗ ਮਚਾਉਂਦੀ/ਵਧ ਰਹੀ ਸੀ ਘਰਾਂ ਵੱਲ/ ਹੈਂਅ/ਇਹ/ਸਾਰਾ ਸਾਮਾਨ ਤਾਂ/ ਘਰ ਉਸਾਰਨ ਦੇ ਕੰਮ ਆਉਂਦਾ ਹੈ।

ਜੇ ਮੈਂ ਉਸ ਵਕਤ ਉੱਥੇ ਨਾ ਹੁੰਦਾ ਤਾਂ ਸ਼ਾਇਦ ਇਹ ਕਵਿਤਾ ਮੈਥੋਂ ਲਿਖ ਨਹੀਂ ਸੀ ਹੋਣੀ। ਇਸ ਕਵਿਤਾ ਨੂੰ ਲਿਖਣ ਵਿਚ ਮੇਰੇ ਅਨੁਭਵ, ਮੇਰੇ ਵਿਜ਼ਨ, ਮੇਰੇ ਕਵਿਤਾ ਲਿਖਣ ਦੇ ਅਭਿਆਸ, ਸ਼ਿਲਪ ਨੇ ਵੀ ਸਾਥ ਦਿੱਤਾ।'ਆਮਦ' ਸ਼ਬਦ ਮੈਨੂੰ ਹਮੇਸ਼ਾ ਤੋਂ ਹੀ ਗ਼ੈਰ-ਵਿਗਿਆਨਕ ਲਗਦਾ ਹੈ।

- ਤੁਹਾਡਾ ਕਵਿਤਾ ਦੇ ਅਨੁਵਾਦ 'ਤੇ ਵੀ ਚੋਖਾ ਕੰਮ ਹੈ। ਤੁਸੀਂ ਅਨੁਵਾਦ ਕਰਨ ਵੇਲੇ ਕੀ ਦੇਖਦੇ ਹੋ?

ਥੋੜ੍ਹੇ ਦਿਨ ਪਹਿਲਾਂ ਮੈਂ ਐੱਨ.ਬੀ.ਟੀ ਵੱਲੋਂ ਇਕ ਕਹਾਣੀਆਂ ਦੀ ਕਿਤਾਬ ਦਾ ਅਨੁਵਾਦ ਵੀ ਕੀਤਾ ਹੈ। ਚੰਗਾ ਲੱਗਾ ਪਰ ਮੇਰਾ ਜ਼ਿਆਦਾ ਕੰਮ ਕਵਿਤਾ ਦੇ ਅਨੁਵਾਦ ਦਾ ਹੈ। ਇਕ ਕਵੀ ਹੋਣ ਦੇ ਨਾਤੇ ਮੇਰੇ ਮਨ ਵਿਚ ਹਮੇਸ਼ਾ ਇਹ ਰਹਿੰਦਾ ਹੈ ਕਿ ਮੈਂ ਚੰਗੀ ਕਵਿਤਾ ਨੂੰ ਪੰਜਾਬੀ ਪਾਠਕਾਂ ਵਿਚ ਲੈ ਕੇ ਜਾਵਾਂ ਤੇ ਉਹ ਕਵਿਤਾ ਲੈ ਕੇ ਜਾਵਾਂ ਜੋ ਪੰਜਾਬੀ ਵਿਚ ਪਹਿਲਾਂ ਅਨੁਵਾਦ ਨਾ ਹੋਈ ਹੋਵੇ ਤੇ ਮੂਲ ਵੀ ਘੱਟ ਪਾਠਕਾਂ ਨੇ ਪੜ੍ਹੀ ਹੋਵੇ। ਨਰੇਸ਼ ਸਕਸੇਨਾ ਤੇ ਰਾਮ ਕੁਮਾਰ ਤਿਵਾੜੀ ਦੀਆਂ ਕਵਿਤਾਵਾਂ ਇਸੇ ਲੜੀ ਦਾ ਹਿੱਸਾ ਹਨ। ਇਨ੍ਹਾਂ ਕਿਤਾਬਾਂ ਨੂੰ ਆਪਣੇ ਮੁਹਾਵਰੇ ਵਿਚ ਪੜ੍ਹ ਕੇ ਪਾਠਕਾਂ ਨੂੰ ਚੰਗਾ ਲੱਗਾ।

- ਕਵਿਤਾ ਘੱਟ ਪੜ੍ਹੀ ਜਾਣ ਦੇ ਕੀ ਕਾਰਨ ਹਨ?

ਕਵਿਤਾ ਵੱਡੀ ਤਦਾਦ ਵਿਚ ਲਿਖੀ ਜਾ ਰਹੀ ਹੈ। ਸੋਸ਼ਲ ਮੀਡੀਏ 'ਤੇ ਹਰ ਤੀਜਾ ਵਿਅਕਤੀ ਕਵੀ ਹੈ। ਜਦ ਪਾਠਕ ਦੇ ਮੱਥੇ 'ਤੇ ਹਰ ਵਕਤ ਸਤਹੀ ਕਵਿਤਾ ਵਜਦੀ ਰਹੇਗੀ ਤਾਂ ਰਹਿੰਦੇ ਪਾਠਕ ਵੀ ਕਵਿਤਾ ਤੋਂ ਦੂਰ ਹੋ ਜਾਣਗੇ। ਪਹਿਲਾਂ ਰਚਨਾ ਪਰਚਿਆਂ ਦੇ ਸੰਪਾਦਕਾਂ ਦੀ ਨਜ਼ਰੋਂ ਗੁਜ਼ਰਦੀ ਸੀ। ਉਹ ਮਿਆਰੀ ਰਚਨਾ ਨੂੰ ਤਰਜੀਹ ਦਿੰਦੇ ਸਨ। ਲੇਖਕ ਰਚਨਾ ਰੱਦ ਹੋਣ ਤੋਂ ਬਾਅਦ ਹੋਰ ਮਿਹਨਤ ਕਰਦਾ ਸੀ। ਹੁਣ ਕੱਚ-ਪਿੱਲ ਰਚਨਾ 'ਤੇ ਇਕ-ਦੂਜੇ ਦੀ ਪਿੱਠ ਥਾਪੜਦੇ ਹੋਏ ਢੇਰਾਂ ਲਾਈਕ ਆ ਜਾਂਦੇ ਹਨ। ਅੰਦਾਜ਼ਾ ਲਾ ਸਕਦੇ ਹੋ ਕਿ ਸੁਧਾਰ ਦੀ ਗੁੰਜਾਇਸ਼ ਕੀ ਹੈ। ਇਸ ਨਾਲ ਚੰਗੀ ਕਵਿਤਾ ਵੀ ਨੁਕਸਾਨੀ ਜਾਂਦੀ ਹੈ। ਕਵਿਤਾ ਦੀਆਂ ਕਿਤਾਬਾਂ ਵੀ ਢੇਰਾਂ ਛਪ ਰਹੀਆਂ ਹਨ। ਢੇਰ ਵਿਚ ਕਈ ਵੇਰ ਚੰਗੀ ਕਵਿਤਾ ਦੱਬ ਕੇ ਰਹਿ ਜਾਂਦੀ ਹੈ। ਨਵਾਂ ਲਿਖਣਾ ਸ਼ੁਰੂ ਕਰਨ ਵਾਲੇ ਨੂੰ ਕਵਿਤਾ ਦੇ ਰੂਪਕ ਪੱਖ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ। ਚੰਗਾ ਪੜ੍ਹਨਾ ਵੱਡੀ ਤੇ ਪਹਿਲੀ ਸ਼ਰਤ ਹੈ ।

- ਪੰਜਾਬੀ ਦੇ ਕਈ ਕਵੀ ਕਵਿਤਾ ਤੋਂ ਹੋਰ ਵਿਧਾਵਾਂ ਵੱਲ ਆਏ ਨੇ। ਤੁਸੀਂ ਆਪਣੇ ਬਾਰੇ ਕੀ ਕਹੋਗੇ?

ਹਾਂ ਇਹ ਗੱਲ ਸਹੀ ਹੈ ਪੰਜਾਬੀ ਦੇ ਕਈ ਕਵੀ ਕਵਿਤਾ ਤੋਂ ਹੋਰ ਵਿਧਾਵਾਂ ਵੱਲ ਆਏ ਨੇ। ਕਵਿਤਾ ਤੋਂ ਹੋਰ ਵਿਧਾਵਾਂ ਵੱਲ ਜਾਣ ਤੋਂ ਬਾਅਦ ਕਵਿਤਾ ਦਾ ਅਨੁਸ਼ਾਸਨ ਬਹੁਤ ਕੰਮ ਆਉਂਦਾ ਹੈ। ਤੁਹਾਨੂੰ ਵੱਧ ਛਾਂਟਣਾ ਤੇ ਘੱਟ ਜੋੜਨਾ ਆਉਂਦਾ ਹੁੰਦਾ ਹੈ। ਪਿਛਲੇ ਕੁਝ ਸਮੇਂ ਤੋਂ ਮੈਂ ਵੀ ਵਾਰਤਕ ਲਿਖ ਰਿਹਾ ਹਾਂ। ਮੈਨੂੰ ਲੱਗਿਆ ਕਿ ਹਰ ਗੱਲ ਕਵਿਤਾ ਦੇ ਢਾਂਚੇ ਵਿਚ ਨਹੀਂ ਆ ਸਕਦੀ। ਸਮਕਾਲ ਦੀਆਂ ਸਮੱਸਿਆਂ ਬਹੁਤ ਵਿਕਰਾਲ ਹਨ। ਤੁਹਾਨੂੰ ਜ਼ਿਆਦਾ ਸਪੇਸ ਚਾਹੀਦੀ ਹੈ। ਸੋ ਮੇਰਾ ਝੁਕਾਅ ਹੋਰ ਵਿਧਾ ਯਾਨੀ ਵਾਰਤਕ ਵੱਲ ਹੋਇਆ। ਹੋਰਨਾਂ ਲੇਖਕਾਂ ਦੇ ਵੀ ਸ਼ਾਇਦ ਅਜਿਹੇ ਹੀ ਤਜਰਬੇ ਹੋਣਗੇ।

- ਪੰਜਾਬੀ ਵਿਚ ਛਪ ਰਹੇ ਪਰਚਿਆਂ ਬਾਰੇ ਤੁਸੀਂ ਕੀ ਕਹੋਗੇ?

ਪੰਜਾਬੀ ਵਿਚ ਪਰਚੇ ਕੱਢਣ ਵਾਲਿਆਂ ਨੂੰ ਦਾਦ ਦੇਣੀ ਬਣਦੀ ਹੈ। ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ। ਮਹਿੰਗਾਈ ਦੇ ਇਸ ਯੁੱਗ ਵਿਚ ਕਈ ਵਾਰ ਆਪਣੇ ਕੋਲੋਂ ਪੈਸੇ ਪਾ ਕੇ ਪਰਚਾ ਕੱਢਣਾ ਆਸਾਨ ਨਹੀਂ ਹੈ। ਅੱਜ ਵੀ ਨਵੇਂ ਪਾਠਕ ਪਰਚਿਆਂ ਨਾਲ ਜੁੜ ਰਹੇ ਹਨ ਪਰ ਹੁੰਗਾਰਾ ਓਨਾ ਨਹੀਂ ਜਿੰਨੀ ਜ਼ਰੂਰਤ ਹੈ। ਲੋਕ ਫਾਲਤੂ ਦੇ ਖ਼ਰਚ ਲਈ ਹਜ਼ਾਰ ਰੁਪਇਆ ਝੱਟ ਲਾ ਦੇਣਗੇ ਪਰ ਸੌ ਪੰਜਾਹ ਰੁਪਏ ਦਾ ਸਾਹਿਤਕ ਪਰਚਾ ਖ਼ਰੀਦਣ ਤੋਂ ਟਾਲਾ ਵਟਦੇ ਨੇ।

- ਤੁਸੀਂ ਕਾਵਿ-ਚਿੱਤਰ ਲਿਖੇ ਨੇ। ਹੋਰ ਕਿਸੇ ਵਿਸ਼ੇ ਤੋਂ ਕਿਸੇ ਵਿਅਕਤੀ 'ਤੇ ਕਵਿਤਾ ਲਿਖਣਾ ਚੁਣੌਤੀਪੂਰਨ ਏ?

ਹੋਰ ਕਿਸੇ ਵਿਸ਼ੇ 'ਤੇ ਕਵਿਤਾ ਲਿਖਣ ਨਾਲੋਂ ਕਾਵਿ-ਚਿੱਤਰ ਲਿਖਣਾ ਜ਼ਿਆਦਾ ਚੁਣੌਤੀ ਭਰਿਆ ਹੈ। ਜੇ ਤੁਸੀਂ ਇਕ ਵਿਅਕਤੀ ਨੂੰ ਹੀ ਵਿਸ਼ਾ ਮੰਨ ਕੇ ਚਲਦੇ ਹੋ ਤਾਂ ਤੁਸੀਂ ਉਸ ਤੋਂ ਬਾਹਰ ਨਹੀਂ ਜਾ ਸਕਦੇ। ਉਸ ਦੁਆਲੇ ਹੀ ਤੁਹਾਨੂੰ ਕਵਿਤਾ ਬੁਣਨੀ ਪਵੇਗੀ। ਹੋਰ ਵਿਸ਼ਿਆਂ ਤੋਂ ਕਵਿਤਾ ਲਿਖਦੇ ਹੋਏ ਤੁਸੀਂ ਹੋਰ ਚੀਜ਼ਾਂ ਨੂੰ ਕੋ-ਰਿਲੇਟ ਕਰ ਸਕਦੇ ਹੋ। ਪਰ ਕਾਵਿ-ਚਿੱਤਰ ਵਿਚ ਤੁਸੀਂ ਅਜਿਹਾ ਨਹੀਂ ਕਰ ਸਕਦੇ। ਤੁਸੀਂ ਏਧਰ ਓਧਰ ਨਹੀਂ ਜਾ ਸਕਦੇ, ਜ਼ਿਆਦਾ ਖੁੱਲ੍ਹਾਂ ਨਹੀਂ ਲੈ ਸਕਦੇ।

- ਹੋਰਨਾਂ ਭਾਰਤੀ ਭਾਸ਼ਾਵਾਂ ਦੇ ਮੁਕਾਬਲੇ ਪੰਜਾਬੀ ਕਵਿਤਾ ਨੂੰ ਕਿੱਥੇ ਖੜ੍ਹਾ ਦੇਖਦੇ ਹੋ?

ਪੰਜਾਬੀ ਵਿਚ ਵੀ ਚੰਗੀ ਕਵਿਤਾ ਲਿਖੀ ਗਈ ਹੈ, ਲਿਖੀ ਜਾ ਰਹੀ ਹੈ। ਸਾਡੀ ਗ਼ਜ਼ਲ ਹੋਰਨਾਂ ਭਾਸ਼ਾਵਾਂ ਦੇ ਮੁਕਾਬਲੇ ਬਿਹਤਰ ਹੈ। ਨਵੀਂ ਪੀੜ੍ਹੀ ਕਮਾਲ ਦੀ ਗ਼ਜ਼ਲ ਲਿਖ ਰਹੀ ਹੈ ਪ੍ਰੰਤੂ ਸਾਡੀ ਕਵਿਤਾ ਚੰਗੀ ਹੋਣ ਦੇ ਬਾਵਜੂਦ ਹੋਰਨਾਂ ਭਾਸ਼ਾਵਾਂ ਦੇ ਮੁਕਾਬਲੇ ਸੰਤੋਸ਼ਜਨਕ ਨਹੀਂ ਹੈ। ਮੈਂ ਹਿੰਦੀ ਦਾ ਹੀ ਉਦਾਹਰਨ ਦਿੰਦਾ ਹਾਂ, ਹਿੰਦੀ ਵਿਚ ਮੰਗਲੇਸ਼ ਡਬਰਾਲ, ਰਾਜੇਸ਼ ਜੋਸ਼ੀ, ਨਰੇਸ਼ ਸਕਸੇਨਾ, ਅਰੁਣ ਕਮਲ, ਕਾਤਿਆਨੀ, ਵਿਨੋਦ ਕੁਮਾਰ ਸ਼ੁਕਲ, ਕੁਮਾਰ ਅੰਬੁਜ, ਨਰੇਸ਼ ਮਹਿਤਾ, ਰਾਮ ਕੁਮਾਰ ਤਿਵਾੜੀ, ਧੂਮਲ, ਕੇਦਾਰਨਾਥ ਸਿੰਘ, ਅਸਦ ਜ਼ੈਦੀ, ਵਿਸ਼ਣੂ ਖਰੇ, ਮੁਕਤੀਬੋਧ, ਕੁੰਵਰ ਨਰਾਇਣ ਆਦਿ ਸਂੈਕੜੇ ਅਜਿਹੇ ਹੋਰ ਨਾਂ ਨੇ। ਪੰਜਾਬੀ ਵਿਚ ਇਨ੍ਹਾਂ ਦੇ ਮੁਕਾਬਲੇ ਸਾਡੇ ਕੋਲ਼ ਕਿੰਨੇ ਕੁ ਨਾਂ ਨੇ ਅਸੀਂ ਭਲੀ ਭਾਂਤੀ ਜਾਣਦੇ ਹਾਂ। ਅਸੀਂ ਕਹਿ ਸਕਦੇ ਹਾਂ ਕਿ ਉਹ ਭਾਸ਼ਾ ਵੱਡੀ ਹੈ। ਦਸ ਰਾਜਾਂ ਵਿਚ ਬੋਲੀ ਜਾਂਦੀ ਹੈ। ਫੇਰ ਵੀ ਅਸੀਂ ਉਨ੍ਹਾਂ ਦੀ ਉਡਾਣ ਤੇ ਕਵਿਤਾ ਦੇ ਵੱਡੇ ਕੈਨਵਸ ਤੋਂ ਮੁਨਕਰ ਨਹੀਂ ਹੋ ਸਕਦੇ।

- ਨਵੇਂ ਲੇਖਕਾਂ ਨੂੰ ਕੀ ਕਹਿਣਾ ਚਾਹੋਗੇ?

ਮੇਰੇ ਖ਼ਿਆਲ ਅਨੁਸਾਰ ਨਵਿਆਂ ਨੂੰ ਪੜ੍ਹਣਾ ਬਹੁਤ ਚਾਹੀਦਾ ਹੈ। ਸਿਰਫ਼ ਸਾਹਿਤ ਨਹੀਂ ਸਗੋਂ ਵਿਗਿਆਨ, ਭੂਗੋਲ, ਇਤਿਹਾਸ, ਫਿਲਾਸਫੀ, ਰਾਜਨੀਤੀ। ਇਸ ਨਾਲ ਤਾਂ ਹੀ ਅਸੀਂ ਪਾਠਕਾਂ ਨੂੰ ਤਰਕ ਨਾਲ ਸੇਧ ਦੇ ਸਕਾਂਗੇ। ਲੇਖਕ ਦਾ ਧਰਮ ਹੀ ਇਹ ਹੋਣਾ ਚਾਹੀਦਾ ਹੈ। ਤੁਹਾਡੀ ਲਿਖਤ ਦੀ ਸਾਰਥਕਤਾ ਵੀ ਤਾਂ ਹੀ ਬਣੇਗੀ।

- ਅਵਾਰਡਾਂ ਦੀ ਜੁਗਾੜਬੰਦੀ ਬਾਰੇ ਕੀ ਕਹੋਗੇ?

ਇਨਾਮਾਂ ਦੇ ਹਰ ਪੱਧਰ ਅਤੇ ਹਰ ਖੇਤਰ ਵਿਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ। ਲੇਖਕ ਦਾ ਕੱਦ ਵੱਡਾ ਉਸ ਦੀ ਰਚਨਾ ਨੇ ਹੀ ਕਰਨਾ ਹੁੰਦਾ ਹੈ। ਸਤਿਆਰਥੀ, ਦਿਲ, ਸੁਖਬੀਰ ਨੂੰ ਅਕਾਦਮੀ ਇਨਾਮ ਨਹੀਂ ਮਿਲਿਆ, ਉਹ ਛੋਟੇ ਤਾਂ ਨਹੀਂ ਹੋਏ। ਜੇ ਸੁਖਪਾਲਵੀਰ ਹਸਰਤ ਨੂੰ ਮਿਲ ਗਿਆ, ਉਹ ਵੱਡਾ ਕਿੱਥੇ ਹੋ ਗਿਆ। ਸੋ ਲੇਖਕ ਨੂੰ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਹੈ।

- ਗੁਰਪ੍ਰੀਤ ਡੈਨੀ

97792-50653

Posted By: Harjinder Sodhi