ਕਹਿੰਦੇ ਹਨ ਕਿ ਜੇ ਪੌਦੇ ਧਰਤੀ ਦੇ ਫੇਫੜੇ ਹਨ ਤਾਂ ਜਲਗਾਹਾਂ ਧਰਤੀ ਦੇ ਗੁਰਦੇ। ਜਲਗਾਹਾਂ ਬੇਅੰਤ ਪੌਦਿਆਂ, ਛੋਟੇ ਜੀਵਾਂ, ਪੰਛੀਆਂ, ਥਣਧਾਰੀ ਜੀਵਾਂ, ਮੱਛੀਆਂ ਆਦਿ ਦਾ ਰੈਣ ਬਸੇਰਾ ਹਨ। ਜਲਗਾਹਾਂ ਕੇਵਲ ਦੇਸੀ ਪੰਛੀਆਂ ਨੂੰ ਹੀ ਨਹੀਂ ਸਗੋਂ ਪਰਵਾਸੀ ਪੰਛੀ ਜੋ ਬਾਹਰਲੇ ਦੇਸ਼ਾਂ ਤੋਂ ਪਰਵਾਸ ਕਰ ਕੇ ਆਉਂਦੇ ਹਨ, ਨੂੰ ਵੀ ਰਹਿਣ ਸਥਾਨ ਪ੍ਰਦਾਨ ਕਰਦੀਆਂ ਹਨ। ਲੱਖਾਂ ਹੀ ਦੇਸੀ ਅਤੇ ਵਿਦੇਸ਼ੀ ਪੰਛੀ ਜਲਗਾਹਾਂ ਤੇ ਦੇਖਣ ਨੂੰ ਮਿਲਦੇ ਹਨ। ਇਹ ਨਜ਼ਾਰਾ ਇੰਨਾ ਸੁੰਦਰ ਹੁੰਦਾ ਹੈ ਕਿ ਇਸ ਨੂੰ ਸ਼ਬਦਾਂ ਵਿਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ।

ਜਲਗਾਹਾਂ ਛੋਟੀਆਂ ਵੀ ਨੇ, ਵੱਡੀਆਂ ਵੀ, ਰਾਸ਼ਟਰੀ ਵੀ ਅਤੇ ਅੰਤਰ ਰਾਸ਼ਟਰੀ ਵੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਲਗਾਹਾਂ ਦੇ ਸਿੱਧੇ ਅਤੇ ਅਸਿੱਧੇ ਲਾਭਾਂ ਬਾਰੇ ਜੋ ਲੋਕਾਂ, ਚੌਗਿਰਦੇ ਅਤੇ ਦੇਸ਼ ਨੂੰ ਹਨ। ਜਲਗਾਹਾਂ ਜਿੱਥੇ ਲੱਖਾਂ ਹੀ ਦੇਸੀ ਅਤੇ ਵਿਦੇਸ਼ੀ ਪੰਛੀਆਂ, ਜੀਵਾਂ, ਮੱਛੀਆਂ ਆਦਿ ਦਾ ਰਹਿਣ ਬਸੇਰਾ ਹਨ ਉੱਥੇ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਮਨੁੱਖੀ ਜੀਵਨ ਵਿਚ ਵੀ ਹੈ। ਜਲਗਾਹਾਂ ਜੈਵ ਵਿਭਿੰਨਤਾ ਪੱਖੋਂ ਬਹੁਤ ਅਮੀਰ ਸਥਾਨ ਹੁੰਦੇ ਹਨ। ਕਈ ਪ੍ਰਕਾਰ ਦੀਆਂ ਬਹੁਤ ਹੀ ਉਪਯੋਗੀ ਜੜ੍ਹੀ ਬੂਟੀਆਂ ਜਲਗਾਹਾਂ ਦੇ ਨੇੜੇ-ਤੇੜੇ ਪਾਈਆਂ ਜਾਂਦੀਆਂ ਹਨ।

ਅਨੇਕਾਂ ਪ੍ਰਕਾਰ ਦੀਆਂ ਮੱਛੀਆਂ ਤੋਂ ਇਲਾਵਾ ਅਸੁਰੱਖਿਅਤ ਅਤੇ ਸੰਕਟਕਾਲੀਨ ਪਰਜਾਤੀਆਂ ਦਾ ਰਹਿਣ ਬਸੇਰਾ ਵੀ ਜਲਗਾਹਾਂ ਹਨ। ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਵਿਚ ਵੀ ਜਲਗਾਹਾਂ ਦਾ ਅਹਿਮ ਯੋਗਦਾਨ ਹੈ। ਜ਼ਿਕਰਯੋਗ ਹੈ ਕਿ ਧਰਤੀ ਹੇਠਲਾ ਪਾਣੀ ਦਾ ਪੱਧਰ ਤੇਜ਼ੀ ਨਾਲ ਘੱਟਦਾ ਜਾ ਰਿਹਾ ਹੈ। ਬੇਹਿਸਾਬਾ ਪਾਣੀ ਧਰਤੀ ਵਿੱਚੋਂ ਕੱਢਣਾ, ਧਰਤੀ ਹੇਠਲੇ ਪਾਣੀ ਨੂੰ ਸੰਭਾਲ ਕੇ ਰੱਖਣ ਵਾਲੀ ਏਜੰਸੀ 'ਰੁੱਖ' ਆਦਿ ਦਾ ਲਗਾਤਾਰ ਘਟਣਾ ਆਦਿ ਕੁਝ ਪ੍ਰਮੁੱਖ ਕਾਰਨ ਹਨ ਜਿਸ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟਦਾ ਜਾ ਰਿਹਾ ਹੈ।

ਜਲਗਾਹਾਂ ਧਰਤੀ ਹੇਠਲੇ ਪਾਣੀ ਨੂੰ ਸੰਭਾਲਣ ਵਿਚ ਆਪਣੀ ਇਕ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਪਾਣੀ ਨੂੰ ਸਾਫ਼ ਕਰਨ ਵਿਚ ਵੀ ਜਲਗਾਹਾਂ ਦਾ ਅਹਿਮ ਰੋਲ ਹੈ। ਇਸ ਤੋਂ ਇਲਾਵਾ ਜਲਗਾਹਾਂ 'ਤੇ ਆਉਂਦੇ ਦੇਸੀ ਵਿਦੇਸ਼ੀ ਪੰਛੀ ਹਮੇਸ਼ਾ ਹੀ ਪੰਛੀ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਰਹੇ ਹਨ। ਬਹੁਤ ਸਾਰੇ ਖੋਜਕਰਤਾ ਪੰਛੀਆਂ ਦੇ ਪਰਵਾਸ ਅਤੇ ਇਸ ਦੌਰਾਨ ਪ੍ਰਜਣਨ ਆਦਿ ਉੱਤੇ ਆਪਣੀਆਂ ਖੋਜਾਂ ਕਰਦੇ ਹਨ। ਦੇਸ਼ੀ ਵਿਦੇਸ਼ੀ ਪੰਛੀਆਂ ਦੀ ਆਮਦ ਨਾਲ ਸੈਰ ਸਪਾਟੇ ਨੂੰ ਹੁੰਗਾਰਾ ਮਿਲਦਾ ਹੈ। ਜਿਸ ਨਾਲ ਦੇਸ਼ ਨੂੰ ਆਰਥਿਕ ਪੱਧਰ 'ਤੇ ਲਾਭ ਹੁੰਦਾ ਹੈ। ਕੁਲ ਮਿਲਾ ਕੇ ਸਾਡੇ ਜੀਵਨ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ 'ਜਲਗਾਹਾਂ'।

ਪੂਰੇ ਸੰਸਾਰ ਵਿਚ ਖਾਰੇ ਅਤੇ ਤਾਜ਼ੇ ਪਾਣੀ ਦੀਆਂ ਦੋਹਾਂ ਪ੍ਰਕਾਰ ਦੀਆਂ ਜਲਗਾਹਾਂ ਪਾਈਆਂ ਜਾਂਦੀਆਂ ਹਨ। ਵਿਸ਼ਵ ਦੀਆਂ ਕੁਝ ਵੱਡੀਆਂ ਜਲਗਾਹਾਂ ਜਿਵੇਂ ਐਮਾਜ਼ੋਨ, ਸੁੰਦਰਬਨ, ਗੰਗਾ, ਬ੍ਰਹਮਪੁੱਤਰ ਡੈਲਟਾ, ਪੈਟਾਨਲ ਜਲਗਾਹ, ਦੱਖਣੀ ਅਮਰੀਕਾ ਆਦਿ। ਜਲਗਾਹਾਂ ਉੱਤੇ 1971 ਵਿਚ ਯੂਨੈਸਕੋ ਨੇ ਇਕ ਸੰਮੇਲਨ ਕਰਵਾਇਆ ਜਿਸ ਨੂੰ ਰਾਮਸਰ ਸੰਮੇਲਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸੰਮੇਲਨ ਦੌਰਾਨ ਜਲਗਾਹਾਂ ਦੀ ਸਾਂਭ ਸੰਭਾਲ, ਮਹੱਤਵ ਅਤੇ ਜਲਗਾਹਾਂ ਦੇ ਸ੍ਰੋਤਾਂ ਦੀ ਸਥਾਈ ਵਰਤੋਂ ਉੱਤੇ ਚਰਚਾ ਕੀਤੀ ਗਈ। ਕੁਝ ਜਲਗਾਹਾਂ ਨੂੰ ਜਿਨ੍ਹਾਂ ਦਾ ਕੌਮਾਂਤਰੀ ਪੱਧਰ 'ਤੇ ਮਹੱਤਵ ਹੈ, ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ। ਇਨ੍ਹਾਂ ਜਲਗਾਹਾਂ ਨੂੰ ਰਾਮਸਰ ਜਲਗਾਹ ਜਾ ਰਾਮਸਰ ਸਥਾਨ ਕਿਹਾ ਜਾਂਦਾ ਹੈ। ਪੂਰੀ ਦੁਨੀਆ ਵਿਚ ਲਗਪਗ 2331 ਰਾਮਸਰ ਜਲਗਾਹਾਂ ਹਨ।

ਕਿਹਾ ਜਾਵੇ ਤਾਂ ਜਲਗਾਹਾਂ ਪਰਮਾਤਮਾ ਵਲੋਂ ਮਨੁੱਖ ਅਤੇ ਹੋਰਨਾਂ ਜੀਵ ਜੰਤੂਆਂ, ਪੰਛੀਆਂ ਆਦਿ ਲਈ ਇਕ ਅਹਿਮ ਤੋਹਫ਼ਾ ਹੈ ਪਰ ਅੱਜ ਜਲਗਾਹਾਂ ਆਪਣੀ ਹੋਂਦ ਖੋਂਹਦੀਆਂ ਜਾ ਰਹੀਆਂ ਹਨ। ਜਲਗਾਹਾਂ ਹੇਠਲਾ ਰਕਬਾ ਹੁਣ ਘਟਦਾ ਜਾ ਰਿਹਾ ਹੈ। ਮਨੁੱਖ ਦੀਆਂ ਗ਼ੈਰ ਕੁਦਰਤੀ ਗਤੀਵਿਧੀਆਂ ਕਾਰਨ ਅੱਜ ਜਲਗਾਹਾਂ ਤੇ ਖ਼ਤਰਾ ਮੰਡਰਾ ਰਿਹਾ ਹੈ। ਬੇਅੰਤ ਪ੍ਰਦੂਸ਼ਣ, ਜਲਗਾਹਾਂ ਦਾ ਭਰਨਾ, ਸ਼ਹਿਰੀਕਰਨ, ਵਧਦੀ ਜਨਸੰਖਿਆਂ ਆਦਿ ਪ੍ਰਮੁੱਖ ਸਮੱਸਿਆਵਾਂ ਵਿਚ ਸ਼ਾਮਲ ਹਨ। ਕਾਂਜਲੀ ਜਲਗਾਹ ਵਿਚ ਵੱਧਦੀ ਹੋਈ ਜਲਕੁੰਭੀ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਜਲਵਾਯੂ ਵਿਚ ਤਬਦੀਲੀ ਕਾਰਨ ਪੰਛੀਆਂ ਦਾ ਪਰਵਾਸ ਘੱਟ ਰਿਹਾ ਹੈ। ਰਸਾਇਣਕ ਖਾਦਾਂ ਦਾ ਪਾਣੀ ਨਾਲ ਰਲੇਵਾਂ ਹੋਣ ਕਾਰਨ ਜਲੀ ਪਰਿਸਥਿਤਕ ਪ੍ਰਬੰਧ ਗੜਬੜਾ ਰਿਹਾ ਹੈ। ਪੰਛੀਆਂ ਦੇ ਰਹਿਣ ਬਸੇਰੇ ਨਸ਼ਟ ਹੋ ਰਹੇ ਹਨ। ਮਹਿਮਾਨ ਪੰਛੀਆਂ ਦਾ ਸ਼ਿਕਾਰ ਵੀ ਇਕ ਵੱਡੀ ਸਮੱਸਿਆ ਹੈ। ਜਿੱਥੇ ਸਰਕਾਰਾਂ ਨੂੰ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਜਲਗਾਹਾਂ ਦਾ ਸਾਂਭ ਸੰਭਾਲ ਲਈ ਪੁਖਤਾ ਕਦਮ ਚੁੱਕਣ ਦੀ ਲੋੜ ਹੈ, ਉੱਥੇ ਹੀ ਸਥਾਨਕ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਮਹਿਮਾਨ ਪੰਛੀਆਂ ਅਤੇ ਹੋਰ ਜੀਵਾਂ ਦੀ ਰੱਖਿਆ ਕਰਨ। ਵਧਦੇ ਪ੍ਰਦੂਸ਼ਣ ਕਾਰਨ ਕਈ ਜੀਵ ਪ੍ਰਜਣਨ ਨਹੀਂ ਕਰ ਪਾਉਂਦੇ ਜਿਸ ਕਾਰਨ ਉਨ੍ਹਾਂ ਦੀ ਜਨਸੰਖਿਆ ਘੱਟਦੀ ਜਾ ਰਹੀ ਹੈ।

ਜਲਗਾਹਾਂ ਸਾਡੀ ਅਨਮੋਲ ਵਿਰਾਸਤ ਹਨ। ਇਨ੍ਹਾਂ ਦੀ ਰੱਖਿਆ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਪਵੇਗਾ। ਹਰ ਸਾਲ 2 ਫਰਵਰੀ ਨੂੰ ਅੰਤਰ ਰਾਸ਼ਟਰੀ ਜਲਗਾਹ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਵਿਚ ਜਲਗਾਹਾਂ ਦੇ ਮਹੱਤਵ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਆਓ ਆਪਾਂ ਵੀ ਇਸ ਜਲਗਾਹ ਦਿਵਸ ਨੂੰ ਮਨਾਈਏ ਅਤੇ ਜਲਗਾਹਾਂ ਦੇ ਸਾਂਭ ਸੰਭਾਲ ਦਾ ਪ੍ਰਣ ਕਰੀਏ।

ਭਾਰਤ ਦੀਆਂ ਜਲਗਾਹਾਂ

- ਹਰੀਕੇ ਜਲਗਾਹ, ਪੰਜਾਬ

- ਕਾਂਜਲੀ ਜਲਗਾਹ, ਪੰਜਾਬ

- ਰੋਪੜ ਜਲਗਾਹ, ਪੰਜਾਬ

- ਕੋਲੇਰੂ ਜਲਗਾਹ, ਆਂਧਰਾ ਪ੍ਰਦੇਸ

- ਦੀਪੁਰ ਬੇਲ ਜਲਗਾਹ, ਆਸਾਮ

- ਨਾਲ ਸਰੋਵਰ ਜਲਗਾਹ, ਗੁਜਰਾਤ

- ਚੰਦਰ ਤਾਲ, ਹਿਮਾਚਲ ਪ੍ਰਦੇਸ

- ਪੌਂਗ ਡੈਮ, ਹਿਮਾਚਲ ਪ੍ਰਦੇਸ

- ਰੇਣੁਕਾ ਝੀਲ, ਹਿਮਾਚਲ ਪ੍ਰਦੇਸ

- ਹੋਕੇਰਾ ਜਲਗਾਹ,ਜੰਮੂ ਤੇ ਕਸ਼ਮੀਰ

- ਮਾਨਸਰ ਜਲਗਾਹ, ਜੰਮੂ ਤੇ ਕਸ਼ਮੀਰ

- ਸੋਮੋਰਿਰੀ ਜਲਗਾਹ, ਜੰਮੂ ਤੇ ਕਸ਼ਮੀਰ

- ਵੁੱਲਰ ਝੀਲ, ਜੰਮੂ ਅਤੇ ਕਸ਼ਮੀਰ

- ਅਸ਼ਟਮੂਡੀ ਜਲਗਾਹ, ਕੇਰਲਾ

- ਸਸਥਮਕੋਟਾ ਜਲਗਾਹ, ਕੇਰਲਾ

- ਵੇਂਬਨਾਦ ਜਲਗਾਹ, ਕੇਰਲਾ

- ਭੁੱਜ ਜਲਗਾਹ, ਮੱਧ ਪ੍ਰਦੇਸ

- ਲ਼ੋਕਤਕ ਜਲਗਾਹ, ਮਨੀਪੁਰ

- ਭਿਤਰਕਾਨਿਕਾ ਜਲਗਾਹ, ਉੜੀਸਾ

- ਚਿਲਕਾ ਝੀਲ, ਉੜੀਸਾ

- ਸ਼ਾਭਰ ਜਲਗਾਹ, ਰਾਜਸਥਾਨ

- ਕਿਓਲਾਦਿਓ ਜਲਗਾਹ, ਰਾਜਸਥਾਨ

- ਪੁਆਇੰਟ ਕੈਲੀਮਰੇ ਪੰਛੀ ਅਤੇ ਜੰਗਲੀ ਜੀਵ ਰੱਖ, ਤਾਮਿਲਨਾਡੂ

- ਰੁਦਰਸਾਗਰ ਝੀਲ, ਤ੍ਰਿਪੁਰਾ

- ਅੱਪਰ ਗੰਗਾ ਨਦੀ ਜਾ ਗੰਗਾ ਨਹਿਰ, ਉੱਤਰ ਪ੍ਰਦੇਸ

- ਪੂਰਵੀ ਕਲਕੱਤਾ ਜਲਗਾਹ, ਪੱਛਮੀ ਬੰਗਾਲ

- ਸੁੰਦਰਬਨ ਜਲਗਾਹ, ਪੱਛਮੀ ਬੰਗਾਲ

ਪੰਜਾਬ ਦੀਆਂ ਤਿੰਨ ਜਲਗਾਹਾਂ

ਕਾਂਜਲੀ ਜਲਗਾਹ : ਕਾਂਜਲੀ ਜਲਗਾਹ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿਚ ਸਥਿਤ ਹੈ। ਇਹ ਜਲਗਾਹ ਕਾਲੀ ਵੇਈਂ ਉੱਤੇ ਬਣੀ ਹੋਈ ਹੈ। ਇਹ ਇਕ ਮਸਨੂਈ ਜਲਗਾਹ ਹੈ। ਇਸ ਜਲਗਾਹ ਦਾ ਬਹੁਤ ਵੱਡਾ ਧਾਰਮਿਕ ਮਹੱਤਵ ਵੀ ਹੈ। ਇਹ ਜਲਗਾਹ ਇਕ ਵਧੀਆ ਪਿਕਨਿਕ ਸਥਾਨ ਤੋਂ ਇਲਾਵਾ ਦੇਸੀ ਵਿਦੇਸ਼ੀ ਪੰਛੀਆਂ ਦਾ ਇਕ ਕਿਰਿਆਸ਼ੀਲ ਸਥਾਨ ਹੈ। ਇੰਟਰਨੈੱਟ ਤੋਂ ਪ੍ਰਾਪਤ ਡਾਟੇ ਅਨੁਸਾਰ ਇੱਥੇ ਲਗਪਗ 4 ਥਣਧਾਰੀ, 90 ਤੋਂ ਵੱਧ ਜਾਤੀਆਂ ਦੇ ਪੰਛੀ ਅਤੇ ਹੋਰ ਅਨੇਕਾਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।

ਹਰੀਕੇ ਪੱਤਣ ਜਾ ਹਰੀਕੇ ਜਲਗਾਹ : ਇਹ ਇਕ ਮਸਨੂਈ ਜਲਗਾਹ ਹੈ। ਇੱਥੇ ਵੱਖ-ਵੱਖ ਪ੍ਰਕਾਰ ਦੀਆਂ ਜਾਤੀਆਂ ਦੇ ਲੱਖਾਂ ਹੀ ਪੰਛੀ ਆਉਂਦੇ ਹਨ। ਸਰਦੀਆਂ ਵਿਚ ਇਹ ਨਜ਼ਾਰਾ ਵੇਖਦਿਆਂ ਹੀ ਬਣਦਾ ਹੈ।

ਰੋਪੜ ਜਲਗਾਹ : ਰੋਪੜ ਜਲਗਾਹ ਪੰਜਾਬ ਦੇ ਰੋਪੜ ਜ਼ਿਲ੍ਹੇ ਵਿਚ ਸਥਿਤ ਹੈ। ਇੱਥੇ ਹਜ਼ਾਰਾਂ ਹੀ ਦੇਸੀ ਵਿਦੇਸ਼ੀ ਪੰਛੀਆਂ ਤੋਂ ਇਲਾਵਾ ਮੱਛੀਆਂ, ਪ੍ਰੋਟੋਜੋਆ ਅਤੇ ਹੋਰ ਜੀਵਾਂ ਦੀਆਂ ਅਨੇਕਾਂ ਕਿਸਮਾਂ ਪਾਈਆਂ ਜਾਂਦੀਆਂ ਹਨ।

ਇਨ੍ਹਾਂ ਤੋਂ ਇਲਾਵਾ ਰਣਜੀਤ ਸਾਗਰ ਅਤੇ ਨੰਗਲ ਜਲਗਾਹ ਨੂੰ ਰਾਸ਼ਟਰੀ ਜਲਗਾਹ ਦਾ ਦਰਜਾ ਪ੍ਰਾਪਤ ਹੈ। ਨੰਗਲ ਜਲਗਾਹ ਵਿਚ ਅਨੇਕਾਂ ਹੀ ਪੰਛੀ ਰੂਸ, ਚੀਨ, ਯੁਕਰੇਨ, ਕਜ਼ਾਕਿਸਤਾਨ ਆਦਿ ਮੁਲਕਾਂ ਤੋਂ ਆÀੁਂਦੇ ਹਨ। ਭਾਵੇਂ ਨੰਗਲ ਰਾਸ਼ਟਰੀ ਜਲਗਾਹ ਹੈ ਪਰ ਦੇਸੀ ਵਿਦੇਸ਼ੀ ਪੰਛੀਆਂ ਦੀ ਆਮਦ ਨਾਲ ਇੱਥੇ ਚਾਰ ਚੰਨ ਲੱਗ ਜਾਦੇ ਹਨ।

- ਫੈਸਲ ਖ਼ਾਨ

99149-65937

Posted By: Harjinder Sodhi