‘ਧੁੰਧੂਕਾਰਾ’ ਨਾਮੀ ਵੱਡ ਆਕਾਰੀ ਨਾਵਲ ਨਾਟਕਕਾਰ ਡਾ. ਜਗਜੀਤ ਸਿੰਘ ਕੋਮਲ ਦਾ ਨਵਾਂ ਨਾਵਲ ਹੈ। ਡਾ. ਕੋਮਲ ਨੇ ਪੰਜਾਬ ਦੇ ਮਾਲਵੇ ਖਿੱਤੇ ਵਿਚ ਉੱਠੀਆਂ ਲਹਿਰਾਂ ਜਿਵੇਂ ਪਰਜਾ ਮੰਡਲ ਲਹਿਰ, ਕਿਸਾਨੀ ਸੰਘਰਸ਼ਾਂ ਬਾਰੇ ‘ਸੂਰਜ ਤੱਪ ਕਰਦਾ’ (1978), ‘ਧੋਤੇ ਮੂੰਹ ਚਪੇੜ’ (2004), ‘ਪਤਾਸਿਆਂ ਵਾਲਾ ਨਿੰਮ’ (2008) ਅਤੇ ‘ਖੇਤੀਂ ਉੱਗੇ ਸੂਰਜ’ (2019) ਨੂੰ ਕੇਂਦਰ ’ਚ ਰੱਖ ਕੇ ਨਾਟਕ ਲਿਖੇ। ‘ਧੁੰਧੂਕਾਰਾ’ ਨਾਵਲ ਦਾ ਬਿਰਤਾਂਤ ਪੰਜਾਬ ਦੀ ਸੰਨ ਸੱਤਰ ’ਚ ਚੱਲੀ ਨਕਸਲੀ ਲਹਿਰ ਦੀ ਸਿਧਾਂਤਕ ਸਮਝ ਅਤੇ ਅਮਲਾਂ ਵਿਚਕਾਰਲੇ ਪਾੜਾਂ ਦੇ ਨਾਲ ਨਾਲ ਲਹਿਰ ’ਚ ਵਾਪਰੀਆਂ ਘਟਨਾਵਾਂ ਦੇ ਯਥਾਰਥ ਨੂੰ ਆਪਣੇ ਬਿਰਤਾਂਤ ਦਾ ਆਧਾਰ ਬਣਾਉਂਦਾ ਹੈ।

ਤਿੰਨ ਭਾਗਾਂ ’ਚ ਫੈਲਿਆ ਇਹ ਬਿਰਤਾਂਤ ਪੰਜਾਬ ਦੀ ਕਮਿਊਨਿਸਟ ਲਹਿਰ ਦੇ ਸੱਜੂ (ਸੀ ਪੀ ਆਈ) ਖੱਬੂ (ਸੀ ਪੀ ਐਮ) ਅਤੇ ਨਕਸਲੀ ਲਹਿਰ ਤਕ ਵਿਗਸਣ ਦੇ ਇਤਿਹਾਸਕ ਯਥਾਰਥ ਨਾਲ ਜੁੜਿਆ ਹੋਇਆ ਹੈ। ਪੂਰਵਲੀਆਂ ਦੋਹਾਂ ਪਾਰਟੀਆਂ ਦੇ ਵਿਚਾਰਧਾਰਕ ਅਮਲ ਨੂੰ ਰੱਦ ਕਰ ਕੇ ਇਸ ਬਿਰਤਾਂਤ ਦੇ ਕੇਂਦਰ ’ਚ ਮਾਓਵਾਦੀ ਵਿਚਾਰਧਾਰਾ ਨਾਲ ਜੁੜੇ ਨਰਦੇਵ, ਮੋਠੂ, ਪ੍ਰੇਮ, ਅਤੇ ਜਸਵਿੰਦਰ ਨਾਮੀ ਕਿਰਦਾਰ ਹਨ ਜੋ ਕਿ ਨਕਸਲੀ ਲਹਿਰ ਦੇ ਆਦਰਸ਼ਵਾਦੀ ਰੁਮਾਂਸ ਦੀ ਪ੍ਰਤੀਨਿੱਧਤਾ ਕਰਦੇ ਹਨ। ਇਨ੍ਹਾਂ ਨਾਲ ਜੁੜੇ ਕਿਰਦਾਰ ਜਿਵੇਂ ਰੌਣਕੀ, ਪ੍ਰੀਤੂ, ਪੀਰੋ ਆਦਿ ਸਾਰੇ ਹਾਸ਼ੀਆਗਤ ਧਿਰਾਂ ਨਾਲ ਸਬੰਧਿਤ ਹਨ। ਇਨ੍ਹਾਂ ਨੇ ਇਸ ਲਹਿਰ ’ਚ ਆਪਣੇ ਵਿੱਤੋਂ ਬਾਹਰ ਹੋ ਕੇ ਯੋਗਦਾਨ ਪਾਇਆ ਪਰ ਲਹਿਰ ਦੇ ਇਤਿਹਾਸ ’ਚ ਇਨ੍ਹਾਂ ਸਬਾਲਟਰਨ ਧਿਰਾਂ ਦਾ ਕਿਤੇ ਜ਼ਿਕਰ ਨਹੀਂ ਮਿਲਦਾ ਜਿਨ੍ਹਾਂ ਨੇ ਲਹਿਰ ਦੇ ਆਦਰਸ਼ਾਂ ਨੂੰ ਇਕ ਸੁਪਨੇ ਦੇ ਰੂਪ ’ਚ ਆਸ ਦਾ ਰੁਮਾਂਸ ਪਾਲ਼ਿਆ। ਫਰੈਡਰਿਕ ਜੇਮਸਨ ਆਪਣੀ ਕਿਤਾਬ “The Seeds of Times ‘Problematics of Utopia “ ’ਚ ਇਸ ਨੂੰ ” ਕਹਿੰਦਾ ਹੈ। ਇਸ ਰੁਮਾਂਸਵਾਦੀ ਦਿ੍ਰਸ਼ਟੀਕੋਣ ਕਾਰਨ ਨਕਸਲੀ ਲਹਿਰ ਦੇ ਵਿਚਾਰਧਾਰਕ ਅਤੇ ਵਿਵਹਾਰਕ ਭੁਲੇਵਿਆਂ ਦੇ ਗਿਰਦ ਇਹ ਬਿਰਤਾਂਤ ਉਸਰਦਾ ਹੈ। ਇਸ ਬਿਰਤਾਂਤ ਦਾ ਸਿਰਜਣ ਕਾਲ ਵੀ ਉਸੇ ਕਾਲ ਦਾ ਹੈ। ਇਸ ਗੱਲ ਦੀ ਤਸਦੀਕ ਨਾਵਲਕਾਰ ਦਾ ਕਥਨ ਆਪ ਕਰਦਾ ਹੈ। ਡਾ. ਕੋਮਲ ਆਰੰਭ ਵਿਚ ਦਿੱਤੇ ‘ਦੋ ਸ਼ਬਦ’ ’ਚ ਇਸ ਨਾਵਲ ਦੇ ਵੱਥ ਦੇ ਸਿਰਜਣ ਉਦੇਸ਼ ਅਤੇ ਪ੍ਰਕਿਰਿਆ ਬਾਰੇ ਰੂਪਕੀ ਭਾਸ਼ਾ ’ਚ ਉਲੇਖ ਕਰਦਾ ਹੈ; ‘ਘੁੱਟ ਘੁੱਟ ਲਾਵਾਂ ਹਿੱਕ ਨੂੰ, ਤੇਰੀ ਸੱਜਰੀ ਪੈੜ ਦਾ ਰੇਤਾ’। ਪੰਜਾਬ ਵਿਚ ਨਕਸਲੀ ਲਹਿਰ ਦੀ ਸੱਜਰੀ ਪੈੜ ਦਾ ਰੇਤਾ ਤਾਂ ਮੈਂ ਉਸ ਸਮੇਂ ਹੀ ਘੁੱਟ ਕੇ ਹਿੱਕ ਨਾਲ ਲਾ ਲਿਆ ਸੀ, ਆਪਣੇ ਮਨ ਮਸਤਕ ਵਿਚ ਵਸਾ ਲਿਆ ਸੀ, ਸਿਰਜਣਾ ਦੀ ਕੁਠਾਲੀ ’ਚ ਪਾ ਲਿਆ ਸੀ ਅਤੇ ਇਸ ਰੇਤੇ ਦੇ ਕਿਣਕਿਆਂ ਨੂੰ ਮੋਤੀਆਂ ਵਿਚ ਬਦਲ ਕੇ ਨਾਵਲ ‘ਧੁੰਧੂਕਾਰਾ’ ਸਿਰਜ ਦਿੱਤਾ ਸੀ। ‘ਤੇਰਾ ਵਿਕਦਾ ਚੰਦ ਕੁਰੇ ਪਾਣੀ, ਲੋਕਾਂ ਦਾ ਨਾ ਦੱੁਧ ਵਿਕਦਾ’।

ਨਾਵਲ ‘ਧੁੰਧੂਕਾਰਾ’ ਦੇ ਬਿਰਤਾਂਤ ਨੂੰ ਪੜ੍ਹਦਿਆਂ ਇਹ ਪ੍ਰਸ਼ਨ ਸਹਿਵਨ ਹੀ ਉੱਠਦਾ ਹੈ ਕਿ ਕੀ ਇਤਿਹਾਸਕ ਯਥਾਰਥ ਨੂੰ ਨਾਵਲੀ ਬਿਰਤਾਂਤ ’ਚ ਰੂਪਾਂਤਿ੍ਰਤ ਕੀਤਾ ਜਾ ਸਕਦਾ ਹੈ? ਇਆਨ ਵਾਟ ਵੀ 1957 ’ਚ ਆਈ ਆਪਣੀ ਕਿਤਾਬ The Rise of Novel ’ਚ ਪੱੁਛਦਾ ਹੈ ਕਿ ਕੀ ਨਾਵਲ ਇਤਿਹਾਸ ਦੀ ਥਾਂ ਲੈ ਸਕਦੈ? ਇਸ ਪ੍ਰਸ਼ਨ ਦਾ ਜਵਾਬ ਫਰੈਡਰਿਕ ਜੇਮਸਨ ਆਪਣੀ ਕਿਤਾਬ ਸੰਨ ਇਕਾਸੀ ’ਚ ਛਪੀ ਆਪਣੀ The Political Unconscious : Narrative as Socially Symbolic Act ’ਚ ਇਹ ਕਹਿ ਕੇ ਦਿੰਦਾ ਹੈ ਕਿ Collective struggle to wrest a relam of Freedom from the realm of Necessity ਵਾਸਤੇ ਦੋਹਾਂ ’ਚੋਂ ਇਕ ਯੁਗਮੀ ਭਾਸ਼ਾ ਦੀ ਤਲਾਸ਼ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਤਿਹਾਸ ਵਿੱਚੋਂ ਹੀ ਵਰਤਮਾਨ ਦੀਆਂ ਗੁੰਝਲਾਂ ਨੂੰ ਸਮਝਣ ਦੀ ਯੋਗਤਾ ਪੈਦਾ ਹੁੰਦੀ ਹੈ।

‘ਧੁੰਧੂਕਾਰਾ’ ਦੇ ਬਿਰਤਾਂਤ ’ਚ ਸਭ ਤੋਂ ਵੱਡਾ ਵਿਚਾਰਧਾਰਕ ਭੁਲੇਵਾਂ ‘ਜਮਾਤੀ ਦੁਸ਼ਮਣ’ ਦੀ ਸੰਕਲਪਕ ਪਰਿਭਾਸ਼ਾ ਬਾਰੇ ਹੈ ਕਿ ਜਮਾਤੀ ਦੁਸ਼ਮਣ ਕੌਣ ਹੈ?; ‘‘ਸਾਡੀ ਪਾਰਟੀ ਦੀ ਇਹ ਨੀਤੀ ਹੈ ਕਿ ਜਮਾਤੀ ਦੁਸ਼ਮਣਾਂ ਦਾ ਸਫ਼ਾਇਆ ਕੀਤਾ ਜਾਵੇ। ਇਸ ਸਭ ਤੋਂ ਵੱਡੇ ਜਮਾਤੀ ਦੁਸ਼ਮਣ ਦੇ ਸਫ਼ਾਏ ਨਾਲ ਪਾਰਟੀ ਸਮੁੱਚੇ ਸੂਬੇ ’ਚ ਮਜ਼ਬੂਤ ਮੰਨੀ ਜਾਵੇਗੀ। ਇਸ ਘੋਲ ਦੇ ਸਬੰਧ ’ਚ ਖੁਰਦ ਪਿੰਡ ਦੇ ਨੰਬਰਦਾਰ ਪਾਲਾ ਸਿੰਘ ਨੂੰ ਗੱਡੀ ਚੜ੍ਹਾ ਦੇਣਾ ਚਾਹੀਦਾ ਹੈ’’। (ਪੰਨਾ 319)

ਬਿਰਤਾਂਤ ’ਚ ਅੱਗੇ ਜਾ ਕੇ ਪ੍ਰੋ. ਹਰਕੀਰਤ ਸਿੰਘ ਤੇ ਬਾਕੀ ਦੇ ਸਾਥੀ ਆਪਣੇ ਕੀਤੇ ਐਕਸ਼ਨਾਂ ਦੀ ਵਿਵੇਚਨਾ ਕਰਦੇ ਹੋਏ ਚਰਚਾ ਕਰਦੇ ਹਨ; ‘ਤਾਂ ਕੀ ਅਜੇ ਤਕ ਅਸੀਂ ਜਿਨ੍ਹਾਂ ਦਾ ਸਫ਼ਾਇਆ ਕੀਤਾ ਹੈ, ਕੀ ਉਹ ਜਾਤੀ ਦੁਸ਼ਮਣ ਨਹੀਂ ਸਨ?’ (ਪੰਨਾ 409)

ਨਕਸਲੀ ਲਹਿਰ ਦੇ ਕਾਰਕੁੰਨ ਅਤੇ ਰਹਿਨੁਮਾ ਅਕਸਰ ਆਪਣੇ ਸਿਧਾਂਤਕ ਅਤੇ ਵਿਵਹਾਰਕ ਖੱਪਿਆਂ ਉਪਰ ਸਵੈ ਪੜਚੋਲ ਕਰਦੇ ਹੋਏ ਵੀ ਇਸ ਬਿਰਤਾਂਤ ’ਚ ਸ਼ਾਮਿਲ ਕੀਤੇ ਗਏ ਹਨ; “ਦੋਸਤ, ਸਾਡਾ ਕੰਮ ਪੁਲਸ ਕੋਲੋਂ ਕੇਵਲ ਆਪਣੇ ਸਾਥੀਆਂ ਨੂੰ ਛਡਾਉਣਾ ਹੀ ਨਹੀਂ, ਸਗੋਂ ਸਾਰੀ ਕਿਰਤੀ ਜਮਾਤ ਨੂੰ ਲੋਟੂਆਂ ਦੀ ਜਕੜ ਵਿੱਚੋਂ ਛੁਡਾਉਣਾ ਹੈ। ਇਹ ਕੰਮ ਕੇਵਲ ਕਿਤਾਬਾਂ ਪੜ੍ਹਨ ਨਾਲ, ਤਕਰੀਰਾਂ ਕਰਨ ਨਾਲ ਅਤੇ ਇੱਕਾ ਦੁੱਕਾ ਜਮਾਤੀ ਦੁਸ਼ਮਣਾਂ ਦਾ ਸਫ਼ਾਇਆ ਕਰਨ ਨਾਲ ਪੂਰਾ ਨਹੀਂ ਹੋ ਸਕਦਾ, ਇਹ ਕੰਮ ਤਾਂ ਸਾਰੀ ਕਿਰਤੀ ਜਮਾਤ ਨੂੰ ਘੋਲ ਵਿਚ ਪਾ ਕੇ ਪੂਰਾ ਕੀਤਾ ਜਾ ਸਕਦਾ ਹੈ। ਹੁਣ ਕਿਰਤੀ ਜਮਾਤ ਨੇ ਆਪਣਾ ਘੋਲ ਨਾਅਰੇ ਲਾਉਣ, ਜਲੂਸ ਕੱਢਣ ਤੀਕ ਹੀ ਸੀਮਤ ਨਹੀਂ ਰੱਖਣਾ ਸਗੋਂ ਇਸਨੇ ਹਥਿਆਰਬੰਦ ਘੋਲ ਦਾ ਰਾਹ ਫੜਨਾ ਹੈ’। (ਪੰਨਾ 440)

ਫਰੈਡਰਿਕ ਜੇਮਸਨ The Political Unconscious ’ਚ ਇਸ ਮੱਤ ਦਾ ਵਿਰੋਧ ਕਰਦਾ ਹੈ ਕਿ ਸਾਹਿਤਕ ਸਿਰਜਣਾ ਰਾਜਨੀਤਕ ਪ੍ਰਸੰਗ ਤੋਂ ਵਿਛੁੰਨੀ ਹੁੰਦੀ ਹੈ। ਉਹ ਸਾਹਿਤਕ ਪਾਠਾਂ ਦੀ ਰਾਜਨੀਤਕ ਵਿਆਖਿਆ ਨੂੰ ਪਹਿਲ ਦੇਣ ’ਤੇ ਬਲ ਦਿੰਦਾ ਹੋਇਆ ਦਾਅਵਾ ਕਰਦਾ ਹੈ ਕਿ ਇਹ ਲੋੜ ਹਰ ਪੜ੍ਹਤ ਅਤੇ ਸਮਝ ਦੇ ਕੇਂਦਰ ’ਚ ਪਈ ਹੁੰਦੀ ਹੈ ਅਤੇ ਅੱਜ ਕੱਲ੍ਹ ਦੇ ਦੌਰ ਦੀਆਂ ਹੋਰ ਵਿਧੀਆਂ ਵਾਂਗ ਇਹ ਸਿਰਫ਼ ਸਹਾਇਕ ਜਾਂ ਪੂਰਕ ਵਿਧੀ ਜਾਂ ਵਿਧਾਨ ਹੀ ਨਹੀਂ ਹੁੰਦੀ।

‘ਧੁੰਧੂਕਾਰਾ’ ਨਾਵਲ ਦਾ ਬਿਰਤਾਂਤਕਾਰ ਆਪਣਾ ਬਿਰਤਾਂਤ ਸਿਰਜਦਿਆਂ ਆਪਣਾ ਰਾਜਨੀਤਕ ਅਵਚੇਤਨ, ਕਈ ਮਹਾਨ ਕਮਿਊਨਿਸਟ ਨੇਤਾਵਾਂ ਅਤੇ ਖੱਬੇ ਪੱਖੀ ਦਿ੍ਰਸ਼ਟੀਕੋਣ ਰੱਖਣ ਵਾਲੇ ਲੇਖਕਾਂ ਦੇ ਕਹੇ ਸ਼ਬਦਾਂ ਨੂੰ ਨਾਵਲਕਾਰ ਥਾਂ ਪੁਰ ਥਾਂ ਆਪਣੇ ਬਿਰਤਾਂਤ ਦਾ ਅੰਗ ਬਣਾੳੇੁਂਦਾ ਹੈ; ‘‘ਫਿਊਚਕ ਦੀ ਲਿਖੀ ਕਿਤਾਬ ‘ਫਾਂਸੀ ਦੇ ਤਖ਼ਤੇ ’ਤੋਂ’ ਉਦਾਹਰਣ ਹੈ; ‘‘ਪਰ ਮੇਰੀ ਕਿਸਮਤ ਲਈ ਕਿਸੇ ਹੋਰ ਨੂੰ ਨਾ ਜ਼ੁੰਮੇਵਾਰ ਠਹਿਰਾ ਦਿੱਤਾ ਜਾਵੇ, ਇਸ ਲਈ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਮੈਂ ਕਿਸੇ ਦੀ ਬੁਜ਼ਦਿਲੀ ਜਾਂ ਵਿਸ਼ਵਾਸਘਾਤ ਕਾਰਨ ਨਹੀਂ ਫੜਿਆ ਗਿਆ, ਸਗੋਂ ਸਿਰਫ਼ ਲਾਪਰਵਾਹੀ ਅਤੇ ਬਦਕਿਸਮਤੀ ਕਾਰਨ ਗਿ੍ਰਫ਼ਤਾਰ ਹੋਇਆ ਹਾਂ’’। (ਪੰਨਾ 406)

ਇਕ ਥਾਂ ਬਿਰਤਾਂਤਕਾਰ ਲਿਖਦਾ ਹੈ ਕਿ ਕਾਮਰੇਡ ਮਾਓ ਜ਼ੇ ਤੁੰਗ ਦੇ ਬੋਲ ਸਨ; ‘ਮੌਤ ਇਕ ਇਨਕਲਾਬੀ ਦੇ ਜੀਵਨ ’ਚ ਆਮ ਜਿਹੀ ਘਟਨਾ ਹੁੰਦੀ ਹੈ। ਸ਼ਹੀਦ ਭਾਵੇਂ ਪਾਰਟੀ ਦਾ ਇਕ ਆਮ ਕਾਰਕੁੰਨ ਹੋਇਆ ਹੋਵੇ, ਭਾਵੇਂ ਪਾਰਟੀ ਦਾ ਕੋਈ ਵੱਡਾ ਆਗੂ, ਉਸਦੀ ਯਾਦ ’ਚ ਇਕ ਮਿੰਟ ਸੋਗ ਮਨਾਉਣਾ ਚਾਹੀਦਾ ਹੈ’’।

ਇਸ ਨਾਵਲ ਦੇ ਬਿਰਤਾਂਤਕਾਰ ਨੇ ਜਦੋਂ ਕੋਈ ਸਿਧਾਂਤਕ ਤੇ ਗਿਆਨਾਤਮਕ ਸਮਝ ਨੂੰ ਬਿਰਤਾਂਤ ਦਾ ਹਿੱਸਾ ਬਣਾਉਣਾ ਹੋਵੇ ਤਾਂ ਉਹ ਪ੍ਰੋ. ਹਰਕੀਰਤ ਸਿੰਘ ਜਾਂ ਪ੍ਰੋ. ਭਗਵਾਨ ਸਿੰਘ ਦੇ ਮਾਧਿਅਮ ਰਾਹੀਂ ਗੱਲ ਕਰਦਾ ਹੈ। ਕਾਮਰੇਡ ਤੇਜਾ ਸਿੰਘ ਸੁਤੰਤਰ ਅਤੇ ਅਰਜਨ ਸਿੰਘ ਗੜਗੱਜ ਦੀਆਂ ਗੱਲਾਂ ਵੀ ਉਹ ਇਨ੍ਹਾਂ ਕਿਰਦਾਰਾਂ ਰਾਹੀਂ ਕਰਦਾ ਹੈ। ਇੰਝ ਇਹ ਕਿਰਦਾਰ ਦਰਅਸਲ ਬਿਰਤਾਂਤਕਾਰ ਦਾ ਹੀ ਪ੍ਰਤੀਰੂਪ ਹਨ। ਸੂਬਾ ਸਕੱਤਰ ਦੀ ਸ਼ਹੀਦੀ ’ਤੇ ਬਿਰਤਾਂਤਕਾਰ ਆਪਣੀ ਗੱਲ ਪ੍ਰੋ. ਹਰਕੀਰਤ ਦੇ ਸੰਵਾਦ ਰਾਹੀਂ ਕਹਿੰਦਾ ਹੈ ਜੋ ਲਹਿਰ ਦਾ ਸਿਧਾਂਤਕ, ਆਦਰਸ਼ਕ ਅਤੇ ਭਾਵਨਾਤਮਕ ਪ੍ਰੇਰਨਾ ਸਰੋਤ ਬਣ ਕੇ ਉਭਰਦਾ ਦਿਖਾਈ ਦਿੰਦਾ ਹੈ। ਪੰਨਾ 407 ’ਤੇ ਦਰਜ ਇਸ ਸੰਵਾਦ ਵਿਚ ਉਹ ਗੁਰੂ ਗੋਬਿੰਦ ਸਿੰਘ, ਗੁਰੂ ਤੇਗ਼ ਬਹਾਦਰ, ਲੈਨਿਨ, ਸਟਾਲਿਨ, ਫਿਊਚਕ, ਦਮਿਤਰੋਵ, ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਜਿਹੇ ਆਦਰਸ਼ ਨਾਇਕਾਂ ਦਾ ਚਰਚਾ ਕਰਦਾ ਹੈ ਜਿਨ੍ਹਾਂ ਨੇ ਆਪਣੇ ਆਦਰਸ਼ ਦੀ ਸਲਾਮਤੀ ਲਈ ਜਾਨਾਂ ਅਤੇ ਪਰਿਵਾਰ ਨਿਸ਼ਾਵਰ ਕਰ ਦਿੱਤੇ।

ਪ੍ਰੋ. ਹਰਕੀਰਤ ਸਿੰਘ ਬਿਰਤਾਂਤ ’ਚ ਇਕ ਥਾਂ ਪਾਰਟੀ ਲਾਈਨ ਦੀ ਸਿਧਾਂਤਕ ਸਮਝ ਵੱਲ ਇਸ਼ਾਰਾ ਕਰਦਾ ਹੈ; “ਸਾਡੀ ਪਾਰਟੀ ਹਿੰਦੋਸਤਾਨ ਦੀ ਧਰਤੀ ’ਤੇ ਕਾਮਰੇਡ ਲਿਨ ਪਿਆਉ ਦੇ ‘ਲੋਕ ਯੁੱਧ’ ਦੇ ਥੀਸਿਸ ਅਨੁਸਾਰ ਚੱਲ ਪਈ ਹੈਲਿਨ ਪਿਆਉ ਅਤੇ ਕਾਮਰੇਡ ਚਾਰੂ ਮਜ਼ੂਮਦਾਰ ਦੀ ਇਸ ਧਰਤੀ ਮੇਰਾ ਮਤਲਬ ਪੰਜਾਬ ਦੀ ਧਰਤੀ ’ਤੇ ਲਾਗੂ ਨਹੀਂ ਕੀਤੀ ਗਈ’’।

ਫਰੈਡਰਿਕ ਜੇਮਸਨ ਨੇ The Antinomies of Realism ਵਿਚ ਕਿਹਾ ਹੈ ਕਿ ਕਲਾਤਮਕ ਅਤੇ ਸਾਹਿਤਕ ਯਥਾਰਥਵਾਦ ਦੇ ਸਿਧਾਂਤਾਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕਰਦਿਆਂ ਨਿੱਜ ਨੂੰ ਯਥਾਰਥਵਾਦ ਦੇ ਉਭਾਰ ਦੀਆਂ ਸਮਾਜਿਕ ਅਤੇ ਇਤਿਹਾਸਕ ਪੂਰਵਸਥਿਤੀਆਂ ਦੇ ਪ੍ਰਸੰਗ ’ਚ ਦੇਖਿਆ ਗਿਆ ਹੈ। ਜੇਮਸਨ ਦੀ ਇਹ ਕਿਤਾਬ ਦਾ ਮੂਲ ਸਰੋਕਾਰ ਸਾਹਿਤਕ ਰੂਪ ਦੇ ਨੁਕਤੇ ਬਾਰੇ ਹੈ ਭਾਵ ਕਿ ਨਾਵਲ ਰਾਜਨੀਤਕ ਕਿਵੇਂ ਬਣਦਾ ਹੈ? ਇਸ ਦਿ੍ਰਸ਼ਟੀ ਤੋਂ ਦੇਖਿਆਂ ‘ਧੁੰਧੂਕਾਰਾ’ ਦਾ ਬਿਰਤਾਂਤ ਪੂਰੀ ਤਰ੍ਹਾਂ ਰਾਜਨੀਤਕ ਅਵਚੇਤਨ ਦੀ ਪ੍ਰਵਿਰਤੀ ਦਾ ਹੈ। ਇਸ ਬਾਰੇ ਡਾ. ਤੇਜਵੰਤ ਮਾਨ ਵੀ ਲਿਖਦਾ ਹੈ ਕਿ ‘ਧੁੰਧੂਕਾਰਾ’ ਨਕਸਲਬਾੜੀ ਲਹਿਰ ਦੀ ਸਮਝ ਨੂੰ ਗੰਭੀਰ ਬਹਿਸ ਦਾ ਵਿਸ਼ਾ ਬਣਾਉਂਦਿਆਂ ਨਕਸਲੀਆਂ ਵੱਲੋਂ ਕੀਤੀਆਂ ਘਟਨਾਵੀ ਕਾਰਵਾਈਆਂ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਵਿਸ਼ਲੇਸ਼ਣ ਕਰਦਿਆਂ ਉਹ ਅਲੰਕਾਰਕ ਅਤੇ ਵਿਅੰਗਾਤਮਕ ਵਿਧੀ ਰਾਹੀਂ ਕਮਿਊਨਿਸਟ ਲਹਿਰ ਦੇ ਖਿੰਡਣ ਅਤੇ ਖੱਖੜੀ-ਖੱਖੜੀ ਹੋ ਜਾਣ ਦਾ ਦੁਖਾਂਤ ਪੇਸ਼ ਕਰਦਾ ਹੈ। ਇਸ ਦੁਖਾਂਤ ਦਾ ਜਿੱਥੇ ਸਿਧਾਂਤਕ ਵੱਖਰੇਵਾਂ ਕਾਰਨ ਹੈ, ਉੱਥੇ ਸਭ ਤੋਂ ਵੱਡਾ ਕਾਰਨ ਗ਼ੈਰ-ਵਿਸ਼ਵਾਸੀ ਸ਼ੰਕਾ ਹੈ। ਡਾ. ਕੋਮਲ ਦੀ ਇਹ ਇਕ ਇਮਾਨਦਾਰ, ਨਿੱਡਰ ਪਹੁੰਚ ਹੈ ਕਿ ਉਹ ਹਰ ਤਰ੍ਹਾਂ ਦੇ ਆਪਸੀ ਸ਼ੰਕਿਆਂ ਦਾ ਵਿਸ਼ਲੇਸ਼ਣ ਕਰਦਾ ਹੈ।

‘ਧੁੰਧੂਕਾਰਾ’ ਨਾਵਲ ਦਾ ਬਿਰਤਾਂਤ ਆਪਣੇ ਸਮਕਾਲੀ ਯਥਾਰਥ ਦੀ ਆਤਮਾ ਨੂੰ ਕਈ ਦਿ੍ਰਸ਼ਟੀਕੋਣਾਂ ਜਿਵੇਂ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਵਿਚਾਰਧਾਰਕ ਤੋਂ ਦੇਖਣ ਸਮਝਣ ਦਾ ਯਤਨ ਕਰਦਾ ਹੈ। ਸਮਕਾਲ ’ਚ ਦੇਸ਼, ਸਮਾਜ ਦੇ ਹਾਲਾਤ ਦੀ ਆਤਮਾ ਨੂੰ ਡਾ. ਕੋਮਲ ਆਪਣੀ ਅਰਜਿਤ ਕੀਤੀ ਸਮਝ ਦੇ ਜ਼ਾਵੀਏ ਤੋਂ ਪੜ੍ਹ ਬਿਰਤਾਂਤਕਾਰੀ ਦੀ ਪੱੁਠ ਚਾੜ੍ਹਦਾ ਹੈ। ਇਸ ਤਰ੍ਹਾਂ ਦੀ ਸਮਝ ਨੂੰ ਜਰਮਨ ਭਾਸ਼ਾ ਦਾ ਹੀ ਇਕ ਹੋਰ ਸੰਕਲਪ ‘ਜੈਤਗੀਸਤ/Zeitgeist ਰਾਹੀਂ ਸਮਝਿਆ ਜਾ ਸਕਦਾ ਹੈ। ਜਿਸਦਾ ਭਾਵ ਹੈ, The spirit of the time, general trend of thought or feeling characterstic of a particular period of time ਅਰਥਾਤ ‘ਸਮੇਂ ਦੀ ਆਤਮਾ’। ਜਿਹੜੀਆਂ ਰਚਨਾਵਾਂ ਆਪਣੇ ਸਮੇਂ ਦੀ ਆਤਮਾ ਨੂੰ ਆਪਣੇ ਅਨੁਭਵ ਤੇ ਭਾਸ਼ਾ ’ਚ ਗੁੰਨ੍ਹ ਕੇ ਪੇਸ਼ ਕਰਦੀਆਂ ਹਨ ਉਹ ਹੀ ਪ੍ਰਮਾਣਿਕ ਅਤੇ ਕਾਲਜਈ ਹੁੰਦੀਆਂ ਹਨ। ਪੁਲੀਸ, ਸੱਜੂ-ਖੱਬੂ ਕਾਮਰੇਡਾਂ ਦਾ ਗਠਬੰਧਨ, ਪਿੰਡਾਂ ਦੀ ਸੱਤਾ ਰਾਜਨੀਤੀ ’ਚ ਆਮ ਵਿਅਕਤੀ ਦਾ ਘਾਣ, ਮਾਨਵੀ ਅਧਿਕਾਰਾਂ ਦੀ ਅਣਦੇਖੀ ਅਤੇ ਹਰ ਸਰਕਾਰੀ ਸੰਸਥਾ ’ਚ ਆਮ ਬੰਦੇ ਲਈ ਅਨਿਆਂ ਹੀ ਅਨਿਆਂ ਅਜਿਹੇ ਵਰਤਾਰੇ ਹਨ ਜੋ ‘ਧੁੰਧੂਕਾਰਾ’ ਦੇ ਬਿਰਤਾਂਤ ’ਚ ਆਰ ਪਾਰ ਫੈਲੇ ਹੋਏ ਹਨ ਅਤੇ ਇਸਨੂੰ ਵਿਸ਼ੇਸ਼ ਪੜ੍ਹਨਯੋਗਤਾ ਪ੍ਰਦਾਨ ਕਰਦੇ ਹਨ। ਪਿਛਲੇ ਥੋੜ੍ਹੇ ਅਰਸੇ ’ਚ ਹੀ ਮੈਨੂੰ ਨਕਸਲੀ ਲਹਿਰ ਨਾਲ ਜੁੜੀਆਂ ਕੁਝ ਕਿਤਾਬਾਂ ਪੜ੍ਹਨ ਦਾ ਸਬੱਬ ਬਣਿਆ। ਸਾਰੀਆਂ ਹੀ ਕਿਤਾਬਾਂ ਆਪਣੇ ਆਪਣੇ ਵਿੱਤ ਤੇ ਢੰਗ ਨਕਸਲੀ ਲਹਿਰ ਦੇ ਵਿਭਿੰਨ ਪ੍ਰਗਟਾਵਿਆਂ, ਲੋਕੇਸ਼ਨਾਂ ਅਤੇ ਥੀਏਟਰਾਂ ਨਾਲ ਜੁੜੇ ਯਥਾਰਥ ਦਾ ਪ੍ਰਗਟਾਵਾ ਕਰਦੀਆਂ ਹਨ।

ਪਹਿਲੀ ਕਿਤਾਬ ਹੈ ਕੋਬਾਡ ਗਾਂਧੀ ਦੀਆਂ ਜੇਲ੍ਹ ਯਾਦਾਂ Fractured Freedom ਜੋ ਭਾਵਨਾ, ਸਮਰਪਣ ਅਤੇ ਨਿਆਂ ਅਤੇ ਆਜ਼ਾਦੀ ਦੀ ਤਲਾਸ਼ ਦਾ ਬੜਾ ਮਾਰਮਿਕ ਬਿਰਤਾਂਤ ਹੈ। ਕੋਬਾਡ ਗਾਂਧੀ ਨੂੰ ਜਦ ਪੁੱਛਿਆ ਗਿਆ ਕਿ ਉਸਨੇ ਮਾਉਵਾਦੀ ਵਜੋਂ ਜੀਵਨ ਕਿਉਂ ਚੁਣਿਆ ਤਾਂ ਉਸਦਾ ਕਹਿਣਾ ਸੀ; ‘ਮੈਨੂੰ ਕਈ ਲੋਕ ਪੁੱਛਦੇ ਹਨ ਕਿ ਮੇਰੀ ਪਿੱਠਭੂਮੀ ਦੇ ਲੋਕ ਆਪਣੀ ਜਵਾਨੀ ’ਚ ਅਕਸਰ ਕਮਿਊਨਿਸਟ ਬਣ ਜਾਂਦੇ ਨੇ ਪਰ ਜਦੋਂ ਉਹ ਵੱਡੇ ਹੁੰਦੇ ਹਨ ਆਪਣੇ ਆਦਰਸ਼ ਪਿੱਛੇ ਛੱਡ ਜੀਵਨ ’ਚ ਸਥਿਰ ਜੀਵਨ ਜਿਊਣ ਲਈ ਨੌਕਰੀਆਂ ਕਰਨ ਲਗਦੇ ਹਨ ਅਤੇ ਆਪਣੇ ਪਰਿਵਾਰਾਂ ਨਾਲ ਜੀਵਨ ਬਤੀਤ ਕਰਨ ਲਗਦੇ ਹਨ। ਇਸ ’ਤੇ ਕੋਬਾਡ ਗਾਂਧੀ ਕਹਿੰਦਾ ਹੈ ਕਿ ਉਸਨੇ ਆਪਣੇ ਅਕੀਦਿਆਂ ਨਾਲ ਕਦੇ ਸਮਝੌਤਾ ਨਹੀਂ ਸੀ ਕੀਤਾ। ਉਹ ਕਦੇ ਵੀ ਲਾਲਚ ਭਰੇ ਕਾਰਪੋਰੇਟ ਜਗਤ ’ਚ ਚੈਨ ਨਾਲ ਨਹੀਂ ਸੀ ਰਹਿ ਸਕਦਾ। ਇਸ ਲਈ ਕਮਿਊਨਿਜ਼ਮ ਹੀ ਸਾਡਾ ਇਕੋ ਇਕ ਰਾਹ ਸੀ’।

ਦੂਜੀ ਕਿਤਾਬ ਹੈ; ਅੰਗਰੇਜ਼ੀ ਦੇ ਸਥਾਪਿਤ ਪੱਤਰਕਾਰ ਆਸ਼ੂਤੋਸ਼ ਭਾਰਦਵਾਜ ਦਾ ਨਾਵਲ ‘The Death Script’ ਜੋ ਦੰਡਕਾਰਣਿਆ ਖੇਤਰ ’ਚ ਨਕਸਲੀ ਲਹਿਰ ਨਾਲ ਜੁੜੇ ਸੁਪਨਿਆਂ ਅਤੇ ਭਰਮਾਂ/ਭੁਲੇਵਿਆਂ ਦਾ ਦਸਤਾਵੇਜ਼ੀ ਬਿਰਤਾਂਤ ਹੈ।

ਦੂਸਰੀਆਂ ਦੋ ਕਿਤਾਬਾਂ ਹਨ; ਬਲਬੀਰ ਪਰਵਾਨਾ ਦੀ ‘ਪੰਜਾਬ ਦੀ ਨਕਸਲਬਾੜੀ ਲਹਿਰ’। ਇਸ ਬਾਰੇ ਉਹ ਲਿਖਦਾ ਹੈ ਕਿ ਇਹ ਪੰਜਾਬ ਦੀ ਨਕਸਲਬਾੜੀ ਲਹਿਰ ਦਾ ਲੜੀਬੱਧ ਇਤਿਹਾਸ ਨਹੀਂ ਪਰ ਪੰਜਾਬ ’ਚ ਜੋ ਕੁਝ ਵਾਪਰਿਆ, ਉਸਦਾ ਜੀਵੰਤ ਖਾਕਾ ਜ਼ਰੂਰ ਹੈ। ਇਹ ਸਿਧਾਂਤਕ ਵਿਆਖਿਆ ਵੀ ਨਹੀਂ, ਪਰ ਇਸ ਸਿਧਾਂਤ ਨੇ ਲੋਕਾਂ ਦੇ ਮਨਾਂ ’ਚ ਕਿਵੇਂ ਆਸ਼ਾਵਾਂ ਪੈਦਾ ਕੀਤੀਆਂ, ਉਨ੍ਹਾਂ ਦੀ ਝਲਕ ਅਵੱਸ਼ ਹੀ ਸਿਰਜਦੀ ਹੈ।

ਚੌਥੀ ਕਿਤਾਬ ਹੈ ਮਹਿੰਦਰਪਾਲ ਸਿੰਘ ਧਾਲੀਵਾਲ ਦਾ ਨਾਵਲ ‘ਰੁੱਤਾਂ ਲਹੂ ਲੁਹਾਣ’। ਇਸ ’ਚ ਉਸਨੇ ਸਰਲ ਅਤੇ ਲਕੀਰੀ ਬਿਰਤਾਂਤਕਾਰੀ ਰਾਹੀਂ ਨਕਸਲਬਾੜੀ ਲਹਿਰ ਦੇ ਉਥਾਨ, ਕੁਰਬਾਨੀਆਂ ਭਰਪੂਰ ਸੰਘਰਸ਼, ਅੰਦਰੂਨੀ-ਬਹਿਰੂਨੀ ਸੰਕਟ ਸਥਿਤੀਆਂ, ਅੰਨ੍ਹੇ ਸਰਕਾਰੀ ਤਸ਼ੱਦਦ ਦੇ ਦਿਲ ਵਿੰਨ੍ਹਵੇਂ ਪ੍ਰਸੰਗ ਅਤੇ ਲਹਿਰ ਦੇ ਵਕਤੀ ਵਿਗਠਨ ਨੂੰ ਬਹੁਤ ਹਮਦਰਦੀ ਨਾਲ ਚਿਤਰਿਆ ਹੈ। ਬੰਗਾਲ ਤੇ ਹੋਰ ਸੂਬਿਆਂ ਵਿਚ ਇਸ ਹਥਿਆਰਬੰਦ ਲਹਿਰ ਦੇ ਬਿਰਤਾਂਤਕ ਪ੍ਰਸੰਗ ਸਿਰਜਣ ਦੇ ਸਮਵਿਥ ਪੰਜਾਬ ਵਿਚ ਉਸ ਦੌਰ ’ਚ ਵਾਪਰੀਆਂ ਪ੍ਰਤੀਨਿੱਧ ਘਟਨਾਵਾਂ ਤੇ ਪ੍ਰਸਿੱਧ ਨਕਸਲੀ ਹਸਤੀਆਂ ਨੂੰ ਫੋਕਸੀਕਿ੍ਰਤ ਕੀਤਾ ਹੈ।

ਜੇਕਰ ਨਾਵਲ ‘ਧੁੰਧੂਕਾਰਾ’ ਦੇ ਬਿਰਤਾਂਤ ਨੂੰ ਲਾਗਿਓਂ ਹੋ ਕੇ ਸਮਝਿਆ ਜਾਵੇ ਤਾਂ ਇਹ ਬਿਰਤਾਂਤ ਬਲਬੀਰ ਪਰਵਾਨਾ ਦੀ ਕਿਤਾਬ ‘ਪੰਜਾਬ ਦੀ ਨਕਸਲਬਾੜੀ ਲਹਿਰ’ ਅਤੇ ਮਹਿੰਦਰਪਾਲ ਸਿੰਘ ਧਾਲੀਵਾਲ ਦਾ ਨਾਵਲ ‘ਰੁੱਤਾਂ ਲਹੂ ਲੁਹਾਣ’ ਦੇ ਬਹੁਤ ਲਾਗੇ ਦੀ ਭਾਸ਼ਾ ਦਾ ਬਿਰਤਾਂਤ ਪ੍ਰਤੀਤ ਹੁੰਦਾ ਹੈ। ਆਸ਼ੂਤੋਸ਼ ਭਾਰਦਵਾਜ ਦੇ ਨਾਵਲ The Death Script ਜਿਹੀ ਗਿਆਨ ਸ਼ਾਸਤਰੀ ਸਮਝ ‘ਧੁੰਧੂਕਾਰਾ’ ਦੇ ਬਿਰਤਾਂਤ ਕੋਲ ਨਹੀਂ ਕਿਉਂ ਕਿ ਇਹ ਅਜੇ ਵੀ ਪੰਜਾਬੀ ਪੇਂਡੂ, ਭਾਵੁਕ ਅਤੇ ਨਿਕਟ ਭਾਵੀ ਜੀਵਨ ਸਮਝ ਦੇ ਦੁਆਲ਼ੇ ਹੀ ਘੁੰਮਦਾ ਹੈ ਇਸੇ ਕਰਕੇ ਇਹ ਅੱਜ ਦੇ ਦੌਰ ਦੀ ਨਵਮਾਰਕਸਵਾਦੀ ਸਮਝ ਤੋਂ ਪੈਦਾ ਹੋਏ ਸਮਤਾ ਤਰਕ ਦੀ ਸੋਝੀ ਤੋਂ ਉਰ੍ਹਾਂ ਰਹਿ ਜਾਂਦਾ ਹੈ।

ਕੋਬਾਡ ਗਾਂਧੀ ਦੀ ਕਿਤਾਬ Fractured Freedom ਆਪਣੇ ਬਿਰਤਾਂਤ ਦੇ ਅੰਤਿਮ ਪੜਾਵਾਂ ’ਚ ਮਾਕਰਸਵਾਦੀ ਸਮਝ ਤੋਂ ਪਾਰਗਾਮੀ ਹੋ ਸਰਬ ਹਿੱਤ ਸੰਭਾਵ ਦੇ ਸਿਧਾਂਤ ਵੱਲ ਮੁੜ ਆਸ ਦੇ ਬਿਰਤਾਂਤ (Narrative of Utopia) ਨੂੰ ਗੁਰੂ ਰਵਿਦਾਸ ਦੇ ‘ਬੇਗ਼ਮਪੁਰਾ’ ਦਾ ਸੰਕਲਪ (City of Joy) ਵੱਲ ਮੁੜਦੀ ਹੋਈ ਮਾਨਵਤਾ ਦੀ ਸਰਬਵਿਆਪਕਤਾ, ਸਰਬ ਸਾਂਝੀਵਾਲਤਾ, ਸਹਿਹੋਂਦ, ਖ਼ੁਸ਼ੀ ਅਤੇ ਸਹਿਣਸ਼ੀਲਤਾ ਜਿਹੇ ਵਿਆਪਕ ਮਾਨਵੀ ਵਰਤਾਰਿਆਂ ਵੱਲ ਮੁੜ ਜਾਂਦੀ ਹੈ।

‘ਧੁੰਧੂਕਾਰਾ’ ਨਾਵਲ ਦਰਅਸਲ ਪੂਰੀ ਨਕਸਲਬਾੜੀ ਲਹਿਰ ਦੇ ਘੋਲ਼ ਦੌਰਾਨ ਵੱਖ-ਵੱਖ ਕਿਰਦਾਰਾਂ ਵੱਲੋਂ ਸ਼ਿੱਦਤ, ਸੰਘਰਸ਼, ਸਮਰਪਣ ਤੇ ਸੁਹਿਰਦਤਾ ਨਾਲ ਜੀਵੇ ਸਿਧਾਂਤਕ ਆਦਰਸ਼ ਅਤੇ ਸਮਰਪਿਤ ਸਿਧਾਂਤਕਤਾ ਦਾ ‘ਉਤਸਵ/ਕਾਰਨੀਵਲ’ ਹੈ। ਬਾਖ਼ਤਿਨ ਆਪਣੀ ਕਿਤਾਬ Problems of Dostoevsky’s Poeitics ’ਚ ਇਸ ਉਤਸਵ ਦੇ ਸੰਕਲਪ ਬਾਰੇ ਲਿਖਦਾ ਹੈ ਕਿ ‘ਉਤਸਵ’ ਅਜਿਹਾ ਪ੍ਰਸੰਗ ਹੈ ਜਿਸ ਵਿਚ ਵੱਖਰੀਆਂ ਤੇ ਵਿਭਿੰਨ ਆਵਾਜ਼ਾਂ ਸੁਣਦੀਆਂ, ਪਣਪਦੀਆਂ ਤੇ ਇਕ ਦੂਜੇ ਨਾਲ ਅੰਤਰਕਿਰਿਆ ’ਚ ਰਹਿੰਦੀਆਂ ਹਨ।

ਉਤਸਵ ਇਕ ਅਜਿਹੀ ਦਹਿਲੀਜ਼ ਜਾਂ ਦੁਆਰ ਸਥਿਤੀ ਹੈ ਜਿੱਥੇ ਨਿਰੰਤਰ ਪ੍ਰੰਪਰਕ ਰੀਤਾਂ ਟੁੱਟਦੀਆਂ ਤੇ ਪੁੱਠਾ ਗੇੜਾ ਖਾਂਦੀਆਂ ਨੇ। ਇਸੇ ਕਰਕੇ ਹੀ ਸੰਵਾਦ ਸੰਭਵ ਹੁੰਦਾ ਹੈ। ਇਹ ਉਤਸਵ ‘ਧੁੰਧੂਕਾਰਾ’ ਦੇ ਬਿਰਤਾਂਤ ਦੀ ਨਾ ਸਿਰਫ਼ ਕਥਾਤਮਕਤਾ

ਬਲਕਿ ਇਸ ਦੀ ਸੱਭਿਆਚਾਰਕ ਦਿ੍ਰਸ਼ਕਾਰੀ, ਭਾਸ਼ਾਕਾਰੀ, ਲੋਕਤਾ ਤੇ ਮੁਹਾਵਰਾ ਮੂਲਕਤਾ ’ਚੋਂ ਸਹਿਜ ਭਾਅ ਝਲਕਦਾ ਹੈ। ਇਸ ਬਿਰਤਾਂਤ ’ਚ ਮਲਵਈ ਆਂਚਲਿਕਤਾ ਦੇ ਦਰਸ਼ਨ ਇਸ ਨੂੰ ਹੋਰ ਪੜ੍ਹਨਯੋਗਤਾ ਪ੍ਰਦਾਨ ਕਰਦੇ ਹਨ।

- ਮਨਮੋਹਨ

Posted By: Harjinder Sodhi