ਗੁਰਭਜਨ ਗਿੱਲ ਪੰਜਾਬੀ ਅਦਬ ਦਾ ਇੱਕ ਵੱਡਾ ਨਾਂ ਹੈ। ਕਲਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਨਾਈ ਇਸ ਬਹੁਪੱਖੀ ਸ਼ਖ਼ਸੀਅਤ ਨੇ ਦੋ ਦਰਜਨ ਤੋਂ ਵੱਧ ਪੁਸਤਕਾਂ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਈਆਂ ਹਨ। ‘ਖੈਰ ਪੰਜਾਂ ਪਾਣੀਆਂ ਦੀ’ ਪੁਸਤਕ ਵਿਚ ਕੁੱਝ ਐਸੀਆਂ ਗ਼ਜ਼ਲਾਂ, ਗੀਤ, ਟੱਪੇ ਅਤੇ ਕਵਿਤਾਵਾਂ ਸ਼ਾਮਿਲ ਹਨ ਜੋ ਸਾਂਝੇ ਪੰਜਾਬ ਦੀ ਆਵਾਜ਼ ਬਣਦੀਆਂ ਹਨ ਜਿਨ੍ਹਾਂ ਦਾ ਸਿੱਧਾ ਸਬੰਧ ਅਤੇ ਵਿਸ਼ਾ ਸੰਤਾਲੀ ਦੀ ਵੰਡ ਨਾਲ ਹੈ। ਇਹ ਰਚਨਾਵਾਂ ਗੁਣਵੱਤਾ ਪੱਖੋਂ ਇੱਕ ਵੱਖਰੀ ਕਿਸਮ ਦੀ ਵੇਦਨਾ ਪੇਸ਼ ਕਰਦੀਆਂ ਹਨ ਜਿਸ ਵਿੱਚ ਚੜ੍ਹਦੇ, ਲਹਿੰਦੇ ਪੰਜਾਬ ਦੀ ਹੋਣੀ ਦਾ ਬਿਰਤਾਂਤ ਸਿਰਜਿਆ ਗਿਆ ਹੈ। ਸ਼ਾਇਰ ਉਜਾੜੇ ਦੀ ਮਾਰ ਨਾਲ ਹੋਏ ਮਨੁੱਖਤਾ ਦੇ ਘਾਣ, ਨੁਕਸਾਨ ਅਤੇ ਹਾਸ਼ੀਆਗਤ ਲੋਕਾਂ ਦੀਆਂ ਦੁਸ਼ਵਾਰੀਆਂ ਦੀ ਬਾਤ ਪਾਉਂਦਾ ਹੈ। ਪੁਸਤਕ ਦਾ ਪਾਠ ਕਰਦਿਆਂ ਹਿਰਦਾ ਵਲੂੰਧਰਿਆ ਜਾਂਦਾ ਹੈ। ਬਟਵਾਰੇ ਸਮੇਂ ਦਰਦਨਾਕ ਖੇਡੀ ਖ਼ੂਨੀ ਹੋਲੀ ਦੀ ਤਸਵੀਰਕਸ਼ੀ ਅਤੇ ਰਚਨਾਵਾਂ ਅੰਦਰ ਘੁਲਿਆ ਦਰਦ ਪੜ੍ਹ ਕੇ ਅੱਖਾਂ ਹੰਝੂਆਂ ਨਾਲ ਸਿੱਲੀਆਂ ਹੋ ਜਾਂਦੀਆਂ ਹਨ। ਸ਼ਾਇਰ ਦੇ ਮਹਿਸੂਸੇ, ਹੰਢਾਏ ਤੇ ਸਿਮਰਤੀਆਂ ਵਿੱਚ ਕੈਦ ਨਿੱਜੀ ਦਰਦ ਦੇ ਨਾਲ ਨਾਲ ਬੰਦੇ ਖਾਣੀ ਰੁੱਤ ਨੂੰ ਹੰਢਾਉਣ ਵਾਲੀ ਸਮੁੱਚੀ ਲੋਕਾਈ ਦੀ ਪੀੜ ਇਸ ਵਿੱਚ ਸ਼ਾਮਿਲ ਹੈ। ਇਸ ਪੀੜ ਨੂੰ ਗੁਰਭਜਨ ਗਿੱਲ ਨੇ ਆਪਣੀ ਡੂੰਘੀ ਸੰਵੇਦਨਾ ਨਾਲ ਅੱਖਰਾਂ ਦੀ ਜੂਨੇ ਪਾ ਸਾਡੇ ਸਨਮੁੱਖ ਕੀਤਾ ਹੈ, ਜਿਸ ’ਚ ਰਾਜਸੀ ਬੁਰਸ਼ਾਗਰਦੀ, ਅਨਿਆਂ, ਅਸ਼ਾਂਤੀ, ਨਫ਼ਰਤ, ਲੁੱਟ ਘਸੁੱਟ, ਮਨੁੱਖੀ ਕਦਰਾਂ-ਕੀਮਤਾਂ ਦੇ ਢਹਿ-ਢੇਰੀ ਹੋਣ ਦੇ ਸੰਕੇਤ ਪ੍ਰਤੀਕਾਤਮਕ ਤੇ ਸਿੱਧੇ ਰੂਪ ਵਿੱਚ ਮਿਲਦੇ ਹਨ।

ਅੱਖੀਆਂ ਦੇ ਵਿੱਚ ਸਹਿਮ ਸੰਨਾਟਾ, ਵਖੀਂਆਂ ਅੰਦਰ ਭੁੱਖ ਦਾ ਤਾਂਡਵ,

ਬੰਨ੍ਹ ਕਾਫ਼ਲੇ ਨਾਰੋਵਾਲੋਂ,

ਰੁਲਦਾ ਸਾਡਾ ਟੱਬਰ ਆਇਆ।

ਚੁੱਲ੍ਹੇ ਅੰਦਰ ਬਲਦੀ ਅੱਗ ਤੇ, ਗੁੰਨਿਆ ਆਟਾ ਵਿੱਚ ਪਰਾਤੇ,

ਨਹੀਂ ਸੀ ਵਿੱਚ ਨਸੀਬਾਂ ਰੋਟੀ,

ਛੱਡ ਆਏ ਤੰਦੂਰ ਤਪਾਇਆ।

ਮਾਂ ਧਰਤੀ ਦਾ ਚੀਰ ਕੇ ਸੀਨਾ,

ਅੱਧੀ ਰਾਤੀਂ ਕਿਹਾ ਆਜ਼ਾਦੀ,

ਕਿਉਂ ਘਰ ਬਾਰ ਗੁਆਚਾ ਸਾਡਾ, ਸਾਨੂੰ ਹੁਣ ਤੱਕ ਸਮਝ ਨਾ ਆਇਆ।

ਚੇਤੰਨ ਸ਼ਾਇਰ ਇਤਿਹਾਸਕ ਉਥਲ-ਪੁਥਲ, ਭੂਗੋਲਿਕ ਸਥਿਤੀ ਅਤੇ ਕਰੁਣਾਮਈ ਮੰਜ਼ਰ ਨੂੰ ਆਪਣੀ ਸ਼ਾਇਰੀ ਦਾ ਹਿੱਸਾ ਬਣਾਉਂਦਾ ਹੈ। ਰਚਨਾਵਾਂ ਅੰਦਰ ਵਹਿਸ਼ੀ ਰੁੱਤ ਦਾ ਸੱਚ ਕੂਕ ਕੂਕ ਦੁਹਾਈ ਦਿੰਦਾ ਹੈ। ਸ਼ਾਇਰ ਦੇ ਲਹੂ ਭਿੱਜੇ ਸ਼ਬਦਾਂ ਦਾ ਵਿਰਲਾਪ ਕੰਨਾਂ ਨੂੰ ਸਾਫ਼ ਸੁਣਾਈ ਦਿੰਦਾ ਹੈ। ਇਸ ਆਵਾਜ਼ ਨੂੰ ਮਹਿਸੂਸ ਕਰਦਿਆਂ ਪੜ੍ਹਨ ਵਾਲੇ ਦੀ ਰੂਹ ਧੁਰ ਅੰਦਰ ਤੀਕ ਕੰਬ ਉੱਠਦੀ ਹੈ। ਅੱਜ ਅਸੀਂ ਕਿੱਥੇ ਖੜ੍ਹੇ ਹਾਂ, ਅਸੀਂ ਆਜ਼ਾਦੀ ਦੇ ਨਾਂ ’ਤੇ ਕੀ ਖੱਟਿਆ ਤੇ ਕੀ ਗਵਾਇਆ ਹੈ। ਰਚਨਾਵਾਂ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ। ਇਨ੍ਹਾਂ ਰਚਨਾਵਾਂ ਅੰਦਰ ਮਨੁੱਖ ਦੀ ਆਪਣੀਆਂ ਜੜ੍ਹਾਂ ਵੱਲ ਤਾਂਘ ਤੇ ਤ੍ਰਾਸਦੀ ਵੀ ਸਪੱਸ਼ਟ ਵਿਖਾਈ ਦਿੰਦੀ ਹੈ, ਜਿਸ ਦੀਆਂ ਤੰਦਾਂ ਅਤੀਤ ਤੋਂ ਵਰਤਮਾਨ ਦਾ ਪੈਂਡਾ ਤੈਅ ਕਰਦੀਆਂ ਭਵਿੱਖ ਵੱਲ ਇਸ਼ਾਰੇ ਕਰਦੀਆਂ ਹਨ। ਇਨ੍ਹਾਂ ਰਚਨਾਵਾਂ ਨੂੰ ਪੜ੍ਹਦਿਆਂ ਪਾਠਕ ਇੱਕੋ ਸਮੇਂ ਕਈ ਕਾਲ ਖੰਡ, ਪ੍ਰਸਥਿਤੀਆਂ ’ਚੋਂ ਗੁਜ਼ਰਦਾ ਹੋਇਆ ਮਹਿਸੂਸ ਕਰਦਾ ਹੈ।

ਆਖ ਆਜ਼ਾਦੀ,ਕਰ ਬਰਬਾਦੀ,

ਵਕਤ ਨੇ ਕਹਿਰ ਕਮਾਇਆ।

ਬਣ ਬੈਠਾ ਹਥਿਆਰ ਕਿਸੇ ਹੱਥ,

ਹਮਸਾਇਆ ਮਾਂ ਜਾਇਆ।

ਮੈਥੋਂ ਦੂਰ ਬਹੀਂ ਨਾ ਹੁਣ ਤੂੰ,

ਇੱਕ ਮਿੱਟੀ ਦੇ ਜਾਇਆਂ।

ਪਾਗਲਪਨ ਵਿਚ ਹੁਣ ਨਾ ਰੋਲੀਂ

ਨਾਨਕ,ਰਾਮ,ਰਹੀਮ ਦਾ ਨਾਮ।

ਗੁਰਭਜਨ ਗਿੱਲ ਦੀ ਕਵਿਤਾ ਉਸਦੇ ਅਨੁਭਵ ਦੀ ਦੇਣ ਹੈ ਜਿਸ ਦੀ ਟੇਕ ਸੱਚ ’ਤੇ ਖੜ੍ਹੀ ਹੈ। ਸ਼ਾਇਰ ਦੀ ਅੰਦਰਲੀ ਪੀੜ ਨੇ ਕਾਵਿ ਰੂਪ ਲੈ ਕੇ ਜਿੱਥੇ ਉਸ ਦੀ ਰੂਹ ਦਾ ਭਾਰ ਹੌਲਾ ਕੀਤਾ ਹੈ, ਉੱਥੇ ਉਸ ਦੀ ਕਲਮ ਆਪਣਾ ਸਾਹਿਤਕ ਧਰਮ ਨਿਭਾਉਂਦੀ ਹੋਈ ਵੰਡ ਦੇ ਵਿਸ਼ੇ ’ਤੇ ਆਪਣੀ ਭਰਵੀਂ ਹਾਜ਼ਰੀ ਵੀ ਦਰਜ ਕਰਵਾਉਂਦੀ ਹੈ।

ਸ਼ਾਇਰ ਪੁਸਤਕ ਦੇ ਸ਼ੁਰੂਆਤੀ ਪੰਨਿਆਂ ’ਤੇ ਵੱਖ-ਵੱਖ ਕਵੀਆਂ ਵੱਲੋਂ ਵੰਡ ’ਤੇ ਰਚੇ ਗਏ ਸਾਹਿਤ ਦੇ ਹਵਾਲੇ ਦਿੰਦਾ ਹੋਇਆ ਚੜ੍ਹਦੇ, ਲਹਿੰਦੇ ਪੰਜਾਬ ਦੇ ਕਵੀਆਂ ਦੀਆਂ ਕਾਵਿ ਰਚਨਾਵਾਂ ਦੇ ਅੰਸ਼ਕ ਵੇਰਵੇ ਸ਼ਾਮਿਲ ਕਰਦਾ ਹੈ, ਜਿਸ ਵਿੱਚ ਪਾਕਿਸਤਾਨ ਦੇ ਕਵੀ ਅਹਿਮਦ ਰਾਹੀ, ਪ੍ਰੋ. ਮੋਹਨ ਸਿੰਘ, ਅੰਮਿ੍ਰਤਾ ਪ੍ਰੀਤਮ, ਪੰਜਾਬੀ ਕਵੀ ਡਾ.ਹਰਿਭਜਨ ਸਿੰਘ, ਸਫੀਆ ਹਯਾਤ, ਉਸਤਾਦ ਦਾਮਨ, ਗੁਰਦਾਸ ਰਾਮ ਆਲਮ ਦੇ ਨਾਮ ਜ਼ਿਕਰਯੋਗ ਹਨ।

ਇਸੇ ਲੜੀ ਦੀ ਮਾਲਾ ਦਾ ਮਣਕਾ ਬਣਦੇ ਹੋਏ ਸ਼ਾਇਰ ਗੁਰਭਜਨ ਗਿੱਲ ਆਜ਼ਾਦੀ ਪ੍ਰਾਪਤੀ ਲਈ ਕੁਰਬਾਨੀ ਦੇਣ ਵਾਲੇ ਸੂਰਮਿਆਂ ਦੇ ਸੁਪਨਿਆਂ ਦੀ ਆਜ਼ਾਦੀ ਲਿਆਉਣ ਲਈ ਅਤੇ ਸੰਤਾਲੀ ਵਰਗਾ ਮੁੜ ਸੰਤਾਪ ਨਾ ਹੰਢਾਉਣਾ ਪਵੇ, ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਇੱਕ ਅਰਦਾਸ ਕਰਦਾ ਹੋਇਆ ਇਸ ਲੜੀ ਵਿੱਚ ਸ਼ਾਮਿਲ ਹੁੰਦਾ ਹੈ।

ਸੁਰਖ਼ ਲਹੂ ਵਿਚ ਘੁਲਿਆ ਪਾਣੀ।

ਚਾਟੀ ਸਣੇ ਉਦਾਸ ਮਧਾਣੀ।

ਕੱਲੀ ਤੰਦ ਨਾ ਉਲਝੀ ਤਾਣੀ।

ਜੀਂਦੇ ਜੀਅ ਅਸੀਂ

ਬੰਦਿਓਂ ਬਣ ਗਏ,

ਰਾਜ ਤਖਤ ਦੇ ਪਾਵੇ।

ਅੱਜ ਅਰਦਾਸ ਕਰੋ

ਸੰਤਾਲੀ ਮੁੜ ਨਾ ਆਵੇ।

ਗੁਰਭਜਨ ਗਿੱਲ ਦੀ ਕਲਮ ਸਰਬੱਤ ਦਾ ਭਲਾ ਲੋਚਦੀ ਹੈ। ਪੁਸਤਕ ਦਾ ਸਿਰਨਾਵਾਂ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ।

ਜ਼ਮੀਨੀ ਹਕੀਕਤ ਨੂੰ ਪੇਸ਼ ਕਰਦੀਆਂ ਇਨ੍ਹਾਂ ਰਚਨਾਵਾਂ ਦੀ ਭਾਸ਼ਾ ਐਨੀ ਸਰਲ ਤੇ ਸਪੱਸ਼ਟ ਹੈ, ਜੋ ਪਾਠਕ ਨੂੰ ਸੁੱਤੇਸਿਧ ਆਪਣੇ ਨਾਲ ਤੋਰਨ ਦੇ ਸਮਰੱਥ ਹੈ। ਕਵੀ ਦੀ ਬਿਰਤਾਂਤਕ ਸ਼ੈਲੀ ਅਤੇ ਰਚਨਾਵਾਂ ਦਾ ਕਾਵਿ ਰਸ ਆਮ ਵਰਤਾਰੇ ਨੂੰ ਬੜੇ ਪ੍ਰਭਾਵਸ਼ਾਲੀ ਰੂਪ ਵਿੱਚ ਪ੍ਰਗਟ ਕਰਦਾ ਹੈ। ਢੁੱਕਵੇਂ ਸ਼ਬਦਾਂ ਵਿੱਚ ਪਰੋਏ ਅਹਿਸਾਸ ਰਚਨਾਵਾਂ ਦੇ ਅਰਥਾਂ ਨੂੰ ਹੋਰ ਵਡੇਰਾ ਕਰਦੇ ਹਨ, ਜਿਸ ਕਰਕੇ ਪੁਸਤਕ ਦਾ ਇੱਕੋ ਵਿਸ਼ਾ ਹੋਣ ਦੇ ਬਾਵਜੂਦ ਕਿਧਰੇ ਵੀ ਅਕਾਉਪੁਣਾ ਮਹਿਸੂਸ ਨਹੀਂ ਹੁੰਦਾ। ਵੇਖਣਾ ਇੱਕ ਰੰਗ

ਮੇਰੇ ਕੋਲ ਤਾਂ ਸਿਰਫ਼ ਮੁਹੱਬਤ ਦੀਆਂ ਮੋਮਬੱਤੀਆਂ ਨੇ

ਜਾਂ ਸ਼ਬਦਾਂ ਦੀ ਜਮ੍ਹਾਂ ਪੂੰਜੀ।

ਮੈਂ ਤੇਰੇ ਸ਼ਹਿਰ

ਓਹੀ ਲੈ ਕੇ ਆਇਆ ਹਾਂ।

ਅਸੀਂ ਮਨਾਂ ’ਤੇ ਰਾਜ ਕਰਨਾ ਹੈ।

ਤਨਾਂ ’ਤੇ ਨਹੀਂ।

ਤਨਾਂ ਵਾਲਿਆਂ ਨੂੰ

ਧਰਤੀ ਚਾਹੀਦੀ ਹੈ।

ਤੇ ਮਨਾਂ ਵਾਲਿਆਂ ਨੂੰ

ਆਜ਼ਾਦ ਸੁਪਨਿਆਂ ਲਈ

ਸਰਬ ਸਾਂਝਾ ਅੰਬਰ।

ਆ ! ਸਾਂਝੇ ਸੁਪਨੇ ਲਈ ਬਗਲਗੀਰ ਹੋਈਏ।

168 ਪੰਨਿਆਂ ਵਾਲੀ ਇਸ ਖ਼ੂਬਸੂਰਤ ਪੁਸਤਕ ਦਾ ਇਹ ਚੌਥਾ ਸੰਸਕਰਨ ਹੈ ਜਿਸ ਵਿੱਚ ਸ਼ਾਇਰ ਨੇ ਇਸੇ ਵਿਸ਼ੇ ’ਤੇ ਰਚੀਆਂ ਕੁਝ ਹੋਰ ਨਵੀਆਂ ਰਚਨਾਵਾਂ ਵੀ ਸ਼ਾਮਿਲ ਕੀਤੀਆਂ ਹਨ। ਜਿਸ ਨੂੰ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਅਤੇ ਰਵੀ ਸਾਹਿਤ ਪ੍ਰਕਾਸ਼ਨ ਅੰਮਿ੍ਰਤਸਰ ਵੱਲੋਂ ਛਾਪਿਆ ਗਿਆ ਹੈ। ਪੁਸਤਕ ਦਾ ਬਾਜ਼ਾਰੂ ਮੁੱਲ 300 -/-ਰੁਪਏ ਰੱਖਿਆ ਗਿਆ ਹੈ। ਲਹਿੰਦੇ ਪੰਜਾਬ ਵਿਚ ਇਹ ਪੁਸਤਕ ਪਹਿਲਾਂ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਹੋ ਚੁੱਕੀ ਹੈ।

ਗੁਰਭਜਨ ਗਿੱਲ ਦੀਆਂ ਕਵਿਤਾਵਾਂ ਇਤਿਹਾਸਕ ਸੱਚ ਪੇਸ਼ ਕਰਦੀਆਂ ਸਦੀਵੀ ਹੋਣ ਦੀ ਸਮਰੱਥਾ ਰੱਖਦੀਆਂ ਹਨ। ਕੇਵਲ ਉਮੀਦ ਹੀ ਨਹੀਂ, ਪੂਰਨ ਯਕੀਨ ਕੀਤਾ ਜਾ ਸਕਦਾ ਹੈ ਕਿ ਇਸ ਪੜ੍ਹਨਯੋਗ ਪੁਸਤਕ ਨੂੰ ਆਉਣ ਵਾਲੇ ਸਮੇਂ ਵਿੱਚ ਇਕ ਵਿਸ਼ੇਸ਼ ਕਾਲ ਖੰਡ ਦੇ ਇਤਿਹਾਸਕ ਦਸਤਾਵੇਜ਼ ਵਜੋਂ ਜਾਣਿਆ ਜਾਵੇਗਾ।

- ਕੁਲਦੀਪ ਸਿੰਘ ਬੰਗੀ

Posted By: Harjinder Sodhi