ਮੇਰਾ ਟੀਵੀ ਨਾਲ ਸਬੰਧ ਪਿਛਲੇ 4 ਦਹਾਕਿਆਂ ਤੋਂ ਹੈ। ਜੇ ਮੇਰੀ ਯਾਦਾਸ਼ਾਤ ਸਹੀ ਹੋਵੇ ਤਾਂ ਸਭ ਤੋਂ ਪਹਿਲਾਂ ਸ਼ਾਇਦ 1980-81 ਵਿਚ ਮੇਰੇ ਵਿਦਿਆਰਥੀ ਜੀਵਨ ਦੇ ਸਮਕਾਲੀ ਅਤੇ ਸ਼ਾਇਰ ਦੋਸਤ ਜਸਵੰਤ ਦੀਦ, ਜਦੋਂ ਉਹ ਸਹਾਇਕ ਪ੍ਰੋਡਿਊਸਰ ਸੀ, ਨੇ ਮੈਨੂੰ ‘ਜਵਾ ਤਰੰਗ’ ਪ੍ਰੋਗਰਾਮ ਵਿਚ ਕਵਿਤਾ ਪੜ੍ਹਨ ਲਈ ਬੁਲਾਇਆ ਸੀ। ਮੈਂ ਉਹ ਪ੍ਰੋਗਰਾਮ ਕਰ ਤਾਂ ਆਇਆ ਪਰੰਤੂ ਮੇਰੇ ਮਨ ਵਿਚ ਇਸ ਗਿਲਟ ਦਾ ਅਹਿਸਾਸ ਬਣਿਆ ਰਿਹਾ ਕਿ ਮੈਂ 24-25 ਸਾਲ ਦਾ ਬੰਦਾ, ਉਹ ਵੀ ਯੂਨੀਵਰਸਿਟੀ ਵਿਚ ਲੈਕਚਰਾਰ ਲੱਗਿਆ ਹੋਇਆ, ਇੱਥੇ ਨਾਜਾਇਜ਼ ਆਇਆਂ ਕਿਉਕਿ ਇਹ ਤਾਂ ਯੁਵਾਵਾਂ ਦਾ ਪ੍ਰੋਗਰਾਮ ਹੈ। ਅਸਲ ਵਿਚ ਨਿੱਕੀ ਉਮਰ ਤੋਂ ਹੀ ਸਿਆਣਪ ਦਾ ਭਾਰ ਢੋਣ ਅਤੇ 22 ਸਾਲ ਦੀ ਉਮਰ ਵਿਚ ਹੀ ਲੈਕਚਰਾਰ ਲੱਗਣ ਕਰਕੇ ਮੇਰੇ ਉਤੇ ਉਦੋਂ ਹੀ ਬਜ਼ੁਰਗੀ ਭਾਰੂ ਸੀ।

ਦੂਜਾ ਮੌਕਾ ਉਦੋਂ ਆਇਆ ਜਦੋਂ 1987 ਵਿਚ ਮਿੱਤਰ ਆਤਮਜੀਤ ਨਾਲ ਰਲ ਕੇ ਨਾਟਕ ਤੇ ਰੰਗਮੰਚ ਦੀ ਪਹਿਲੀ ਤ੍ਰੈਮਾਸਿਕ ਪੁਸਤਕ ਲੜੀ ‘ਮੰਚਣ’ ਕੱਢਣ ਦੌਰਾਨ ਉਸ ਦੇ ਦੋਸਤ ਵਜੋਂ ਸਫ਼ਰੀ ਸਾਥੀ ਬਣ ਕੇ ਮੈਂ ਦੂਰਦਰਸ਼ਨ ਜਲੰਧਰ ਗਿਆ ਜਿੱਥੇ ਵਿਜਯ ਸ਼ਾਇਰ ਨਾਂ ਦੇ ਪ੍ਰੋਡਿਊਸਰ ਨੇ ਪੰਜਾਬੀ ਨਾਟਕ ਬਾਰੇ ਡਿਸਕਸ਼ਨ ਲਈ ਆਤਮਜੀਤ ਸਮੇਤ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਕੁਝ ਅਹਿਮ ਬੰਦੇ ਬੁਲਾਏ ਹੋਏ ਸਨ। ਅਜਮੇਰ ਸਿੰਘ ਔਲਖ ਦੇ ਨਾ ਆਉਣ ਕਰਕੇ ‘ਸਟਾਪ ਗੈਪ’ ਅਰੇਂਜਮੈਂਟ ਵਜੋਂ ਮੈਨੂੰ ਉਸ ਵਿਚ ਭਾਗ ਲੈਣ ਦਾ ਮੌਕਾ ਮਿਲਿਆ। ਉਸ ਪ੍ਰੋਗਰਾਮ ਦੌਰਾਨ ਮੈਨੂੰ ਆਤਮਜੀਤ ਰਾਹੀਂ ਦਿ੍ਰਸ਼ ਦੀ ਭਾਸ਼ਾ ਅਤੇ ਦਿ੍ਰਸ਼ ਵਿਚ ਵੱਡਾ ਤੇ ਵੱਖਰਾ ਦਿਸਣ ਦੀ ਕਲਾ ਵੀ ਸਮਝ ਆਈ। ਪੰਜ ਕੁਰਸੀਆਂ ਵਿੱਚੋਂ ਆਤਮਜੀਤ ਨੇ ਐਂਕਰ ਵਜੋਂ ਵਿਚਕਾਰਲੀ ਕੁਰਸੀ ਚੁਣੀ।

ਸਰਦੀ ਦਾ ਮੌਸਮ ਹੋਣ ਕਰਕੇ ਆਤਮਜੀਤ ਸਮੇਤ ਸਭ ਨੇ ਕੋਟ ਪੈਂਟ ਪਾਏ ਹੋਏ ਸਨ ਪਰ ਆਤਮਜੀਤ ਨੇ ਟਾਈ ਦੀ ਥਾਂ ਬੰਦ ਗਲੇ ਦੀ ਫਿਰੋਜ਼ੀ ਰੰਗ ਦੀ ਜਰਸੀ ਪਾਈ ਹੋਈ ਸੀ। ਜਦੋਂ ਅਸੀਂ ਬਹਿਣ ਲੱਗੇ ਤੇ ਆਤਮਜੀਤ ਨੇ ਆਸੇ ਪਾਸੇ ਚਾਰਾਂ ਵੱਲ ਵੇਖਿਆ ਤਾਂ ਆਪਣਾ ਕੋਟ ਲਾਹ ਕੇ ਆਪਣੀ ਕੁਰਸੀ ਦੀ ਪਿੱਠ ’ਤੇ ਟੰਗ ਲਿਆ। ਇਉ ਕੁਰਸੀ ’ਤੇ ਟੰਗਿਆ ਕੋਟ ‘ਵੱਡੇ’ ਹੋਣ ਦੀ ਨਿਸ਼ਾਨੀ ਵੀ ਬਣ ਗਿਆ ਅਤੇ ਸੱਜੇ ਖੱਬੇ ਪਾਸੇ ਬੈਠੇ 2-2 ਕੋਟ ਵਾਲੇ ਬੰਦਿਆਂ ਵਿਚਕਾਰ ਜਰਸੀ ਵਾਲਾ ਬੰਦਾ ‘ਵੱਖਰਾ’ ਵੀ ਹੋ ਗਿਆ।

ਮੁੜ ਟੀਵੀ ’ਤੇ ਮੇਰਾ ਉਹ ਦੌਰ ਉਦੋਂ ਆਇਆ ਜਦੋਂ 1990 ਵਿਚ ਮੈਂ ਦੂਰਦਰਸ਼ਨ ਦੇ ਪ੍ਰਸਿੱਧ ਸੀਰੀਅਲ ‘ਸ਼ਾਮਲਾਟ’ ਵਿਚ ਆਪਣੀ ਪਤਨੀ ਪੰਮੀ ਵਰਮਾ ਉਰਫ਼ ਪਰਮਜੀਤ ਵਰਮਾ ਸਮੇਤ ਭੂਮਿਕਾ ਨਿਭਾਈ ਜਿਸ ਦਾ ਕਾਰਜਕਾਰੀ ਨਿਰਮਾਤਾ ਮੇਰਾ ਦੋਸਤ ਸੋਹਣ ਧਾਲੀਵਾਲ, ਨਿਰਦੇਸ਼ਕ ਸੁਰਿੰਦਰ ਸ਼ਰਮਾ ਤੇ ਸਿਪਟ ਲੇਖਕ ਤਰਲੋਚਨ ਸੀ।ਇਸ ਸੀਰੀਅਲ ਵਿਚ ਬਚਪਨ ਤੋਂ ਗਲ ਵਿਚ ਪਏ ‘ਸਿਆਣਪੀ ਢੋਲ’ ਕਾਰਨ ਮੇਰਾ ਰੁਤਬਾ ‘ਸਲਾਹਕਾਰ’ ਦਾ ਸੀ। ਭਾਵੇਂ ਇਸ ਤੋਂ ਪਹਿਲਾਂ 1981-82 ਦੇ ਨੇੜੇ ਤੇੜੇ ਮੇਰਾ ਟੀਵੀ ਸੀਰੀਅਲ ਦਾ ਪਲੇਠਾ ਤਜਰਬਾ ਹੋ ਚੁੱਕਾ ਸੀ ਪਰੰਤੂ ਇਹ ਟੀਵੀ ਸੀਰੀਅਲ ਦਾ ਤਕਨੀਕੀ ਅਨੁਭਵ ਨਹੀਂ ਸੀ। ਅਸਲ ਵਿਚ ਟੀਵੀ ਦੇ ਪ੍ਰਸਿੱਧ ਨਿਰਦੇਸ਼ਕ ਅਤੇ ਮੇਰੇ ਪਿਆਰ ਤੇ ਸਤਿਕਾਰ ਦੇ ਹਰਜੀਤ ਨੇ ਗੁਰਦਿਆਲ ਸਿੰਘ ਦੇ ਨਾਵਲ ‘ਅੱਧ ਚਾਨਣੀ ਰਾਤ’ ਉਤੇ ਟੀਵੀ ਸੀਰੀਅਲ ਤਿਆਰ ਕਰਨਾ ਮਿੱਥ ਲਿਆ ਸੀ। ਡਾ. ਸ.ਪ. ਸਿੰਘ, ਜੋ ਉਦੋਂ ਨਵੇਂ ਨਵੇਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਲੈਕਚਰਾਰ ਲੱਗੇ ਤੇ ਮੇਰੇ ਕੁਲੀਗ ਬਣੇ ਸਨ, ਦੇ ਨਾਲ ਉਹ ਪਟਿਆਲਾ ਦੇ ਰੰਗਮੰਚ ਕਲਾਕਾਰਾਂ ਦਾ ਆਡੀਸ਼ਨ ਲੈਣ ਆਇਆ ਜਿਸ ਦਾ ਆਯੋਜਨ ਮੈਂ ਕੀਤਾ। ਉਸ ਨੇ ਹੋਰ ਕਲਾਕਾਰਾਂ ਸਮੇਤ ਮੈਨੂੰ, ਮੇਰੇ ਵੱਡੇ ਭਰਾ ਸੁਦੇਸ਼ ਵਰਮਾ ਅਤੇ ਮੇਰੀ ਵਿਦਿਆਰਥਣ ਰਮਣੀਕ ਬਾਵਾ ਨੂੰ ਸੀਰੀਅਲ ਲਈ ਚੁਣ ਲਿਆ। ਦੂਰਦਰਸ਼ਨ ਵੱਲੋਂ ਪਹਿਲੀ ਵਾਰ ਓਬੀ ਵੈਨ ਰਾਹੀਂ ਜਗਰਾਉ ਲਾਗਲੇ ਪਿੰਡ ਭੂੰਦੜੀ ਵਿਚ ਸ਼ੂਟਿੰਗ ਕਰਦਿਆਂ ਅੱਠ-ਦਸ ਦਿਨ ਅਸੀਂ ਇਕੱਠਿਆਂ ਬਿਤਾਏ। ਲੇਕਿਨ ਦੂਰਦਰਸ਼ਨ ਵਲੋਂ ਪਹਿਲੀ ਵਾਰ ‘ਆਊਟਡੋਰ ਸ਼ੂਟਿੰਗ’ ਦੇ ਰੁਝੇਵਿਆਂ ਤੇ ਝਮੇਲਿਆਂ ਦੌਰਾਨ ਹਰਜੀਤ ਤੋਂ ਇਹ ਫ਼ੈਸਲਾ ਨਾ ਹੋ ਸਕਿਆ ਕਿ ਉਸ ਨੇ ਮੈਥੋਂ ਕਿਹੜਾ ਰੋਲ ਕਰਵਾਉਣਾ ਸੀ।

ਸਹੁੰ ਭੰਨਣ ਲਈ ਮੈਂ ਆਪਣੀ ਥਾਂ ਆਪਣੇ ਵੱਡੇ ਭਰਾ ਦਾ ਇਕ ਸੀਨ ਦਾ ਰੋਲ ਕਰਵਾ ਕੇ ਸੁਰਖ਼ਰੂ ਹੋਇਆ ਤੇ ਖ਼ੁਦ ਬਿਨਾਂ ਰੋਲ ਕੀਤਿਆਂ ਆਪਣੇ ਦਸ ਦਿਨ ਗੁਆ ਕੇ ਵਾਪਿਸ ਪਰਤ ਆਇਆ। ਜਿੱਥੇ ਇਕ ‘ਅਦਾਕਾਰ’ ਦੇ ਤੌਰ ’ਤੇ ਮੇਰੇ ਇਹ ਦਸ ਦਿਨ ਵੇਸਟ ਹੋਏ ਸਨ ਉੱਥੇ ਇਕ ‘ਲੇਖਕ’ ਵਜੋਂ ਇਹ ਦਸ ਦਿਨ ਮੇਰੀ ਨਿੱਜੀ ਡਾਇਰੀ ਦੇ ਪੰਨਿਆਂ ਲਈ ਵਰਦਾਨ ਸਾਬਿਤ ਹੋਏ ਜਿਹੜੇ ਮੇਰੀ ਸ੍ਵੈਜੀਵਨੀ ਲਈ ਵਡਮੁੱਲਾ ਮਸਾਲਾ ਵੀ ਹਨ ਅਤੇ ਜਾਨ ਰੀਡ ਦੀ ਪ੍ਰਸਿੱਧ ਪੁਸਤਕ ‘ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿੱਤੀ’ ਦੇ ਸਿਰਲੇਖ ਦੀ ਤਰਜ਼ ਤੇ ‘ਦਸ ਦਿਨ ਜਿਨ੍ਹਾਂ ਟੀਵੀ ਸਿਖਲਾਈ ਦਿੱਤੀ’ ਦੇ ਰੂਪ ਵਿਚ ਮੇਰੀ ਕਿਤਾਬ ਵਜੋਂ ਵੀ ਮਹੱਤਵਪੂਰਨ ਹਨ। ਅਸਲ ਵਿਚ ਆਪਣੇ ਅਧਿਐਨ, ਅਧਿਆਪਨ, ਲਿਖਣ ਲਿਖਾਉਣ ਅਤੇ ਥੀਏਟਰੀ ਰੁਝੇਵਿਆਂ ਕਾਰਨ ਇਹ ਦਸ ਦਿਨਾਂ ਦਾ ਸਮਾਂ ਵੀ ਮੈਂ ਇਸ ਲਈ ਕੱਢਿਆ ਸੀ ਕਿ ਮੇਰੀ ਵਿਦਿਆਰਥਣ ਰਮਣੀਕ ਬਾਵਾ ਜਿਹੜੀ ਉਸ ਸੀਰੀਅਲ ਵਿਚ ਕੇਂਦਰੀ ਭੂਮਿਕਾ ਨਿਭਾਉਣ ਲਈ ਚੁਣੀ ਗਈ ਸੀ, ਦੇ ਘਰਦਿਆਂ ਵਲੋਂ ਮਿਲੀ ਪ੍ਰਵਾਨਗੀ ਦੇ ਆਦੇਸ਼ ਅਨੁਸਾਰ ਉਸ ਉਪਰੀ ਥਾਂ ’ਤੇ ਮੈਨੂੰ ਤੇ ਮੇਰੇ ਵੱਡੇ ਵੀਰ ਨੂੰ ਆਪਣੇ ਥੀਏਟਰ ਗਰੱੁਪ ਦੀ ਇਸ ਕਲਾਕਾਰ ਦੇ ਸੁਰੱਖਿਆ ਕਵਚ ਦੀ ਭੂਮਿਕਾ ਵੀ ਨਿਭਾਉਣੀ ਪੈਣੀ ਸੀ। ਜਿੱਥੋਂ ਤਕ ਲੇਖਕ ਵਜੋਂ ਇਨ੍ਹਾਂ ਦਿਨਾਂ ਦੇ ਮੁੱਲਵਾਨ ਹੋਣ ਦਾ ਸਵਾਲ ਹੈ ਤਾਂ ਪਿੰਡ ਭੂੰਦੜੀ ਦੇ ਜਿਸ ਕੱਚੇ ਘਰ ਵਿਚ ਅਸੀਂ ਰਹਿ ਰਹੇ ਸਾਂ, ਉਸ ਵਿਚ ਸਾਡੇ ਨਾਲ ਰਹਿਣ ਵਾਲੇ ਸਾਥੀ ਦੂਰਦਰਸ਼ਨ ਜਲੰਧਰ ਦੇ ਗਰਾਫ਼ਿਕ ਡਿਜ਼ਾਈਨਰ ਚੰਨੀ ਤਕੁਲੀਆ, ਜੋ ਪੰਜਾਬ ਦੇ ਧੁਰੰਤਰ ਭੰਗੜਚੀ ਵੀ ਹਨ, ਉਨ੍ਹਾਂ ਦੀ ਪਤਨੀ ਅਤੇ ਛੋਟਾ ਜਿਹਾ ਬੇਟਾ ਵੀ ਸਨ। ਅਜਿਹੇ ਮਾਹੌਲ ਵਾਲੇ ਪਿੰਡ ਦੇ ਇਕ ਕੱਚੇ ਘਰ ਵਿਚ ਅਸੀਂ ਇਹ ਦਸ ਦਿਨ ਤੀਆਂ ਵਾਂਗ ਲੰਘਾਏ।

ਇਨ੍ਹਾਂ ਦੋ ਟੀਵੀ ਸੀਰੀਅਲਾਂ ਕ੍ਰਮਵਾਰ ‘ਅੱਧ ਚਾਨਣੀ ਰਾਤ’ ਅਤੇ ‘ਸ਼ਾਮਲਾਟ’ ਦੇ ਵਿਕੋਲਿਤਰੇ ਤਜਰਬਿਆਂ ਨੇ ਮੇਰੇ ਲਈ ਟੀਵੀ ਲੇਖਣ ਵਿਸ਼ੇਸ਼ ਟੀਵੀ ਨਾਟ-ਲੇਖਣ ਲਈ ਮੁਢਲੀ ਵਰਕਸ਼ਾਪ ਵਾਲੀ ਭੂਮਿਕਾ ਨਿਭਾਈ। ਮੁੜ ਅਗਲਾ ਦੌਰ 1990 ਤੋਂ ਪੰਜ ਵਰ੍ਹੇ ਬਾਅਦ 1995 ਤੋਂ ਆਰੰਭ ਹੁੰਦਾ ਹੈ ਜਦੋਂ ਮੇਰਾ ਟੀਵੀ ਦੇ ਖੇਤਰ ਵਿਚ ਐਂਕਰ, ਵਿਸ਼ੇਸ਼ਗ, ਟਿੱਪਣੀਕਾਰ, ਨਿਰਣਾਇਕ ਆਦਿ ਦੇ ਰੂਪ ਵਿਚ ਤਜਰਬਾ ਵੀ ਹੋ ਗਿਆ ਸੀ ਅਤੇ ਮੇਰਾ ਥੋੜ੍ਹਾ ਬਹੁਤ ਨਾਂ ਵੀ ਹੋ ਗਿਆ ਸੀ। ਮੇਰੇ ਦੋਸਤ ਗੁਰਦਾਸ ਮਾਨ ਦੀ ਸਿਫ਼ਾਰਿਸ਼ ਨਾਲ ਉਸ ਦੇ ਕੁਝ ਮਿੱਤਰ ਮੈਥੋਂ ਟੀਵੀ ਸੀਰੀਅਲ ਲਿਖਵਾਉਣ ਲਈ ਆਏ। ਉਨ੍ਹਾਂ ਲਈ ਪਰਦੇਸਾਂ ਵਿਚ ਵਸਦੇ ਪੰਜਾਬੀਆਂ ਬਾਰੇ 13 ਕਿਸ਼ਤਾਂ ਲਿਖਣ ਦਾ ਮੁਆਇਦਾ ਹੋਇਆ। ਸਿੱਟੇ ਵਜੋਂ ਮੈਂ ‘ਮਿ੍ਰਗਤਿ੍ਰਸ਼ਨਾ’ ਸਿਰਲੇਖ ਹੇਠ ਦੋ ਕਿਸ਼ਤਾਂ ਕ੍ਰਮਵਾਰ ‘ਪਰਤ ਆਉਣ ਤਕ’ ਅਤੇ ‘ਮਮਤਾ’ ਲਿਖ ਦਿੱਤੀਆਂ। ਮੁੜ ਸ਼ਾਇਦ ਉਨ੍ਹਾਂ ਦਾ ਪ੍ਰਾਜੈਕਟ ਪਾਸ ਨਹੀਂ ਹੋਇਆ ਜਾਂ ਕੋਈ ਹੋਰ ਕਾਰਨ ਹੋਵੇਗਾ, ਬਾਕੀ ਗਿਆਰਾਂ ਕਿਸ਼ਤਾਂ ਅਣਲਿਖੀਆਂ ਹੀ ਰਹਿ ਗਈਆਂ।

ਇਸ ਪ੍ਰਕਾਰ 1995 ਤੋਂ ਬਾਅਦ ਮੇਰਾ ‘ਆਨ ਸਕਰੀਨ’ ਦੇ ਨਾਲ-ਨਾਲ ‘ਆਫ਼ ਸਕਰੀਨ’ ਕਾਰਜ ਵਧ ਗਿਆ। ਉਦੋਂ ਤੋਂ ਹੀ ਮੈਂ ਟੀਵੀ ਲੇਖਣ ਦਾ ਕੰਮ ਵਧੇਰੇ ਕੀਤਾ ਹੈ ਜਿਸ ਵਿਚ ਟੀਵੀ ਨਾਟਕ, ਡੌਕੂ ਡਰਾਮੇ, ਡਾਕੂਮੈਂਟਰੀਆਂ, ਕਮੈਂਟਰੀਆਂ ਆਦਿ ਪਤਾ ਨਹੀਂ ਕੀ ਕੁਝ ਸ਼ਾਮਿਲ ਹੈ। ਉਸੇ ਸਮੇਂ ਸੁਨੱਖੇ ਚਿਹਰੇ ਅਤੇ ਮਖਮਲੀ ਆਵਾਜ਼ ਦੇ ਮਾਲਕ ਮੇਰੇ ਦੋਸਤ ਬਲਜੀਤ ਸਿੰਘ ਨੇ ਮੈਨੂੰ ਟੀਵੀ ਪ੍ਰੋਗਰਾਮਾਂ ਨਾਲ ਪੱਕਾ ਹੀ ਜੋੜ ਲਿਆ ਕਿਉਕਿ ਉਦੋਂ ਦੇ ਤਤਕਾਲੀ ਸਟੇਸ਼ਨ ਡਾਇਰੈਕਟਰ ਦੇ ਫ਼ੈਸਲੇ ਕਾਰਨ ਟੀਵੀ ਨਿਰਮਾਤਾਵਾਂ ਨੂੰ ‘ਆਨ ਸਕਰੀਨ’ ਹੋਣ ਦੀ ਮਨਾਹੀ ਇਸ ਆਧਾਰ ’ਤੇ ਹੋ ਗਈ ਸੀ ਕਿ ਉਹ ਸਰਕਾਰੀ ਨੌਕਰੀ ਰਾਹੀਂ ਨਿੱਜੀ ਸ਼ੁਹਰਤ ਖੱਟ ਰਹੇ ਹਨ। ਲਿਹਾਜ਼ਾ ਬਲਜੀਤ ਰਾਹੀਂ ਮੈਂ ਖੋਜ, ਆਲੇਖ, ਪੇਸ਼ਕਾਰੀ ਵਾਲੀ ਤਿ੍ਰਕੜੀ ਜਾਬ ਕਰਦਿਆਂ ਟੀਵੀ ਲੇਖਣ ਅਤੇ ਟੀਵੀ ਪੇਸ਼ਕਾਰੀ ਦੇ ਸੁਮੇਲ ਵਜੋਂ ਉਭਰਿਆ। ਇਸ ਪ੍ਰਕਾਰ ਪ੍ਰਾਈਵੇਟ ਚੈਨਲਾਂ ਤੇ ਆਉਣ ਤੋਂ ਪਹਿਲਾਂ ਵਾਲੇ ਦੂਰਦਰਸ਼ਨ ਦੇ ਸੁਨਹਿਰੀ ਦੌਰ ਵਿਚ ਮੁੱਖ ਤੌਰ ’ਤੇ ਬਲਜੀਤ ਸਿੰਘ ਅਤੇ ਕੁਝ ਹੋਰ ਸਾਥੀਆਂ ਲਖਵਿੰਦਰ ਸਿੰਘ ਜੌਹਲ, ਆਗਿਆਪਾਲ ਸਿੰਘ ਰੰਧਾਵਾ, ਬਿਪਨ ਗੋਇਲ ਆਦਿ ਰਾਹੀਂ ਸਮੇਂ-ਸਮੇਂ ‘ਲੋਕ ਰੰਗ’, ‘ਵਗਦੀ ਸੀ ਰਾਵੀ’, ‘ਵਿਰਾਸਤ’, ‘ਸੁਖਨ ਸਾਜ਼’, ‘ਤੀਰ ਨਿਸ਼ਾਨੇ’ ਤੇ ‘ਸਾਹਿਤ ਦੇ ਅੰਗ ਸੰਗ’ ਜਿਹੇ ਪ੍ਰੋਗਰਾਮਾਂ ਨਾਲ ਇਕ ਪਾਸੇ ਮੈਂ ਟੀਵੀ ਦਾ ਜਾਣਿਆ ਪਛਾਣਿਆ ‘ਚਿਹਰਾ’ ਬਣ ਗਿਆ ਅਤੇ ਦੂਜੇ ਪਾਸੇ ਆਪਣੀ ਲੇਖਣ-ਯੋਗਤਾ ਕਰਕੇ ਟੀਵੀ ਲੇਖਣ ਦੇ ਖੇਤਰ ਵਿਚ ਵੀ ‘ਪਛਾਣਨਯੋਗ’ ਹੋ ਗਿਆ।

ਆਪਣੀ ਪੰਜਾਬੀ ਯੂਨੀਵਰਸਿਟੀ ਦੀ ਨੌਕਰੀ ਵਿਚ ਸਮਾਂ ਬੀਤਣ ਨਾਲ ਕ੍ਰਮਵਾਰ ਮੁਖੀ, ਪੰਜਾਬੀ ਵਿਭਾਗ, ਵਿਦੇਸ਼ੀ ਭਾਸ਼ਾਵਾਂ ਵਿਭਾਗ, ਸੰਸਿਤ ਵਿਭਾਗ, ਡਾਇਰੈਕਟਰ ਯੁਵਕ ਭਲਾਈ ਵਿਭਾਗ, ਡੀਨ ਭਾਸ਼ਾ ਫ਼ੈਕਲਟੀ ਜਿਹੇ ਅਹੁਦਿਆਂ ’ਤੇ ਰਹਿੰਦਿਆਂ ‘ਜਿਉ ਜਿਉ ਭਿਜੇ ਕੰਬਲੀ ਤਿਉ ਤਿਉ ਭਾਰੀ ਹੋਏ’ ਦੇ ਲੋਕ ਵਾਕ ਅਨੁਸਾਰ ਮੇਰਾ ‘ਆਨ ਸਕਰੀਨ’ ਕੰਮ ਹੌਲੀ-ਹੌਲੀ ਘਟਦਾ ਗਿਆ ਅਤੇ ‘ਆਫ਼ ਸਕਰੀਨ’ ਕੰਮ ਭਾਵ ‘ਟੀਵੀ-ਲੇਖਣ’ ਵਧਦਾ ਗਿਆ।

ਦੂਜੇ ਇਸੇ ਸਮੇਂ ਪ੍ਰਾਈਵੇਟ ਚੈਨਲਾਂ ਦੀ ਆਮਦ ਕਾਰਨ ਉਨ੍ਹਾਂ ਚੈਨਲਾਂ ਦਾ ਮੁਕਾਬਲਾ ਕਰਨ ਲਈ ਦੂਰਦਰਸ਼ਨ ਨੂੰ ਵੀ ਸਕਰੀਨ ਉੱਤੇ ਬੀਬਿਆਂ ਦੀ ਥਾਂ ਬੀਬੀਆਂ ਨੂੰ ਪ੍ਰਾਥਮਿਕਤਾ ਦੇਣੀ ਪਈ। ਇਸ ਦਾ ਪਹਿਲਾ ਪ੍ਰਮਾਣ ਗਾਇਕਾਂ ਦੇ ਜੀਵਨ ’ਤੇ ਬਣਨ ਵਾਲੇ ਸਰਬਜੀਤ ਵੋਹਰਾ ਦੇ ਲੜੀਵਾਰ ਪ੍ਰੋਗਰਾਮ ‘ਸਨਮੁਖ’ ਦੀ ਸਿਪਟ ਲਿਖਣਾ ਸੀ। ਪਹਿਲੀ ਵਾਰ ਮੇਰੀ ਲਿਖੀ ਸਿਪਟ ਨੂੰ ਸਕਰੀਨ ਉਤੇ ਮੇਰੀ ਥਾਂ ਕਿਸੇ ਹੋਰ ਭਾਵ ਇਕ ਬੀਬੀ ਨੇ ਪੇਸ਼ ਕਰਨਾ ਸੀ।

ਇਸ ਪ੍ਰੋਗਰਾਮ ਦੇ ਹੰਸ ਰਾਜ ਹੰਸ ਵਾਲੇ ਪਹਿਲੇ ਐਪੀਸੋਡ ਨੂੰ ਹੀ ਦੂਰਦਰਸ਼ਨ ਦਾ ਨੈਸ਼ਨਲ ਐਵਾਰਡ ਮਿਲਿਆ। ਇਸੇ ਕੜੀ ਵਿਚ ਬਲਦੇਵ ਸਲੋਤਰਾ ਵਲੋਂ ਮੇਰੇ ਨਾਟਕ ‘ਦਾਇਰੇ’ ਦੇ ਹਿੰਦੀ ਭਾਸ਼ਾ ਵਿਚ ਬਣਾਏ ਗਏ ਟੀਵੀ ਰੂਪਾਂਤਰ ਨੂੰ ਵੀ ਦੂਰਦਰਸ਼ਨ ਦਾ ਨੈਸ਼ਨਲ ਐਵਾਰਡ ਮਿਲਿਆ। ਲੇਕਿਨ ‘ਆਨ ਸਕਰੀਨ’ ਦੀ ਥਾਂ ਟੀਵੀ ਲੇਖਣ ਵਾਲੀ ‘ਆਫ਼ ਸਕਰੀਨ’ ਸਥਿਤੀ ਮੈਨੂੰ ਘਿਉ ਵਾਂਗ ਲੱਗੀ ਕਿਉਕਿ ਨੌਕਰੀ ਅਤੇ ਪਰਿਵਾਰਿਕ ਰੁਝੇਵਿਆਂ ਕਰਕੇ ਪਟਿਆਲੇ ਤੋਂ ਜਲੰਧਰ ਜਾ ਕੇ ਪ੍ਰੋਗਰਾਮ ਕਰਨ ਦੀ ਮਜਬੂਰੀ ਤੇ ਖੇਚਲ ਘੱਟ ਗਈ ਅਤੇ ਘਰ ਬਹਿ ਕੇ ਸਿਪਟਾਂ ਲਿਖਣ ਦੀ ਰਫ਼ਤਾਰ ਵਧ ਗਈ। ਹੌਲੀ ਹੌਲੀ ਪ੍ਰਾਈਵੇਟ ਸੈਕਟਰ ਨੂੰ ਵੀ ਮੇਰੀ ਸੂਹ ਲੱਗ ਗਈ ਅਤੇ ਦੂਰਦਰਸ਼ਨ ਦੇ ਨਾਲ-ਨਾਲ ਮੈਂ ਉਨ੍ਹਾਂ ਲਈ ਏਨਾ ਟੀਵੀ-ਲੇਖਣ ਕੀਤਾ ਜਿਸ ਦਾ ਕੋਈ ਹਿਸਾਬ ਹੀ ਨਹੀਂ।

ਇਸੇ ਪ੍ਰਸੰਗ ਵਿਚ ਇਹ ਦੱਸਣਾ ਵੀ ਬਣਦਾ ਹੈ ਕਿ 4 ਸਤੰਬਰ 2020 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਰਿਟਾਇਰ ਹੋਣ ਅਤੇ 18 ਨਵੰਬਰ, 2020 ਨੂੰ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਿਚ ਪ੍ਰੋਫ਼ੈਸਰ ਅਮੈਰੀਟਸ ਲੱਗਣ ਉਪਰੰਤ ਹੁਣ ਜਦੋਂ ਮੈਂ ਆਪਣੇ ਵੱਡੇ ਬੇਟੇ ਪਰੂ (ਪਰਮੀਸ਼ ਵਰਮਾ) ਦੀ ਫਿਲਮ ‘ਮੈਂ ਤੇ ਬਾਪੂ’ ਨਾਲ ਦੁਬਾਰਾ ‘ਆਨ ਸਕਰੀਨ’ ਹੋਣ ਦੀ ਸਥਿਤੀ ਵਿਚ ਆਇਆ ਤਾਂ ਮੈਨੂੰ ਲੱਗਿਆ ਕਿ ਹੁਣ ਟੀਵੀ ਲਈ ‘ਆਫ ਸਕਰੀਨ’ ਵਾਲਾ ਕੰਮ ਬੰਦ ਕਰਨਾ ਚਾਹੀਦਾ ਹੈ। ਅਸਲ ਵਿਚ ਟੀਵੀ ਲੇਖਣ ਵਾਲੇ ਸਮੇਂ ਦੌਰਾਨ ਹੀ 2011-12 ਵਿਚ ਮੈਂ ਦੋ ਫੀਚਰ ਫਿਲਮਾਂ ਕ੍ਰਮਵਾਰ ‘ਪੰਜਾਬ ਬੋਲਦਾ’ ਅਤੇ ‘ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ’ ਦਾ ਵੀ ਲੇਖਣ-ਅਨੁਭਵ ਕਰ ਚੁੱਕਾ ਸਾਂ। ਇੱਕ ਲੇਖਕ ਵਜੋਂ ਇਨ੍ਹਾਂ ਦੋਹਾਂ ਦੇ ਤਜਰਬੇ ਬੜੇ ਮਾੜੇ ਰਹੇ ਸਨ। ਪਹਿਲੀ ਫਿਲਮ ਦੇ ਪੈਸੇ ਨਹੀਂ ਸਨ ਮਿਲੇ ਅਤੇ ਦੂਜੀ ਫਿਲਮ ਦੇ ਜੋਸ਼ੀਲੇ ਨਿਰਮਾਤਾ ਨੇ ਸਟੋਰੀ, ਸਕਰੀਨ ਪਲੇਅ ਤੇ ਡਾਇਲਾਗ ਵਾਲੇ ਤਿੰਨੇ ਕਰੈਡਿਟਸ ਮੇਰੀ ਥਾਂ ਆਪਣੇ ਨਾਂ ’ਤੇ ਕਰ ਲਏ ਸਨ। ਇਸ ਸਥਿਤੀ ਵਿਚ ਮੇਰਾ ਫਿਲਮਾਂ ਲਿਖਣ ਤੋਂ ਮੋਹ ਭੰਗ ਹੋ ਗਿਆ। ਹੁਣ ਉਮਰ ਦੇ ਤੀਜੇ ਪਹਿਰ ਵਿਚ ਪ੍ਰਵੇਸ਼ ਕਰਦਿਆਂ ਨਾ ਪੈਸੇ ਕਮਾਉਣ ਦਾ ਫ਼ਿਕਰ ਹੈ ਅਤੇ ਨਾ ਹੀ ਨਾਮ ਕਮਾਉਣ ਦੀ ਲਾਲਸਾ ਹੈ। ਦੂਜਾ ਦਿਨੋ ਦਿਨ ਵਾਧੇ ਪਈ ਉਮਰ ਕਾਰਨ ਭਵਿੱਖ ਵਿਚ ਭੱਜ ਦੌੜ ਦੀ ਸੰਭਾਵਨਾ ਵੀ ਘਟਣੀ ਹੈ। ਤੀਜਾ ਹੁਣ ਨਵੀਂ ਪੀੜ੍ਹੀ ਵਿੱਚੋਂ ਬਹੁਤ ਪ੍ਰਤਿਭਾਵਾਨ ਲੇਖਕ ਆ ਗਏ ਹਨ। ਲਿਹਾਜ਼ਾ ਮੈਨੂੰ ਭਰਿਆ ਮੇਲਾ ਹੀ ਛੱਡਣਾ ਚਾਹੀਦਾ ਹੈ।

ਆਪਣੀ ਜ਼ਿੰਦਗੀ ਦੇ ਇਸ ਨਵੇਂ ਦੌਰ ਵਿਚ ਜਦੋਂ ਮੈਂ ਆਪਣੇ ਖੋਜ ਪ੍ਰਾਜੈਕਟਾਂ, ਨਾਟਕਾਂ, ਵਾਰਤਕ, ਅਨੁਵਾਦ, ਕਵਿਤਾ ਆਦਿ ਵਿਧਾਵਾਂ ਵਿਚਲੀਆਂ ਰਚਨਾਵਾਂ ਨੂੰ ‘ਕਿਤਾਬਾਂ’ ਵਿਚ ਬੰਨ੍ਹਣ ਦੀ ਰਫ਼ਤਾਰ ਵਧਾਈ ਹੈ ਤਾਂ ਮੇਰੇ ਵਲੋਂ ਟੀਵੀ-ਲੇਖਣ ਨੂੰ ਸਾਂਭਣ ਵੱਲ ਧਿਆਨ ਦੇਣਾ ਵੀ ਬਣਦਾ ਸੀ। ਇਸ ਫ਼ੈਸਲੇ ਵਿਚ ਮੇਰੇ ਪੁਰਾਣੇ ਸਹਾਇਕ ਅਤੇ ਹੁਣਵੇਂ ਪੀਐੱਚ.ਡੀ. ਖੋਜਾਰਥੀ ਵੀਰਦਵਿੰਦਰ ਨੂੰ ਲੱਭੀ ਇਕ ਪੁਰਾਣੀ ਪੈਨ ਡਰਾਈਵ ਦੀ ਨਿਰਣਾਇਕ ਭੂਮਿਕਾ ਹੈ ਅਤੇ ਮੇਰੇ ਨਵੇਂ ਸਹਾਇਕ ਪਰਮਿੰਦਰ ਦੇ ਸਹਿਯੋਗ ਨਾਲ ਮੇਰੇ ਘਰ ਸੈਂਕੜਿਆਂ ਦੀ ਤਾਦਾਦ ਵਿਚ ਲੱਗੇ ਫਾਈਲਾਂ ਦੇ ਢੇਰ ਵਿੱਚੋਂ ਲੱਭੀ ਇੱਕ ਉਹ ਫਾਈਲ ਵੀ ਹੈ ਜਿਸ ਵਿਚ ਮੈਂ ਸਮੇਂ-ਸਮੇਂ ਟੀਵੀ ਲਈ ਲਿਖੇ ਕਾਗਜ਼ ਪੱਤਰ ਸਾਂਭਦਾ ਰਿਹਾ ਸਾਂ। ਇਉ ਅਚਾਨਕ ਲੱਭੇ ਇਸ ਦੂਹਰੇ ਖ਼ਜ਼ਾਨੇ ਨੂੰ ਖੋਲ੍ਹਦਿਆਂ ਹੀ ਮੈਨੂੰ ‘ਅੱਛਾ ਆਹ ਵੀ ਮੈਂ ਲਿਖਿਆ ਸੀ, ਉਹ ਵੀ ਮੈਂ ਲਿਖਿਆ ਸੀ’ ਦੀਆਂ ਪ੍ਰਤੀਧੁਨੀਆਂ ਸੁਣਾਈ ਦੇਣ ਲੱਗੀਆਂ ਜਿੱਥੋਂ ਇਹ ਲੱਗਿਆ ਕਿ ਇਸ ਖੇਤਰ ਵਿਚ ‘ਨਵਾਂ ਲਿਖਣ’ ਦੀ ਥਾਂ ਹੁਣ ‘ਪੁਰਾਣੇ ਲਿਖੇ ਹੋਏ’ ਨੂੰ ਕਿਤਾਬਾਂ ਵਿਚ ਸਾਂਭਣ ਦਾ ਮਾਕੂਲ ਮੌਕਾ ਹੈ। ਇਸ ਦਾ ਇਕ ਕਾਰਨ ਇਹ ਵੀ ਬਣਿਆ ਕਿ ਪਿਛਲੇ ਡੇਢ ਕੁ ਦਹਾਕੇ ਤੋਂ ਨਾਟ-ਮੰਚ ਦੇ ਨਾਲ ਨਾਲ ਰੇਡੀਓ, ਟੀਵੀ ਤੇ ਸਿਨੇਮਾ ਦੇ ਖੇਤਰ ਵਿਚ ਖੋਜ ਕਰਨ ਅਤੇ ਕਰਵਾਉਣ ਦੌਰਾਨ ਮੈਨੂੰ ਇਨ੍ਹਾਂ ਲਿਖਤਾਂ ਨੂੰ ਸਦੀਵੀ ਤੌਰ ’ਤੇ ਸਾਂਭਣ ਲਈ ਪ੍ਰਕਾਸ਼ਨ ਦਾ ਮਾਧਿਅਮ ਵਰਤਣ ਦੀ ਲੋੜ ਮਹਿਸੂਸ ਹੋਈ ਹੈ। ਲਿਹਾਜ਼ਾ ਅਜਿਹਾ ਖ਼ਜ਼ਾਨਾ ਮਿਲਣ ਦਾ ਚਾਅ ਮੈਨੂੰ ਉਵੇਂ ਹੀ ਹੈ ਜਿਵੇਂ ਕਿਸੇ ਪਿਉ ਨੂੰ ਮੇਲੇ ਵਿਚ ਗੁਆਚੇ ਉਹਦੇ ਬਾਲ ਇਕੱਠੇ ਹੀ ਮਿਲ ਜਾਣ। ਲਿਹਾਜ਼ਾ ਮੇਰੀਆਂ ਵੰਨ ਸੁਵੰਨੀਆਂ ਲਿਖਤਾਂ ਦੇ ਭਰੇ ਮੇਲੇ ਵਿਚੋਂ ਇਨ੍ਹਾਂ ਟੀਵੀ ਿਤਾਂ ਦੇ ਲੱਭਣ ਦੀ ਖ਼ੁਸ਼ੀ ਜ਼ਾਹਿਰ ਕਰਨੀ ਮੇਰੀ ਲਈ ਔਖੀ ਤੋਂ ਵੀ ਔਖੀ ਹੈ। ਇਸ ਸਥਿਤੀ ਵਿਚ ਹੀ ਮੇਰੀ ਨਵ ਪ੍ਰਕਾਸ਼ਿਤ ਪੁਸਤਕ ‘ਮੇਰੇ ਟੀਵੀ ਨਾਟਕ’ ਨੇ ਆਕਾਰ ਗ੍ਰਹਿਣ ਕੀਤਾ ਜਿਸ ਵਿਚ 1995 ਤੋਂ 2020 ਤਕ ਦੇ ਪੱਚੀ ਵਰ੍ਹਿਆਂ ਦੌਰਾਨ ਲਿਖੇ ਮੇਰੇ ਟੀਵੀ ਲੇਖਣ ਵਿੱਚੋਂ ਚਾਰ ਟੀਵੀ ਨਾਟਕ (ਮਿ੍ਰਗਤਿ੍ਰਸ਼ਨਾ, ਮਮਤਾ, ਖ਼ੂਨ ਅਤੇ ਅਜੇ ਵੀ ਸੁਪਨੇ ਸੁਲਗਦੇ) ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਵਿਚੋਂ 1995 ਵਾਲੇ ਪ੍ਰਸਤਾਵਿਤ ਟੀਵੀ ਸੀਰੀਅਲ ਦੀਆਂ ਦੋ ਕਿਸ਼ਤਾਂ ’ਤੇ ਆਧਾਰਿਤ ਪਹਿਲੇ ਦੋ ਟੀਵੀ ਨਾਟਕਾਂ ‘ਮਿ੍ਰਗਤਿ੍ਰਸ਼ਨਾ’ ਤੇ ‘ਮਮਤਾ’ ਦੀਆਂ ਪੇਸ਼ਕਾਰੀਆਂ ਦੀ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਕਿ ਇਹ ਕਦੋਂ, ਕਿੱਥੇ ਤੇ ਕਿਸ ਚੈਨਲ ਤੋਂ ਟੈਲੀਕਾਸਟ ਹੋਏ ਕਿਉਕਿ ਇਹ ਕਿਸੇ ਪ੍ਰਾਈਵੇਟ ਪ੍ਰੋਡਿਊਸਰ ਨੇ ਲਿਖਵਾਏ ਸਨ। ਤੀਜਾ ਟੀਵੀ ਨਾਟਕ ‘ਖ਼ੂਨ’ ਦੂਰਦਰਸ਼ਨ ਜਲੰਧਰ ਦੇ ਨਿਰਮਾਤਾ ਸਰੋਜਨੀ ਰੈਣਾ ਅਤੇ ਸਹਾਇਕ ਨਿਰਮਾਤਾ ਮੇਰੀ ਅਜ਼ੀਜ਼ਾ ਕੁਲਵਿੰਦਰ ਬੁੱਟਰ ਦੇ ਇਸਰਾਰ ’ਤੇ ਲਿਖਿਆ ਗਿਆ ਸੀ ਜਿਹੜਾ ਪੰਜਾਬ ਦੇ ਪ੍ਰਸਿੱਧ ਕਹਾਣੀਕਾਰ ਅਤੇ ਮੇਰੇ ਵੱਡੇ ਭਰਾ ਦਾ ਦਰਜਾ ਰੱਖਣ ਵਾਲੇ ਗੁਰਬਚਨ ਸਿੰਘ ਭੁੱਲਰ ਦੀ ਕਲਾਸਿਕ ਕਹਾਣੀ ‘ਖ਼ੂਨ’ ’ਤੇ ਆਧਾਰਿਤ ਹੈ। ਇਹ ਨਾਟਕ ਦੂਰਦਰਸ਼ਨ ਜਲੰਧਰ ਵਲੋਂ ਟੈਲੀਕਾਸਟ ਹੋਇਆ ਜਿਸ ਦਾ ਰਿਕਾਰਡ ਉਨ੍ਹਾਂ ਕੋਲ ਹੋਵੇਗਾ।

ਚੌਥਾ ਟੀਵੀ ਨਾਟਕ ‘ਅਜੇ ਵੀ ਸੁਪਨੇ ਸੁਲਗਦੇ’ ਮੇਰੇ ਵੱਡੇ ਬੇਟੇ ਪਰਮੀਸ਼ ਵਰਮਾ ਦੇ ਇਸਰਾਰ ’ਤੇ ਉਦੋਂ ਲਿਖਿਆ ਗਿਆ ਜਦੋਂ ਉਹ ਆਸਟਰੇਲੀਆ ਤੋਂ ਵਾਪਿਸ ਆ ਕੇ ਫਿਲਮਾਂ ਵਿਚ ਸਥਾਪਿਤ ਹੋਣ ਲਈ ਸੰਘਰਸ਼ ਕਰ ਰਿਹਾ ਸੀ। ਇਸੇ ਦੌਰਾਨ ਉਸਦੀ ਆਪਣੀਆਂ ਕਵਿਤਾਵਾਂ ’ਤੇ ਆਧਾਰਿਤ ਲਘੂ ਫਿਲਮ ‘ਜ਼ਿੰਮੇਵਾਰੀ ਭੁੱਖ ਤੇ ਦੂਰੀ’ ਸੋਸ਼ਲ ਮੀਡੀਆ ’ਤੇ ਚਰਚਿਤ ਹੋ ਗਈ। ਜਦੋਂ ਨੂੰ ਉਹ ਮੇਰੇ ਇਸ ਟੀਵੀ ਨਾਟਕ ਨੂੰ ਫਿਲਮਾਉਣ ਦੀ ਤਿਆਰੀ ਕਰਦਾ ਉਦੋਂ ਤਕ ਗੁਰੂ ਦੀ ਕਿਰਪਾ ਨਾਲ ਉਹ ਸਟਾਰ ਬਣ ਕੇ ਫਿਲਮਾਂ ਤੇ ਗਾਇਕੀ ਵਿਚ ਰੁੱਝ ਗਿਆ। ਇਸ ਟੀਵੀ ਨਾਟਕ ਦੀ ਜਿੰਦ ਜਾਨ ਪਰਮੀਸ਼ ਵਰਮਾ ਦੀਆਂ ਲਿਖੀਆਂ ਉਹ ਕਵਿਤਾਵਾਂ ਹਨ ਜਿਹੜੀਆਂ ਉਸ ਨੇ 2007 ਤੋਂ

2014 ਤਕ ਦੇ ਸੱਤ ਵਰ੍ਹਿਆਂ ਦੌਰਾਨ ਸਿਡਨੀ ਦੇ ਇੱਕ ਕਲੱਬ ਵਿਚ ਰਾਤ ਦਿਨ ਸ਼ਿਫਟਾਂ ਲਾਉਦਿਆਂ ਕਾਊਂਟਰ ’ਤੇ ਪਏ ਖਾਣ ਪੀਣ ਦਾ ਸਮਾਨ ਪਾਉਣ ਵਾਲੇ ਖਾਕੀ ਲਿਫ਼ਾਫ਼ਿਆਂ ’ਤੇ ਲਿਖੀਆਂ ਸਨ। ਮੈਨੂੰ ਖ਼ੁਸ਼ੀ ਹੈ ਕਿ ਮੇਰਾ ਅਜ਼ੀਜ਼ ਅਤੇ ਸਾਡੇ ਸਮਿਆਂ ਦਾ ਸਿਰਮੌਰ ਨਾਟ-ਨਿਰਦੇਸ਼ਕ ਕੇਵਲ ਧਾਲੀਵਾਲ ਇਸ ਨਾਟਕ ਨੂੰ ਪੜ੍ਹ ਕੇ ਪਰੂ ਦੀਆਂ ਕਵਿਤਾਵਾਂ ਤੋਂ ਏਨਾ ਮੁਤਾਸਰ ਹੋਇਆ ਕਿ ਉਸ ਨੇ ਮੇਰੇ ਕੋਲ ਇਨ੍ਹਾਂ ਕਵਿਤਾਵਾਂ ਨੂੰ ‘ਕਵਿਤਾ ਦਾ ਰੰਗਮੰਚ’ ਵਿਧਾ ਅਧੀਨ ਖੇਡਣ ਦੀ ਇੱਛਾ ਜ਼ਾਹਿਰ ਕੀਤੀ।

ਆਪਣੇ ਇਸ ਕਾਲਮ ਲੇਖ ਵਿਚ ਮੈਂ ਆਪਣੇ ਟੀਵੀ ਲੇਖਣ ਦੇ ਪਿਛੋਕੜ ਬਾਰੇ ਤਾਂ ਦੱਸ ਦਿੱਤਾ ਹੈ ਪਰੰਤੂ ਆਪਣੀ ਟੀਵੀ ਨਾਟਕਕਾਰੀ ਦੇ ਪ੍ਰਮਾਣ ਵਜੋਂ ਇਸ ਪੁਸਤਕ ਵਿਚ ਸ਼ਾਮਿਲ ਚਾਰੇ ਟੀਵੀ ਨਾਟਕਾਂ ਦੀ ਸਾਧਾਰਣ ਜਾਣ ਪਛਾਣ ਦੇਣ ਤੋਂ ਬਿਨਾਂ ਕੁਝ ਨਹੀਂ ਦੱਸਿਆ। ਅਸਲ ਵਿਚ ਮੇਰੀ ਇਹ ਪੱਕੀ ਪੀਢੀ ਧਾਰਨਾ ਹੈ ਕਿ ਕਿਸੇ ਵੀ ਕਿਤਾਬ ਦੀ ‘ਭੂਮਿਕਾ’ ਵਿਚ ਕਿਤਾਬ ਵਿਚ ਸ਼ਾਮਿਲ ਰਚਨਾਵਾਂ ਦੇ ਪਿਛੋਕੜ, ਰਚਨਾ-ਪ੍ਰਕਿਰਿਆ, ਸਹਾਇਕ ਕਾਰਕਾਂ ਆਦਿ ਬਾਰੇ ਹੀ ਦੱਸਣਾ ਚਾਹੀਦਾ ਹੈ ਅਤੇ ਪਾਠਕਾਂ ਨੂੰ ਰਚਨਾਵਾਂ ‘ਸੁਣਾਉਣੀਆਂ’ ਨਹੀਂ ਚਾਹੀਦੀਆਂ। ਵਿਸ਼ੇਸ਼ ਕਰਕੇ ਜੇ ਉਹ ਰਚਨਾਵਾਂ ਕਥਾ-ਆਧਾਰਿਤ ਹੋਣ ਭਾਵ ਨਾਵਲ, ਕਹਾਣੀ ਜਾਂ ਨਾਟਕ ਦੇ ਰੂਪ ਵਿਚ ਹੋਣ ਇਸ ਨਾਲ ਰਚਨਾ ਨੂੰ ਪੜ੍ਹਨ ਲਈ ਪਾਠਕ ਦੀ ‘ਜਗਿਆਸਾ’ ਵੀ ਖ਼ਤਮ ਹੋ ਜਾਂਦੀ ਹੈ ਅਤੇ ਪਾਠਕ ਦੀ ਪੁਸਤਕ ਨੂੰ ‘ਮਿਲਣ’ ਦੀ ਸੁੱਚਤਾ ਵੀ ਭੰਗ ਹੋ ਜਾਂਦੀ ਹੈ। ਲਿਹਾਜ਼ਾ ਮੈਂ ਇਨ੍ਹਾਂ ਚਾਰੇ ਟੀਵੀ ਨਾਟਕਾਂ ਦੇ ਅੰਤਰ-ਦਰਸ਼ਨ ਦੀ ਥਾਂ ਬਾਹਰ-ਦਰਸ਼ਨ ਹੀ ਕਰਵਾਏ ਹਨ। ਮੈਨੂੰ ਉਮੀਦ ਹੈ ਕਿ ਅੱਜ ਦਾ ਇਹ ਲੇਖ ਪੜ੍ਹ ਕੇ ਮੇਰੇ ਸੁਹਿਰਦ ਪਾਠਕ ਇਕ ਪਾਸੇ ‘ਮੇਰੇ ਟੀਵੀ ਲੇਖਣ’ ਦੀ ਯਾਤਰਾ ਦੇ ਸੰਗੀ ਬਣੇ ਹੋਣਗੇ ਤੇ ਦੂਜੇ ਪਾਸੇ ‘ਮੇਰੀ ਟੀਵੀ ਨਾਟਕਕਾਰੀ’ ਦੇ ਮਰਮ ਤਕ ਵੀ ਪਹੁੰਚੇ ਹੋਣਗੇ।

- ਸਤੀਸ਼ ਕੁਮਾਰ ਵਰਮਾ

Posted By: Harjinder Sodhi