ਅਨੇਮਨ ਸਿੰਘ ਪੰਜਾਬੀ ਦਾ ਉਹ ਗਲਪਕਾਰ ਹੈ ਜਿਸ ਨੇ ਸਮਾਜ ਦੀਆਂ ਅੰਦਰੂਨੀ ਪਰਤਾਂ ਅੰਦਰ ਝਾਕਿਆ ਹੈ। ਉਸ ਨੇ ਬੇਸ਼ੱਕ ਘੱਟ ਕਹਾਣੀਆਂ ਲਿਖੀਆਂ ਪਰ ਉਹ ਗੌਲਣਯੋਗ ਹਨ ਕਿਉਂਕਿ ਅਨੇਮਨ ਕਹਾਣੀ ਲਿਖਣ ਤੋਂ ਪਹਿਲਾਂ ਕਈ ਸਾਲ ਪਾਤਰਾਂ ਦਾ ਪਿੱਛਾ ਕਰਦਾ ਹੈ। ਉਸ ਦੀ 'ਗਲੀ ਨੰਬਰ ਕੋਈ ਨਹੀਂ' ਕਹਾਣੀ ਦਾ ਮੁੱਖ ਪਾਤਰ ਵੀ ਇਵੇਂ ਹੀ ਉਸ ਦੀ ਕਹਾਣੀ ਵਿਚ ਆਇਆ ਹੈ। ਅਨੇਮਨ ਦੀਆਂ ਮਨੋਵਿਗਿਆਨਕ ਕਹਾਣੀ ਬਹੁਤ ਪਸੰਦ ਕੀਤੀਆਂ ਗਈਆਂ ਹਨ। ਉਸ ਦੀ ਇਹ ਖ਼ਾਸੀਅਤ ਹੈ ਕਿ ਉਹ ਪਾਤਰ ਦੀ ਸੂਝਬੂਝ ਅਤੇ ਉਸ ਦੀ ਭਾਸ਼ਾ ਨੂੰ ਕਹਾਣੀ ਵਿਚ ਢਾਲਦਿਆਂ ਕੋਈ ਤੋੜ-ਮਰੋੜ ਨਹੀਂ ਕਰਦਾ ਜੋ ਪਾਤਰ ਦੀ ਭਾਸ਼ਾ ਹੈ ਉਹ ਉਸ ਦੀ ਕਹਾਣੀਆਂ 'ਚ ਉਵੇਂ ਹੀ ਆਉਦੀ ਹੈ ਜਿਵੇਂ ਪਾਤਰ ਬੋਲਦਾ ਹੈ। ਇਨ੍ਹੀਂ ਦਿਨੀਂ ਆਇਆ ਉਸ ਦਾ ਕਹਾਣੀ ਸੰਗ੍ਰਹਿ 'ਨੂਰੀ' 'ਗਲੀ ਨੰਬਰ ਕੋਈ ਨਹੀਂ' ਦਾ ਅਗਲਾ ਕਦਮ ਹੈ। ਅਨੇਮਨ ਅਤੇ ਉਸ ਦੇ ਪਾਤਰਾਂ ਬਾਰੇ ਹੋਈਆਂ ਕੁਝ ਗੱਲਾਂ ਤੁਹਾਡੇ ਸਨਮੁੱਖ ਹਨ।

- ਕਹਾਣੀ ਲਿਖਣ ਦੇ ਸ਼ੁਰੂਆਤੀ ਦਿਨਾਂ ਬਾਰੇ ਦੱਸੋ?

ਕਹਾਣੀ ਲਿਖਣ ਦੇ ਸ਼ੁਰੂਆਤੀ ਦਿਨਾਂ ਵੇਲੇ ਮੈਂ ਮਾਨਸਾ ਦੇ ਸਾਹਿਤਕਾਰਾਂ ਦੀ ਸੰਗਤ 'ਚ ਆ ਗਿਆ ਸਾਂ। ਬੜਾ ਕੁਝ ਪੜ੍ਹਨ ਤੇ ਸਮਝਣ ਨੂੰ ਮਿਲ ਰਿਹਾ ਸੀ। ਨਾਮਵਰ ਲੇਖਕਾਂ ਤੋਂ ਇਲਾਵਾ ਨਵੇਂ ਕਹਾਣੀਕਾਰਾਂ ਦੀਆਂ ਕਹਾਣੀਆਂ ਦਾ ਪਾਠਕ ਸਾਂ। ਮੈਂ ਕੁਝ ਨਵਾਂ ਲਿਖਣ ਦਾ ਮਨ ਹੀ ਮਨ ਸੋਚ ਰਿਹਾ ਸਾਂ। ਅਜਿਹਾ ਜੋ ਮੈਨੂੰ ਸਾਹਿਤਕ ਮਾਹੌਲ 'ਚ ਵੱਖਰਾ ਕਰਨ ਨੂੰ ਮਿਲੇ ਤੇ ਮੇਰਾ ਵੀ ਨਾਂ ਕਹਾਣੀਕਾਰਾਂ 'ਚ ਸ਼ਾਮਲ ਹੋਵੇ। ਸਭ ਤੋਂ ਪਹਿਲਾਂ ਮੈਂ ਆਪਣੇ ਨਾਂ ਦਾ ਨਵੀਨੀਕਰਨ ਕੀਤਾ ਜਿਸ ਨੂੰ ਗੁਰਪ੍ਰੀਤ ਨੇ ਨਵਾਂ ਨਾਂ ਦਿੱਤਾ। ਤੇ ਫਿਰ ਨਵੇਂ ਵਿਸ਼ਿਆਂ ਨੂੰ ਚੁਣਨ 'ਚ ਜੁਟਿਆ। ਮੇਰੇ ਕੋਲ ਕਈ ਪਾਤਰ ਸਨ ਇਸ ਤਰ੍ਹਾਂ ਦੇ ਨਿਵੇਕਲੇ ਜਿਨ੍ਹਾਂ ਨੂੰ ਸ਼ਾਇਦ ਮੈਂ ਆਪਣੇ ਨਵੇਂ ਨਾਂ ਹੇਠ ਹੀ ਲਿਖ ਸਕਦਾ ਸੀ। ਮੈਂ ਸਭ ਤੋਂ ਪਹਿਲਾਂ ਕਹਾਣੀ 'ਐਵੇਂ ਹੀ' ਲਿਖੀ, ਜਿਸ ਨੂੰ ਮੈਂ ਉਦੋਂ ਤਿੰਨ ਵਾਰੀ ਲਿਖਿਆ ਸੀ। ਇਹ ਕਹਾਣੀ 'ਸ਼ਬਦ' 'ਚ ਛਪੀ ਤੇ ਬਾਅਦ 'ਚ ਪ੍ਰੇਮ ਪ੍ਰਕਾਸ਼ ਹੁਰਾਂ ਜਦੋਂ ਇਸ ਨੂੰ 'ਜੁਗਲਬੰਦੀਆਂ' ਸੰਪਾਦਿਤ ਪੁਸਤਕ 'ਚ ਛਾਪਿਆ ਤਾਂ ਮੇਰੀ ਕਾਫ਼ੀ ਪਛਾਣ ਬਣ ਗਈ। ਇਸ ਕਹਾਣੀ ਦੀ ਅੱਜ ਵੀ ਉਵੇਂ ਚਰਚਾ ਹੁੰਦੀ ਰਹਿੰਦੀ ਹੈ।

- 'ਗਲੀ ਨੰਬਰ ਕੋਈ ਨਹੀਂ' ਤੇ 'ਨੂਰੀ' ਵਿਚਕਾਰਲੇ ਇੰਨੇ ਲੰਮੇ ਫ਼ਾਸਲੇ 'ਚ ਕਿਹੜੇ ਪਾਤਰਾਂ ਨਾਲ ਗੱਲਾਂ ਕਰਦੇ ਰਹੇ?

'ਗਲੀ ਨੰਬਰ ਕੋਈ ਨਹੀਂ' ਅਤੇ 'ਨੂਰੀ' ਕਹਾਣੀ ਸੰਗ੍ਰਹਿ ਵਿਚਾਲੇ ਲਗਪਗ ਸਾਢੇ ਬਾਰ੍ਹਾਂ ਸਾਲਾਂ ਦਾ ਵਕਫ਼ਾ ਹੈ। ਮੈਂ ਅੱਜ ਤਕ ਕੁੱਲ ਸਤਾਰਾਂ ਕਹਾਣੀਆਂ ਹੀ ਲਿਖੀਆਂ ਨੇ। ਨੂਰੀ ਕਹਾਣੀ ਸੰਗ੍ਰਹਿ ਦੀਆਂ ਚਾਰ ਕਹਾਣੀਆਂ ਮੈਂ ਸਾਲ 2010 ਤਕ ਲਿਖੀਆਂ ਸਨ। ਇਸ ਤੋਂ ਬਾਅਦ ਮੈਂ ਆਰਥਿਕਤਾ ਨਾਲ ਦੋ ਚਾਰ ਹੁੰਦਾ ਰਿਹਾ। ਲਿਖਣਾ ਪੜ੍ਹਨਾ ਮੇਰੇ ਤੋਂ ਅਚਾਨਕ ਦੂਰ ਹੋ ਗਿਆ। ਮੈਂ ਇੰਨਾ ਟੁੱਟ ਗਿਆ ਕਿ ਲੱਗਿਆ ਹੁਣ ਮੈਂ ਕਦੇ ਵੀ ਸਾਹਿਤ ਵੱਲ ਮੂੰਹ ਹੀ ਨਹੀਂ ਕਰ ਸਕਾਂਗਾ। ਪਰ ਸਮੇਂ ਦਾ ਗੇੜ ਹੀ ਸਮਝ ਲਓ ਕਿ ਮੈਂ ਫਿਰ ਸਾਹਿਤਕ ਖੇਤਰ 'ਚ ਪਹਿਲਾਂ ਵਾਂਗ ਸਰਗਰਮ ਹੋ ਗਿਆ। ਮੇਰੇ ਪਹਿਲੇ ਕਹਾਣੀ ਸੰਗ੍ਰਹਿ 'ਗਲੀ ਨੰਬਰ ਕੋਈ ਨਹੀਂ' ਕਹਾਣੀ ਸੰਗ੍ਰਹਿ ਦੇ ਛਪਣ ਤਕ ਮੈਂ ਆਜ਼ਾਦ ਪੰਛੀ ਸੀ, ਫਿਰ ਮੈਨੂੰ ਵਿਆਹ ਕਰਵਾਉਣਾ ਪਿਆ। ਵਿਆਹ ਪਿੱਛੋਂ ਬੱਚੇ ਤੇ ਫਿਰ ਇਕਦਮ ਜਿਵੇਂ ਜ਼ਿੰਦਗੀ ਲੜਖੜਾ ਜਿਹੀ ਗਈ। ਅੱਜ ਤਕ ਇਸ ਲੜਖੜਾਉਂਦੀ ਜ਼ਿੰਦਗੀ 'ਚ ਹੀ ਜਿਉੂ ਰਿਹਾ ਹਾਂ। ਪਰ ਮੇਰੇ ਮਿੱਤਰਾਂ ਦਾ ਘੇਰਾ ਵਿਸ਼ਾਲ ਹੈ, ਜਿਨ੍ਹਾਂ ਨੇ ਮੈਨੂੰ ਅਜਿਹੀ ਘੜੀ 'ਚ ਸਾਂਭਿਆ ਹੀ ਨਹੀਂ ਬਲਕਿ ਪੂਰਾ ਸਹਿਯੋਗ ਵੀ ਦਿੱਤਾ। 'ਗਲੀ ਨੰਬਰ ਕੋਈ ਨਹੀਂ' ਕਹਾਣੀ ਸੰਗ੍ਰਹਿ ਦੇ ਹੁਣ ਤਕ ਤਿੰਨ ਐਡੀਸ਼ਨ ਛਪ ਚੁੱਕੇ ਹਨ। ਪਾਠਕਾਂ ਨੇ ਮੇਰੀਆਂ ਕਹਾਣੀਆਂ ਨੂੰ ਭਰਪੂਰ ਸਹਿਯੋਗ ਦਿੱਤਾ। ਅੱਜ ਵੀ ਮੇਰੇ ਇਸ ਕਹਾਣੀ ਸੰਗ੍ਰਹਿ ਨੂੰ ਨਵੇਂ ਪਾਠਕ ਲੱਭ-ਲੱਭ ਪੜ੍ਹਦੇ ਹਨ। ਪਿਛਲੇ ਸਾਲ ਦੇ ਅਖੀਰ 'ਚ 'ਨੂਰੀ' ਕਹਾਣੀ ਸੰਗ੍ਰਹਿ ਛਪਿਆ ਹੈ, ਇਸ ਦੀ ਵੀ ਚਰਚਾ ਚੱਲ ਰਹੀ ਹੈ।

- 'ਐਵੇਂ ਹੀ' ਕਹਾਣੀ ਜੈਨੇਟਿਕ ਪ੍ਰਭਾਵਾਂ ਨੂੰ ਦਰਸਾਉਂਦੀ ਹੈ। ਕਹਾਣੀ ਵਿਚ ਕੀਤਾ ਪ੍ਰਯੋਗ ਸਮਾਜਿਕ ਤੌਰ 'ਤੇ ਕਿੰਨਾ ਕੁ ਸਫ਼ਲ ਹੋਇਆ ਹੈ?

'ਐਵੇਂ ਹੀ' ਤੇ 'ਕਲੀਨ ਫੇਸ' ਤੇ 'ਜਾਨਵਰ' ਕਹਾਣੀਆਂ 'ਚ ਮੈਂ ਜੈਨੇਟਿਕ ਪ੍ਰਭਾਵਾਂ ਦੀ ਗੱਲ ਕਰਨੀ ਚਾਹੀ ਹੈ। ਮੈਨੂੰ ਲੱਗਦਾ ਕਿ ਸਾਡੇ ਜੀਵਨ 'ਚ ਕਾਫ਼ੀ ਕੁਝ ਸਾਨੂੰ ਪੁਸ਼ਤੈਨੀ ਮਿਲਦਾ ਹੈ, ਜਿਵੇਂ ਅਸੀਂ ਬਾਲ ਦੇ ਜਨਮ ਲੈਣ ਸਮੇਂ ਗੱਲਾਂ ਕਰਦੇ ਹਾਂ ਕਿ ਇਹਦਾ ਮੂੰਹ ਤਾਂ ਦਾਦੇ 'ਤੇ ਹੈ, ਇਹਦੀਆਂ ਅੱਖਾਂ ਚਾਚੇ 'ਤੇ ਹਨ। ਇਹਦੇ ਬੁੱਲ੍ਹ ਮਾਂ 'ਤੇ ਹਨ। ਇਹਦਾ ਮੱਥਾ ਨਾਨੇ 'ਤੇ ਹੈ। ਵਗੈਰਾ....ਵਗੈਰਾ। ਮੇਰੇ ਅੰਦਰ ਵੀ ਇਹ ਕਹਾਣੀਆਂ ਲਿਖਣ ਲੱਗਿਆਂ ਇਹੋ ਪ੍ਰਭਾਵ ਸੀ ਕਿ ਜੇ ਬੱਚੇ ਅੰਦਰ ਕੁਝ ਚੰਗੇ ਸੰਸਕਾਰ ਆਪਣੇ ਵੱਡੇ-ਵੱਡੇਰਿਆਂ ਤੋਂ ਆ ਸਕਦੇ ਹਨ ਤਾਂ ਬੁਰੇ ਪ੍ਰਭਾਵ ਵੀ ਕਿਉਂ ਨਹੀਂ। ਸਮਾਜਿਕ ਤੌਰ 'ਤੇ ਪ੍ਰਯੋਗ ਸਫ਼ਲ ਹੋਇਆ ਜਾਂ ਨਹੀਂ। ਪਰ ਮੈਨੂੰ ਇਹ ਕਹਾਣੀਆਂ ਲਿਖ ਕੇ ਸੰਤੁਸ਼ਟੀ ਜ਼ਰੂਰ ਮਿਲੀ ਹੈ। ਮੈਂ ਕਾਫ਼ੀ ਕੁਝ ਜੈਨੇਟਿਕਤਾ 'ਤੇ ਕੇਂਦਰਿਤ ਪੜ੍ਹਿਆ ਵੀ। ਮੇਰੇ ਕੋਲ ਇਨ੍ਹਾਂ ਤਿੰਨਾਂ ਕਹਾਣੀਆਂ ਦੇ ਪਾਤਰ ਤਾਂ ਸਨ। 'ਐਵੇਂ ਹੀ' ਕਹਾਣੀ ਵੀ ਮੇਰਾ ਦੋਸਤ ਸੀ, ਇਕ-ਦੋ ਵਾਰ ਮੈਂ ਉਸ ਨਾਲ ਘੁੰਮਦੇ ਉਸਦਾ ਸਪਰਸ਼ ਮਹਿਸੂਸ ਕੀਤਾ, ਦੇ ਪਾਤਰ ਦਾ ਮੁੰਡਾ ਉਸ ਦੀ ਤੋਰ, ਬੋਲ-ਚਾਲ ਆਦਿ ਤੋਂ ਮੇਰੇ ਅੰਦਰ ਇਹ ਕਹਾਣੀ ਲਿਖਣ ਨੂੰ ਮਨ ਕਰਿਆ। ਮੈਨੂੰ ਲੱਗਦਾ ਸੀ ਕਿ ਵਿਗਿਆਨਕ ਖੇਤਰ 'ਚ ਇਸ ਵਿਸ਼ੇ 'ਤੇ ਵੀ ਗੱਲ ਹੋਣੀ ਚਾਹੀਦੀ ਹੈ। ਪਤਾ ਨਹੀਂ ਇਹ ਖੋਜ ਹੋਵੇਗੀ ਕਦੋਂ। ਪਰ ਮੈਂ ਆਪਣੀਆਂ ਕਹਾਣੀਆਂ 'ਚ ਇਨ੍ਹਾਂ ਨੂੰ ਲਿਆਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ।

- 'ਸਪੀਡ ਪੋਸਟ' ਕਹਾਣੀ ਵਿਚ ਮੁੱਖ ਪਾਤਰ ਹਾਲਾਤ ਦੀ ਝੰਬੀ ਦਿਖਾਈ ਹੈ। ਉਸ ਦੀ ਕਾਮਵਾਸ਼ਨਾ ਵੀ ਕਿਤੇ-ਕਿਤੇ ਝਲਕਦੀ ਹੈ। ਇਹ ਦੂਹਰੇ ਚਿਤਰਣ ਬਾਰੇ ਚਾਨਣਾ ਪਾਓ?

'ਸਪੀਡ ਪੋਸਟ' ਕਹਾਣੀ ਮੈਨੂੰ ਕਈ ਭਾਗਾਂ 'ਚ ਮਿਲੀ। ਮੇਰੇ ਕੋਲ ਇਸ ਤਰ੍ਹਾਂ ਦੇ ਕਈ ਪਾਤਰ ਸਨ। ਜਿਨ੍ਹਾਂ ਨੂੰ ਮੈਂ ਇਸ ਕਹਾਣੀ ਦੀ ਕਮਲੀ ਪਾਤਰ ਰਾਹੀਂ ਸੂਤਰਬੱਧ ਕੀਤਾ। ਉਸ ਅੰਦਰ ਵੀ ਸਾਰਾ ਕੁਝ ਆਮ ਇਨਸਾਨਾਂ ਵਾਲਾ ਹੈ, ਉਹ ਵੀ ਹੱਸਣਾ ਚਾਹੁੰਦੀ ਹੈ। ਆਮ ਪਰਿਵਾਰਕ ਮੈਂਬਰ ਵਜੋਂ ਜੀਣਾ ਚਾਹੁੰਦੀ ਹੈ। ਉਸ ਅੰਦਰ ਵੀ ਹਰ ਖਾਹਿਸ਼ ਹੈ, ਉਹ ਚਾਹੇ ਕਾਮ ਦੀ ਹੀ ਕਿਉਂ ਨਾ ਹੋਵੇ। ਕਾਮ ਵਾਸ਼ਨਾ ਦੀ ਤੀਬਰਤਾ ਉਹਨੂੰ ਹਾਲਤਾਂ 'ਚੋਂ ਮਿਲੀ ਹੈ। ਜਦੋਂ ਕੋਈ ਤੁਹਾਡਾ ਇਸਤੇਮਾਲ ਕਰੇ, ਤੁਹਾਡੇ ਨਾਲ ਪਿਆਰ ਦਾ ਨਾਟਕ ਕਰੇ ਤੇ ਜਿੱਥੇ ਜ਼ਿਆਦਾ ਸ਼ੋਸ਼ਣ ਵਾਲੇ ਹੀ ਮਿਲਣ, ਉੱਥੇ ਅਜਿਹਾ ਕੁਝ ਹੁਣ ਸੁਭਾਵਿਕ ਹੀ ਹੋ ਸਕਦਾ। ਉਹ ਤਾਂ ਸ਼ੁਰੂ 'ਚ ਹੀ ਘਰ ਵਸਾਉਣਾ ਚਾਹੁੰਦੀ ਹੈ ਪਰ ਉਹਨੂੰ ਢੋਈ ਕਿਤੇ ਨਹੀਂ ਮਿਲਦੀ, ਜੇ ਕਿਤੇ ਉਹਨੂੰ ਕਿਸੇ ਕੋਲੋਂ ਪਿਆਰ ਵੀ ਮਿਲਿਆ ਤਾਂ ਉਹ ਵੀ ਪੂਰਾ ਨਹੀਂ। ਸਰੀਰਕ ਸੁੱਖ ਤੋਂ ਬਿਨਾਂ ਵਿਆਹਿਕ ਜੀਵਨ ਦਾ ਨਿਭਾਅ ਅੱਜ ਦੇ ਯੁੱਗ 'ਚ ਤਾਂ ਲੱਗਦਾ ਨਹੀਂ ਹੋ ਸਕਦਾ ਹੋਵੇ।

- 'ਨੂਰੀ' ਕਹਾਣੀ ਸਮਾਜ ਨਾਲੋਂ ਟੁੱਟੇ ਤੀਜੇ ਮਨੁੱਖ ਦੀ ਗੱਲ ਕਰਦੀ ਹੈ। ਇਹ ਕਹਾਣੀ ਕਿਵੇਂ ਉੱਪਜੀ?

'ਨੂਰੀ' ਕਹਾਣੀ ਵੀ ਮੈਨੂੰ ਦੋ-ਤਿੰਨ ਪਾਤਰਾਂ ਦੇ ਰਲੇਵੇਂ ਕਾਰਨ ਮਿਲੀ। ਪਹਿਲਾ ਸਾਡੇ ਪਿੰਡ ਦਾ ਪਾਤਰ ਸੀ, ਜੋ ਇਨ੍ਹਾਂ ਨਾਲ ਢੋਲਕੀ ਵਜਾਉਂਦਾ ਹੁੰਦਾ ਸੀ। ਉਹ ਸੁਲਫ਼ੇ ਦੀਆਂ ਸਿਗਰਟਾਂ ਪੀਂਦਾ ਹੁੰਦਾ। ਮੇਰਾ ਇਕ ਦੋਸਤ ਵੀ ਇਨ੍ਹਾਂ ਦਾ ਸੌਂਕੀ ਸੀ। ਅਸੀਂ ਦੋਵੇਂ ਇਕੱਠੇ ਪੜ੍ਹਦੇ ਸਾਂ। ਉਹ ਮੈਨੂੰ ਵੀ ਨਾਲ ਲੈ ਜਾਂਦਾ। ਸਿਗਰਟਾਂ ਪੀਂਦੇ-ਪੀਂਦੇ ਉਹ ਕਿੰਨਾ ਚਿਰ ਮੈਨੂੰ ਆਪਣੇ ਬਾਰੇ ਗੱਲਾਂ ਸੁਣਾਉਂਦਾ ਰਹਿੰਦਾ। ਉਦੋਂ ਮੇਰੇ ਮਨ 'ਚ ਨਾਵਲ ਲਿਖਣ ਦਾ ਖ਼ਿਆਲ ਆਉਂਦਾ ਸੀ, ਨਾਂ ਵੀ ਮੈਂ ਸੋਚਿਆ ਹੋਇਆ ਸੀ 'ਅਧੂਰੇ ਮਨੁੱਖ' ਪਰ ਇਹ ਵਿਚੇ ਹੀ ਰਹਿ ਗਿਆ। ਮਾਨਸਾ ਆਇਆ ਤਾਂ ਮੈਂ ਜਿਸ ਕਲੀਨਕ 'ਚ ਨੌਕਰੀ ਕਰਦਾ ਸੀ, ਉੱਥੇ ਇਕ ਮਹੰਤ ਜਿਸ ਦਾ ਨਾਂ ਮੈਂ ਨੂਰੀ ਰੱਖਿਆ ਹੈ, ਆਪਣੇ ਨਾਲ ਇਕ ਮੁੰਡਾ ਲੈ ਕੇ ਆਈ। ਉਸਦੀ ਉਮਰ ਕੋਈ ਬਾਈ ਕੁ ਸਾਲਾਂ ਦੀ ਸੀ। ਉਸਦਾ ਉਨ੍ਹੇ ਵਿਆਹ ਕੀਤਾ ਸੀ, ਤੇ ਵਿਆਹ ਨੂੰ ਪੰਦਰਾਂ ਵੀਹ ਦਿਨ ਹੋ ਗਏ ਸਨ ਪਰ ਉਹ ਆਪਣੀ ਘਰਵਾਲੀ ਨੂੰ ਸੰਤੁਸ਼ਟ ਨਹੀਂ ਕਰ ਸਕਿਆ ਸੀ। ਉਹ ਮੇਰੇ ਕੋਲ ਇਹ ਸਮੱਸਿਆ ਲੈ ਕੇ ਆਈ ਸੀ। ਮੈਂ ਉਹਨੂੰ ਦਵਾਈ ਦੇ ਦਿੱਤੀ। ਉਹ ਠੀਕ ਵੀ ਹੋ ਗਿਆ। ਪਰ ਮੇਰੇ ਅੰਦਰ ਕਿੰਨੇ ਚਿਰ ਦੀ ਦੱਬੀ ਕਹਾਣੀ ਫਿਰ ਉਛਲਣ ਲੱਗੀ। ਮੇਰੇ ਕੋਲ ਰੱਖੇ ਲੋਧੀ ਜਿਸ ਨੂੰ ਅਸੀਂ ਗੋਰਕੀ ਕਹਿੰਦੇ ਸਾਂ, ਇਹ ਨੂਰੀ ਅੰਮਾ ਜੋ ਮਹੰਤ ਸੀ ਉਸਦੇ ਘਰ ਕੋਲ ਹੀ ਰਹਿੰਦੀ ਸੀ। ਫਿਰ ਉਹਨੇ ਆਪਣੀਆਂ ਤੇ ਦੋਸਤਾਂ ਕੋਲੋਂ ਸੁਣੀਆਂ-ਸੁਣਾਈਆਂਕਈ ਗੱਲਾਂ ਉਸ ਬਾਰੇ ਦੱਸੀਆਂ। ਜੋ ਕਹਾਣੀ ਲਿਖਣ ਲਈ ਮੇਰੇ ਕੋਲ ਸਹਾਈ ਹੋਈਆਂ। ਸਾਡੇ ਪਿੰਡ ਦੀ ਇਕ ਪਾਸ਼ੀ ਮਹੰਤ ਸੀ। ਜਿਸ ਨੂੰ ਮੈਂ ਆਪਣੇ ਬਚਪਨ 'ਚ ਕਈ ਵਾਰ ਦੇਖ ਚੁੱਕਿਆ ਸਾਂ। ਉਹਦਾ ਵਿਹਾਰ ਮੈਂ ਕਾਫ਼ੀ 'ਐਵੇਂ ਹੀ' ਕਹਾਣੀ 'ਚ ਦਰਜ ਕੀਤਾ ਹੈ। ਇਹ ਦੋਵੇਂ ਪਾਤਰ ਇਕ ਚੰਗਾ ਤੇ ਇਕ ਮਾੜਾ ਮੇਰੇ ਸਾਹਮਣੇ ਸਨ। ਤੇ ਕਹਾਣੀ ਦਾ ਮੈਂ ਪਾਤਰ ਮੇਰੇ ਕੋਲ ਖ਼ੁਦ ਆ ਗਿਆ ਸੀ। ਜਿਸ ਕਾਰਨ ਕਹਾਣੀ ਨੇਪਰੇ ਚੜ੍ਹਨ 'ਚ ਕੋਈ ਔਖ ਨਹੀਂ ਆਈ।

- 'ਸਾਡਾ ਗੋਰਕੀ' ਪਾਤਰ ਕੌਣ ਸੀ। ਉਸ ਦੇ ਕਹਾਣੀ ਵਿਚ ਆ ਜਾਣ ਪਿੱਛੇ ਕੀ ਕਾਰਨ ਰਿਹਾ?

'ਸਾਡਾ ਗੋਰਕੀ' ਪਾਤਰ ਮੇਰੇ ਕੋਲ ਪ੍ਰਾਈਵੇਟ ਕੰਮ 'ਚ ਰੱਖਿਆ ਮੇਰਾ ਹੈਲਪਰ ਸੀ। ਉਹਦਾ ਅਸਲ ਨਾਂ ਲੋਧੀ ਸੀ। ਉਹ ਕਮਾਲ ਦਾ ਮੁੰਡਾ ਸੀ। ਮੈਂ ਉਹਨੂੰ ਅੱਠ-ਨੌਂ ਸਾਲਾਂ ਤੋਂ ਲੈ ਕੇ ਉਹਦੇ ਮਰਨ ਤੋਂ ਪਹਿਲਾਂ ਸਤਾਰਾਂ ਸਾਲ ਦੀ ਉਮਰ ਤਕ ਕਾਫ਼ੀ ਨੇੜੇ ਤੋਂ ਤੱਕਿਆ ਹੈ। ਕਈ ਵਾਰ ਤਾਂ ਉਹ ਮੈਨੂੰ ਮੇਰਾ ਹੀ ਛੋਟਾ ਭਰਾ ਲੱਗਦਾ ਸੀ। ਉਸ ਦੀਆਂ ਕਈ ਗੱਲਾਂ ਤੇ ਮੇਰੇ ਬਚਪਨ ਦੀਆਂ ਗੱਲਾਂ ਇਕੋ ਜਿਹੀਆਂ ਸਨ। ਦੇਵਨੀਤ ਮੈਕਸਿਮ ਗੋਰਕੀ ਦੀ ਜੀਵਨੀ ਪੜ੍ਹ ਰਿਹਾ ਸੀ, ਲੋਧੀ ਨੂੰ ਦੇਖ ਕੇ ਉਹਦੀਆਂ ਗੱਲਾਂ ਸੁਣ ਕੇ ਉਹਨੇ ਇਹਦਾ ਨਾਂ ਗੋਰਕੀ ਰੱਖ ਦਿੱਤਾ। ਫਿਰ ਅਸੀਂ ਸਾਰੇ ਲੇਖਕ ਉਹਨੂੰ ਲੋਧੀ ਨਹੀਂ ਗੋਰਕੀ ਆਖ ਹੀ ਸੰਬੋਧਨ ਕਰਨ ਲੱਗੇ। ਉਹ ਮੇਰੇ ਕੋਲ ਛੇ-ਸੱਤ ਸਾਲ ਰਿਹਾ। ਉਸ ਦੀਆਂ ਸੁਣਾਈਆਂ ਗੱਲਾਂ ਨੇ ਮੈਨੂੰ 'ਗਲੀ ਨੰਬਰ ਕੋਈ ਨਹੀਂ' ਕਹਾਣੀ ਲਿਖਵਾਈ। ਜਿਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਉਹ ਸਤਾਰਾਂ ਸਾਲ ਦੀ ਉਮਰ 'ਚ ਹੀ ਐਕਸੀਡੈਂਟ 'ਚ ਮਰ ਗਿਆ। ਉਸ ਬਾਰੇ ਰਾਜਵਿੰਦਰ ਮੀਰ ਨੇ ਲਕੀਰ 'ਚ 'ਸਾਡਾ ਗੋਰਕੀ' ਅਤੇ ਮੈਂ 'ਕਹਾਣੀ ਪੰਜਾਬ' 'ਚ 'ਸਾਡਾ ਆਪਣਾ ਬਣਾਇਆ ਗੋਰਕੀ' ਆਰਟੀਕਲ ਵੀ ਲਿਖੇ। ਉਹ ਜੇ ਪੜ੍ਹਿਆ ਲਿਖਿਆ ਹੁੰਦਾ ਤਾਂ ਬਹੁਤ ਵੱਡਾ ਲੇਖਕ ਬਣਦਾ। ਪਰ ਅਫ਼ਸੋਸ ਉਹਦੀਆਂ ਇੱਛਾਵਾਂ ਉਵੇਂ ਹੀ ਰਹਿ ਗਈਆਂ। ਮੈਂ ਆਪਣੀ ਨਸ਼ਿਆਂ ਤੇ ਸੰਪਾਦਿਤ ਪੁਸਤਕ 'ਭਾਈਬੰਦ' ਉਸੇ ਨੂੰ ਸਮਰਪਿਤ ਕੀਤੀ ਹੈ।

- ਤੁਸੀਂ ਬਾਲ ਸਾਹਿਤ ਵੀ ਲਿਖਿਆ ਹੈ। ਹਿੰਦੀ ਦੇ ਮੁਕਾਬਲੇ ਪੰਜਾਬੀ ਬਾਲ ਸਾਹਿਤ ਕਿਹੋ ਜਿਹਾ ਛਪ ਰਿਹਾ ਹੈ?

ਬਾਲ ਸਾਹਿਤ ਮੈਂ ਲਿਖਿਆ ਹੈ, ਪਰ ਸ਼ੁਰੂਆਤੀ ਦਿਨਾਂ 'ਚ। ਉਦੋਂ ਮੈਂ 'ਹਰਦੀਪ ਬੋਹਾ' ਦੇ ਨਾਂ ਨਾਲ ਛਪਦਾ ਸੀ। ਉਦੋਂ ਅਖ਼ਬਾਰਾਂ ਜਾਂ ਮੈਗਜ਼ੀਨਾਂ 'ਚ ਆਪਣਾ ਨਾਂ ਛਪਣ ਦੀ ਲਾਲਸਾ ਰਹਿੰਦੀ ਸੀ। ਮੈਂ ਕੁਝ ਚਿਰ ਪ੍ਰਾਈਵੇਟ ਸਕੂਲ ਵੀ ਚਲਾਇਆ। ਬੱਚਿਆਂ ਨਾਲ ਬਿਤਾਏ ਇਨ੍ਹਾਂ ਸਾਲਾਂ 'ਚ ਮੈਨੂੰ ਵੀਹ ਦੇ ਕਰੀਬ ਬਾਲ ਕਹਾਣੀਆਂ ਤੇ ਪੰਜਾਹ-ਸੱਠ ਬਾਲ ਕਵਿਤਾਵਾਂ ਲਿਖਣ ਨੂੰ ਮਿਲੀਆਂ। ਵੈਸੇ ਹਿੰਦੀ ਦੇ ਮੁਕਾਬਲੇ ਪੰਜਾਬੀ 'ਚ ਲਿਖਿਆ ਜਾ ਰਿਹਾ ਬਾਲ ਸਾਹਿਤ ਸਿੱਖਿਆਦਾਇਕ ਵੱਧ ਹੈ। ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇੰਝ ਲੱਗਦਾ ਜਿਵੇਂ ਲੇਖਕ ਇਸਨੂੰ ਆਰਟੀਫਿਸ਼ਲ ਢੰਗ ਨਾਲ ਲਿਖ ਰਹੇ ਹੋਣ। ਬਾਲਾਂ ਦੀ ਮਾਨਸਿਕਤਾ ਨੂੰ ਪੰਜਾਬੀ ਬਾਲ ਸਾਹਿਤ 'ਚ ਬਹੁਤ ਘੱਟ ਫੜਿਆ ਗਿਆ ਹੈ। ਹਿੰਦੀ 'ਚ ਲਿਖਿਆ ਬਾਲ ਸਾਹਿਤ ਬਾਲਾਂ ਦੇ ਪੱਧਰ ਦਾ ਹੁੰਦਾ ਹੈ। ਬਾਲਾਂ 'ਤੇ ਜਬਰੀ ਥੋਪੀਆਂ ਗਈਆਂ ਸਿੱਖਿਆਵਾਂ ਤੋਂ ਅੱਗੇ ਨਹੀਂ ਹੁੰਦਾ। ਉਹ ਕੀ ਚਾਹੁੰਦੇ ਹਨ, ਉਨ੍ਹਾਂ ਅੰਦਰ ਕੀ ਚੱਲ ਰਿਹਾ ਹੈ, ਅਜਿਹਾ ਫੜਨ ਵਾਲੇ ਪੰਜਾਬੀ ਬਾਲ ਸਾਹਿਤਕਾਰੀ 'ਚ ਇੱਕਾ-ਦੁੱਕਾ ਨੂੰ ਛੱਡ ਕੇ ਬੜੇ ਘੱਟ ਲੇਖਕ ਨੇ।

- ਦੇਵਨੀਤ ਨੇ ਤੁਹਾਡੀ ਕਹਾਣੀ ਪੜ੍ਹਨ ਤੋਂ ਬਾਅਦ ਕੋਈ ਟਿੱਪਣੀ ਦਿੱਤੀ ਹੋਵੇ?

ਦੇਵਨੀਤ, ਗੁਰਪ੍ਰੀਤ, ਰਾਜਵਿੰਦਰ ਮੀਰ, ਤਨਵੀਰ ਸਾਡੇ 'ਚ ਪਿਛਲੇ ਵੀਹ ਸਾਲਾਂ ਦੀ ਸਾਂਝ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਕਿਸੇ ਦੀ ਵੀ ਰਚਨਾ ਦਾ ਲਿਹਾਜ਼ ਨਹੀਂ ਰੱਖਦੇ। ਚੰਗੀ ਨੂੰ ਚੰਗੀ ਤੇ ਮਾੜੀ ਨੂੰ ਮਾੜੀ ਕਹਿੰਦਿਆਂ ਭੋਰਾ ਵੀ ਸੰਕੋਚ ਨਹੀਂ ਕਰਦੇ। ਦੇਵਨੀਤ ਦਾ ਘਰ ਮੇਰੀ ਦੁਕਾਨ ਦੇ ਬਿਲਕੁਲ ਨੇੜੇ ਮਸਾਂ 300 ਗਜ਼ ਦੀ ਦੂਰੀ 'ਤੇ ਸੀ। ਉਹ ਸਕੂਲ ਹਫ਼ਤਾ-ਹਫ਼ਤਾ ਛੁੱਟੀ ਭਰ ਕੇ ਮੇਰੇ ਆਉਣ ਤੋਂ ਪਹਿਲਾਂ ਹੀ ਮੇਰੀ ਦੁਕਾਨ 'ਤੇ ਲੋਈ ਦੀ ਬੁੱਕਲ ਮਾਰ ਪਿਆ ਹੁੰਦਾ। ਉਹ ਜਿਹੜੀ ਵੀ ਚੰਗੀ ਕਿਤਾਬ ਪੜ੍ਹਦਾ, ਉਸਨੂੰ ਪੜਨ ਲਈ ਕਹਿੰਦਾ। ਉਸ ਕੋਲੋਂ ਮੈਨੂੰ ਕਾਫ਼ੀ ਕੁਝ ਸਿੱਖਣ ਤੇ ਪੜ੍ਹਨ ਨੂੰ ਮਿਲਿਆ। ਉਹ ਖ਼ੁਦ ਕਵੀ ਦੇ ਨਾਲ ਕਹਾਣੀਕਾਰ ਵੀ ਸੀ, ਮੈਂ ਉਹਦੀਆਂ ਪੰਜ-ਛੇ ਕਹਾਣੀਆਂ ਜੋ ਉਹਨੇ ਮੈਨੂੰ ਛਪੀਆਂ ਦਿੱਤੀਆਂ ਸਨ, ਪੜ੍ਹੀਆਂ ਸਨ। ਉਹ ਕਿਸੇ ਵੀ ਲਿਖਤ 'ਤੇ ਬੇਬਾਕ ਟਿੱਪਣੀਆਂ ਕਰਦਾ ਸੀ। ਅਸੀਂ ਸਾਰੇ ਕਈ ਵਾਰ ਲੜੇ, ਕਈ ਵਾਰ ਇਕੱਠੇ ਹੁੰਦੇ। ਇਹ ਚਾਰੇ ਲੇਖਕ-ਮਿੱਤਰਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਦੇਵਨੀਤ ਮੇਰੀਆਂ ਕਹਾਣੀਆਂ ਦਾ ਫੈਨ ਸੀ। ਮੈਂ ਜਦੋਂ ਵੀ ਕਹਾਣੀ ਲਿਖਦਾ ਜਦੋਂ ਉਹ ਜਿਊਂਦਾ ਹੁੰਦਾ, ਤਾਂ ਉਹਨੂੰ ਪੜ੍ਹ ਕੇ ਸੁਣਾਉਂਦਾ। ਅਜਿਹਾ ਹੀ ਹੁਣ ਗੁਰਪ੍ਰੀਤ, ਤਨਵੀਰ, ਰਾਜਵਿੰਦਰ ਮੀਰ ਨਾਲ ਮੇਰਾ ਰਿਸ਼ਤਾ ਹੈ।

- ਜੋ ਸ਼ਬਦ ਸਮਾਜ ਕਹਿਣ ਤੋਂ ਸ਼ਰਮਾਉਂਦਾ ਹੈ ਉਹ ਤੁਹਾਡੀਆਂ ਕਹਾਣੀ 'ਚ ਆ ਜਾਂਦੇ ਹਨ ਕਦੀ ਕਿਸੇ ਨੇ ਉਲਾਂਭਾ ਨਹੀਂ ਦਿੱਤਾ?

ਮੇਰੀਆਂ ਕਹਾਣੀਆਂ 'ਚ ਕਈ ਸ਼ਬਦ ਬਿਲਕੁਲ ਖੁੱਲ੍ਹੇ ਰੂਪ 'ਚ ਸ਼ਾਮਲ ਹੁੰਦੇ ਨੇ। ਮੈਂ ਕਹਾਣੀ ਲਿਖਣ ਲੱਗਾ ਆਪਣੇ ਪਾਤਰਾਂ ਨੂੰ ਅੰਦਰ ਵਾੜ ਲੈਂਦਾ ਹੁੰਦਾ। ਉਹ ਜਿਵੇਂ ਕਰਦੇ ਨੇ, ਉਨ੍ਹਾਂ ਨੂੰ ਖੁੱਲ੍ਹ ਦੇ ਦਿੰਦਾਂ। ਮੈਂ ਉਨ੍ਹਾਂ ਵਿਚਾਲੇ ਅੜਿੱਕਾ ਨਹੀਂ ਬਣਦਾ। ਇਸੇ ਲਈ ਮੇਰੀਆਂ ਕਹਾਣੀਆਂ 'ਚ ਕਾਫ਼ੀ ਖੁੱਲ੍ਹ ਹੁੰਦੀ ਹੈ। ਮੈਨੂੰ ਇਸ ਕਾਰਨ ਹਲਕੇ ਪੱਧਰ ਦੇ ਲੋਕਾਂ ਕੋਲੋਂ ਆਲੋਚਨਾ ਦਾ ਵੀ ਸਾਹਮਣਾ ਕਰਨਾ ਪੈਂਦਾ। ਪਰ ਇਹ ਸਾਰੇ ਸਾਹਮਣੇ ਨਹੀਂ ਪਿੱਠ ਪਿੱਛੇ ਮੇਰੀ ਆਲੋਚਨਾ ਕਰਦੇ ਹਨ। ਮੇਰੀਆਂ ਕਹਾਣੀਆਂ ਬਾਰੇ ਕਿੰਤੂ-ਪ੍ਰੰਤੂ ਕਰਦੇ ਹਨ। ਪਰ ਮੈਂ ਆਪਣੇ ਪਾਤਰਾਂ ਨੂੰ ਨਕਲੀ ਜਿਉੂਣਾ ਨਹੀਂ ਸਿਖਾ ਸਕਦਾ, ਉਹ ਜਿਵੇਂ ਜਿਊਂਦੇ ਹਨ, ਮੈਂ ਉਨ੍ਹਾਂ ਨੂੰ ਉਵੇਂ ਹੀ ਬਿਆਨ ਕਰਦਾ ਹਾਂ, ਉਸ 'ਚ ਕੁਝ ਅਸ਼ਲੀਲਤਾ ਵੀ ਮਿਲ ਸਕਦੀ ਹੈ, ਤੇ ਕੁਝ ਬੇਬਾਕੀ ਵੀ।

- ਅਕਸਰ ਤੁਹਾਡੀ ਪੋਸਟ 'ਤੇ ਕਵਿਤਾ ਲਿਖੀ ਹੁੰਦੀ ਹੈ। ਕਵਿਤਾ ਥੱਲੇ 'ਦੀਪ' ਲਿਖਿਆ ਹੁੰਦਾ ਹੈ ਇਹ ਦੀਪ ਕੌਣ ਹੈ?

ਮਨ ਦੇ ਵਲਵਲੇ ਇਕੱਲਤਾ ਦੇ ਕਿਸੇ ਕੋਨੇ 'ਚ ਪਏ ਜਦ ਉੱਛਲ ਕੇ ਬਾਹਰ ਆਉਂਦੇ ਹਨ, ਤਾਂ ਮੈਂ ਉਨ੍ਹਾਂ ਨੂੰ 'ਦੀਪ' ਦੇ ਹਵਾਲੇ ਕਰ ਦਿੰਦਾ ਹਾਂ। 'ਦੀਪ' ਮੇਰਾ ਹੀ ਹਮਸਾਇਆ ਹੈ। ਇਸ ਨੂੰ ਤੂੰ ਮੇਰੀ ਮੁਹੱਬਤ ਦਾ ਨਾਂ ਵੀ ਦੇ ਸਕਦਾ ਏਂ। ਮੈਂ ਇਸ ਨੂੰ ਆਪਣੀਆਂ ਦੋ ਪੁਸਤਕਾਂ ਸਮਰਪਣ ਕੀਤੀਆਂ ਹਨ। ਮਨ ਜਦੋਂ ਵੀ ਵਿਆਕੁਲ ਹੋਣ ਲੱਗਦਾ ਹੈ ਤਾਂ ਮੈਂ ਕਵਿਤਾ ਰਾਹੀਂ ਇਸ ਨਾਂ ਨਾਲ ਖ਼ੁਦ ਨੂੰ ਜੋੜ ਲੈਂਦਾ ਹਾਂ।

- ਕਿਤਾਬ ਸੰਪਾਦਨ ਕਰਦੇ ਸਮੇਂ ਰਚਨਾ ਦੀ ਚੋਣ ਕਿਹੜੇ ਪੱਖ ਨੂੰ ਸਾਹਮਣੇ ਰੱਖਕੇ ਕਰਦੇ ਹੋ?

ਕਿਤਾਬਾਂ ਦੇ ਸੰਪਾਦਨ ਕਰਨ ਵੇਲੇ ਮੇਰਾ ਮੰਤਵ ਇਹ ਸੀ ਕਿ ਪਾਠਕਾਂ ਨੂੰ ਇਕ ਹੀ ਵਿਸ਼ੇ 'ਤੇ ਕੇਂਦਰਿਤ ਕਹਾਣੀਆਂ ਪੁਸਤਕ ਰੂਪ 'ਚ ਉਪਲਬਧ ਕਰਵਾਈਆਂ ਜਾਣ। ਮੈਂ ਕੁਝ ਅਜਿਹੀਆਂ ਹੀ ਪੁਸਤਕਾਂ ਦਾ ਸੰਪਾਦਨ ਕੀਤਾ ਹੈ, ਜਿਵੇਂ ਨੱਚਣ ਵਾਲੀਆਂ ਕੁੜੀਆਂ ਦੀ ਜ਼ਿੰਦਗੀ 'ਤੇ ਆਧਾਰਿਤ ਕਹਾਣੀਆਂ 'ਸਪੀਡ ਪੋਸਟ', ਨਸ਼ਿਆਂ 'ਤੇ ਕੇਂਦਰਿਤ ਕਹਾਣੀਆਂ 'ਭਾਈਬੰਦ', '31ਦਲਿਤ ਕਹਾਣੀਆਂ', 1990 ਤੋਂ ਬਾਅਦ ਦੀ ਕਿਸਾਨੀ ਕਹਾਣੀ, ਤੇ ਦੋ-ਤਿੰਨ ਹੋਰ ਅਜਿਹੀਆਂ ਹੀ ਪੁਸਤਕਾਂ ਨੂੰ ਸੰਪਾਦਨ ਕਰਨ ਦਾ ਕਾਰਜ ਜਾਰੀ ਹੈ।

- ਗੁਰਪ੍ਰੀਤ ਡੈਨੀ

97792-50653

Posted By: Harjinder Sodhi