(ਆਖ਼ਰੀ ਕਿਸ਼ਤ)

ਮਰਦਾਨਾ ਗੁਰੂ ਸਾਹਿਬ ਦੇ ਖੱਬੇ ਹੱਥ ਥੋੜ੍ਹੀ ਦੂਰੀ ’ਤੇ ਬੈਠਾ ਰਬਾਬ ਵਜਾ ਰਿਹਾ ਹੈ। ਹਸਨ ਅਬਦਾਲ ਵਿਖੇ ਵਲ਼ੀ ਕੰਧਾਰੀ ਵੱਲੋਂ ਪਹਾੜੀ ਤੋਂ ਇਕ ਵੱਡਾ ਪੱਥਰ ਸੁੱਟਣ ਵਾਲੀ ਸਾਖੀ ਵਿਚ ਗੁਰੂ ਸਾਹਿਬ ਆਪਣੇ ਸੱਜੇ ਹੱਥ ਨਾਲ ਪੱਥਰ ਨੂੰ ਰੋਕ ਰਹੇ ਹਨ। ਗੁਰੂ ਸਾਹਿਬ ਦੇ ਸਾਹਮਣੇ ਖੜ੍ਹੇ ਮਰਦਾਨੇ ਦਾ ਹੱਥ ਉੱਪਰ ਵਲ਼ੀ ਕੰਧਾਰੀ ਵੱਲ ਹੈ, ਜੋ ਕੁਝ ਬੋਲ ਰਿਹਾ ਹੈ। ਗੁਰੂ ਸਾਹਿਬ ਦੇ ਪਿੱਛੇ ਬੈਠੇ ਬਾਲੇ ਦਾ ਧਿਆਨ ਵੀ ਉੱਪਰ ਪੱਥਰਾਂ ਵੱਲ ਹੈ। ਗੁਰੂ ਜੀ ਦੇ ਸਪਰਸ਼ ਵਾਲਾ ਇਹ ਪੱਥਰ ਅੱਜ ਵੀ ਪੰਜਾ ਸਾਹਿਬ ਵਿਖੇ ਵਿਦਮਾਨ ਹੈ।

ਕੁਰੂਕਸ਼ੇਤਰ ਵਾਲੀ ਸਾਖੀ ਵਿਚ ਸੂਰਜ ਗ੍ਰਹਿਣ ਮੌਕੇ ਗੁਰੂ ਸਾਹਿਬ ਲੋਕਾਂ ਨੂੰ ਸਮਝਾਉਂਦੇ ਹਨ ਕਿ ਗ੍ਰਹਿਣ ਦਾ ਧਰਮ ਨਾਲ ਕੋਈ ਸਬੰਧ ਨਹੀਂ। ਇਹ ਇਕ ਕੁਦਰਤੀ ਵਰਤਾਰਾ ਹੈ, ਜੋ ਗ੍ਰਹਿਆਂ ਦੀ ਇੱਕਸਾਰਤਾ ਕਾਰਨ ਇਕ ਦੂਜੇ ਦੇ ਵਿਚਕਾਰ ਆ ਜਾਣ ਨਾਲ ਹਨੇਰਾ ਪੈਦਾ ਹੋ ਜਾਂਦਾ ਹੈ, ਜਿਸ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ।

ਗੁਰੂ ਨਾਨਕ ਦੇਵ ਜੀ ਵੱਲੋਂ ਆਪਣੇ ਉੱਤਰਾਧਿਕਾਰੀ ਭਾਈ ਲਹਿਣਾ ਨੂੰ ਗੁਰਗੱਦੀ ਸੌਂਪਣ ਵਾਲੇ ਚਿੱਤਰ ਵਿਚ ਬਾਬਾ ਬੁੱਢਾ ਜੀ ਗੁਰਗੱਦੀ ਤਿਲਕ ਲਗਾ ਰਹੇ ਹਨ। ਭਾਈ ਲਹਿਣਾ ਨੂੰ ਗੁਰਗੱਦੀ ਸੌਂਪਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋਤਿ ਰੂਪੀ ਆਤਮਾ ਦਾ ਭਾਈ ਲਹਿਣਾ ਵਿਚ ਸਮਾਵੇਸ਼ ਕਰ ਦਿੱਤਾ। ਹੁਣ ਭਾਈ ਲਹਿਣਾ ਗੁਰੂ ਨਾਨਕ ਦੇਵ ਜੀ ਦਾ ਹੀ ਇਕ ਅੰਗ ਹੋ ਕੇ ਗੁਰੂ ਅੰਗਦ ਦੇਵ ਜੀ ਹੋ ਗਏ ਹਨ।

‘ਜੇਹਾ ਬਾਬਾ ਨਾਨਕੁ ਸਾ ਤੇਹੋ ਜੇਹਾ ਗੁਰੂ ਅੰਗਦ ਹੋਇਆ॥’

ਚਿੱਤਰਕਾਰ ਨੇ ਗੁਰੂ ਅੰਗਦ ਦੇਵ ਜੀ ਨੂੰ ਸ਼ਾਹੀ ਪੁਸ਼ਾਕ ਪਹਿਨੀ ਗੁਰੂ ਸਾਹਿਬ ਦੇ ਸਾਹਮਣੇ ਇਕ ਉੱਚੇ ਸ਼ਾਹੀ ਸਿੰਘਾਸਣ ’ਤੇ ਬਿਠਾਇਆ ਹੈ। ਗੁਰੂ ਅੰਗਦ ਦੇਵ ਜੀ ਨੂੰ ਕਾਲੀ ਦਾਹੜੀ ਵਿਚ ਅਤੇ ਪਗੜੀ ’ਤੇ ਕਲਗੀ ਲਗਾਈ ਚਿੱਤਰਿਆ ਹੈ। ਦੋਵੇਂ ਗੁਰੂ ਸਾਹਿਬਾਨ ਦੇ ਸਿਰ ਦੁਆਲੇ ਤੇਜ-ਪੁੰਜ ਸਿਰਜਿਆ ਹੈ। ਇਸ ਵੇਲੇ ਬਾਲਾ ਗੁਰੂ ਨਾਨਕ ਸਾਹਿਬ ਦੇ ਪਿੱਛੇ ਖੜ੍ਹਾ ਹੈ, ਉਸ ਨੇ ਚੌਰ ਮੋਢੇ ’ਤੇ ਰੱਖਿਆ ਹੈ। ਗੁਰੂ ਅੰਗਦ ਦੇਵ ਜੀ ਦੇ ਪਿੱਛੇ ਵੀ ਇਕ ਹਿੰਦੂ ਖੜ੍ਹਾ ਚੌਰ ਕਰ ਰਿਹਾ ਹੈ।

ਅਨੇਕਾਂ ਸਾਲਾਂ ਦੀਆਂ ਵਿਆਪਕ ਉਦਾਸੀਆਂ ਤੋਂ ਬਾਅਦ ਗੁਰੂ ਸਾਹਿਬ 1521 ਵਿਚ ਕਰਤਾਰਪੁਰ ਆ ਗਏ। ਇਥੇ ਉਨ੍ਹਾਂ ਨੇ ਲੋਕਾਂ ਨੂੰ ਬ੍ਰਾਹਮਣੀ ਪਾਖੰਡਾਂ ਅਤੇ ਗੁਮਰਾਹਕੁਨ ਵਹਿਮਾਂ-ਭਰਮਾਂ ਦਾ ਤਿਆਗ ਕਰਨ ਲਈ ਜਾਗਰੂਕ ਕੀਤਾ। ਉਨ੍ਹਾਂ ਇੱਥੇ ਜੀਵਨ ਦੇ ਬਾਕੀ ਵਰ੍ਹੇ ਬਿਤਾਏ। ਇਥੇ ਖੇਤੀ ਕੀਤੀ ਅਤੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਸਮੁੱਚੀ ਲੋਕਾਈ ਨੂੰ ਦਿੱਤਾ। ਕਰਤਾਰਪੁਰ ਆ ਕੇ ਮਰਦਾਨਾ ਬਿਮਾਰ ਪੈ ਗਿਆ। ਉਸ ਨੇ ਆਪਣੇ ਜੀਵਨ ਦਾ ਅੰਤਿਮ ਸਾਹ 12 ਨਵੰਬਰ 1534 ਨੂੰ ਲਿਆ। ਕੁਝ ਸਾਖੀਆਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਰਦਾਨੇ ਨੇ ਆਖ਼ਰੀ ਸਾਹ ਬਗਦਾਦ ਵਿਚ ਲਿਆ ਪਰ ਪ੍ਰਾਪਤ ਤੱਥ ਇਸ ਦਾਅਵੇ ਨੂੰ ਝੁਠਲਾਉਂਦੇ ਹਨ। ਹੋਰਨਾਂ ਸਾਖੀਆਂ ਅਨੁਸਾਰ ਮਰਦਾਨੇ ਨੇ ਕਰਤਾਰਪੁਰ ਵਿਖੇ ਦੇਹ ਛੱਡੀ ਅਤੇ ਉਸ ਦਾ ਅੰਤਿਮ ਸਸਕਾਰ ਗੁਰੂ ਸਾਹਿਬ ਨੇ ਆਪ ਕੀਤਾ। ਪਰ ਗੁਰਦੁਆਰਾ ਬਾਬਾ ਅਟੱਲ ਦੇ ਇਸ ਕੰਧ ਚਿੱਤਰ ਵਿਚ ਲਿਖਿਆ ਗਿਆ ਹੈ ਕਿ ਮਰਦਾਨੇ ਨੇ ਆਪਣੀ ਜ਼ਿੰਦਗੀ ਦਾ ਅੰਤਿਮ ਸਾਹ ਖੁਰਮ ਸ਼ਹਿਰ ਵਿਚ ਲਿਆ। ਕਰੁਣਾਮਈ ਰਸ ਵਿਚ ਰੰਗਿਆ ਇਹ ਕੰਧ ਚਿੱਤਰ ਮਰਦਾਨੇ ਦੀ ਅੰਤਿਮ ਯਾਤਰਾ ਦਾ ਪੂਰਾ ਵਿਸਥਾਰ ਦਿੰਦਾ ਹੈ। ਇਸ ਚਿੱਤਰ ਵਿਚ ਦਿਖਾਇਆ ਗਿਆ ਹੈ ਕਿ ਮਰਦਾਨੇ ਦੀ ਮਿ੍ਰਤਕ ਦੇਹ ਸਫ਼ੈਦ ਚਾਦਰ ਵਿਚ ਲਪੇਟੀ ਰੱਖੀ ਹੈ। ਉਸ ਦੇ ਸਿਰਹਾਣੇ ਰਬਾਬ ਲਪੇਟੀ ਪਈ ਹੈ। ਬਾਲਾ ਮਰਦਾਨੇ ਦੇ ਦਾਹ ਸੰਸਕਾਰ ਲਈ ਲੱਕੜੀਆਂ ਇਕੱਠੀਆਂ ਕਰ ਰਿਹਾ ਹੈ। ਗੁਰੂ ਸਾਹਿਬ ਆਪਣੇ ਸਭ ਤੋਂ ਨਜ਼ਦੀਕੀ ਸਾਥੀ ਮਰਦਾਨੇ ਦੇ ਵਿਯੋਗ ਵਿਚ ਦੁੱਖੀ ਹਿਰਦੇ ਨਾਲ ਪਰ ਸ਼ਾਂਤ ਚਿੱਤ ਬੈਠੇ ਹਨ। ਚਿੱਤਰ ਵਿਚ ਮਰਦਾਨੇ ਦੀ ਇਹ ਅਵਸਥਾ ਦੇਖ ਕੇ ਮਨ ਭਰ ਆਉਂਦਾ ਹੈ।

ਮਰਦਾਨੇ ਦੇ ਇਸ ਸੰਸਾਰ ਤੋਂ ਤੁਰ ਜਾਣ ਤੋਂ ਬਾਅਦ ਵੀ ਗੁਰੂ ਸਾਹਿਬ ਖੇਤੀ ਕਰਦੇ ਹਨ। ਉਹ ਸਿੱਖੀ ਦੇ ਲਾਏ ਬੂਟੇ ਨੂੰ ਲੋਕਾਂ ਨੂੰ ਉਪਦੇਸ਼ ਦੇ ਕੇ ਸਿੰਜਦੇ ਹਨ। ਮਾਤਾ ਸੁਲੱਖਣੀ ਵੀ ਇਸ ਮਿਸ਼ਨ ਵਿਚ ਆਪਣੇ ਖਾਵੰਦ ਦਾ ਪੂਰਾ-ਪੂਰਾ ਸਾਥ ਦਿੰਦੀ ਹੈ। ਮਰਦਾਨੇ ਦੇ ਜਾਣ ਤੋਂ ਪੰਜ ਸਾਲ ਬਾਅਦ ਗੁਰੂ ਸਾਹਿਬ ਆਪ ਵੀ 1539 ਵਿਚ ਜੋਤੀ ਜੋਤਿ ਸਮਾ ਜਾਂਦੇ ਹਨ। ਸਬੰਧਿਤ ਸਾਖੀ ਅਨੁਸਾਰ ਗੁਰੂ ਸਾਹਿਬ ਨੇ ਆਪਣੇ ਆਖ਼ਰੀ ਵਕਤ ਨਿਰੰਕਾਰ ਦੀ ਰਜ਼ਾ ਵਿਚ ਰਹਿੰਦਿਆਂ ਆਪਣੇ ਅਨੁਯਾਈਆਂ, ਸੇਵਕਾਂ ਨੂੰ ਅਲਵਿਦਾ ਕਹੀ ਤੇ ਇਕ ਚਾਦਰ ਲੈ ਕੇ ਲੰਮੇ ਪੈ ਗਏ ਅਤੇ ਕੁਝ ਪਲਾਂ ਬਾਅਦ ਜੋਤੀ ਜੋਤਿ ਸਮਾ ਗਏ। ਇਸ ਮਾਰਮਿਕ ਚਿੱਤਰ ਵਿਚ ਗੁਰੂ ਸਾਹਿਬ ਦੀ ਪਾਵਨ ਦੇਹ ਚਿੱਟੀ ਚਾਦਰ ਵਿਚ ਲਪੇਟੀ ਰੱਖੀ ਹੈ। ਸਿਰ ਅਤੇ ਪੈਰਾਂ ਵਾਲੇ ਪਾਸੇ ਗੋਲ ਤਕੀਏ ਰੱਖੇ ਹਨ ਅਤੇ ਆਲੇ ਦੁਆਲੇ ਲਾਲ ਰੰਗ ਦੀ ਕਨਾਤ ਲਗਾਈ ਹੋਈ ਹੈ। ਕਨਾਤ ਦੇ ਪਿੱਛੇ ਗੁਰੂ ਸਾਹਿਬ ਦੇ ਅਨੁਯਾਈ/ਪ੍ਰੇਮੀ ਹੱਥ ਜੋੜੀ ਵਿਰਲਾਪ ’ਚ ਬੈਠੇ ਦਿਸਦੇ ਹਨ। ਚਿੱਤਰ ਦੇ ਉੱਪਰਲੇ ਭਾਗ ਵਿਚ ਦੇਵਤੇ ਆ ਕੇ ਫੁੱਲ ਬਰਸਾ ਰਹੇ ਹਨ। ਇਸ ਚਿੱਤਰ ਦੇ ਹੇਠਾਂ ਜੋਤੀ ਜੋਤਿ ਸਮਾਉਣ ਦੀ ਸੰਮਤ 1596 ਲਿਖੀ ਹੋਈ ਹੈ।

ਸਾਖੀ ਦੱਸਦੀ ਹੈ ਕਿ ਜੋਤੀ ਜੋਤਿ ਸਮਾਉਣ ਉਪਰੰਤ ਅੰਤਿਮ ਰਸਮਾਂ ਨਿਭਾਉਣ ਲਈ ਹਿੰਦੂ-ਮੁਸਲਿਮ ਅਨੁਯਾਈਆਂ ਵਿਚ ਤਕਰਾਰ ਪੈਦਾ ਹੋ ਗਈ। ਹਿੰਦੂ ਕਹਿਣ ਲੱਗੇ ਕਿ ਉਹ ਸਾਡੇ ਗੁਰੂ ਸਨ ਅਤੇ ਮੁਸਲਮਾਨ ਉਨ੍ਹਾਂ ਨੂੰ ਆਪਣਾ ਪੀਰ ਕਹਿਣ ਲੱਗੇ। ਇਸ ਤਕਰਾਰ ਦੇ ਚੱਲਦਿਆਂ ਜਦੋਂ ਉਨ੍ਹਾਂ ਨੇ ਚਾਦਰ ਹਟਾਈ ਤਾਂ ਹੇਠਾਂ ਫੁੱਲ ਹੀ ਮਿਲੇ। ਬਾਅਦ ਵਿਚ ਦੋਵਾਂ ਨੇ ਚਾਦਰ ਅੱਧੀ ਅੱਧੀ ਵੰਡ ਕੇ ਆਪਣੇ ਸੰਸਕਾਰਾਂ ਸਹਿਤ ਚਾਦਰ ਦਾ ਸਸਕਾਰ ਅਤੇ ਦਫਨ ਦਾ ਕਾਰਜ ਕਰਤਾਰਪੁਰ ’ਚ ਸੰਪੂਰਨ ਕਰ ਦਿੱਤਾ। ਇਨ੍ਹਾਂ ਵਿਯੋਗ ਦੇ ਪਲਾਂ ਨੂੰ ਦਰਸਾਉਂਦੇ ਇਕ ਹੋਰ ਚਿੱਤਰ ਵਿਚ ਇਕ ਪਾਸੇ ਮੁਸਲਮਾਨ ਤੇ ਦੂਜੇ ਪਾਸੇ ਹਿੰਦੂ ਚਾਦਰ ਨੂੰ ਅੱਧੋ ਅੱਧੀ ਕਰਦੇ ਚਿੱਤਰੇ ਗਏ ਹਨ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ 70 ਸਾਲ, 5 ਮਹੀਨੇ ਤੇ 7 ਦਿਨ ਦੁਨਿਆਵੀ ਜ਼ਿੰਦਗੀ ਭੋਗ ਕੇ ਰੁਖ਼ਸਤ ਹੋ ਗਏ। ਗੁਰੂ ਸਾਹਿਬ ਤੋਂ ਲਗਪਗ 6 ਸਾਲ ਬਾਅਦ ਮਾਤਾ ਸੁਲੱਖਣੀ ਵੀ 1539 ਵਿਚ ਕਰਤਾਰਪੁਰ ਵਿਖੇ ਹੀ ਪ੍ਰਲੋਕ ਗਮਨ ਕਰ ਗਏ।

ਸਮੂਹ ਚਿੱਤਰਾਂ ਦਾ ਮੁੱਲਾਂਕਣ ਕਰੀਏ ਤਾਂ ਚਿੱਤਰਕਾਰਾਂ (ਨੱਕਾਸ਼ਾਂ) ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਬਾਲ ਅਵਸਥਾ, ਫਿਰ ਜਵਾਨੀ ਸਮੇਂ ਦੁਨਿਆਵੀ ਕੰਮਾਂ ਵਿਚਲੇ ਰੁਝੇਵਿਆਂ, ਫਿਰ ਉਨ੍ਹਾਂ ਦੇ ਵਿਆਹ ਦੇ ਦਿ੍ਰਸ਼, 30 ਸਾਲ ਦੇ ਹੋਣ ’ਤੇ ਚਾਰੇ ਉਦਾਸੀਆਂ ਅਤੇ ਕਰਤਾਰਪੁਰ ਵਿਖੇ ਅੰਤਲੇ ਸਾਲਾਂ ਦੇ ਵਾਕਿਆਤ ਨੂੰ ਬਾਖ਼ਬੀ ਚਿੱਤਰ ਕੇ ਜਨਮ ਸਾਖੀਆਂ ਨੂੰ ਸੰਪੂਰਨਤਾ ਦਿੱਤੀ ਹੈ। ਇਸ ਤਰ੍ਹਾਂ ਚਿੱਤਰਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਦੇ ਚਿੱਤਰ ਤੋਂ ਲੈ ਕੇ ਜੀਵਨ ਦੇ ਆਖ਼ਰੀ ਵਕਤ ਤਕ ਦੇ ਪ੍ਰਸੰਗ ਨੂੰ ਚਿੱਤਰਾਂ ਰਾਹੀਂ ਸਾਡੇ ਸਾਹਮਣੇ ਇੰਜ ਪੇਸ਼ ਕੀਤਾ ਹੈ, ਜਿਵੇਂ ਅਸੀਂ ਵੀ ਗੁਰੂ ਸਾਹਿਬ ਦੇ ਪੂਰੇ ਜੀਵਨ ਵਿਚ ਉਨ੍ਹਾਂ ਦੇੇ ਨਾਲ-ਨਾਲ ਹੋਈਏ ਅਤੇ ਉਨ੍ਹਾਂ ਦੇ ਜੀਵਨ ਦਾ ਹਰ ਵਰਤਾਰਾ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਰਹੇ ਹੋਈਏ। ਮਰਦਾਨੇ ਅਤੇ ਗੁਰੂ ਸਾਹਿਬ ਦੇ ਦੁਨਿਆਵੀ ਸੰਸਾਰ ਛੱਡ ਜਾਣ ਦੇ ਦੋਵੇਂ ਮਾਰਮਿਕ ਚਿੱਤਰਾਂ ਦੀ ਡੂੰਘਿਆਈ ਵਿਚ ਉੱਤਰਦਿਆਂ ਤੇ ਜਜ਼ਬਾਤ ਦੇ ਵੇਗ ਵਿਚ ਵਹਿੰਦਿਆਂ ਸਾਡੀਆਂ ਅੱਖਾਂ ਵੀ ਦੁੱਖ ਤੇ ਵਿਯੋਗ ਵਿਚ ਭਰ ਆਉਂਦੀਆਂ ਹਨ। ਇਥੋਂ ਸਪਸ਼ਟ ਹੋ ਜਾਂਦਾ ਹੈ ਕਿ ਸਾਰੇ ਚਿੱਤਰਕਾਰ ਗੁਰੂ ਸਾਹਿਬ ਦੀ ਜਨਮ ਸਾਖੀ ਵਿਚਲੇ ਕੌਤਕਾਂ ਨੂੰ ਸਰਲਤਾ ਨਾਲ ਪੇਸ਼ ਕਰਨ ਅਤੇ ਉਸ ਦੇ ਸਕਾਰਾਤਮਿਕ ਪ੍ਰਭਾਵ ਨੂੰ ਸਿਰਜਣ ਵਿਚ ਪੂਰਨ ਰੂਪ ਵਿਚ ਕਾਮਯਾਬ ਰਹੇ ਹਨ।

ਚਿੱਤਰਾਂ ਦੀ ਬਣਤਰ ਬਾਰੇ ਜੇ ਗੱਲ ਕਰੀਏ ਤਾਂ ਇਨ੍ਹਾਂ ਵਿਚ ਪਾਤਰ ਦੀ ਸ਼ਨਾਖ਼ਤ ਲਈ ਉਸ ਦਾ ਨਾਂਅ ਲਿਖਿਆ ਗਿਆ ਹੈ। ਚਿੱਤਰ ਵਿਚ ਉਹ ਕੀ ਕਾਰਜ ਕਰ ਰਿਹਾ ਹੈ, ਇਸ ਬਾਰੇ ਵੀ ਲਿਖਿਆ ਗਿਆ ਹੈ। ਚਿੱਤਰਾਂ ਵਿਚ ਦੁਬਾਰਾ ਰੰਗ ਭਰੇ ਗਏ ਹਨ। ਇਸ ਤਰ੍ਹਾਂ ਚਿੱਤਰਾਂ ਦੀ ਦਿੱਖ ਵਿਚ ਫ਼ਰਕ ਤਾਂ ਆਇਆ ਹੀ ਹੈ, ਭਾਸ਼ਾ ਵਿਚ ਵੀ ਫ਼ਰਕ ਆਇਆ ਹੈ। ਕਈ ਚਿੱਤਰਾਂ ਵਿਚਲੀ ਸਾਖੀ ਦੇ ਮੂਲ ਪਾਠ ਦੇ ਉੱਤੇ ਹੀ ਪੂਰਨਿਆਂ ਵਾਂਗ ਸ਼ਬਦ ਗੂੜ੍ਹੇ ਕਰ ਦਿੱਤੇ ਗਏ ਹਨ, ਜੋ ਕਈ ਜਗ੍ਹਾ ਠੀਕ ਪਰਛਾਵੇਂ ਵਾਂਗ ਲਗਦੇ ਹਨ। ਕਈ ਥਾਵਾਂ ’ਤੇ ਪਾਤਰ ਦੀ ਸ਼ਨਾਖ਼ਤ ਲਈ ਉਸ ਦਾ ਲਿਖਿਆ ਨਾਂਅ ਹੀ ਗ਼ਾਇਬ ਕਰ ਦਿੱਤਾ ਗਿਆ ਹੈ। ਚਿੱਤਰਾਂ ਵਿਚ ਲਿਖੇ ਗਏ ਮੂਲ ਪਾਠ ਦੀ ਭਾਸ਼ਾ ਬਦਲ ਕੇ ਅਜੋਕੀ ਆਧੁਨਿਕ ਪੰਜਾਬੀ ਭਾਸ਼ਾ ਵਿਚ ਸ਼ਬਦ ਜੋੜ ਲਿਖੇ ਗਏ ਹਨ। ਅਜਿਹਾ ਕਰਨ ਨਾਲ ਚਿੱਤਰਾਂ ਦੀ ਪੁਰਾਤਨਤਾ ਤੇ ਮੂਲ ਰੂਪ/ਦਿੱਖ ਨੂੰ ਸੱਟ ਜ਼ਰੂਰ ਵੱਜੀ ਹੈ।

ਚਿੱਤਰਾਂ ਦੀ ਪਿੱਠ ਭੂਮੀ ਵਿਚ ਲੋੜੀਂਦੀਆਂ ਮੌਕੇ ਦੀਆਂ ਸਫ਼ੈਦ ਰੰਗ ਦੀਆਂ ਇਮਾਰਤਾਂ, ਜੋ ਸਿੱਖ ਭਵਨ ਸ਼ੈਲੀ ਅਨੁਸਾਰ ਬਣੀਆਂ ਚਿੱਤਰੀਆਂ ਗਈਆਂ ਹਨ। ਇਨ੍ਹਾਂ ਇਮਾਰਤਾਂ ਦੀਆਂ ਛੱਤਾਂ ਉੱਤੇ ਗੁੰਬਦ ਵੀ ਬਣੇ ਦਿਸਦੇ ਹਨ। ਕੁਝ ਚਿੱਤਰ ਆਇਤਾਕਾਰ ਰੰਗੀਨ ਬਾਰਡਰ ਬਣਾ ਕੇ, ਉਸ ਵਿਚ ਇਕ ਡਾਟ ਬਣਾ ਕੇ ਚਿੱਤਰੇ ਗਏ ਹਨ। ਡਾਟ ਦੇ ਉੱਪਰਲੇ ਹਿੱਸੇ ਨੂੰ ਫੱੁਲ ਪੱਤੀਆਂ ਨਾਲ ਲਾਲ ਰੰਗ ਦੀ ਪਿੱਠ ਭੂਮੀ ਦੇ ਕੇ ਸ਼ਿੰਗਾਰਿਆ ਗਿਆ ਹੈ। ਇਨ੍ਹਾਂ ਸਾਰਿਆਂ ਚਿੱਤਰਾਂ ਨੂੰ ਆਪੋ ਵਿਚ ਇਕ ਸਮਰੂਪਤਾ ਦੇਣ ਲਈ ਚਟਕੀਲੇ ਨੀਲੇ ਰੰਗ ਦੇ ਉੱਪਰ ਸਫੈਦ ਰੰਗ ਨਾਲ ਇਕ ਖ਼ਾਸ ਜੁਮੈਟ੍ਰੀਕਲ ਡਿਜ਼ਾਈਨ ਵਾਰ-ਵਾਰ ਬਣਾਇਆ ਗਿਆ ਹੈ ਤਾਂ ਜੋ ਇਕ ਵਿਸ਼ਾਲ ਕੈੱਨਵਸ ਦਾ ਆਭਾਸ ਹੋਵੇ। ਇਸ ਤਰ੍ਹਾਂ ਚਿੱਤਰਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਅਤੇ ਨੂਰਾਨੀ ਮਹਿਮਾ ਨੂੰ ਸਮਝ ਕੇ ਉਨ੍ਹਾਂ ਦੀਆਂ ਜੀਵਨ-ਗਥਾਵਾਂ ਨੂੰ ਕੰਧਾਂ ਉੱਤੇ ਇੰਜ ਨਿਰੂਪਤ ਕੀਤਾ ਹੈ ਕਿ ਉਹ ਅਲੌਕਿਕ ਸੌਂਦਰਯ-ਯੁਕਤ ਜੀਵੰਤ ਲੱਗਦੀਆਂ ਹਨ।

ਇਸ ਗੁਰਦੁਆਰਾ ਬਾਬਾ ਅਟੱਲ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਸੰਪੂਰਨ ਜੀਵਨ ਬਿਰਤਾਂਤ ਨੂੰ ਜਨਮ ਸਾਖੀਆਂ ਦੇ ਰੂਪ ਵਿਚ ਚਿੱਤਰਣ ਕਰਨ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੇ ਚਿੱਤਰ ਵੀ ਉਲੀਕੇ ਹਨ, ਜਿਸ ਵਿਚ ਉਨ੍ਹਾਂ ਨੂੰ ਗੋਲ ਤਕੀਏ ਨਾਲ ਢੋਅ ਲਗਾਈ ਇਕ ਸਿੰਘ ਨਾਲ ਵਾਰਤਾਲਾਪ ਕਰਦਿਆਂ ਚਿੱਤਰਿਆ ਗਿਆ ਹੈ। ਇਹ ਹੀ ਨਹੀਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਬਾਬਾ ਨੌਧ ਸਿੰਘ, ਬਾਬਾ ਹਨੂੰਮਾਨ ਸਿੰਘ, ਬਾਬਾ ਗੁਰਬਖਸ਼ ਸਿੰਘ ਸਮੇਤ 18 ਵੀਂ ਸਦੀ ਦੀਆਂ ਵੱਖ-ਵੱਖ ਜੰਗਾਂ ਵਿਚ ਸ਼ਹੀਦੀਆਂ ਪਾਉਣ ਵਾਲਿਆਂ ਦੇ ਕੰਧ ਚਿੱਤਰ ਵੀ ਮਿਲਦੇ ਹਨ। ਨਵਾਬ ਕਪੂਰ ਸਿੰਘ ਅਤੇ ਜੱਸਾ ਸਿੰਘ ਰਾਮਗੜ੍ਹੀਆ ਦਾ ਸਸਕਾਰ ਵੀ ਇਥੇ ਹੋਇਆ ਦੱਸਿਆ ਜਾਂਦਾ ਹੈ। ਇਹ ਪਰੰਪਰਕ ਕੰਧ ਚਿੱਤਰ ਚਿੱਤਰਕਾਰਾਂ ਦੇ ਕਲਾਤਮਿਕ ਕੌਸ਼ਲ ਅਤੇ ਰਚਨਾਤਮਿਕ ਉਤਕਿ੍ਰਸ਼ਟਤਾ ਨੂੰ ਅਭਿਵਿਅਕਤ ਕਰਦੇ ਹਨ। ਤਕਨੀਕ ਅਤੇ ਸੌਂਦਰਯ ਸ਼ਾਸਤਰੀ ਮਾਣਕਾਂ ਦੇ ਮਾਮਲੇ ਵਿਚ ਇਹ ਕੰਧ-ਚਿੱਤਰ ਉੱਤਮਤਾ ਦੇ ਪ੍ਰਤੀਕ ਵੀ ਹਨ। ਇਨ੍ਹਾਂ ਚਿੱਤਰਾਂ ਵਿਚ ਮੋਟਿਫ ਏਨੀ ਨਫ਼ਾਸਤ ਨਾਲ ਵਰਤੇ ਗਏ ਹਨ ਕਿ ਚਿੱਤਰਾਂ ਵਿਚਲਾ ਛੋਟੇ ਤੋਂ ਛੋਟਾ ਪਾਤਰ ਵੀ ਆਪਣਾ ਕਾਰਜ ਤੇ ਕਹਾਣੀ ਬਿਆਨ ਕਰਦਾ ਨਜ਼ਰ ਆਉਂਦਾ ਹੈ। ਜਨਮ ਸਾਖੀਆਂ ਦੇ ਵਿਸਥਾਰ ਤੋਂ ਇਲਾਵਾ ਇਨ੍ਹਾਂ ਵਿਚ ਪ੍ਰਾਚੀਨ ਭਾਰਤੀ ਪੌਰਾਣਿਕ ਕਥਾਵਾਂ ਦਾ ਵਰਣਨ ਵੀ ਮਿਲਦਾ ਹੈ। ਇਹ ਕੰਧ ਚਿੱਤਰ ਇਕ ਪਾਵਨ ਤਸਵੀਰੀ ਕਿਤਾਬ ਦੀ ਤਰ੍ਹਾਂ ਲੱਗਦੇ ਹਨ, ਜੋ ਗੁਰੂ ਸਾਹਿਬ ਦੀ ਦਾਰਸ਼ਨਿਕ ਸੋਚ ਨੂੰ ਦਿ੍ਰੜ ਕਰਵਾਉਂਦੇ ਹਨ। ਜਨਮ ਸਾਖੀ ਚਿੱਤਰ ਦੇਖਣ ਵਾਲੇ ਦੇ ਦਿਲ ਦਿਮਾਗ਼ ਉੱਤੇ ਗੁਰੂ ਨਾਨਕ ਦੇਵ ਜੀ ਦੇ ਵਿਅਕਤਿਤਵ ਅਤੇ ਸਿੱਖਿਆਵਾਂ ਬਾਰੇ ਇਕ ਡੂੰਘੀ ਤੇ ਅਮਿੱਟ ਛਾਪ ਛੱਡਦੇ ਹਨ। ਚਾਹੇ ਉਹ ਦਰਸ਼ਕ ਪੜ੍ਹਿਆ-ਲਿਖਿਆ ਹੈ ਜਾਂ ਅਨਪੜ੍ਹ ਹੈ, ਉਸ ਨੂੰ ਪ੍ਰੇਮ, ਦਿਆਲਤਾ ਅਤੇ ਸੱਚੀ-ਸੁੱਚੀ ਕਿਰਤ ਕਰਨ ਅਤੇ ਨਾਮ ਜਪਣ ਲਈ ਪ੍ਰੇਰਦੇ ਹਨ। ਚਿੱਤਰ ਵੇਖਦਿਆਂ ਦਰਸ਼ਕ ਦੇ ਮਨ ਵਿਚ ‘ਇਕ ਨਿਰੰਕਾਰ’ ਦੇ ਸੰਕਲਪ ਨੂੰ ਬਾਖ਼ੂਬੀ ਵਸਾ ਜਾਂਦੇ ਹਨ। ਇਹ ਹੀ ਨਹੀਂ ਜਨਮ ਸਾਖੀ ਚਿੱਤਰ, ਦੇਖਣ ਵਾਲੇ ਦੇ ਹਿਰਦੇ ਵਿਚ ਗੁਰੂ ਸਾਹਿਬ ਪ੍ਰਤੀ ਆਸਥਾ ਤੇ ਅਧਿਆਤਮਿਕ ਜਾਗਰੂਕਤਾ ਵੀ ਜਗਾ ਦਿੰਦੇ ਹਨ।

ਚਿੱਤਰਾਂ ਨੂੰ ਬਣਾਉਣ ਲਈ ਰੰਗ, ਗੂੰਦ, ਬੁਰਸ਼ ਆਦਿ ਕੁਦਰਤੀ ਸਰੋਤਾਂ ਤੋਂ ਜੁਟਾਏ ਗਏ ਸਨ ਤਾਂ ਹੀ ਇਨ੍ਹਾਂ ਦੀ ਆਭਾ ਵਰ੍ਹਿਆਂ ਬੱਧੀ ਬਰਕਰਾਰ ਰਹੀ ਹੈ ਪਰ ਹੁਣ ਚਿੱਤਰਾਂ ਵਿਚ ਬਣੀ ਗੁਰੂ ਸਾਹਿਬ ਦੀ ਆਕਿ੍ਰਤੀ ਦੇ ਪੈਰਾਂ ਨੂੰ ਸ਼ਰਧਾਲੂਆਂ ਵੱਲੋਂ ਮੱਥਾ ਟੇਕਣ ਦੀ ਗਰਜ਼ ਨਾਲ ਹੱਥ ਲਾਉਣ ਕਰਕੇ ਚਿੱਤਰ ਮੈਲੇ ਹੋ ਰਹੇ ਹਨ।

- ਡਾ. ਜਸਵਿੰਦਰ ਸਿੰਘ ਭੁੱਲਰ

Posted By: Harjinder Sodhi