ਲੇਖਕ ਸਮਾਜਿਕ ਵਾਤਾਵਰਨ ਦੀ ਉਪਜ ਹੁੰਦਾ ਹੋਇਆ ਇਤਿਹਾਸਿਕ, ਰਾਜਨੀਤਕ ,ਆਰਥਿਕ, ਸੱਭਿਆਚਾਰਕ ਤੇ ਸਮਾਜਿਕ ਪ੍ਰਬੰਧ ਤੋਂ ਵੀ ਪੂਰੀ ਤਰ੍ਹਾਂ ਵਾਕਫ਼ ਹੁੰਦਾ ਹੈ। ਸਾਹਿਤ ਸਮਾਜ ਦੀਆਂ ਪ੍ਰਸਥਿਤੀਆਂ ਨੂੰ ਬਿਆਨ ਕਰਦਾ ਹੋਇਆ ਸਮਾਜਿਕ ਚੇਤਨਾ ਦਾ ਪ੍ਰਤੀਬਿੰਬ ਬਣਦਾ ਹੈ। ਜਦੋਂ ਵੀ ਕੋਈ ਸਾਹਿਤਕ ਲਹਿਰ ਪੈਦਾ ਹੁੰਦੀ ਹੈ ਤੇ ਉਸ ਦਾ ਆਪਣਾ ਆਧਾਰ ਹੁੰਦਾ ਹੈ। ਹਰ ਸਮਾਜ ਵਿਚਲੀਆਂ ਜਮਾਤਾਂ ਆਪਣੀਆਂ ਰੁਚੀਆਂ, ਹਿੱਤਾਂ ਅਤੇ ਸੁਹਜ ਸੁਆਦ ਦੇ ਅਨੁਕੂਲ ਆਪਣੀ ਕਲਾ ਉਸਾਰਦੀਆਂ ਹਨ। ਜਿਹੜੀ ਜਮਾਤ ਪੈਦਾਵਾਰੀ ਸਾਧਨਾਂ ਉੱਪਰ ਕਾਬਜ਼ ਹੁੰਦੀ ਹੈ ਉਹ ਆਪਣੇ ਹਿੱਤ ਅਤੇ ਸੁਹਜ ਸੁਆਦ ਲੋਕਾਂ ਉੱਪਰ ਥੋਪਦੀ ਹੈ। ਜੇਕਰ ਕੁਝ ਚੇਤੰਨ ਲੋਕ ਤਾਨਾਸ਼ਾਹੀ ਵਰਤਾਰੇ ਦੀ ਵਿਰੋਧਤਾ ਕਰਦੇ ਹਨ ਤਾਂ ਉਨ੍ਹਾਂ ਦੀ ਆਵਾਜ਼ ਦਬਾਉਣ ਦੇ ਲਈ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਹਨ। ਪਰ ਇਤਿਹਾਸ ਗਵਾਹ ਹੈ ਕਿ ਸੱਚ ਤੇ ਹੱਕ ਦਾ ਪੈਗ਼ਾਮ ਦਿੰਦੀ ਕਲਮ ਹਮੇਸ਼ਾ ਹੀ ਜਾਗਦੀ ਰਹਿੰਦੀ ਹੈ ਜੋ ਸ਼ੋਸ਼ਿਤ ਲੋਕਾਂ ਦੀ ਧਿਰ ਬਣਦੀ ਹੈ। ਅਜਿਹੇ ਸਿਰਜਕਾਂ ਦਾ ਨਾਂ ਲੋਕਾਂ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਂਦਾ ਹੈ। ਅਜਿਹੇ ਹੀ ਸਿਤਾਰੇ ਦਾ ਨਾਂ ਹੈ ‘ਮੁਨਸ਼ੀ ਪ੍ਰੇਮ ਚੰਦ’।

ਮੁਨਸ਼ੀ ਪ੍ਰੇਮ ਚੰਦ ਇਕੱਲਾ ਲੇਖਕ ਹੀ ਨਹੀਂ ਬਲਕਿ ਉਹ ਲੇਖਕਾਂ ਦਾ ਕਾਫ਼ਲਾ, ਇਕ ਪ੍ਰਗਤੀਵਾਦੀ ਸੋਚ ਦਾ ਨਾਂ ਹੈ। ਇਕ ਪਾਸੇ ਜਦੋਂ ਦੇਸ਼ ਅੰਦਰ ਪ੍ਰਗਤੀਵਾਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਤੇ ਦੂਜੇ ਪਾਸੇ ਪ੍ਰਗਤੀਵਾਦੀ ਪੈੜਾਂ ’ਤੇ ਤੁਰਨ ਵਾਲੇ ਲੇਖਕ ਅੱਜ ਵੀ ਹਾਜ਼ਰ ਹਨ। ਜਿਸ ਫਾਸ਼ੀਵਾਦ ਦੇ ਵਿਰੁੱਧ ਮੁਨਸ਼ੀ ਪ੍ਰੇਮ ਚੰਦ ਹੋਰਾਂ ਦੇ ਨਾਲ ਹੋਰ ਸਾਥੀਆਂ ਨੇ ਆਵਾਜ਼ ਉਠਾਈ ਉਹ ਸਥਿਤੀ ਅੱਜ ਵੀ ਭਿਅੰਕਰ ਬਣੀ ਹੋਈ ਹੈ। ਇਸੇ ਕਰਕੇ ਮੁਨਸ਼ੀ ਪ੍ਰੇਮ ਚੰਦ ਦੀ ਵਿਚਾਰਧਾਰਾ ਦੀ ਸਾਰਥਿਕਤਾ ਹੋਰ ਵੀ ਵੱਧ ਜਾਂਦੀ ਹੈ।

ਉਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਲੋਕਾਂ ਅੰਦਰ ਚੇਤਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਗ਼ੁਲਾਮੀ ਦੇ ਸੰਗਲਾਂ ਨੂੰ ਕੱਟਣ ਲਈ ਆਪਣੀ ਆਜ਼ਾਦੀ ਅਤੇ ਹੱਕ ਲਈ ਜੂਝਣ ਦੀ ਲੋੜ ਹੈ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਲੜੇ ਜਾ ਰਹੇ ਘੋਲਾਂ ਨੂੰ ਵੇਖਿਆ ਤੇ ਜਾਣਿਆ। ਵਿਸ਼ਵ ਪੱਧਰ ’ਤੇ ਬਸਤੀਵਾਦ ਦੇ ਵਿਰੁੱਧ ਉੱਠ ਰਹੀਆਂ ਆਵਾਜ਼ਾਂ ਤੇ ਆਜ਼ਾਦੀ ਦੀਆਂ ਲਹਿਰਾਂ ਨੇ ਵੀ ਉਨ੍ਹਾਂ ਦੀ ਸੋਚ ਨੂੰ ਬਹੁਤ ਪ੍ਰਭਾਵਿਤ ਕੀਤਾ। ਸਮਾਜ ਵਿਚਲੀ ਕਾਣੀ ਵੰਡ ਉਨ੍ਹਾਂ ਨੂੰ ਬਹੁਤ ਬੇਚੈਨ ਕਰਦੀ। ਇਸੇ ਲਈ ਸਮਾਜ ਵਿਚਲੇ ਜਮਾਤੀ ਕਿਰਦਾਰ ਨੂੰ ਸਮਝਿਆ। ਆਪਣੀਆਂ ਲਿਖਤਾਂ ਦੇ ਕੇਂਦਰ ਵਿਚ ਉਨ੍ਹਾਂ ਹਾਸ਼ੀਆਗਤ ਵਰਗ ਨੂੰ ਰੱਖਿਆ।

ਸਾਹਿਤ ਪੜ੍ਹਨ, ਮਾਨਣ ਤੇ ਅਨੁਭਵ ਕਰਨ ਦੀ ਰੁਚੀ ਉਨ੍ਹਾਂ ਦੀ 13 ਸਾਲ ਦੀ ਉਮਰ ਵਿਚ ਹੀ ਜਾਗ ਪਈ ਸੀ। ਉਨ੍ਹਾਂ ਨੇ ਇਸ ਛੋਟੀ ਉਮਰ ਵਿਚ ਉਰਦੂ ਦੇ ਮਸ਼ਹੂਰ ਰਚਨਾਕਾਰ ਰਤਨ ਨਾਥ ਸ਼ਰਸਾਰ, ਮਿਰਜ਼ਾ ਰੁਸਬਾ ਅਤੇ ਮੁਲਾਨਾ ਸ਼ਰਰ ਦੇ ਨਾਵਲ ਪੜ੍ਹ ਲਏ ਸਨ। ਛੋਟੀ ਉਮਰ ਵਿਚ ਹੀ ਘਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝਦਿਆਂ ਸੰਘਰਸ਼ਮਈ ਜੀਵਨ ਨੂੰ ਨੇੜਿਓਂ ਜਾਣਿਆ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਕਹਾਣੀ, ਨਾਵਲਾਂ ਵਿਚਲੀ ਸੰਵੇਦਨਾ ਲੋਕਾਂ ਦੇ ਅੰਦਰ ਤਕ ਆਪਣੇ ਨਿਸ਼ਾਨ ਛੱਡਦੀ ਹੈ। ਉਨ੍ਹਾਂ ਨੇ ਯਥਾਰਥਵਾਦੀ ਪਹੁੰਚ ਅਪਨਾਈ ਜਿਸ ਦੀ ਝਲਕ ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਮਿਲਦੀ ਹੈ। ਇਨ੍ਹਾਂ ਰਚਨਾਵਾਂ ਦੇ ਜ਼ਰੀਏ ਪਿਛਾਖੜੀ ਸੋਚ ਤੇ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਉਠਾਈ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਸਾਹਿਤ ਸੁੰਦਰਤਾ ਦਾ ਨਵਾਂ ਪੈਮਾਨਾ ਦਿੱਤਾ। ਉਨ੍ਹਾਂ ਨੇ ਆਪਣੀ ਕਲਮ ਦੇ ਜ਼ਰੀਏ ‘ਗੋਦਾਨ’ ਨਾਵਲ ਵਿਚਲੇ ਪਾਤਰ ਹੋਰੀ ਨੂੰ ਨਾਇਕ ਸਿਰਜ ਦਿੱਤਾ।

1910 ਵਿਚ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਸੋਜ਼ੇ ਵਤਨ’ ’ਤੇ ਪਾਬੰਦੀ ਲਗਾ ਦਿੱਤੀ। ਇਸ ਵਿਚਲੀਆਂ 5 ਕਹਾਣੀਆਂ ਜਿਵੇਂ ‘ਦੁਨੀਆਂ ਕਾ ਸਭ ਸੇ ਅਨਮੋਲ ਰਤਨ’, ‘ਸ਼ੇਖ ਮਖਮੂਰ’,‘ਯਹੀ ਮੇਰਾ ਵਤਨ ਹੈ ‘,‘ਸ਼ੋਕ ਕਾ ਪੁਰਸਕਾਰ’, ਅਤੇ ‘ਸਾਂਸਾਰਿਕ ਪੇ੍ਰਮ’ ‘ਦੇਸ਼ ਪਿਆਰ ਤੇ ਲੋਕਾਂ ਦੇ ਦੁੱਖ ਦਰਦ ਦੀ ਬਾਤ ਪਾਉਂਦੀਆਂ ਸਮਾਜ ਵਿਚਲੇ ਅਮਾਨਵੀ ਪ੍ਰਬੰਧ ਨੂੰ ਪੇਸ਼ ਕਰਦੀਆਂ ਕਈ ਸੁਆਲ ਸਾਹਮਣੇ ਲੈ ਕੇ ਆਈਆਂ। ਹਾਕਮ ਜਮਾਤ ਕਦੇ ਨਹੀਂ ਚਾਹੁੰਦੀ ਕਿ ਉਨ੍ਹਾਂ ਦੀ ਆਲੋਚਨਾ ਕੀਤੀ ਜਾਵੇ ਇਸੇ ਲਈ ਜੇ ਕੋਈ ਲਿਖਤ ਜਾਂ ਕੋਈ ਲੇਖਕ ਸੱਚ ਬੋਲਦਾ ਹੈ ਤਾਂ ਜਾਂ ਤਾਂ ਉਸ ਦੀ ਰਚਨਾ ’ਤੇ ਪਾਬੰਦੀ ਲਗਾਈ ਜਾਂਦੀ ਤੇ ਕਈ ਤਰ੍ਹਾਂ ਦੇ ਕੇਸ ਦਰਜ ਕੀਤੇ ਜਾਂਦੇ ਨੇ ਤੇ ਉਸ ਨੂੰ ਜੇਲ੍ਹ ਵਿਚ ਵੀ ਰੱਖਿਆ ਜਾਂਦਾ ਹੈ। ਅੱਜ ਵੀ ਅਸੀਂ ਇਸ ਸਥਿਤੀ ਤੋਂ ਪੂਰੀ ਤਰ੍ਹਾਂ ਵਾਕਫ਼ ਹਾਂ ਜਦੋਂ ਸੱਚ ਤੇ ਹੱਕ ਦੀ ਆਵਾਜ਼ ਕੁਚਲਣ ਦੇ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ ।

ਬੁੱਧੀਜੀਵੀ, ਲੇਖਕ, ਚਿੰਤਕ ਅਮਾਨਵੀ ਵਰਤਾਰੇ ਦੀ ਤਸਵੀਰ ਲੋਕਾਂ ਸਾਹਮਣੇ ਰੱਖਦੇ ਹੋਏ ਸਮਾਜ ਨੂੰ ਜਾਗਰੂਕ ਕਰਦੇ ਹਨ ਉਹ ਹਾਕਮਾਂ ਦੀਆਂ ਅੱਖਾਂ ਵਿਚ ਰੜਕਦੇ ਹਨ। ਉਸ ਸਮੇਂ ਦੇ ਹਾਕਮਾਂ ਨੇ ਵੀ ਇਹ ਮੁਨਸ਼ੀ ਪ੍ਰੇਮ ਚੰਦ ਦੀ ਪੁਸਤਕ ‘ਸੋਜੇ ਵਤਨ’ ਨੂੰ ਦੇਸ਼ ਵਿਰੋਧੀ ਪੁਸਤਕ ਕਹਿ ਕੇ ਅਗਨੀ ਭੇਟ ਕਰਵਾ ਦਿੱਤਾ ਗਿਆ। ਹਮੀਰਪੁਰ ਦੇ ਜ਼ਿਲ੍ਹਾ ਕੁਲੈਕਟਰ ਨੇ ਹੀ ਮੁਨਸ਼ੀ ਪ੍ਰੇਮ ਚੰਦ ਨੂੰ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਕਿ ਜੇਕਰ ਅੱਗੇ ਤੋਂ ਅਜਿਹਾ ਲਿਖਿਆ ਤਾਂ ਜੇਲ੍ਹ ਭੁਗਤਣੀ ਪਏਗੀ ਪਰ ਜਿਸ ਚੇਤਨ ਲੇਖਕ ਨੇੇ ਜੇ ਧਾਰਿਆ ਹੀ ਹੋਵੇ ਤਾਂ ਉਹ ਲਿਖਤਾਂ ਨਾਲੋਂ ਨਾਤਾ ਤੋੜ ਨਹੀਂ ਸਕਦਾ। ਉਹ ਕੋਈ ਨਾ ਕੋਈ ਤਰੀਕਾ ਅਪਣਾ ਹੀ ਲੈਂਦਾ ਹੈ ।

ਦੂਜੇ ਪਾਸੇ ਜਿਸ ਰਚਨਾ ਤੋਂ ਹਾਕਮਾਂ ਨੂੰ ਡਰ ਆਉਂਦਾ ਹੈ ਉਸ ਰਚਨਾ ਉੱਪਰ ਪੂਰਾ ਸ਼ਿਕੰਜਾ ਕੱਸਿਆ ਜਾਂਦਾ ਜਿਵੇਂ ਪਿੱਛੇ ਜਿਹੇ ਫ਼ੈਜ਼ ਅਹਿਮਦ ਫ਼ੈਜ਼ ਦੀ ਕਵਿਤਾ ‘ਹਮ ਦੇਖੇਂਗੇ..’ਤੇ ਅਵਤਾਰ ਪਾਸ਼ ਦੀ ਕਵਿਤਾ ‘ਸਭ ਤੋਂ ਖ਼ਤਰਨਾਕ’ ਪ੍ਰਤੀ ਵੀ ਇਹ ਰਵੱਈਆ ਸਾਹਮਣੇ ਆਇਆ ਪਰ ਸ਼ਬਦ ਕਦੇ ਕੈਦ ਨਹੀਂ ਹੁੰਦੇ। ਇਸ ਲਈ ਮੁਨਸ਼ੀ ਪ੍ਰੇਮ ਚੰਦ ਦੇ ਦੋਸਤ ਦਯਾ ਨਾਰਾਇਣ ਨਿਗਮ ਨੇ ਸਲਾਹ ਦਿੱਤੀ ਕਿ ਆਪਣਾ ਨਾਮ ਬਦਲਕੇ ਲਿਖਣਾ ਜਾਰੀ ਰੱਖੇ। ਸਮੇਂ ਦੀ ਜ਼ਰੂਰਤ ਮੁਤਾਬਕ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸਾਹਿਤ ਨੂੰ ਮਾਧਿਅਮ ਬਣਾਉਣਾ ਬਹੁਤ ਜ਼ਰੂਰੀ ਸੀ। ਇਸ ’ਤੇ ਅਮਲ ਕਰਦਿਆਂ ਨਵਾਬ ਰਾਏ ਦੀ ਬਜਾਏ ਮੁਨਸ਼ੀ ਪ੍ਰੇਮ ਚੰਦ ਦੇ ਨਾਂ ਲਿਖਣਾ ਸ਼ੁਰੂ ਕੀਤਾ ਤੇ ਆਪਣੀ ਪਛਾਣ ਵੀ ਇਸੇ ਹੀ ਨਾਂ ’ਤੇ ਬਣਾਈ। ‘ਅਸਰਾਰੇ’, ‘ਮੁਆਬਿਦ’, ‘ਪ੍ਰਤਾਪ ਚੰਦਰ’,‘ਸ਼ਿਆਮਾ’, ‘ਪ੍ਰੇਮ ਕਿ੍ਰਸ਼ਣਾ’, ‘ਵਰਦਾਨ’, ‘ਪ੍ਰਤਿਗਿਆ’,‘ਸੇਵਾ ਸਦਨ’, ‘ਪ੍ਰੇਮਾਸ਼੍ਰਮ’,‘ਨਿਰਮਲਾ’,‘ਰੰਗ ਭੂਮੀ’, ‘ਕਾਇਆ ਕਲਪ’, ‘ਗਬਨ’,‘ਕਰਮ ਭੂਮੀ’, ‘ਮੰਗਲਸੂਤਰ’, ‘ਗੋਦਾਨ’ ਆਦਿ ਨਾਵਲ, ‘ਨਮਕ ਕਾ ਦਰੋਗਾ’, ‘ਪ੍ਰੇਮ ਪ੍ਰਸੂਨ’, ਪ੍ਰੇਮ ਪਚੀਸੀ’, ‘ਸੋਜ਼ੇ ਵਤਨ’ ਆਦਿ ਕਹਾਣੀ ਸੰਗ੍ਰਹਿ, 350 ਦੇ ਕਰੀਬ ਕਹਾਣੀਆਂ ਦੇ ਨਾਲ ਬਾਲ ਸਾਹਿਤ ਵੀ ਲਿਖਿਆ ਜਿਸ ਵਿਚ ‘ਕੁੱਤੇ ਕੀ ਕਹਾਣੀ’ ਉਨ੍ਹਾਂ ਦੀ ਚਰਚਿਤ ਪੁਸਤਕ ਹੈ। ਭਾਰਤੀ ਤੇ ਵਿਦੇਸ਼ੀ ਮਹਾਂਪੁਰਸ਼ਾਂ ਬਾਰੇ ਜੀਵਨੀਆਂ ਵੀ ਲਿਖੀਆਂ।

ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਪ੍ਰਗਟਦੇ ਇਤਿਹਾਸਿਕ, ਸਮਾਜਿਕ, ਰਾਜਨੀਤਕ, ਸੱਭਿਆਚਾਰਕ ਪੱਖ ਪਾਠਕਾਂ ਦੇ ਉੱਪਰ ਗਹਿਰਾ ਅਸਰ ਪਾਉਂਦੇ ਹਨ। ਜਿਵੇਂ ‘ਸ਼ਤਰੰਜ ਦੇ ਖਿਡਾਰੀ’ ਕਹਾਣੀ ਵਿਚ ਈਸਟ ਇੰਡੀਆ ਕੰਪਨੀ ਵੱਲੋਂ ਅੱਵਧ ਤੇ ਰਾਜ ਨੂੰ ਆਪਣੇ ਅਧੀਨ ਕਰਨ ਦੀ ਇਤਿਹਾਸਕ ਘਟਨਾ ਵਿਚਲੇ ਅਨੇਕਾਂ ਲੁਕਵੇਂ ਪੱਖ ਸਾਹਮਣੇ ਆਉਂਦੇ ਹਨ ਜਿਸ ਵਿਚ ਬਿ੍ਰਟਿਸ਼ ਰਾਜ ਦੁਆਰਾ ਘੜੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਵੀ ਇਸ ਦੇ ਵਿਚ ਅਸਿੱਧੇ ਤੌਰ ’ਤੇ ਪ੍ਰਗਟਾਇਆ ਗਿਆ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ‘ਗੁਦਾਮ’ ਨਾਵਲ ਦੇ ਵਿਚ ਭਾਰਤੀ ਪੇਂਡੂ ਸਮਾਜ, ਪੇਂਡੂ ਜ਼ਿੰਦਗੀ ‘ਪੇਂਡੂ ਧਰਾਤਲ ਨੂੰ ਬਾਖੂਬੀ ਨਾਲ ਉਲੀਕਦਿਆਂ ਬਸਤੀਵਾਦੀ ਪ੍ਰਸ਼ਾਸਨ ਦੀ ਲੁੱਟ ਖਸੁੱਟ ਨੂੰ ਵੀ ਬਿਆਨਿਆ ਗਿਆ ਹੈ।

ਮੁਨਸ਼ੀ ਪ੍ਰੇਮ ਚੰਦ ਦੀਆਂ ਰਚਨਾਵਾਂ ਵਿਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਆਰਥਿਕ ਸਮਾਜਿਕ ਕਾਣੀ ਵੰਡ ਦਾ ਚਿੱਤਰਨ ਕੀਤਾ ਗਿਆ ਉੱਥੇ ਮਜ਼ਦੂਰ ਅਤੇ ਔਰਤ ਦੀ ਤ੍ਰਾਸਦੀ ਨੂੰ ਬਿਆਨਦੀਆਂ, ਉਨ੍ਹਾਂ ਦੀਆਂ ਦਰਪੇਸ਼ ਮੁਸ਼ਕਿਲਾਂ ਦੀ ਝਲਕ ਵੀ ਇਸ ਦੇ ਵਿੱਚੋਂ ਸਾਹਮਣੇ ਆਉਂਦੀ ਹੈ ਜਿਵੇਂ ‘ਸਵਰਗ ਦੀ ਦੇਵੀ’ ਕਹਾਣੀ ਵਿਚ ਔਰਤ ਨਾਲ ਹੁੰਦੀ ਹੈ ਬੇਇਨਸਾਫੀ ਦੀ ਗੱਲ ਕਰਨ ਦੇ ਨਾਲ ਉਸ ਨੂੰ ਆਦਮੀ ਦੇ ਬਰਾਬਰ ਹਰ ਖੇਤਰ ਦੇ ਵਿਚ ਸਪੇਸ ਦੇਣ ਦੀ ਗੱਲ ਵੀ ਕੀਤੀ ਗਈ ਹੈ। ‘ਇਹ ਮੇਰੀ ਮਾਤ ਭੂਮੀ ਹੈ’ ਕਹਾਣੀ ਨੂੰ ਪੜ੍ਹਦਿਆਂ ਨੂੰ ਬਿਲਕੁਲ ਇਸ ਤਰ੍ਹਾਂ ਮਹਿਸੂਸ ਹੁੰਦੈ ਜਿਵੇਂ ਅੱਜ ਪਰਵਾਸ ਕੀਤੇ ਮਨੁੱਖ ਦੀ ਅੰਦਰਲੀ ਮਾਨਸਿਕਤਾ ਵਿਚਲੇ ਦਵੰਦ ਨੂੰ ਉਭਾਰਿਆ ਗਿਆ ਹੋਵੇ। ‘ਦੁੱਧ ਦਾ ਮੁੱਲ, ਤੇ ‘ਗੁੱਲੀ ਡੰਡਾ’ ਕਹਾਣੀ ਵਿਚ ਜਿੱਥੇ ਆਰਥਿਕ ਪਾੜੇ ਦੀ ਗੱਲ ਹੋਈ ਅਤੇ ਜਮਾਤੀ ਸਮਾਜ ਵਿਚਲੇ ਸ਼ੋਸ਼ਣ ਦੀਆਂ ਅਨੇਕਾਂ ਪਰਤਾਂ ਨੂੰ ਉਲੀਕਿਆ ਗਿਆ ਹੈ। ਗ਼ੈਰ ਇਨਸਾਨੀਅਤ ਕੀਮਤਾਂ ਦੀ ਵਿਰੋਧਤਾ ਕਰਦੀਆਂ ਇਹ ਕਹਾਣੀਆਂ ਸੋਹਣੀ ਜ਼ਿੰਦਗੀ ਜੀਣ ਦੇ ਲਈ ਜੂਝਣ ਦਾ ਸੰਦੇਸ਼ ਦਿੰਦੀਆਂ ਹਨ। ਇਹੀ ਕਾਰਨ ਹੈ ਕਿ ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਵੀ ਹੋਈਆਂ ਹਨ। ਪੰਜਾਬੀ ਵਿਚ ਅਨੁਵਾਦ ਹੋਈਆਂ ਕਹਾਣੀਆਂ ਵਿਚ ‘ਬੱਚਾ’, ‘ਗੂੰਜ’, ‘ਲੈਲਾ’,‘ਪੋਹ ਦੀ ਰਾਤ’, ‘ਸੰਖਨਾਦ’, ‘ਬੰਦ ਦਰਵਾਜ਼ਾ’, ‘ਦੇਸ਼ ਦਾ ਸੇਵਕ’,‘ਸ਼ੇਰ ਦਾ ਸ਼ਿਕਾਰ’,‘ਗੁਬਾਰੇ ਉੱਤੇ ਚੀਤਾ’,‘ਕਫ਼ਨ’,‘ਗੁੱਲੀ ਡੰਡਾ’,‘ਰਾਮ ਲੀਲਾ’,‘ਵੱਡੇ ਭਾਈ ਸਾਹਬ’, ‘ਈਦਗਾਹ’ ਕਾਫੀ ਮਹੱਤਵਪੂਰਨ ਕਹਾਣੀਆਂ ਹਨ ਜੋ ਬਹੁਤ ਜ਼ਿਆਦਾ ਪੜ੍ਹੀਆਂ ਜਾਂਦੀਆਂ ਹਨ। ਭਾਰਤੀ ਸਾਹਿਤ ਵਿਚ ਯਥਾਰਥਵਾਦ ਨੂੰ ਲੈ ਕੇ ਆਉਣ ਦਾ ਸਿਹਰਾ ਮੁਨਸ਼ੀ ਪ੍ਰੇਮ ਚੰਦ ਦੇ ਸਿਰ ’ਤੇ ਬੱਝਦਾ। ਉਹ ਸਿਰਫ਼ ਲੇਖਕ ਹੀ ਨਹੀਂ ਸਨ ਇਕ ਚੰਗੇ ਸੰਪਾਦਕ ਤੇ ਉਸ ਤੋਂ ਵੱਡੀ ਦੇਣ ਭਾਰਤੀ ਸਾਹਿਤ ਵਿਚ ਪ੍ਰਗਤੀਵਾਦੀ ਲਹਿਰ ਪੈਦਾ ਕਰਨਾ ਹੈ ।

ਪ੍ਰਗਤੀਵਾਦੀ ਲਹਿਰ ਦੀ ਪਿੱਠ ਭੂਮੀ ਸਾਹਿਤ ਵਿਚ ਅਹਿਮਦ ਅਲੀ ਸੱਜਾਦ ਜ਼ਹੀਰ ਰਾਸ਼ਿਦ ਜਹਾਨ ਅਤੇ ਮੁਹੰਮਦ ਜਫਰ ਤੇ ਉਰਦੂ ਵਿਚ ਪ੍ਰਕਾਸ਼ਿਤ ਕਹਾਣੀਆਂ ਦੀ ਪੁਸਤਕ ‘ਅੰਗਾਰੇ’ ਵੀ ਪ੍ਰਕਾਸ਼ਿਤ ਹੋਣ ਤੋਂ ਵੀ ਮੰਨੀ ਜਾਂਦੀ ਹੈ । ਬਿ੍ਰਟਿਸ਼ ਸਰਕਾਰ ਨੇ ਇਹ ਪੁਸਤਕ ਜ਼ਬਤ ਕਰ ਲਈ ਕਿਉਂਕਿ ਇਸ ਵਿਚ ਵੀ ਸਾਮਰਾਜ ਵਿਰੁੱਧ ਉੱਚੀ ਸੁਰ ਉਭਾਰੀ ਗਈ ਸੀ ਤੇ ਸਾਮਰਾਜ ਦੇ ਕਿਰਦਾਰ ਦੇ ਅਨੇਕਾਂ ਪੱਖ ਸਾਹਮਣੇ ਲਿਆਂਦੇ ਗਏ ਸਨ। ਉਸ ਸਮੇਂ ਵਿਸ਼ਵ ਪੱਧਰ ’ਤੇ ਲੋਕ ਪੱਖੀ ਸਾਹਿਤ ਸਿਰਜਣ ਦੀ ਗੱਲਬਾਤ ਹੋ ਰਹੀ ਸੀ ਕਿਉਂਕਿ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਦੂਜਾ ਵਿਸ਼ਵ ਯੁੱਧ ਹੋਣ ਵੱਲ ਵੱਧ ਰਿਹਾ ਸੀ। ਵਿਸ਼ਵ ਪੱਧਰ ’ਤੇ ਹੋਈ ਪ੍ਰਗਤੀਵਾਦੀ ਲਹਿਰ ਦੀ ਕਾਨਫ਼ਰੰਸ ਵਿਚ ਭਾਰਤ ਦੀ ਨੁਮਾਇੰਦਗੀ ਸਜ਼ਾਦ ਜ਼ਹੀਦ ਅਤੇ ਮੁਲਕ ਰਾਜ ਆਨੰਦ ਨੇ ਕੀਤੀ। 1936 ’ਚ ਭਾਰਤ ਵਿਚ ਹੋਈ ਪਹਿਲੀ ਕਾਨਫ਼ਰੰਸ ਦੀ ਪ੍ਰਧਾਨਗੀ ਮੁਨਸ਼ੀ ਪ੍ਰੇਮ ਚੰਦ ਨੇ ਕੀਤੀ ਤੇ ਇਸ ਲਹਿਰ ਨੇ ਸਾਹਿਤ ਦੇ ਖੇਤਰ ਵਿਚ ਨਵਾਂ ਮੀਲ ਪੱਥਰ ਸਥਾਪਤ ਕੀਤਾ। ਇਹ ਇਕ ਵਿਆਪਕ ਤੇ ਵਿਸਤਿ੍ਰਤ ਸੰਸਕਿ੍ਰਤਿਕ ਲਹਿਰ ਸੀ ਜੋ ਦੇਸ਼ ਦੀਆਂ ਪ੍ਰਸਥਿਤੀਆਂ ਅਤੇ ਜਨ ਜੀਵਨ ਦੀਆਂ ਇਤਿਹਾਸਕ ਲੋੜਾਂ ਵਿੱਚੋਂ ਉਪਜੀ। ਇਸ ਲਹਿਰ ਨੇ ਸਮਾਜਿਕ ਰਾਜਨੀਤਕ ਚਿੰਤਨ ਦਾ ਵਿਚਾਰਧਾਰਾਈ ਪੱਖ ਸਾਹਮਣੇ ਲਿਆਂਦਾ। ਇਸ ਦੇ ਚਿੰਤਨ ਨੇ ਸੰਸਕਿ੍ਰਤੀ ਨੂੰ ਚੰਗੀ ਤਰ੍ਹਾਂ ਪ੍ਰਭਾਵਿਤ ਕੀਤਾ ਤੇ ਕਲਾ ਨੂੰ ਸਮਾਜ ਲਈ ਵਰਤਿਆ।

ਪ੍ਰਗਤੀਵਾਦੀ ਲੇਖਕ ਸੰਘ ਦੇ ਮੈਨੀਫੈਸਟੋ ਵਿਚ ਉਲੀਕਿਆ ਸਾਹਿਤ ਦਾ ਮਨੋਰਥ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਪ੍ਰਗਟ ਹੋਣਾ ਸ਼ੁਰੂ ਹੋਇਆ। ਪ੍ਰਗਤੀਵਾਦ ਸਮਾਜ ਦੀਆਂ ਅੱਗੇ ਵਧਣ ਵਾਲੀਆਂ ਸ਼ਕਤੀਆਂ ਦਾ ਸਾਹਿਤ ਵਿਚ ਸੰਚਾਰ ਕਰਦਾ ਹੈ। ਆਜ਼ਾਦੀ ਦੀ ਗੱਲ, ਸਾਮਰਾਜ ਦਾ ਵਿਰੋਧ, ਵਿਸ਼ਵ ਭਾਈਚਾਰਕ ਸਾਂਝ, ਅਮਨ ਸ਼ਾਂਤੀ ਦੀ ਗੱਲ, ਮਨੁੱਖਤਾ ਲਈ ਪਿਆਰ, ਔਰਤ ਦੀ ਆਜ਼ਾਦੀ, ਮਾਨਵੀ ਹੱਕਾਂ, ਆਰਥਿਕ ਸਮਾਜਿਕ ਬਰਾਬਰਤਾ, ਸਮਾਜਵਾਦ ਦਾ ਸੁਪਨਾ ਆਦਿ ਅੰਸ਼ ਸਾਹਿਤ ਵਿੱਚੋਂ ਉੱਭਰਨੇ ਸ਼ੁਰੂ ਹੋਏ। ਇਸ ਸਾਹਿਤ ਨੇ ਨਵਾਂ ਮੁਹਾਂਦਰਾ ਹਾਸਲ ਕੀਤਾ ਜੋ ਲੋਕ ਹਿੱਤਾਂ ਲਈ ਪਰਨਾਇਆ ਹੋਇਆ ਸੀ।

- ਅਰਵਿੰਦਰ ਕੌਰ ਕਾਕੜਾ

Posted By: Harjinder Sodhi