ਸੋਹਣ ਸਿੰਘ ਸੀਤਲ ਨੌਜਵਾਨ ਗਭਰੂਆਂ ਲਈ ਇਕ ਅਜਿਹੇ ਆਦਰਸ਼ਕ ਸਿੱਖ ਢਾਡੀ ਸਨ ਜਿਨ੍ਹਾਂ ਨੂੰ ਸੁਣਨ ਲਈ ਲੋਕ ਵਹੀਰਾਂ ਘਤਕੇ ਨਿਸ਼ਚਿਤ ਥਾਂ ’ਤੇ ਪਹਿਲਾਂ ਹੀ ਪਹੁੰਚ ਜਾਂਦੇ ਸਨ। ਸਿੱਖ ਧਰਮ ਵਿਚ ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਸੀਤਲ ਤੋਂ ਬਿਨਾਂ ਉਨ੍ਹਾਂ ਵਰਗਾ ਹੋਰ ਕੋਈ ਢਾਡੀ ਨਹੀਂ ਹੋ ਸਕਦਾ ਤੇ ਇਸ ਮਦਾਨ ਵਿਚ ਉਹ ਇਕੱਲੇ ਹੀ ਮਹਾਨ ਸਨ।

ਸੋਹਣ ਸਿੰਘ ਸੀਤਲ 7 ਅਗਸਤ 1909-23 ਸਤੰਬਰ 1995 ਕਾਦੀਵਿਡ ਕਾਸੂਰ ਜ਼ਿਲ੍ਹਾ ਲਾਹੌਰ ਮਾਤਾ ਦਿਆਲ ਕੌਰ ਤੇ ਪਿਤਾ ਖ਼ੁਸ਼ਹਾਲ ਸਿੰਘ ਦੇੇ ਘਰ ਵਿਚ ਪੈਦਾ ਹੋਏ। ਉਨ੍ਹਾਂ ਦੀ ਜੀਵਨ ਸਾਥਣ ਦਾ ਨਾਂ ਕਰਤਾਰ ਕੌਰ ਸੀ। ਉਨ੍ਹਾਂ ਦੇ ਘਰ ਤਿੰਨ ਪੁੱਤਰ ਤੇ ਇਕ ਧੀ ਪੇੈਦਾ ਹੋਏ। 1935 ਵਿਚ ਉਨ੍ਹਾਂ ਨੇ ਢਾਡੀ ਜਥਾ ਬਣਾਇਆ। ਇਸ ਮਹਾਨ ਲੇਖਕ ਨੇ ਪਹਿਲਾਂ ਗ੍ਰੰਥੀ ਸਿੰਘ ਤੋਂ ਗੁਰਮੁਖੀ ਅੱਖਰ ਸਿੱਖੇ। ਸੀਤਲ ਦਾ ਸਿੱਖ ਇਤਿਹਾਸ ਨੂੰ ਪੇਸ਼ ਕਰਨ ਦਾ ਆਪਣਾ ਹੀ ਅੰਦਾਜ਼ ਸੀ।

1930 ਵਿਚ ਉਨ੍ਹਾਂ ਨੇ ਮੈਟਰਿਕ ਪਹਿਲੇ ਦਰਜੇ ਵਿਚ ਪਾਸ ਕੀਤੀ। 1931 ਵਿਚ ਉਨ੍ਹਾਂ ਦੇ ਪਿਤਾ ਜੀ ਸਵਰਗਵਾਸ ਹੋ ਗਏ। 1933 ਵਿਚ ਸੀਤਲ ਜੀ ਨੇ ਗਿਆਨੀ ਪਾਸ ਕੀਤੀ। ਆਪ ਦੇ ਪਹਿਲੇ ਨਾਵਲ ਰਵਾਇਤੀ ਕਿਸਮ ਦੇ ਹਨ ਜਿਵੇਂ ‘ਦੀਵਾ ਬਲ ਰਿਹਾ’ ਤੇ ‘ਜੇਬਾਂ ਕਟਣ ਵਾਲੇ’। ਉਹ ਇਕ ਮਹਾਨ ਬੁਲਾਰੇ ਵੀ ਸਨ। ਸਿੱਖੀ ਵਿਚ ਡਾਢੀ ਪੰ੍ਰਪਰਾ ਦੇ ਉਹ ਬਾਨੀ ਸਨ ਤੇ ਬਹੁਤ ਸਾਰਾ ਸਾਹਿਤ ਉਨ੍ਹਾਂ ਦੀ ਰਵਾਂ ਕਲਮ ਤੋਂ ਪੈਦਾ ਹੋਇਆ ਹੈ। ਆਪਣੇ ਨਾਂ ਨਾਲ ਉਹ ਸਦਾ ਸੀਤਲ ਲਿਖਣਾ ਕਦੇ ਨਹੀਂ ਸਨ ਭੁਲਦੇ। ਸੀਤਲ ਦੇ ਉਪਨਾਮ ਥੱਲੇ ਸੀਤਲ ਦੀਆਂ ਕਈ ਪੁਸਤਕਾਂ ਮਿਲਦੀਆਂ ਹਨ ਜਿਵੇਂ ‘ਸੀਤਲ ਕਿਰਨਾ, ਸੀਤਲ ਵਾਰਾਂ ਤੇ ਹੋਰ ਅਨੇਕਾਂ ਹਨ, ਜਿਨ੍ਹਾਂ ਪਿੱਛੇ ਸੀਤਲ ਲੱਗਾ ਮਿਲਦਾ ਹੈ। ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਪੰਜਾਬੀ ਦਾ ਸਭ ਤੋਂ ਵੱਡਾ ਇਨਾਮ ਤਾਂ ਕਿਤਾਬ ਦੀ ਸਭ ਤੋਂ ਵੱਧ ਵਿਕਰੀ ਵਾਲੀ ਪੁਸਤਕ ਨੂੰ ਸਮਝਿਆ ਜਾਂਦਾ ਹੈ।

ਸੀਤਲ ਦੀਆਂ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਕਈ ਪੁਸਤਕਾਂ ਰਿਕਾਰਡ ਵਿਕੀਆਂ ਹਨ ਜਿਵੇਂ ‘ਦੁਖੀਏ ਮਾਂ ਪੁੱਤ’ ਪੁਸਤਕ ਮਾਂ ਪੁੱਤ ਦੀ ਗਾਥਾ ਹੈ ਜੋ ਮਨ ਦੀਆਂ ਖਿੜਕੀਆਂ ਖੋਲ੍ਹਦੀ ਹੈ। ਇਹ ਪੁਸਤਕ ਇਕ ਮਿਸਾਲ ਬਣ ਗਈ ਹੈ ਜੋ ਪੰਜਾਬੀ ਵਿਚ ਸਭ ਤੋਂ ਵੱਧ ਵਿਕੀ ਹੈ। ਇਸ ਦੀਆਂ ਕਈ ਜਿਲਦਾਂ ਛਪ ਚੁਕੀਆਂ ਹਨ। ਸੀਤਲ ਸਿੱਖ ਇਤਿਹਾਸ ਦੀ ਇਕ ਪਰੰਪਰਾ ਬਣਕੇ ਪੇਸ਼ ਹੋਏ।

ਰਾਜਨੀਤੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਸੀ ਪਰ ਨਾਲ ਉਹ ਇਕ ਚੇਤੰਨ ਵਿਅਕਤੀ ਸਨ। ਉਹ ਲੇਖਕ ਲਈ ਪੂਰੀ ਆਜ਼ਾਦੀ ਚਾਹੁੰਦੇ ਸਨ। ਇਹ ਹੀ ਕਾਰਨ ਹੈ ਕਿ ਉਨ੍ਹਾਂ ਨੇ ਸੀਤਲ ਪ੍ਰਕਾਸ਼ਨ ਦਾ ਕੰਮ ਵੀ ਸ਼ੁਰੂ ਕੀਤਾ। ਆਪਣਾ ਸਾਰਾ ਸਾਹਿਤ ਆਪ ਛਾਪਿਆ ਤੇ ਇਸ ਦੀ ਬਹੁ ਵਿਕਰੀ ਹੋਈ। ਪੰਜਾਬ ਸਰਕਾਰ ਨੇ ਜਿੱਥੇ ਉਨ੍ਹਾਂ ਨੂੰ ਸ਼੍ਰੋਮਣੀ ਢਾਡੀ ਦਾ ਇਨਾਮ ਦਿੱਤਾ ਉੱਥੇ ਉਹ ਸ਼ੋ੍ਰਮਣੀ ਸਾਹਿਤਕਾਰ ਵੀ ਬਣੇ। ਸਾਹਿਤ ਵਿਚ ਉਨ੍ਹਾਂ ਦਾ ਪੂਰਾ ਯੋਗਦਾਨ ਸਵੀਕਾਰ ਕੀਤਾ ਜਾਂਦਾ ਹੇੈ। ਇੱਥੋਂ ਤਕ ਕਿ ਉਨ੍ਹਾਂ ਦੇ ਨਾਵਲ ‘ਯੁਗ ਬਦਲ ਗਿਆ’ ਨੂੰ ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਹੋਇਆ। ਇਹ ਨਾਵਲ ਐੱਮ ਏ ਪੰਜਾਬੀ ਦੇ ਕੋਰਸ ਵਿਚ ਅਨੇਕਾਂ ਸਾਲ ਲੱਗਿਆ ਰਿਹਾ। ਇਸ ਤਰ੍ਹਾਂ ‘ਤੂਤਾਂਵਾਲਾ ਖੂਹ’ ਵੀ 12 ਜਮਾਤ ਦੇ ਵਿਦਿਆਰਥੀਆਂ ਵਾਸਤੇ ਕੋਰਸ ਵਿਚ ਨਿਰਧਾਰਤ ਰਿਹਾ ਹੈ। ਸੀਤਲ ਨੇ ਸਭ ਨੂੰ ਆਜ਼ਾਦੀ ਦਾ ਸਬਕ ਸਿਖਾਇਆ। ਇੱਥੋਂ ਤਕ ਕਿ ਉਨ੍ਹਾਂ ਦੀ ਸੰਤਾਨ ਨੇ ਜੇਕਰ ਅਮਰੀਕਾ ਵਿਚ ਰਹਿਣਾ ਪਸੰਦ ਕੀਤਾ ਤਾਂ ਕੋਈ ਉਜਰ ਨਹੀਂ ਕੀਤਾ। ਧਰਮ ਵਿਚ ਵਿਸ਼ਵਾਸ ਤੇ ਮਰਿਆਦਾ ਦੀ ਪਾਲਣਾ ਕਰਨੀ ਉਹ ਸਭ ਦਾ ਬੁਨਿਆਦੀ ਹੱਕ ਸਮਝਦੇ ਸਨ। ਉਨ੍ਹਾਂ ਨੇ ਲੁਧਿਆਣਾ ਵਿਖੇ ਇਕ ਬਹੁ ਮੰਜ਼ਿਲੀ ਇਮਾਰਤ ਬਣਵਾਈ ਜੋ ਮਾਡਲ ਗਰਾਮ ਵਿਚ ਸਥਿਤ ਹੈ। ਸ਼ਹਿਰ ਦੇ ਕਈ ਕਾਲਜਾਂ ਵਾਲੇ ਉਨ੍ਵਾਂ ਦੇ ਰੂਬਰੂ ਕਰਵਾ ਕੇ ਬਹੁਤ ਖ਼ੁਸ਼ ਹੋ ਜਾਂਦੇ ਸਨ।

ਉਨ੍ਹਾਂ ਦੇ ਪ੍ਰਸਿੱਧ ਨਾਵਲਾਂ ਵਿੱਚੋਂ ‘ਇਚੋਗਿਲ ਨਹਿਰ ਤਕ, ਜੰਗ ਜਾਂ ਅਮਨ, ਪ੍ਰੀਤ ਤੇ ਪੇੈਸਾ, ਮਹਾਰਾਜਾ ਦਲੀਪ ਸਿੰਘ, ਦੁਖੀਏ ਮਾਂ ਪੁੱਤ ਆਦਿ ਵਿਸ਼ੇਸ਼ ਤੌਰ ’ਤੇ ਸਵੀਕਾਰ ਕੀਤੇ ਜਾਂਦੇ ਹਨ। ਅੱਜ ਕਲ੍ਹ ਦੇ ਗਾਇਕਾਂ ਲਈ ਇਹ ਬਹੁਤ ਦਿਲਚਸਪੀ ਵਾਲੀ ਗੱਲ ਹੋਵੇਗੀ ਜੇ ਉਨ੍ਹਾਂ ਨੂੰ ਕੋਈ ਇਹ ਯਾਦ ਕਰਾਏ ਕਿ ਪ੍ਰਸਿੱਧ ਗੀਤ ‘ਕੇਸਰੀ ਦੁਪੱਟਾ, ਕੀਮਾ ਮਲਕੀ ਤੇ ਭਾਬੀ ਮੇਰੀ ਗੁੱਤ ਕਰ ਦੇ’ ਸੀਤਲ ਸਾਹਿਬ ਦੀ ਕਲਮ ਦੇ ਸ਼ਾਹਕਾਰ ਹਨ ਜੋ ਸਦੀਆਂ ਤਕ ਗਾਏ ਜਾਂਦੇ ਰਹਿਣਗੇ। ਇਸ ਤਰ੍ਹਾਂ ਸੋਹਣ ਸਿੰਘ ਸੀਤਲ ਇਕ ਯੁਗ ਪੁਰਸ਼ ਸੀ, ਆਪਣੇ ਆਪ ਵਿਚ ਇਕ ਸੰਸਥਾ ਦਾ ਨਾਂ। ਇਹ ਸਰਬਪੱਖੀ ਕਲਾਕਾਰ ਕਿਸੇ ਦੇ ਸਿਖਾਏ ਨ੍ਹੀਂ ਬਣਦੇ, ਸਗੋਂ ਇਨ੍ਹਾਂ ਵਿਚ ਪਹਾੜੀ ਚਸ਼ਮੇ ਦੀ ਰਵਾਨੀ ਦੇਖਣ ਨੂੰ ਮਿਲਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਤੋਂ ਸੇਧ ਲੈਣ ਦੀ ਲੋੜ ਹੈ।

- ਪ੍ਰੋ. ਜਤਿੰਦਰਬੀਰ ਸਿੰਘ ਨੰਦਾ

Posted By: Harjinder Sodhi